ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ 'ਤੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਕੇਂਦਰ ਸਰਕਾਰ - ਗਿਆਨੀ ਹਰਪ੍ਰੀਤ ਸਿੰਘ।
20 ਨਵੰਬਰ ਨੂੰ ਪ੍ਰਧਾਨ ਮੰਤਰੀ ਦਫਤਰ ਵਿੱਚ ਦਿੱਤੇ ਮੰਗ ਪੱਤਰ 'ਤੇ ਤੁਰੰਤ ਅਮਲ ਹੋਵੇ।
ਚੰਡੀਗੜ੍ਹ-: 23 ਨਵੰਬਰ , ਮੰਗਤ ਸਿੰਘ ਸੈਦਪੁਰ - ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਪ੍ਰੈਸ ਬਿਆਨ ਵਿੱਚ ਮੰਗ ਕੀਤੀ ਕਿ ਸਾਡੀ ਪਾਰਟੀ ਵੱਲੋ 20 ਨਵੰਬਰ ਨੂੰ ਦਿੱਲੀ ਵਿੱਚ ਪ੍ਰਧਾਨ ਮੰਤਰੀ ਦਫਤਰ ਨੂੰ ਦਿੱਤੇ ਗਏ ਮੈਮੋਰੰਡਮ ਦੀਆਂ ਮੰਗਾਂ ਨੂੰ ਕੇਂਦਰ ਸਰਕਾਰ ਸੁਹਿਰਦਤਾ ਵਿਖਾਉਂਦਿਆਂ ਤੁਰੰਤ ਲਾਗੂ ਕਰੇ। 24 ਨਵੰਬਰ ਨੂੰ ਕੇਂਦਰ ਸਰਕਾਰ ਕੋਲ ਇਹ ਬਹੁਤ ਵਧੀਆ ਮੌਕਾ ਹੈ ਜਦੋਂ ਉਹ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਮੇਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹ ਕੇ ਸਿੱਖ ਕੌਮ ਨਾਲ ਵਧੀਆ ਰਿਸ਼ਤੇ ਦੀ ਸ਼ੁਰੂਆਤ ਕਰ ਸਕਦੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਸ ਮੰਗ ਪੱਤਰ ਵਿੱਚ ਸਾਡੀ ਪਾਰਟੀ ਨੇ ਪੰਦਰਾਂ ਸਾਲ ਤੋਂ ਲਟਕ ਰਹੀਆਂ ਐਸਜੀਪੀਸੀ ਚੋਣਾਂ ਕਰਵਾਉਣ, ਤੀਹ ਤੀਹ ਸਾਲ ਤੋਂ ਜੇਲਾਂ ਵਿੱਚ ਬੈਠੇ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣ ਅਤੇ ਕਰਤਾਰਪੁਰ ਸਾਹਿਬ ਲਾਂਘਾ ਖੁਲਵਾਉਣ ਦੀ ਪੁਰਜੋਰ ਮੰਗ ਕੀਤੀ ਸੀ, ਜਿਸ ਲਈ ਸਾਨੂੰ ਸਾਰੀ ਲੀਡਰਸ਼ਿਪ ਨੂੰ ਗ੍ਰਿਫਤਾਰੀਆਂ ਵੀ ਦੇਣੀਆਂ ਪਈਆਂ ਸਨ। ਇਹ ਉਹ ਜਰੂਰੀ ਮੰਗਾਂ ਹਨ ਜਿੰਨਾਂ 'ਤੇ ਗੌਰ ਕਰਕੇ ਤੁਰੰਤ ਹੱਲ ਕੀਤਾ ਜਾਣਾ ਚਾਹੀਦਾ ਹੈ। ਤਾਂ ਜੋ ਇਸ ਦੇਸ਼ ਦੇ ਹਾਕਮਾਂ ਵੱਲੋਂ ਹੁਣ ਤੱਕ ਕਰਵਾਏ ਗਏ ਬੇਗਾਨਗੀ ਦੇ ਅਹਿਸਾਸ ਥੱਲੇ ਦੱਬੀ ਸਿੱਖ ਕੌਮ ਨੂੰ ਇੰਨਾ ਕੁ ਮਹਿਸੂਸ ਹੋਵੇ ਕਿ ਘੱਟੋ-ਘੱਟ ਉਹਨਾਂ ਦੀ ਗੱਲ ਸੁਣੀ ਗਈ ਹੈ, ਜਿਸ ਦੇ ਲਈ ਭਾਵੇਂ ਉਹਨਾਂ ਨੂੰ ਦਿੱਲੀ ਤੱਕ ਰੋਸ ਪ੍ਰਦਰਸ਼ਨ ਕਰਕੇ ਗ੍ਰਿਫਤਾਰੀਆਂ ਵੀ ਦੇਣੀਆਂ ਪਈਆਂ। ਉਹਨਾਂ ਕਿਹਾ ਕਿ ਸਾਡੀ ਪਾਰਟੀ ਦੇ ਸਕੱਤਰ ਜਨਰਲ ਸ ਗੁਰਪ੍ਰਤਾਪ ਸਿੰਘ ਵਡਾਲਾ ਲਾਂਘਾ ਖੁਲਵਾਉਣ ਲਈ ਲਗਾਤਾਰ ਯਤਨਾਂ ਵਜੋਂ ਡੇਰਾ ਬਾਬਾ ਨਾਨਕ ਬਾਰਡਰ 'ਤੇ ਪਹੁੰਚ ਕੇ ਅਰਦਾਸ ਕਰਦੇ ਹਨ। ਕੇਂਦਰ ਨੂੰ ਪੂਰੀ ਕੌਮ ਦੀ ਵੇਦਨਾ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਸਿੱਖ ਆਪਣੇ ਬਾਨੀ ਗੁਰੂ ਦੀ ਕਰਮਭੂਮੀ 'ਤੇ ਸਜਦਾ ਕਰਨ ਲਈ ਕਿੰਨੇ ਤੜਪ ਰਹੇ ਹਨ। ਉਹਨਾਂ ਕਿਹਾ ਜੇ ਪਾਕਿਸਤਾਨ ਦਾ ਵਿਦੇਸ਼ ਮੰਤਰੀ ਇਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਭਾਰਤ ਦਾ ਮਹਿਮਾਨ ਬਣ ਸਕਦਾ ਹੈ, ਤਾਂ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਕਰਤਾਰਪੁਰ ਸਾਹਿਬ ਲਾਂਘੇ ਨੂੰ ਵੀ ਇਸ ਦੁਸ਼ਮਣੀ ਤੋਂ ਬਾਹਰ ਰੱਖਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਤਿੰਨ ਕਾਨੂੰਨ ਵਾਪਿਸ ਲੈਣ ਦਾ ਐਲਾਨ ਵੀ ਪ੍ਰਧਾਨ ਮੰਤਰੀ ਮੋਦੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਦਿਹਾੜੇ 'ਤੇ ਕੀਤਾ ਸੀ। ਹੁਣ ਵੀ ਪ੍ਰਧਾਨ ਮੰਤਰੀ ਲਾਂਘਾ ਖੋਲ੍ਹਣ ਦਾ ਐਲਾਨ ਕਰਕੇ ਸਿੱਖ ਕੌਮ ਨੂੰ ਬੇਸ਼ ਕੀਮਤੀ ਤੋਹਫਾ ਦੇ ਸਕਦੇ ਹਨ।
Leave a Reply