ਬਾਦਲਕਿਆਂ ਨੇ ਨਾਗਪੁਰ ਵਾਪਸੀ ਕਰਕੇ ਸਿੱਖੀ ਦਾ ਘੋਰ ਅਪਮਾਨ ਕੀਤਾ: ਖਾਲੜਾ ਮਿਸ਼ਨ

ਬਾਦਲਕਿਆਂ ਨੇ ਨਾਗਪੁਰ ਵਾਪਸੀ ਕਰਕੇ ਸਿੱਖੀ ਦਾ ਘੋਰ ਅਪਮਾਨ ਕੀਤਾ: ਖਾਲੜਾ ਮਿਸ਼ਨ

ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬਾਦਲਕਿਆਂ ਵੱਲੋਂ ਮਨੂੰਵਾਦੀਆਂ ਨਾਲ ਗੱਠਜੋੜ ਕਰਨ ਦਾ ਨੋਟਿਸ ਲੈਣਾ ਚਾਹੀਦਾ ਹੈ: ਜਥੇਬੰਦੀਆਂ

ਅੰਮ੍ਰਿਤਸਰ 27 ਨਵੰਬਰ, ਸੁਰਜੀਤ ਸਿੰਘ ਖ਼ਾਲਸਾ 

ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਅਤੇ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਨੇ ਦੋਸ਼ ਲਾਇਆ ਹੈ ਕਿ ਬਾਦਲਕਿਆਂ ਨੇ ਭਾਈਚਾਰਕ ਸਾਂਝ ਅਤੇ ਅਮਨ-ਸ਼ਾਂਤੀ ਦਾ ਢਕਵੰਜ ਰਚ ਕੇ ਨਾਗਪੁਰ ਵਾਪਸੀ ਕਰਦਿਆਂ ਸਿੱਖੀ ਦਾ ਘੋਰ ਅਪਮਾਨ ਕੀਤਾ ਹੈ। ਜਥੇਬੰਦੀਆਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬਾਦਲਕਿਆਂ ਵੱਲੋਂ ਮਨੂੰਵਾਦੀ ਤਾਕਤਾਂ ਨਾਲ ਗੱਠਜੋੜ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪ੍ਰਕਾਸ਼ ਪੁਰਬ ਮੌਕੇ ਕੀਤੇ ਗਏ ਕਥਿਤ ਮਹਾਂਪਾਪ ਦਾ ਨੋਟਿਸ ਲੈਣਾ ਚਾਹੀਦਾ ਹੈ ਅਤੇ ਗੁਰੂ ਦੋਖੀਆਂ ਨੂੰ ਗੁਰੂ ਘਰਾਂ ਵਿੱਚ ਸਨਮਾਨ ਦੇਣ ਦੀ ਬਜਾਏ ਉਨ੍ਹਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ।

ਜਥੇਬੰਦੀਆਂ ਨੇ ਕਿਹਾ ਕਿ ਗੁਰਬਾਣੀ ਦਾ ਸੰਦੇਸ਼ ਸਰਬੱਤ ਦੇ ਭਲੇ, ਮਨੁੱਖੀ ਬਰਾਬਰੀ, ਜ਼ੁਲਮ ਦੇ ਵਿਰੋਧ ਅਤੇ ਨਿਮਾਣਿਆਂ-ਨਿਤਾਣਿਆਂ ਨਾਲ ਖੜ੍ਹਨ ਦਾ ਹੈ, ਪਰ ਬਾਦਲਕਿਆਂ ਨੇ ਮਨੂੰਵਾਦੀ ਤਾਕਤਾਂ ਨਾਲ ਦੋਸਤੀ ਦਾ ਨਵਾਂ ਸਿਆਸੀ ਗੱਠਜੋੜ ਰਚਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੇ ਪਾਣੀਆਂ, ਬਿਜਲੀ, ਚੰਡੀਗੜ੍ਹ ਅਤੇ ਸ੍ਰੀ ਦਰਬਾਰ ਸਾਹਿਬ ’ਤੇ ਫ਼ੌਜੀ ਹਮਲੇ ਵਰਗੇ ਮੁੱਦਿਆਂ ਨੂੰ ਲੈ ਕੇ ਪੰਜਾਬ ਨਾਲ ਬੇਇਨਸਾਫ਼ੀ ਕਰਨ ਵਾਲੀਆਂ ਤਾਕਤਾਂ ਨਾਲ ਸਾਂਝ ਪਾ ਕੇ ਸਿੱਖ ਹਿੱਤਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ।

ਪ੍ਰੈੱਸ ਨੋਟ ਵਿੱਚ ਜਥੇਬੰਦੀਆਂ ਨੇ ਧਾਰਮਿਕ ਅਤੇ ਸਿਆਸੀ ਮੁੱਦਿਆਂ ’ਤੇ ਵੀ ਗੰਭੀਰ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਸਿੱਖ ਪੰਥ ਬਾਦਲਕਿਆਂ ਵੱਲੋਂ ਧਰਮ ਯੁੱਧ ਮੋਰਚੇ ਦੌਰਾਨ ਕੀਤੀ ਗਈ ਕਥਿਤ ਗੱਦਾਰੀ ਨੂੰ ਨਹੀਂ ਭੁੱਲਿਆ। ਉਨ੍ਹਾਂ ਗੁਪਤ ਮੀਟਿੰਗਾਂ ਅਤੇ ਗੁਪਤ ਚਿੱਠੀਆਂ ਰਾਹੀਂ ਕੀਤੀ ਗਈ ਸਿਆਸਤ ’ਤੇ ਵੀ ਸਵਾਲ ਚੁੱਕੇ।

ਜਥੇਬੰਦੀਆਂ ਨੇ ਦੋਸ਼ ਲਾਇਆ ਕਿ ਮਨੁੱਖੀ ਅਧਿਕਾਰਾਂ, ਸਿੱਖ ਕੈਦੀਆਂ ਦੀ ਰਿਹਾਈ, ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਅਤੇ 1984 ਦੇ ਕਤਲੇਆਮ ਵਰਗੇ ਮੁੱਦਿਆਂ ’ਤੇ ਵੀ ਦੋਹਰੇ ਮਾਪਦੰਡ ਅਪਣਾਏ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਆਉਣ ਵਾਲੀਆਂ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਦੇ ਅਹਿਮ ਮੁੱਦਿਆਂ ਨੂੰ ਕੇਂਦਰ ਵਿੱਚ ਰੱਖਿਆ ਜਾਵੇ।

ਜਥੇਬੰਦੀਆਂ ਨੇ ਮੰਗ ਕੀਤੀ ਕਿ ਇੱਕ ਨਿਰਪੱਖ ਕਮਿਸ਼ਨ ਬਣਾ ਕੇ 1984 ਦੇ ਮਾਮਲਿਆਂ, ਬਾਦਲਕਿਆਂ, ਕੇਜਰੀਵਾਲਕਿਆਂ ਅਤੇ ਭਾਜਪਾ ਆਗੂਆਂ ਦੀਆਂ ਜਾਇਦਾਦਾਂ ਦੀ ਜਾਂਚ ਕਰਵਾਈ ਜਾਵੇ। ਇਸ ਤੋਂ ਇਲਾਵਾ ਫ਼ੌਜੀ ਹਮਲਿਆਂ, ਝੂਠੇ ਮੁਕਾਬਲਿਆਂ ਅਤੇ ਨਸ਼ਿਆਂ ਰਾਹੀਂ ਪੰਜਾਬ ਦੀ ਨੌਜਵਾਨੀ ਦੇ ਹੋ ਰਹੇ ਨੁਕਸਾਨ ਦੀ ਵੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।

ਜਥੇਬੰਦੀਆਂ ਨੇ ਕਿਹਾ ਕਿ ਪੰਜਾਬ ਦੀ ਸ਼ਾਂਤੀ ਲਈ ਸਭ ਤੋਂ ਵੱਡਾ ਖ਼ਤਰਾ ਕਥਿਤ ਧਰਮੀ ਅਤੇ ਅਧਰਮੀ ਤਾਕਤਾਂ ਦੇ ਗੱਠਜੋੜ ਤੋਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਿਆਸੀ ਆਗੂ ਜਾਇਦਾਦਾਂ ਇਕੱਠੀਆਂ ਕਰਨ ਅਤੇ ਜਾਂਚ ਤੋਂ ਬਚਣ ਦੇ ਏਜੰਡੇ ’ਤੇ ਕੰਮ ਕਰ ਰਹੇ ਹਨ।

ਪ੍ਰੈੱਸ ਨੋਟ ਜਾਰੀ ਕਰਨ ਵਾਲਿਆਂ ਵਿੱਚ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਸਤਵਿੰਦਰ ਸਿੰਘ ਪਲਾਸੌਰ, ਬਾਬਾ ਦਰਸ਼ਨ ਸਿੰਘ, ਬੌਬੀ ਕੁਮਾਰ, ਬਾਬਾ ਨਿਰਮਲ ਸਿੰਘ ਸਰਹਾਲੀ ਅਤੇ ਸੁਖਦੇਵ ਸਿੰਘ ਤਰਨਤਾਰਨ ਸ਼ਾਮਲ ਹਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.