ਜਰਮਨੀ ਰਹਿੰਦੇ ਦਲਜੀਤ ਸਿੰਘ ਕਸ਼ਮੀਰ ਦੇ ਪਰਿਵਾਰ ਨੂੰ ਪੁਲਿਸ ਵੱਲੋਂ ਤੰਗ ਕਰਨ ਦੇ ਦੋਸ਼
- ਅੰਤਰਰਾਸ਼ਟਰੀ
- (Asia/Kolkata)
ਗੁਰਦਾਸਪੁਰ, 5 ਨਵੰਬਰ , ਰਣਜੀਤ ਸਿੰਘ ਖਾਲਸਾ
ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਪਾਹੜਾ ਨਾਲ ਸਬੰਧਤ ਅਤੇ ਕੁਝ ਸਮੇਂ ਤੋਂ ਜਰਮਨੀ ਵਿੱਚ ਰਹਿ ਰਹੇ ਭਾਈ ਦਲਜੀਤ ਸਿੰਘ ਕਸ਼ਮੀਰ ਦੀ ਮਾਤਾ ਬੀਬੀ ਦਰਸ਼ਨ ਕੌਰ ਨੇ ਪੁਲਿਸ ਅਤੇ ਖ਼ੁਫ਼ੀਆ ਏਜੰਸੀਆਂ ਉੱਤੇ ਆਪਣੇ ਪਰਿਵਾਰ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ। ਬੀਬੀ ਦਰਸ਼ਨ ਕੌਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਪੁੱਤਰ ਪੰਜਾਬ ਵਿੱਚ ਰਹਿੰਦਾ ਸੀ ਤਾਂ ਉਸ ਦੀਆਂ ਪੰਥਕ ਸਰਗਰਮੀਆਂ ਕਾਰਨ ਪੁਲਿਸ ਉਸ ਨੂੰ ਵਾਰ-ਵਾਰ ਨਿਸ਼ਾਨਾ ਬਣਾਉਂਦੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਦਲਜੀਤ ਸਿੰਘ ਖ਼ਿਲਾਫ਼ ਕਈ ਝੂਠੇ ਕੇਸ ਦਰਜ ਕੀਤੇ ਗਏ, ਜਿਨ੍ਹਾਂ ਕਾਰਨ ਉਸ ਨੂੰ ਜੇਲ੍ਹ ਵੀ ਕੱਟਣੀ ਪਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੁੱਤਰ ਹੁਣ ਜਰਮਨੀ ਵਿੱਚ ਰਹਿ ਰਿਹਾ ਹੈ, ਪਰ ਇੱਥੇ ਪਰਿਵਾਰ ਨੂੰ ਪ੍ਰੇਸ਼ਾਨ ਕਰਨ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਉਨ੍ਹਾਂ ਮੁਤਾਬਕ ਕਦੇ ਸੀਆਈਡੀ ਦੇ ਮੁਲਾਜ਼ਮ, ਕਦੇ ਹੋਰ ਏਜੰਸੀਆਂ ਦੇ ਅਧਿਕਾਰੀ ਅਤੇ ਕਦੇ ਪੁਲਿਸ ਮੁਲਾਜ਼ਮ ਘਰ ਆ ਕੇ ਬੌਬੀ ਬਾਰੇ ਪੁੱਛਗਿੱਛ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ, “ਵਾਰ-ਵਾਰ ਘਰ ਆ ਕੇ ਕੀਤੀ ਜਾਂਦੀ ਪੁੱਛਗਿੱਛ ਕਾਰਨ ਸਾਨੂੰ ਲਗਾਤਾਰ ਮਾਨਸਿਕ ਪ੍ਰੇਸ਼ਾਨੀ ਅਤੇ ਡਰ ਦੇ ਮਾਹੌਲ ਵਿੱਚ ਰਹਿਣਾ ਪੈ ਰਿਹਾ ਹੈ।” ਬੀਬੀ ਦਰਸ਼ਨ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਵਿਚਾਰਧਾਰਾ ਅਤੇ ਸੰਘਰਸ਼ ਪ੍ਰਤੀ ਆਪਣੀ ਹਮਾਇਤ ਸ਼ਾਂਤਮਈ ਢੰਗ ਨਾਲ ਪ੍ਰਗਟ ਕਰਦਾ ਸੀ। ਉਹ ਵੱਖ-ਵੱਖ ਪੰਥਕ ਜਥੇਬੰਦੀਆਂ ਨਾਲ ਮਿਲ ਕੇ ਪੰਥ ਦੀ ਚੜ੍ਹਦੀ ਕਲਾ ਲਈ ਕੀਤੇ ਜਾਂਦੇ ਮਾਰਚਾਂ ਅਤੇ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਂਦਾ ਸੀ। ਉਨ੍ਹਾਂ ਦਾ ਦੋਸ਼ ਹੈ ਕਿ ਇਨ੍ਹਾਂ ਸਰਗਰਮੀਆਂ ਕਾਰਨ ਹੀ ਪੁਲਿਸ ਨੇ ਉਸ ਨੂੰ ਕਈ ਵਾਰ ਤੰਗ ਕੀਤਾ।
Leave a Reply