ਅੰਮ੍ਰਿਤਧਾਰੀ ਗੁਰਸਿੱਖ ਸਰਦਾਰ ਨਰਿੰਦਰ ਸਿੰਘ ਘੋਤੜਾ ਵਿਦੇਸ਼ੀ ਸਿਟੀ ਕੌਂਸਲ ਫਰੈਂਕਫੋਰਟ/ਜਰਮਨੀ ਦੇ ਡਿਪਟੀ ਚੇਅਰਮੈਨ ਬਣੇ। ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ।
- ਅੰਤਰਰਾਸ਼ਟਰੀ
- 15 May, 2026 04:45 AM (Asia/Kolkata)
ਫਰੈਂਕਫੋਰਟ 15 ਮਈ ,ਨਜ਼ਰਾਨਾ ਟਾਈਮਜ਼-ਜਰਮਨੀ ਦੇ ਮੁੱਖ ਵਪਾਰਕ ਕੇਂਦਰ ਤੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਸ਼ਹਿਰ ਫਰੈਂਕਫੋਰਟ ਵਿੱਚ 15 ਮਾਰਚ 2026 ਨੂੰ ਫਰੈਂਕਫੋਰਟ ਸਿਟੀ ਪਾਰਲੀਮੈਂਟ ਅਤੇ ਵਿਦੇਸ਼ੀ ਸਿਟੀ ਕੌਂਸਲ ਦੀਆਂ ਹੋਈਆਂ ਚੋਣਾਂ (KAV) ਵਿੱਚ ਸ. ਨਰਿੰਦਰ ਸਿੰਘ ਘੋਤੜਾ ਨੇ ਗਰੀਨ ਪਾਰਟੀ ਦੇ ਉਮੀਦਵਾਰ ਵਜੋਂ ਵਿਦੇਸ਼ੀ ਸਿਟੀ ਕੌਂਸਲ ਦੀ ਸੀਟ ਵੱਡੇ ਫਰਕ ਨਾਲ ਜਿੱਤੀ ਸੀ। ਚੋਣਾਂ ਤੋਂ ਬਾਦ ਸ. ਨਰਿੰਦਰ ਸਿੰਘ ਨੂੰ ਨਵੀਂ ਵਿਦੇਸ਼ੀ ਸਿਟੀ ਕੌਂਸਲ ਵਿੱਚ ਡਿਪਟੀ ਚੇਅਰਮੈਨ ਦੇ ਅਹੁਦੇ ਨਾਲ ਨਿਵਾਜਿਆ ਗਿਆ ਹੈ। ਨਵੀਂ ਜ਼ਿੰਮੇਵਾਰੀ ਸੰਭਾਲਦੇ ਹੋਏ ਸ. ਨਰਿੰਦਰ ਸਿੰਘ ਨੇ ਜਿੱਥੇ ਸਮੂਹ ਮੈਂਬਰਾਂ ਦਾ ਧੰਨਵਾਸ ਕੀਤਾ ਉੱਥੇ ਉਨਾਂ ਨੇ ਚੇਅਰਮੈਨ ਜੁਮਾਸ ਮੇਡੋਫ ਤੇ ਫੇਆਸ ਚੇਟੀਨਰ ਦਾ ਵਿਸੇਸ਼ ਧੰਨਵਾਦ ਕੀਤਾ। ਇਹ ਨਿਯੁਕਤੀ ਉਨ੍ਹਾਂ ਦੀ ਲੰਬੇ ਸਮੇਂ ਤੋਂ ਪੰਜਾਬੀ ਤੇ ਖਾਸਕਰ ਸਿੱਖ ਭਾਈਚਾਰੇ ਦੀ ਕੀਤੀ ਜਾ ਰਹੀ ਸੇਵਾ ਪ੍ਰਤੀ ਵਚਨ ਬੱਧਤਾ ਵਜੋਂ ਦੇਖੀ ਜਾ ਰਹੀ ਹੈ।
ਵਿਦੇਸ਼ੀ ਸਿਟੀ ਕੌਂਸਲ ਦਾ ਮੁੱਖ ਕੰਮ ਫਰੈੰਕਫੋਰਟ ਵਿੱਚ ਰਹਿੰਦੇ ਵਿਦੇਸ਼ੀ ਨਾਗਰਿਕਾਂ ਦੀਆਂ ਇਮੀਗ੍ਰੇਸ਼ਨ ਸਮੱਸਿਆਵਾਂ, ਨਸਲੀ ਭੇਦਭਾਵ, ਰੋਜ਼ਗਾਰ ਅਤੇ ਸਿੱਖਿਆ ਦੇ ਖੇਤਰ ਵਿੱਚ ਹੋ ਰਹੇ ਵਿਤਕਰੇ , ਅੰਤਰਰਾਸ਼ਟਰੀ ਵਿਦਿਆਰਥੀ ਅਤੇ ਵੱਖ-ਵੱਖ ਸੱਭਿਆਚਾਰਕ ਪਿਛੋਕੜ ਵਾਲੇ ਲੋਕਾਂ ਦੀ ਆਵਾਜ਼ ਨੂੰ ਸਿਟੀ ਪਾਰਲੀਮੈਂਟ ਫਰੈੰਕਫੋਰਟ ਤੱਕ ਪਹੁੰਚਾਉਣਾ ਹੁੰਦਾ ਹੈ।
ਇਸ ਵਾਰ ਵਿਦੇਸ਼ੀ ਸਿਟੀ ਕੌਂਸਲ ਫਰੈੰਕਫੋਰਟ ਦੇ ਸਭ ਤੋਂ ਸੀਨੀਅਰ ਮੈਂਬਰ ਹੋਣ ਕਰਕੇ ਸ. ਨਰਿੰਦਰ ਸਿੰਘ ਨੂੰ ਸਿਟੀ ਪਾਰਲੀਮੈਂਟ ਫਰੈਂਕਫੋਰਟ ਵੱਲੋਂ ਚੋਣ ਕਰਵਾਉਣ ਲਈ ਸਪੀਕਰ ਵਜੋਂ ਵਿਸ਼ੇਸ਼ ਡਿਊਟੀ ਲਗਾਈ ਗਈ ਜਿਸ ਨੂੰ ਉਨਾਂ ਬਾਖੂਬੀ ਨਿਭਾਇਆ। ਇਸ ਪ੍ਰਾਪਤੀ ਲਈ ਬੇਹੱਦ ਖੁਸ਼ੀ ਜਾਹਰ ਕਰਦਿਆਂ ਉਨਾਂ ਸਤਿਗੁਰੂ ਦਾ ਸ਼ੁੱਕਰਾਨਾਂ ਕੀਤਾ ਅਤੇ ਇਸ ਨੂੰ ਸਿੱਖ ਭਾਈਚਾਰੇ ਦੀ ਸਾਂਝੀ ਪ੍ਰਾਪਤੀ ਦੱਸਿਆ। ਅੰਤ ਵਿੱਚ ਇਕ ਵਾਰ ਫੇਰ ਆਪਣੇ ਸਿੰਖ ਭਾਈਚਾਰੇ ਤੇ ਸਾਥੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।
Leave a Reply