ਸਿਹਤ ਸਹੂਲਤਾਂ ਨੂੰ ਲੈ ਕੇ ਦੋਹਰੇ ਮਾਪਦੰਡਾਂ 'ਤੇ ਉੱਠੇ ਸਵਾਲ: ਇੱਕ ਪਾਸੇ ਕਰੋੜਾਂ ਨਾਲ ਨਵੀਂ ਉਸਾਰੀ, ਦੂਜੇ ਪਾਸੇ ਇਤਿਹਾਸਕ ਨਗਰੀ 'ਚੋਂ ਸੇਵਾਵਾਂ ਖੋਹਣ 'ਤੇ ਲੋਕਾਂ 'ਚ ਰੋਸ
- ਰਾਸ਼ਟਰੀ
- (Asia/Kolkata)
ਫਤਿਹਾਬਾਦ ਹਸਪਤਾਲ ਲਈ ਵਿਧਾਨ ਸਭਾ 'ਚ ਕਰੋੜਾਂ ਦੇ ਐਲਾਨ; ਸ੍ਰੀ ਗੋਇੰਦਵਾਲ ਸਾਹਿਬ ਵਿਖੇ ਹਸਪਤਾਲ ਦੀਆਂ ਸਹੂਲਤਾਂ ਖੋਹਣ 'ਤੇ ਭਖ਼ਿਆ ਵਿਰੋਧ
ਰਵੀ ਖਹਿਰਾ, ਖਡੂਰ ਸਾਹਿਬ
ਹਲਕੇ ਅੰਦਰ ਸਰਕਾਰੀ ਸਿਹਤ ਸਹੂਲਤਾਂ ਨੂੰ ਲੈ ਕੇ ਅਪਣਾਈਆਂ ਜਾ ਰਹੀਆਂ ਨੀਤੀਆਂ ਅਤੇ ਪ੍ਰਸ਼ਾਸਕੀ ਤਰਜੀਹਾਂ 'ਤੇ ਗੰਭੀਰ ਸਵਾਲ ਖੜ੍ਹੇ ਹੋਣ ਲੱਗ ਪਏ ਹਨ। ਮਾਮਲਾ ਉਸ ਵੇਲੇ ਪੂਰੀ ਤਰ੍ਹਾਂ ਭਖ਼ ਗਿਆ ਜਦੋਂ ਇੱਕੋ ਹਲਕੇ ਵਿੱਚ ਸਿਹਤ ਪ੍ਰਬੰਧਾਂ ਦੇ ਦੋ ਬਿਲਕੁਲ ਵੱਖੋ-ਵੱਖਰੇ ਰੂਪ ਸਾਹਮਣੇ ਆਏ। ਇੱਕ ਪਾਸੇ ਜਿੱਥੇ ਵਿਧਾਨ ਸਭਾ ਦੇ ਇਜਲਾਸ ਦੌਰਾਨ ਕਸਬਾ ਫਤਿਹਾਬਾਦ ਦੇ ਹਸਪਤਾਲ ਦੀ ਨਵੀਂ ਇਮਾਰਤ ਖੜ੍ਹੀ ਕਰਨ ਲਈ ਸਰਕਾਰ ਵੱਲੋਂ ਕਰੋੜਾਂ ਰੁਪਏ ਦਾ ਭਾਰੀ ਬਜਟ ਮਨਜ਼ੂਰ ਕਰਨ ਦੇ ਐਲਾਨ ਕੀਤੇ ਗਏ ਹਨ ਅਤੇ ਹਲਕਾ ਵਿਧਾਇਕ ਵੱਲੋਂ ਇਸ ਲਈ ਸਰਕਾਰ ਦਾ ਧੰਨਵਾਦ ਕੀਤਾ ਗਿਆ ਹੈ, ਉੱਥੇ ਹੀ ਦੂਜੇ ਪਾਸੇ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੀ ਚਰਨ-ਛੋਹ ਪ੍ਰਾਪਤ ਇਤਿਹਾਸਕ ਨਗਰੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਦਹਾਕਿਆਂ ਤੋਂ ਚੱਲ ਰਹੇ ਸਰਕਾਰੀ ਹਸਪਤਾਲ ਦੀਆਂ ਅਹਿਮ ਸਹੂਲਤਾਂ ਖੋਹਣ 'ਤੇ ਲੋਕਾਂ ਵਿੱਚ ਭਾਰੀ ਬੇਚੈਨੀ ਪਾਈ ਜਾ ਰਹੀ ਹੈ।
ਇਲਾਕਾ ਨਿਵਾਸੀਆਂ ਅਤੇ ਵੱਖ-ਵੱਖ ਧਿਰਾਂ ਦਾ ਕਹਿਣਾ ਹੈ ਕਿ ਲੱਖਾਂ ਰੁਪਏ ਖ਼ਰਚ ਕੇ ਬਣਾਏ ਗਏ ਸ੍ਰੀ ਗੋਇੰਦਵਾਲ ਸਾਹਿਬ ਦੇ ਹਸਪਤਾਲ ਨੂੰ ਵਧਦੀ ਆਬਾਦੀ ਦੇ ਮੱਦੇਨਜ਼ਰ ਅੱਪਗ੍ਰੇਡ ਕਰਕੇ 24 ਘੰਟੇ ਐਮਰਜੈਂਸੀ ਅਤੇ ਮਾਹਿਰ ਡਾਕਟਰਾਂ ਵਾਲਾ ਵੱਡਾ ਸਿਹਤ ਕੇਂਦਰ ਬਣਾਇਆ ਜਾਣਾ ਚਾਹੀਦਾ ਸੀ। ਪਰ ਇਸ ਦੇ ਉਲਟ, ਇੱਥੋਂ ਚੱਲਦੀਆਂ ਜੱਚਾ-ਬੱਚਾ (ਡਿਲੀਵਰੀ) ਵਰਗੀਆਂ ਅਹਿਮ ਜੀਵਨ-ਰੱਖਿਅਕ ਸੇਵਾਵਾਂ ਖੋਹ ਕੇ ਦੂਜੇ ਪਿੰਡ ਸ਼ਿਫਟ ਕਰ ਦਿੱਤੀਆਂ ਗਈਆਂ ਅਤੇ ਇਤਿਹਾਸਕ ਅਸਥਾਨ ਦੇ ਹਸਪਤਾਲ ਨੂੰ ਮਹਿਜ਼ ਇੱਕ ਛੋਟੇ ਕਲੀਨਿਕ ਤੱਕ ਸੀਮਤ ਕਰ ਦਿੱਤਾ ਗਿਆ।
ਲੋਕਾਂ ਵੱਲੋਂ ਇਹ ਤਿੱਖਾ ਤਰਕ ਦਿੱਤਾ ਜਾ ਰਿਹਾ ਹੈ ਕਿ ਜੇਕਰ ਸਰਕਾਰ ਕੋਲ ਇੱਕ ਪਾਸੇ ਨਵੀਆਂ ਇਮਾਰਤਾਂ ਦੀ ਉਸਾਰੀ ਲਈ ਕਰੋੜਾਂ ਰੁਪਏ ਦੇ ਫੰਡ ਮੌਜੂਦ ਹਨ, ਤਾਂ ਦੂਜੇ ਪਾਸੇ ਲੱਖਾਂ ਸ਼ਰਧਾਲੂਆਂ ਅਤੇ ਦਰਜਨਾਂ ਪਿੰਡਾਂ ਦੇ ਕੇਂਦਰ ਵਜੋਂ ਜਾਣੀ ਜਾਂਦੀ ਪਵਿੱਤਰ ਨਗਰੀ ਦੇ ਹਸਪਤਾਲ ਨੂੰ ਪਹਿਲਾਂ ਮਿਲਦੀਆਂ ਸਹੂਲਤਾਂ ਤੋਂ ਵਾਂਝਾ ਕਿਉਂ ਕੀਤਾ ਜਾ ਰਿਹਾ ਹੈ? ਲੋਕਾਂ ਨੇ ਮੰਗ ਕੀਤੀ ਹੈ ਕਿ ਨਵੀਂ ਉਸਾਰੀ ਦੇ ਨਾਲ-ਨਾਲ ਇਤਿਹਾਸਕ ਨਗਰੀ ਸ੍ਰੀ ਗੋਇੰਦਵਾਲ ਸਾਹਿਬ ਦੇ ਹਸਪਤਾਲ ਦੀਆਂ ਸਾਰੀਆਂ ਜੱਚਾ-ਬੱਚਾ ਤੇ ਐਮਰਜੈਂਸੀ ਸੇਵਾਵਾਂ ਨੂੰ ਤੁਰੰਤ ਬਹਾਲ ਕਰਕੇ ਇੱਥੇ ਪੱਕੇ ਮਾਹਿਰ ਡਾਕਟਰ ਤਾਇਨਾਤ ਕੀਤੇ ਜਾਣ, ਤਾਂ ਜੋ ਆਮ ਲੋਕਾਂ ਨੂੰ ਦੂਰ-ਦੁਰਾਡੇ ਜਾ ਕੇ ਖੱਜਲ-ਖ਼ੁਆਰ ਨਾ ਹੋਣਾ ਪਵੇ।
Leave a Reply