Nazrana Times

ਪੰਜਾਬੀ

ਐਨਐਚਐਮ ਮੁਲਾਜ਼ਮਾਂ ਵੱਲੋਂ ਆਪਣੇ-ਆਪਣੇ ਬਲਾਕਾਂ ਦੇ ਐਸਐਮਓਜ਼ ਨੂੰ ਮੰਗ ਪੱਤਰ ਸੌਂਪੇ

18 Nov, 2026 04:37 PM

ਪਲਸ ਪੋਲੀਓ ਮੁਹਿੰਮ ਸਮੇਤ ਆਨਲਾਈਨ, ਆਫਲਾਈਨ ਅਤੇ ਹੋਰ ਵਿਭਾਗੀ ਕੰਮ ਰਹਿਣਗੇ ਬੰਦ : ਮਨਦੀਪ ਸਿੰਘ

19 ਨਵੰਬਰ ਤੋਂ ਸਿਹਤ ਮੰਤਰੀ ਪੰਜਾਬ ਦੀ ਰਿਹਾਇਸ਼ ਦੇ ਬਾਹਰ ਲੱਗੇਗਾ ਪੱਕਾ ਧਰਨਾ

ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ, 18 ਨਵੰਬਰ।

ਐਨਐਚਐਮ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੱਦੇ ’ਤੇ ਆਪਣੀਆਂ ਲੰਬਿਤ ਮੰਗਾਂ ਦੀ ਪ੍ਰਾਪਤੀ ਲਈ ਸਮੂਹ ਐਨਐਚਐਮ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਲਗਾਤਾਰ ਜਾਰੀ ਹੈ। ਯੂਨੀਅਨ ਆਗੂਆਂ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਪ੍ਰਵਾਨ ਕਰਕੇ ਇਸ ਸਬੰਧੀ ਲਿਖਤੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸੰਘਰਸ਼ ਵਾਪਸ ਨਹੀਂ ਲਿਆ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਨਐਚਐਮ ਯੂਨੀਅਨ ਤਰਨਤਾਰਨ ਦੇ ਪ੍ਰਧਾਨ ਮਨਦੀਪ ਸਿੰਘ ਨੇ ਦੱਸਿਆ ਕਿ ਮੁਲਾਜ਼ਮ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਨ। ਸਰਕਾਰ ਦੇ ਵੱਖ-ਵੱਖ ਪੱਧਰਾਂ ’ਤੇ ਕਈ ਵਾਰ ਮੀਟਿੰਗਾਂ ਹੋਣ ਦੇ ਬਾਵਜੂਦ ਅਜੇ ਤੱਕ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆਇਆ। ਮੁਲਾਜ਼ਮਾਂ ਦੀ ਮੁੱਖ ਮੰਗ ਹੈ ਕਿ ਉਨ੍ਹਾਂ ਦੀਆਂ ਸੇਵਾਵਾਂ ਨੂੰ ਸੁਰੱਖਿਅਤ ਬਣਾਇਆ ਜਾਵੇ ਅਤੇ ਬਣਦੇ ਸੇਵਾ ਲਾਭਾਂ ਸਮੇਤ ਹੋਰ ਹੱਕ ਦਿੱਤੇ ਜਾਣ, ਤਾਂ ਜੋ ਉਹ ਬਿਨਾਂ ਕਿਸੇ ਆਰਥਿਕ ਅਤੇ ਮਾਨਸਿਕ ਅਸੁਰੱਖਿਆ ਦੇ ਆਪਣੀਆਂ ਸੇਵਾਵਾਂ ਨਿਭਾ ਸਕਣ।

ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹਾ ਤਰਨਤਾਰਨ ਦੇ ਵੱਖ-ਵੱਖ ਬਲਾਕਾਂ ਦੇ ਐਨਐਚਐਮ ਮੁਲਾਜ਼ਮਾਂ ਵੱਲੋਂ ਆਪਣੇ-ਆਪਣੇ ਬਲਾਕਾਂ ਦੇ ਸੀਨੀਅਰ ਮੈਡੀਕਲ ਅਫ਼ਸਰਾਂ (ਐਸਐਮਓਜ਼) ਨੂੰ ਮੰਗ ਪੱਤਰ ਸੌਂਪੇ ਗਏ ਹਨ। ਇਨ੍ਹਾਂ ਮੰਗ ਪੱਤਰਾਂ ਰਾਹੀਂ ਪਲਸ ਪੋਲੀਓ ਮੁਹਿੰਮ, ਆਨਲਾਈਨ ਅਤੇ ਆਫਲਾਈਨ ਰਿਪੋਰਟਿੰਗ, ਵਿਭਾਗੀ ਮੀਟਿੰਗਾਂ ਤੇ ਟ੍ਰੇਨਿੰਗਾਂ, ਸਿਵਲ ਸਰਜਨ ਕਾਨਫਰੰਸ ਸਬੰਧੀ ਰਿਪੋਰਟਿੰਗ ਅਤੇ ਹੋਰ ਕੰਮਾਂ ਸਮੇਤ ਕਾਇਆਕਲਪ ਪ੍ਰੋਗਰਾਮ ਦੇ ਕੰਮ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।

ਮਨਦੀਪ ਸਿੰਘ ਨੇ ਕਿਹਾ ਕਿ ਯੂਨੀਅਨ ਵੱਲੋਂ ਪਹਿਲਾਂ ਤੋਂ ਉਲੀਕੇ ਸੰਘਰਸ਼ ਪ੍ਰੋਗਰਾਮ ਤਹਿਤ 19 ਨਵੰਬਰ ਤੋਂ ਸਿਹਤ ਮੰਤਰੀ ਪੰਜਾਬ ਦੀ ਰਿਹਾਇਸ਼ ਦੇ ਬਾਹਰ ਪੱਕਾ ਧਰਨਾ ਸ਼ੁਰੂ ਕੀਤਾ ਜਾਵੇਗਾ। ਇਸ ਧਰਨੇ ਰਾਹੀਂ ਸਰਕਾਰ ਦਾ ਧਿਆਨ ਮੁਲਾਜ਼ਮਾਂ ਦੀਆਂ ਲੰਬਿਤ ਮੰਗਾਂ ਵੱਲ ਖਿੱਚਿਆ ਜਾਵੇਗਾ ਅਤੇ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

ਯੂਨੀਅਨ ਆਗੂਆਂ ਨੇ ਸਮੂਹ ਐਨਐਚਐਮ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਏਕਤਾ ਅਤੇ ਅਨੁਸ਼ਾਸਨ ਬਣਾਈ ਰੱਖਦੇ ਹੋਏ ਸੰਘਰਸ਼ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ।

ਇਸ ਮੌਕੇ ਜੈਸਮੀਨ ਕੌਰ ਸੀਐਚਓ ਪ੍ਰਧਾਨ,ਰਵਿੰਦਰ ਕੌਰ ਸੀਐਚਓ ਪ੍ਰਧਾਨ,ਕਵਲਜੀਤ ਕੌਰ ਡੀਐਸਏ ਤਰਨਤਾਰਨ,ਸਿਮਰਜੀਤ ਸਿੰਘ ਕੰਪਿਊਟਰ ਆਪਰੇਟਰ ਤਰਨਤਾਰਨ,ਆਰੂਸ਼ ਭੱਲਾ,ਤੇਜਿੰਦਰ ਸਿੰਘ ਆਈਏ ਤਰਨਤਾਰਨ,ਅਮਰਜੀਤ ਕੌਰ ਅਕਾਊਂਟੈਂਟ ਕੈਰੋਂ, ਕੁਲਵੰਤ ਕੌਰ ਅਕਾਊਂਟੈਂਟ ਸਰਹਾਲੀ, ਵਿਸ਼ਾਲ ਕੁਮਾਰ ਬੀਐਸਏ,ਸੰਦੀਪ ਕੁਮਾਰ ਬੀਐਸਏ,ਜਤੇਸ਼ ਕੁਮਾਰ ਕੰਪਿਊਟਰ ਆਪਰੇਟਰ,ਸੰਦੀਪ ਸਿੰਘ ਕੰਪਿਊਟਰ ਆਪਰੇਟਰ,ਡਾ. ਤਰਸੇਮ ਸਿੰਘ ਕੈਰੋਂ,ਰਮਨਦੀਪ ਕੌਰ ਸੀਐਚਓ ਕੈਰੋਂ,ਜੁਗਰਾਜ ਸਿੰਘ,ਵਿਦਿਆ ਦੇਵੀ, ਅਮਰਜੀਤ ਕੌਰ ਸੀਐਚਓ ਖੇਮਕਰਨ,ਸੁਪ੍ਰੀਤ ਕੌਰ, ਨਵਜੋਤ ਕੌਰ ਸਰਹਾਲੀ,ਰਵਿੰਦਰ ਕੌਰ,ਜੀਵਨਜੋਤ ਸਿੰਘ,ਮਨਦੀਪ ਕੌਰ ਸੀਐਚਓ ਝਬਾਲ,ਮਨਜਿੰਦਰ ਸਿੰਘ,ਪ੍ਰਵੀਨ ਕੌਰ,ਪ੍ਰਭਜੀਤ ਕੌਰ ਸੁਰਸਿੰਘ,ਜਗਦੀਪ ਕੌਰ,ਗੁਰਪ੍ਰੀਤ ਕੌਰ,ਡਾ.ਅਮਨ,ਯੋਗੇਸ਼ ਗਿੱਲ,ਡਾ. ਸ਼ਰਨ ਕਸੇਲ,ਡਾ.ਚੰਦਨ ਸ਼ਰਮਾ ਘਰਿਆਲਾ,ਡਾ. ਗੁਰਸ਼ਰਨ ਸਿੰਘ,ਤਰੁਣ,ਸੰਦੀਪ ਸਿੰਘ ਸੀਓ, ਕੰਵਲਜੀਤ ਕੌਰ ਡੀਐਸਏ, ਸਿਮਰਜੀਤ ਸਿੰਘ,ਆਰੂਸ਼ ਭੱਲਾ,ਕੋਮਲਜੀਤ ਕੌਰ,ਸੁਮਨ ਸਿੱਧੂ,ਰਜਿੰਦਰ ਸਿੰਘ, ਪ੍ਰਗਟ ਸਿੰਘ,ਕਮਲਜੀਤ ਕੌਰ,ਮਨਿੰਦਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਐਨਐਚਐਮ ਕਰਮਚਾਰੀ ਹਾਜ਼ਰ ਸਨ।

Latest News