ਸ਼ਾਂਤੀ ਤੇ ਸਫਲਤਾਪੂਰਵਕ ਸ਼ਰਧਾਂਜਲੀ ਸਮਾਗਮ ਲਈ ਭਾਈ ਸਖੀਰਾ ਨੇ ਕੀਤਾ ਧੰਨਵਾਦ

ਸ਼ਾਂਤੀ ਤੇ ਸਫਲਤਾਪੂਰਵਕ ਸ਼ਰਧਾਂਜਲੀ ਸਮਾਗਮ ਲਈ ਭਾਈ ਸਖੀਰਾ ਨੇ ਕੀਤਾ ਧੰਨਵਾਦ

ਸਿੱਖ ਕੌਮ ਤੇ ਪੰਥ ਨੂੰ ਡਰਾਇਆ, ਦਬਕਾਇਆ ਤੇ ਦਬਾਇਆ ਨਹੀਂ ਜਾ ਸੱਕਦਾ: ਸਖੀਰਾ

ਟਾਂਗਰਾ - ਸੁਰਜੀਤ ਸਿੰਘ ਖਾਲਸਾ

ਤੀਜੇ ਘੱਲੂਘਾਰੇ ਤੇ ਸਾਕਾ ਨੀਲਾ ਤਾਰਾ ਦੀ 41ਵੀਂ ਬਰਸੀ ਮੌਕੇ ਸੇਵਾ ਸਿਮਰਨ ਤੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਥਿਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਰਵਾਏ ਗਏ ਸ਼ਰਧਾਂਜਲੀ ਸਮਾਗਮਾ ਦੇ ਵਿੱਚ ਸ਼ਾਮਲ ਹੋਣ ਵਾਲੀਆਂ ਸਮੁੱਚੀਆਂ ਧਿਰਾਂ ਦਾ ਸਰਬੱਤ ਖ਼ਾਲਸਾ ਸੰਮੇਲਨ 2015 ਦੇ ਮੁੱਖ ਪ੍ਰਬੰਧਕ ਭਾਈ ਜਰਨੈਲ ਸਿੰਘ ਸਖੀਰਾ ਦੇ ਵੱਲੋਂ ਧੰਨਵਾਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੰਨ 1984 ਦੇ ਵਿੱਚ ਉਸ ਸਮੇਂ ਦੀ ਕੇਂਦਰ ਸਰਕਾਰ ਤੇ ਭਾਰਤੀ ਫੌਜ਼ ਦੇ ਵੱਲੋਂ ਸਾਕਾ ਨੀਲਾ ਤਾਰਾ ਦੇ ਬਹਾਨੇ ਟੈਂਕਾਂ, ਤੋਪਾਂ ਤੇ ਹੋਰ ਜਾਨ ਲੇਵਾ ਮਾਰੂ ਹਥਿਆਰਾਂ ਦੇ ਨਾਲ ਨਿਹੱਥੇ ਤੇ ਬੇਕਸੂਰ ਬੇਦੋਸ਼ੇ ਸਿੰਘ, ਸਿੰਘਣੀਆਂ, ਬੱਚਿਆਂ ਤੇ ਬਜ਼ੁਰਗਾਂ ਦੀ ਕੀਤੀ ਗਈ ਕਤਲੋ ਗਾਰਤ ਅਤੇ ਢਹਿ ਢੇਰੀ ਕੀਤੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉਸ ਮੰਜ਼ਰ ਨੂੰ ਯਾਦ ਕਰਨਾ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਾ ਸਮੁੱਚੀ ਸਿੱਖ ਕੌਮ ਤੇ ਪੰਥ ਦਾ ਜ਼ੰਮਹੂਰੀ ਹੱਕ ਹੈ। ਜਿਸ ਤੋਂ ਦੁਨੀਆ ਦੀ ਕੋਈ ਵੀ ਤਾਕਤ ਤੇ ਲਿਆਕਤ ਰੋਕ ਨਹੀਂ ਸੱਕਦੀ। ਉਨ੍ਹਾਂ ਕਿਹਾ ਕਿ ਬੀਤੇ 4 ਦਹਾਕਿਆਂ ਤੋਂ ਸਫਲਤਾਪੂਰਵਕ ਸੰਪਨ ਹੋਣ ਵਾਲੇ ਇਸ ਸਲਾਨਾ ਸ਼ਰਧਾਂਜਲੀ ਸਮਾਗਮ ਦੀ ਸਫਲਤਾ ਦਾ ਰਾਜ ਹੀ ਵਿਸ਼ਵ ਪੱਧਰ ਤੇ ਕੌਮ ਤੇ ਪੰਥ ਦਾ ਇਕੱਠੇ ਹੋਣਾ ਹੈ। ਭਾਈ ਸਖੀਰਾ ਨੇ ਕਿਹਾ ਕਿ ਅੱਜ ਦਾ ਪੰਥਕ ਹਿਤੈਸ਼ੀਆਂ ਤੇ ਪੰਥਕ ਦਰਦੀਆਂ ਦਾ ਠਾਠਾ ਮਾਰਦਾ ਵਿਸ਼ਾਲ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਕੇਂਦਰ ਸਰਕਾਰ ਤੇ ਭਾਰਤੀ ਫੌਜ਼ ਦੇ ਵੱਲੋਂ 4 ਦਹਾਕੇ ਪਹਿਲਾਂ ਕੀਤੇ ਗਏ ਘਟੀਆ ਤੇ ਕਾਲੇ ਕਾਰਨਾਮੇ ਦਾ ਸਿੱਖ ਕੌਮ, ਪੰਥ ਤੇ ਨਸਲਾਂ ਦੇ ਵਿੱਚ ਕਿੰਨਾ ਰੋਸ ਅਤੇ ਗੁੱਸਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਇੱਕ ਗੱਲ ਸਾਫ ਤੇ ਸ਼ਪੱਸ਼ਟ ਤੋੌਰ ਤੇ ਸਮਝ ਲੈਣੀ ਚਾਹੀਦੀ ਹੈ ਕਿ ਭਾਵੇਂ ਕੋਈ ਸਿੱਖ ਕਿੰਨੇ ਵੀ ਵੱਡੇ ਸਰਕਾਰੀ ਜਾਂ ਗ਼ੈਰ ਸਰਕਾਰੀ ਰੁਤਬੇ ਤੇ ਹੈ ਉਹ ਮਾਨਸਿਕ ਤੇ ਸ਼ਰੀਰਿਕ ਤੌਰ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਨਾਲ ਜੁੜਿਆ ਹੋਇਆ ਹੈ। ਉਸ ਦੀਆਂ ਅੰਦਰੂਨੀ ਧਾਰਮਿਕ ਭਾਵਨਾਵਾਂ ਤੇ ਸ਼ਰਧਾ ਹਮੇਸ਼ਾ ਉਨ੍ਹਾਂ ਨੂੰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਤੇ ਸ੍ਰੀ ਦਰਬਾਰ ਸਾਹਿਬ ਜੀ ਦੀਆਂ ਦਹਲੀਜਾਂ ਤੇ ਨਤਮਸਤਕ ਹੋਣ ਲਈ ਪ੍ਰੇਰਦੀ ਹੈ। ਇਹੀ ਕਾਰਨ ਹੈ ਕਿ ਹਰ ਵਰ੍ਹੇ ਸਾਕਾ ਨੀਲਾ ਤਾਰਾ ਦੀ ਵਰੇ੍ਹ ਗੰਢ ਮੌਕੇ ਦੇਸ਼ਾਂ ਵਿਦੇਸ਼ਾਂ ਤੋਂ ਸਿੱਖ ਸੰਗਤਾਂ ਤੇ ਸ਼ਰਧਾਲੂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪਹੁੰਚਦੇ ਹਨ। ਅਜਿਹੇ ਮੌਕਿਆਂ ਤੇ ਕੇਂਦਰ ਤੇ ਪੰਜਾਬ ਸਰਕਾਰ ਦੇ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਪੰਜਾਬ ਦੇ ਸਮੁੱਚੇ ਸਿੱਖ ਗੁਰਧਾਮਾ ਤੇ ਆਉਣ ਜਾਣ ਵਾਲੇ ਰਸਤਿਆਂ ਤੇ ਵੱਡੀ ਗਿਣਤੀ ਵਿੱਚ ਪੁਲਿਸ, ਅਰਧ ਸੈਨਿਕ ਬਲ ਤੇ ਹੋਰ ਸੁਰੱਖਿਆ ਏਜੰਸੀਆ ਨੂੰ ਤੈਨਾਤ ਕਰਨਾ ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਸਿੱਧੀ ਦਖਲ ਅੰਦਾਜੀ ਤੇ ਬੌਖਲਾਹਟ ਦੀ ਜਿਊਂਦੀ ਜਾਗਦੀ ਮਿਸਾਲ ਹੈ। ਭਾਈ ਸਖੀਰਾ ਨੇ ਕਿਹਾ ਕਿ ਇਸ ਤਰ੍ਹਾਂ ਸਿੱਖ ਕੌਮ ਤੇ ਪੰਥ ਨੂੰ ਡਰਾਇਆ, ਦਬਕਾਇਆ ਤੇ ਦਬਾਇਆ ਨਹੀਂ ਜਾ ਸੱਕਦਾ। ਸ਼ਾਂਤੀ ਤੇ ਸਫਲਤਾਪੂਰਵਕ ਅੱਜ ਦੇ ਸ਼ਰਧਾਂਜਲੀ ਸਮਾਰੋਹ ਦੇ ਦੌਰਾਨ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਜ਼ਿੰਮੇਵਾਰ ਧਿਰਾਂ ਤੇ ਸੰਗਤਾਂ ਅਤੇ ਸ਼ਰਧਾਲੂਆਂ ਦਾ ਧੰਨਵਾਦ ਕਰਨ ਦੇ ਨਾਲ^ਨਾਲ ਪੰਥ ਤੇ ਕੌਮ ਦੀ ਦੋਵਾਂ ਸਰਕਾਰਾਂ ਨੂੰ ਅਪੀਲ ਹੈ ਕਿ ਉਹ ਇਸ ਤੋਂ ਸਬਕ ਲੈਣ। ਫੋਟੋ ਕੈਪਸ਼ਨ:^ ਭਾਈ ਜਰਨੈਲ ਸਿੰਘ ਸਖੀਰਾ ਦੀ ਫਾਈਲ ਫੋਟੋ।