ਸਾਵਿਤਰੀ ਬਾਈ ਫੂਲੇ: ਸਿੱਖਿਆ ਤੇ ਨਾਰੀ ਸਸ਼ਕਤੀਕਰਨ ਦੀ ਮਿਸਾਲ

ਸਾਵਿਤਰੀ ਬਾਈ ਫੂਲੇ: ਸਿੱਖਿਆ ਤੇ ਨਾਰੀ ਸਸ਼ਕਤੀਕਰਨ ਦੀ ਮਿਸਾਲ

ਭਾਰਤ ਦੀ ਮਹਾਨ ਸਮਾਜ ਸੁਧਾਰਕ, ਕਵਿਤਰੀ ਅਤੇ ਦੇਸ਼ ਦੀਆਂ ਪਹਿਲੀਆਂ ਮਹਿਲਾ ਅਧਿਆਪਕਾਂ ਵਿੱਚੋ ਇੱਕ ਸਾਵਿਤਰੀ ਬਾਈ ਫੂਲੇ ਦਾ ਜਨਮ 3 ਜਨਵਰੀ 1831 ਨੂੰ ਨਾਇਗਾਂਵ, ਸਤਾਰਾ ਜ਼ਿਲ੍ਹਾ, ਮਹਾਰਾਸ਼ਟਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਮ ਖੰਡੋਜੀ ਨੇਵਸੇ ਪਾਟਿਲ ਅਤੇ ਮਾਤਾ ਦਾ ਨਾਮ ਲਕਸ਼ਮੀਬਾਈ ਸੀ। ਬਹੁਤ ਛੋਟੀ ਉਮਰ ਵਿੱਚ, ਲਗਭਗ ਨੌਂ ਸਾਲ ਦੀ ਉਮਰ ਵਿੱਚ, ਉਨ੍ਹਾਂ ਦਾ ਵਿਆਹ ਜੋਤੀਰਾਓ ਫੂਲੇ ਨਾਲ ਹੋਇਆ। ਵਿਆਹ ਤੋਂ ਬਾਅਦ ਜੋਤੀਰਾਓ ਫੂਲੇ ਨੇ ਸਾਵਿਤਰੀਬਾਈ ਨੂੰ ਘਰ ਵਿੱਚ ਹੀ ਪੜ੍ਹਾਉਣਾ ਸ਼ੁਰੂ ਕੀਤਾ। ਬਾਅਦ ਵਿੱਚ ਉਨ੍ਹਾਂ ਨੇ ਅਧਿਆਪਕ ਬਣਨ ਲਈ ਰਸਮੀ ਸਿੱਖਿਆ ਅਤੇ ਸਿਖਲਾਈ ਪ੍ਰਾਪਤ ਕੀਤੀ। ਇਸ ਤਰ੍ਹਾਂ ਉਹ ਸਿੱਖਿਆ ਦੇ ਖੇਤਰ ਵਿੱਚ ਅੱਗੇ ਵਧੀ ਅਤੇ ਦੂਜੀਆਂ ਕੁੜੀਆਂ ਨੂੰ ਵੀ ਪੜ੍ਹਾਉਣ ਦਾ ਬੀੜਾ ਚੁੱਕਿਆ। 1 ਜਨਵਰੀ 1848 ਨੂੰ ਸਾਵਿਤਰੀਬਾਈ ਫੂਲੇ ਅਤੇ ਜੋਤੀਰਾਓ ਫੂਲੇ ਨੇ ਪੁਣੇ ਦੇ ਭੀਡੇ ਵਾੜਾ ਵਿੱਚ ਕੁੜੀਆਂ ਲਈ ਸਕੂਲ ਸ਼ੁਰੂ ਕੀਤਾ। ਇਹ ਭਾਰਤ ਵਿੱਚ ਕੁੜੀਆਂ ਦੀ ਸਿੱਖਿਆ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਕਦਮ ਸੀ।

 ਇਸ ਸਕੂਲ ਵਿੱਚ ਵੱਖ-ਵੱਖ ਸਮਾਜਿਕ ਵਰਗਾਂ ਦੀਆਂ ਕੁੜੀਆਂ ਨੇ ਸਿੱਖਿਆ ਪ੍ਰਾਪਤ ਕਰਨੀ ਸ਼ੁਰੂ ਕੀਤੀ। 
ਉਸ ਸਮੇਂ ਕੁੜੀਆਂ ਦੀ ਸਿੱਖਿਆ ਦਾ ਕਈ ਲੋਕਾਂ ਵੱਲੋਂ ਵਿਰੋਧ ਕੀਤਾ ਜਾਂਦਾ ਸੀ। ਜਦੋਂ ਸਾਵਿਤਰੀ ਬਾਈ ਸਕੂਲ ਪੜ੍ਹਾਉਣ ਲਈ ਜਾਂਦੀ ਸੀ ਤਾਂ ਉਨ੍ਹਾਂ ਨੂੰ ਅਪਮਾਨ ਅਤੇ ਕਈ ਤਰ੍ਹਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਸੀ। ਲੋਕ ਉਹਨਾਂ ਉੱਤੇ ਗੋਹਾ ਕੂੜਾ ਸੁੱਟ ਕੇ ਅਪਮਾਨ ਕਰਦੇ ਸਨ। ਪਰ ਉਹ ਨਾ ਡਰੀਆਂ, ਨਾ ਰੁਕੀਆਂ ਅਤੇ ਨਾ ਹੀ ਆਪਣੇ ਮਿਸ਼ਨ ਤੋਂ ਪਿੱਛੇ ਹਟੀਆਂ। ਉਹ ਆਪਣੇ ਨਾਲ ਵਾਧੂ ਸਾੜੀ ਰੱਖਦੀਆਂ ਸਨ ਤਾਂ ਜੋ ਰਸਤੇ ਵਿੱਚ ਹੋਏ ਅਪਮਾਨ ਤੋਂ ਬਾਅਦ ਸਕੂਲ ਪਹੁੰਚ ਕੇ ਸਾੜੀ ਬਦਲ ਸਕਣ ਅਤੇ ਬੱਚੀਆਂ ਨੂੰ ਪੜ੍ਹਾਉਣ ਦਾ ਕੰਮ ਜਾਰੀ ਰੱਖ ਸਕਣ। ਇਹ ਉਨ੍ਹਾਂ ਦੀ ਦ੍ਰਿੜਤਾ, ਸਬਰ ਅਤੇ ਹਿੰਮਤ ਦੀ ਅਦਭੁੱਤ ਮਿਸਾਲ ਹੈ। ਸਾਵਿਤਰੀ ਬਾਈ ਫੂਲੇ ਨੇ ਸਿਰਫ਼ ਕੁੜੀਆਂ ਦੀ ਸਿੱਖਿਆ ਲਈ ਹੀ ਕੰਮ ਨਹੀਂ ਕੀਤਾ, ਸਗੋਂ ਜਾਤੀ-ਭੇਦ, ਛੂਆਛੂਤ ਅਤੇ ਸਮਾਜਿਕ ਅਸਮਾਨਤਾ ਦੇ ਵਿਰੁੱਧ ਵੀ ਆਵਾਜ਼ ਉਠਾਈ। ਉਨ੍ਹਾਂ ਨੇ ਔਰਤਾਂ ਅਤੇ ਵੰਚਿਤ ਵਰਗਾਂ ਦੇ ਅਧਿਕਾਰਾਂ ਲਈ ਸੰਘਰਸ਼ ਕੀਤਾ। ਉਹ ਇੱਕ ਪ੍ਰਸਿੱਧ ਕਵਿਤਰੀ ਵੀ ਸਨ। ਉਨ੍ਹਾਂ ਦੀਆਂ ਕਵਿਤਾਵਾਂ ਵਿੱਚ ਸਮਾਜਿਕ ਸੁਧਾਰ, ਮਨੁੱਖਤਾ, ਕੁਦਰਤ ਅਤੇ ਜੀਵਨ ਵਿੱਚ ਅੱਗੇ ਵਧਣ ਦਾ ਸੰਦੇਸ਼ ਮਿਲਦਾ ਹੈ। ਉਨ੍ਹਾਂ ਦੀ ਕਵਿਤਾ “Go, Get Education” ਵਿੱਚ ਸਿੱਖਿਆ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਗਿਆ ਹੈ। ਸਾਵਿਤਰੀਬਾਈ ਫੂਲੇ ਦਾ ਜੀਵਨ ਸਾਨੂੰ ਇਹ ਸਿੱਖਿਆ ਦਿੰਦਾ ਹੈ ਕਿ ਸਿੱਖਿਆ ਸਿਰਫ਼ ਗਿਆਨ ਪ੍ਰਾਪਤ ਕਰਨ ਦਾ ਸਾਧਨ ਨਹੀਂ, ਸਗੋਂ ਸਮਾਜਿਕ ਬਦਲਾਅ ਦੀ ਤਾਕਤ ਵੀ ਹੈ। ਉਨ੍ਹਾਂ ਨੇ ਆਪਣੇ ਸਮੇਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਕੁੜੀਆਂ ਲਈ ਸਿੱਖਿਆ ਦੇ ਦਰਵਾਜ਼ੇ ਖੋਲ੍ਹੇ। 1897 ਵਿੱਚ ਪੁਣੇ ਵਿੱਚ ਪਲੇਗ ਦੀ ਮਹਾਮਾਰੀ ਦੌਰਾਨ ਉਹ ਬਿਮਾਰਾਂ ਅਤੇ ਲੋੜਵੰਦਾਂ ਦੀ ਸੇਵਾ ਕਰਦਿਆਂ ਖੁਦ ਵੀ ਪਲੇਗ ਦੀ ਲਪੇਟ ਵਿੱਚ ਆ ਗਈਆਂ। 10 ਮਾਰਚ 1897 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਸਾਵਿਤਰੀ ਬਾਈ ਫੂਲੇ ਨੇ ਜੋ ਰਾਹ ਦਿਖਾਇਆ, ਉਸ ਰਾਹ ’ਤੇ ਅੱਜ ਲੱਖਾਂ ਕੁੜੀਆਂ ਸਿੱਖਿਆ ਪ੍ਰਾਪਤ ਕਰ ਰਹੀਆਂ ਹਨ। ਅੱਜ ਔਰਤਾਂ ਸਿੱਖਿਆ, ਵਿਗਿਆਨ, ਕਲਾ, ਪ੍ਰਸ਼ਾਸਨ ਅਤੇ ਹਰ ਖੇਤਰ ਵਿੱਚ ਅੱਗੇ ਵੱਧ ਰਹੀਆਂ ਹਨ। ਇਸ ਲਈ ਇਹ ਕਹਿਣਾ ਬਿਲਕੁਲ ਢੁੱਕਵਾਂ ਹੈ ਕਿ—ਅੱਜ ਦੀ ਪੜ੍ਹੀ-ਲਿਖੀ ਧੀ ਦੀ ਸਫਲਤਾ ਦੇ ਰਾਹ ਵਿੱਚ ਸਾਵਿਤਰੀਬਾਈ ਫੂਲੇ ਦੇ ਸੰਘਰਸ਼ ਦੀ ਇੱਕ ਮਹੱਤਵਪੂਰਨ ਪੌੜੀ ਹੈ।” ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈਂਦਿਆਂ ਇਹ ਸੰਕਲਪ ਕਰੀਏ ਕਿ ਹਰ ਬੱਚੇ ਖ਼ਾਸ ਕਰਕੇ ਹਰ ਧੀ ਨੂੰ ਸਿੱਖਿਆ ਦਾ ਅਧਿਕਾਰ ਅਤੇ ਅੱਗੇ ਵਧਣ ਦਾ ਮੌਕਾ ਮਿਲੇ ।

ਪੇਸ਼ਕਸ਼ : ਮੰਗਤ ਸਿੰਘ ਸੈਦਪੁਰ (ਚੰਡੀਗੜ੍ਹ)।
ਮੋਬਾ. 70877-76975.

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.