ਬੱਚਿਆਂ ਨੂੰ ਜੂਨ 1984 ਦੇ ਘੱਲੂਘਾਰੇ ਬਾਰੇ ਦੱਸਿਆ ਜਾਵੇ : ਭਾਈ ਸਰਬਿੰਦਰ ਸਿੰਘ ਕੈਨੇਡਾ
ਅੰਮ੍ਰਿਤਸਰ, 15 ਜੂਨ , ਰਣਜੀਤ ਸਿੰਘ ਖ਼ਾਲਸਾ
ਭਾਈ ਸਰਬਰਿੰਦਰ ਸਿੰਘ ਕੈਨੇਡਾ ਨੇ ਕਿਹਾ ਕਿ ਜੂਨ 1984 'ਚ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਨੂੰ ਭਾਵੇਂ 41 ਵਰ੍ਹੇ ਬੀਤ ਚੁੱਕੇ ਹਨ, ਪਰ ਇਸ ਹਮਲੇ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ, ਇਹ ਹਮਲਾ ਨਾ ਤਾਂ ਭੁੱਲਣਯੋਗ ਹੈ ਅਤੇ ਨਾ ਹੀ ਬਖਸ਼ਣ ਯੋਗ ਹੈ। ਭਾਰਤ ਨੂੰ ਆਜ਼ਾਦ ਕਰਵਾਉਣ ਵਾਸਤੇ ਸਿੱਖਾਂ ਨੇ ਅਨੇਕਾਂ ਕੁਰਬਾਨੀਆਂ ਦਿੱਤੀਆਂ, ਪਰ ਅਫਸੋਸ ਕਿ ਸਾਨੂੰ ਜ਼ਰਾਇਮ ਪੇਸ਼ਾ ਕੌਮ ਐਲਾਨ ਦਿੱਤਾ ਗਿਆ, ਸਾਡੇ ਪਾਣੀ ਲੁੱਟੇ ਗਏ, ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਵਲੂੰਧਰਿਆ ਗਿਆ, ਕਦੇ ਪੰਜਾਬੀ ਬੋਲੀ 'ਤੇ ਪਾਬੰਦੀ, ਕਦੇ ਦਸਤਾਰ ਤੇ ਪਾਬੰਦੀ ਅਤੇ ਕਦੇ ਕਿਰਪਾਨ ਤੇ ਪਾਬੰਦੀ ਲੱਗੀ। ਪਰ ਜ਼ੁਲਮ ਦੀ ਉਦੋਂ ਹੱਦ ਹੀ ਹੋ ਗਈ ਜਦੋਂ ਭਾਰਤ ਸਰਕਾਰ ਨੇ ਇੰਦਰਾ ਗਾਂਧੀ ਦੇ ਹੁਕਮਾਂ ਦੇ ਉੱਤੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰ ਦਿੱਤਾ ਅਤੇ ਟੈਂਕਾਂ ਤੋਪਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ, ਸਿੱਖ ਰੈਫਰੈਂਸ ਲਾਈਬਰੇਰੀ ਨੂੰ ਲੁੱਟਿਆ, ਤੋਸ਼ਾਖਾਨਾ ਸਾੜਿਆ, ਦੁੱਧ ਪੀਂਦੇ ਬੱਚੇ ਵੀ ਨਾ ਬਖਸ਼ੇ, ਪਰਿਕਰਮਾ ਵਿੱਚ ਸਿੱਖਾਂ ਦੀਆਂ ਲਾਸ਼ਾਂ ਹੀ ਲਾਸ਼ਾਂ ਸਨ, ਅੰਮ੍ਰਿਤ ਸਰੋਵਰ ਨੂੰ ਖੂਨ ਨਾਲ ਲਾਲ ਕਰ ਦਿੱਤਾ ਗਿਆ, ਫਿਰ 10 ਸਾਲ ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ, ਜਿਹੜਾ ਵੀ ਸਿੱਖ ਆਪਣੇ ਧਰਮ ਦੀ ਗੱਲ ਕਰਦਾ ਜਾਂ ਮਨੁੱਖੀ ਹੱਕਾਂ ਦੀ ਗੱਲ ਕਰਦਾ ਤਾਂ ਸਰਕਾਰ ਅਤੇ ਪੁਲਿਸ ਉਸ ਨੂੰ ਨਿਸ਼ਾਨਾ ਬਣਾਉਂਦੀ। ਭਾਈ ਸਰਬਿੰਦਰ ਸਿੰਘ ਨੇ ਕਿਹਾ ਕਿ ਸਿੱਖਾਂ ਦਾ ਆਜ਼ਾਦੀ ਬਗੈਰ ਗੁਜ਼ਾਰਾ ਨਹੀਂ ਹੈ। ਭਾਰਤ ਵਿੱਚ ਸਿੱਖਾਂ ਤੇ ਜੁਲਮ ਹੋ ਰਿਹਾ ਹੈ, ਇਸੇ ਕਰਕੇ ਦਿਨੋ ਦਿਨ ਪੰਜਾਬ ਦੀ ਨੌਜਵਾਨੀ ਵਿਦੇਸ਼ਾਂ ਵੱਲ ਰੁੱਖ ਕਰ ਰਹੀ ਹੈ, ਨਵੰਬਰ 2015 ਵਿੱਚ ਸਰਬੱਤ ਖਾਲਸਾ ਵਿੱਚ ਹਿੱਸਾ ਲੈਣ ਕਰਕੇ ਦਾਸ ਨੂੰ ਵੀ ਸਰਕਾਰ ਦੇ ਜੁਲਮ ਦਾ ਨਿਸ਼ਾਨਾ ਬਣਨਾ ਪਿਆ ਸੀ, ਉਹਨਾਂ ਕਿਹਾ ਕਿ ਇਸ ਵਾਰ ਵੀ ਸਾਡੇ ਘਰ ਵਿੱਚ ਪੁਲਿਸ ਆਈ ਤੇ ਮੇਰੇ ਬਾਰੇ ਪੁੱਛਿਆ ਗਿਆ। ਜਦੋਂ ਵੀ ਘੱਲੂਘਾਰੇ ਦਾ ਦਿਹਾੜਾ ਆਉਂਦਾ ਹੈ ਤਾਂ ਅਨੇਕਾਂ ਸਿੱਖਾਂ ਨੂੰ ਪੁਲਿਸ ਬੇਵਜਹਾ ਤੰਗ ਪਰੇਸ਼ਾਨ ਕਰਦੀ ਹੈ ਕਈਆਂ ਉਤੇ ਤਾਂ ਝੂਠੇ ਪੁਲਿਸ ਕੇਸ ਵੀ ਪਾ ਦਿੰਦੀ ਹੈ। ਉਹਨਾਂ ਕਿਹਾ ਕਿ ਫਿਰ ਵੀ ਸਿੱਖਾਂ ਨੂੰ ਡਰ ਤੋਂ ਰਹਿਤ ਹੋ ਕੇ ਆਪਣੇ ਧਰਮ ਦੀ ਗੱਲ ਕਰਦੇ ਰਹਿਣਾ ਚਾਹੀਦਾ ਹੈ। ਉਹਨਾਂ ਸਿੱਖਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਜੂਨ 1984 ਦੇ ਘੱਲੂਘਾਰੇ ਬਾਰੇ ਜਰੂਰ ਦੱਸਿਆ ਜਾਵੇ।
Posted By: ਭਾਈ ਰਣਜੀਤ ਸਿੰਘ ਦਮਦਮੀ ਟਕਸਾਲ