ਪਾਕਿਸਤਾਨ ਦੇ ਫਾਰੂਕਾਬਾਦ ਵਿਖੇ 125 ਸਾਲ ਪੁਰਾਣੇ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੂੰ ਢਾਹੇ ਨਿਦਾਨਯੋਗ-ਖੋਜੇਵਾਲ

ਪਾਕਿਸਤਾਨ ਦੇ ਫਾਰੂਕਾਬਾਦ ਵਿਖੇ 125 ਸਾਲ ਪੁਰਾਣੇ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੂੰ ਢਾਹੇ ਨਿਦਾਨਯੋਗ-ਖੋਜੇਵਾਲ

ਬੋਲੇ-ਇਹ ਘਟਨਾ ਪਾਕਿਸਤਾਨ ਦੇ ਘੱਟ ਗਿਣਤੀਆਂ ਪ੍ਰਤੀ ਦੋਗਲੇ ਰਵੱਈਏ ਨੂੰ ਬੇਨਕਾਬ ਕਰਦੀ ਹੈ
ਕਪੂਰਥਲਾ 3 ਜੁਲਾਈ ਗੌਰਵ ਮੜੀਆ 
ਪਾਕਿਸਤਾਨ ਦੇ ਪੰਜਾਬ ਸੂਬੇ ਦੇ ਜ਼ਿਲ੍ਹਾ ਸ਼ੇਖੂਪੁਰਾ ਅਧੀਨ ਫਾਰੂਕਾਬਾਦ (ਪੁਰਾਣਾ ਨਾਮ ਚੂਹੜਕਾਣਾ)ਵਿਖੇ ਸਥਿਤ ਲਗਭਗ 125 ਸਾਲ ਪੁਰਾਣੇ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੂੰ ਬੀਤੇ ਦਿਨੀਂ ਕਥਿਤ ਤੌਰ ਤੇ ਭੂ-ਮਾਫ਼ੀਆ ਵੱਲੋਂ ਸਥਾਨਕ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਢਾਹ ਦਿੱਤਾ ਗਿਆ।ਇਸ ਘਟਨਾ ਨੇ ਸਮੁੱਚੇ ਸਿੱਖ ਜਗਤ ਵਿੱਚ ਗੰਭੀਰ ਚਿੰਤਾ ਪੈਦਾ ਕੀਤੀ ਹੈ ਅਤੇ ਭਾਰਤ ਸਰਕਾਰ ਨੇ ਵੀ ਇਸ ਮਾਮਲੇ ਤੇ ਸਖ਼ਤ ਕੂਟਨੀਤਕ ਇਤਰਾਜ਼ ਦਰਜ ਕਰਵਾਇਆ ਹੈ।ਇਨ੍ਹਾਂ ਵਿਚਾਰ ਦਾ ਪ੍ਰਗਟਾਵਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ।ਉਨ੍ਹਾਂਨੇ ਕਿਹਾ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਿਰਫ਼ ਇੱਕ ਧਾਰਮਿਕ ਅਸਥਾਨ ਨਹੀਂ,ਸਗੋਂ ਸਿੱਖ ਇਤਿਹਾਸ ਦੀ ਮਹੱਤਵਪੂਰਨ ਸਿੰਘ ਸਭਾ ਲਹਿਰ ਦਾ ਪ੍ਰਤੀਕ ਹੈ।ਸਿੰਘ ਸਭਾ ਲਹਿਰ ਦੀ ਸ਼ੁਰੂਆਤ 1873 ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹੋਈ ਸੀ,ਜਿਸਦਾ ਉਦੇਸ਼ ਸਿੱਖ ਧਰਮ ਦੀ ਮੂਲ ਪਰੰਪਰਾ ਦੀ ਰੱਖਿਆ, ਧਾਰਮਿਕ ਜਾਗਰੂਕਤਾ,ਸਿੱਖਿਆ ਦਾ ਪ੍ਰਸਾਰ ਅਤੇ ਸਿੱਖ ਪਛਾਣ ਨੂੰ ਮਜ਼ਬੂਤ ਕਰਨਾ ਸੀ।ਫਾਰੂਕਾਬਾਦ ਦਾ ਇਹ ਗੁਰਦੁਆਰਾ ਉਸੇ ਲਹਿਰ ਦੀ ਯਾਦਗਾਰ ਵਜੋਂ ਸਥਾਪਿਤ ਕੀਤਾ ਗਿਆ ਸੀ ਅਤੇ ਲਗਭਗ ਸਵਾ ਸਦੀ ਤੋਂ ਸਿੱਖ ਵਿਰਾਸਤ ਦਾ ਪ੍ਰਤੀਕ ਬਣਿਆ ਹੋਇਆ ਸੀ।ਇਹ ਖੇਤਰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਚੂਹੜਕਾਣਾ ਦੇ ਨਾਮ ਨਾਲ ਜਾਣਿਆ ਜਾਂਦਾ ਸੀ,ਜਿਸਨੂੰ ਵੰਡ ਤੋਂ ਬਾਅਦ ਫਾਰੂਕਾਬਾਦ ਨਾਮ ਦਿੱਤਾ ਗਿਆ।ਉਨ੍ਹਾਂਨੇ ਕਿਹਾ ਕਿ 1947 ਦੀ ਵੰਡ ਤੋਂ ਬਾਅਦ ਜ਼ਿਆਦਾਤਰ ਸਿੱਖ ਪਰਿਵਾਰ ਭਾਰਤ ਆ ਗਏ।ਇਸ ਤੋਂ ਬਾਅਦ ਇਹ ਗੁਰਦੁਆਰਾ ਪਾਕਿਸਤਾਨ ਦੇ Evacuee Trust Property Board (ETPB) ਦੇ ਪ੍ਰਬੰਧ ਅਧੀਨ ਆ ਗਿਆ।ਸਮੇਂ ਦੇ ਨਾਲ ਇਸ ਦੀ ਸੰਭਾਲ ਵਿੱਚ ਲਾਪਰਵਾਹੀ ਵਧਦੀ ਗਈ ਅਤੇ ਇਮਾਰਤ ਅਣਗੌਲੀ ਦਾ ਸ਼ਿਕਾਰ ਬਣਦੀ ਰਹੀ।ਉਨ੍ਹਾਂਨੇ ਕਿਹਾ ਕਿ 24 ਜੂਨ ਦੀ ਰਾਤ ਕਥਿਤ ਤੌਰ ਤੇ ਕੁਝ ਪ੍ਰਭਾਵਸ਼ਾਲੀ ਵਿਅਕਤੀਆਂ ਅਤੇ ਭੂ-ਮਾਫ਼ੀਆ ਨੇ ਸਥਾਨਕ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਇਸ ਇਤਿਹਾਸਕ ਇਮਾਰਤ ਨੂੰ ਢਾਹ ਦਿੱਤਾ।ਉਨ੍ਹਾਂਨੇ ਕਿਹਾ ਕਿ ਮਹੱਤਵਪੂਰਨ ਗੱਲ ਇਹ ਹੈ ਕਿ ਸਥਾਨਕ ਸਿੱਖ ਭਾਈਚਾਰੇ ਨੇ ਇਸ ਸੰਬੰਧੀ ਪਹਿਲਾਂ ਹੀ ਪ੍ਰਸ਼ਾਸਨ ਨੂੰ ਲਿਖਤੀ ਰੂਪ ਵਿੱਚ ਜਾਣੂ ਕਰਵਾਇਆ ਸੀ ਅਤੇ ਗੁਰਦੁਆਰੇ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਵੀ ਕੀਤੀ ਸੀ,ਪਰ ਇਸ ਦੇ ਬਾਵਜੂਦ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕੀਤੀ ਗਈ।ਘਟਨਾ ਸਾਹਮਣੇ ਆਉਣ ਤੋਂ ਬਾਅਦ ਪਾਕਿਸਤਾਨ ਦੇ ਪੰਜਾਬ ਦੇ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ ਅਤੇ ਪ੍ਰਾਂਤ ਦੇ ਮੰਤਰੀ ਨੇ ਜਾਂਚ ਦੇ ਹੁਕਮ ਦਿੱਤੇ ਅਤੇ ਗੁਰਦੁਆਰੇ ਦੇ ਮੁੜ ਨਿਰਮਾਣ ਦਾ ਭਰੋਸਾ ਦਿੱਤਾ ਹੈ।ਪਰ ਸਵਾਲ ਇਹ ਹੈ ਕਿ ਸਮੇਂ ਸਿਰ ਕਾਰਵਾਈ ਕਿਉਂ ਨਹੀਂ ਕੀਤੀ ਗਈ?ਖੋਜੇਵਾਲ ਨੇ ਕਿਹਾ ਕਿ ਭਾਰਤ ਸਰਕਾਰ ਨੇ ਇਸ ਘਟਨਾ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ।
ਵਿਦੇਸ਼ ਮੰਤਰਾਲੇ ਨੇ ਇਸ ਨੂੰ ਇੱਕ ਸਤਿਕਾਰਯੋਗ ਸਿੱਖ ਧਾਰਮਿਕ ਸਥਾਨ ਵਿਰੁੱਧ ਪਹਿਲਾਂ ਤੋਂ ਸੋਚੀ-ਸਮਝੀ ਅਤੇ ਬਹੁਤ ਹੀ ਨਿੰਦਣਯੋਗ ਭੰਨਤੋੜ ਦੀ ਕਾਰਵਾਈ ਕਰਾਰ ਦਿੱਤਾ ਹੈ।ਭਾਰਤ ਨੇ ਪਾਕਿਸਤਾਨ ਕੋਲ ਸਖ਼ਤ ਕੂਟਨੀਤਕ ਇਤਰਾਜ਼ ਦਰਜ ਕਰਵਾਉਂਦਿਆਂ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ,ਇਤਿਹਾਸਕ ਗੁਰਦੁਆਰੇ ਦੇ ਮੁੜ ਨਿਰਮਾਣ ਅਤੇ ਸਿੱਖ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।
ਖੋਜੇਵਾਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਇਸ ਘਟਨਾ ਦੀ ਤਿੱਖੇ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।ਖੋਜੇਵਾਲ ਨੇ ਕਿਹਾ ਇਹ ਘਟਨਾ ਪਾਕਿਸਤਾਨ ਦੇ ਘੱਟ ਗਿਣਤੀਆਂ ਪ੍ਰਤੀ ਦੋਗਲੇ ਰਵੱਈਏ ਨੂੰ ਬੇਨਕਾਬ ਕਰਦੀ ਹੈ।ਉਨ੍ਹਾਂ ਦੋਸ਼ ਲਾਇਆ ਕਿ ਭੂ-ਮਾਫ਼ੀਆ ਅਤੇ ਸਥਾਨਕ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਸਿੱਖ ਵਿਰਾਸਤ ਨੂੰ ਨਿਸ਼ਾਨਾ ਬਣਾਇਆ ਗਿਆ ਹੈ।ਉਨ੍ਹਾਂਨੇ ਇਸ ਨੂੰ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਦੇ ਇਤਿਹਾਸ ਅਤੇ ਵਿਰਾਸਤ ਨੂੰ ਮਿਟਾਉਣ ਦੀ ਸਾਜ਼ਿਸ਼ ਕਰਾਰ ਦਿੱਤਾ।ਉਨ੍ਹਾਂ ਭਾਰਤ ਸਰਕਾਰ ਨੂੰ ਇਸ ਮਾਮਲੇ ਨੂੰ ਅੰਤਰਰਾਸ਼ਟਰੀ ਪੱਧਰ ਤੇ ਵੀ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਦੀ ਅਪੀਲ ਕੀਤੀ।ਉਨ੍ਹਾਂਨੇ ਕਿਹਾ ਇਹ ਘਟਨਾ ਕੋਈ ਇਕੱਲੀ ਘਟਨਾ ਨਹੀਂ ਹੈ।ਪਾਕਿਸਤਾਨ ਵਿੱਚ ਕਈ ਇਤਿਹਾਸਕ ਗੁਰਦੁਆਰੇ,ਮੰਦਰ ਅਤੇ ਹੋਰ ਗੈਰ-ਮੁਸਲਿਮ ਧਾਰਮਿਕ ਅਸਥਾਨ ਲੰਬੇ ਸਮੇਂ ਤੋਂ ਅਣਗਹਿਲੀ, ਗੈਰ-ਕਾਨੂੰਨੀ ਕਬਜ਼ਿਆਂ,ਭੂ-ਮਾਫ਼ੀਆ ਦੀਆਂ ਸਰਗਰਮੀਆਂ ਅਤੇ ਪ੍ਰਸ਼ਾਸਨਿਕ ਲਾਪਰਵਾਹੀ ਦਾ ਸ਼ਿਕਾਰ ਰਹੇ ਹਨ।ਅਨੇਕਾਂ ਧਾਰਮਿਕ ਸਥਾਨਾਂ ਨੂੰ ਵਪਾਰਕ ਇਮਾਰਤਾਂ, ਦੁਕਾਨਾਂ ਜਾਂ ਹੋਰ ਉਦੇਸ਼ਾਂ ਲਈ ਵਰਤਣ ਦੇ ਦੋਸ਼ ਵੀ ਲਗਦੇ ਰਹੇ ਹਨ।ਇਹ ਸਥਿਤੀ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਦੇ ਧਾਰਮਿਕ ਤੇ ਸੱਭਿਆਚਾਰਕ ਅਧਿਕਾਰਾਂ ਬਾਰੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ।
ਉਨ੍ਹਾਂਨੇ ਮੰਗ ਕਰਦਿਆਂ ਕਿਹਾ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦਾ ਉਸਦੇ ਮੂਲ ਸਰੂਪ ਅਨੁਸਾਰ ਤੁਰੰਤ ਮੁੜ ਨਿਰਮਾਣ ਕੀਤਾ ਜਾਵੇ।ਢਾਹੁਣ ਦੀ ਘਟਨਾ ਵਿੱਚ ਸ਼ਾਮਲ ਭੂ-ਮਾਫ਼ੀਆ, ਸਰਕਾਰੀ ਅਧਿਕਾਰੀਆਂ ਅਤੇ ਹੋਰ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਪਾਕਿਸਤਾਨ ਵਿੱਚ ਸਥਿਤ ਸਾਰੇ ਇਤਿਹਾਸਕ ਗੁਰਦੁਆਰਿਆਂ ,ਮੰਦਰਾਂ ਅਤੇ ਹੋਰ ਘੱਟ ਗਿਣਤੀਆਂ ਦੇ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।ਸਿੱਖ ਅਤੇ ਹਿੰਦੂ ਭਾਈਚਾਰੇ ਦੇ ਧਾਰਮਿਕ, ਸੱਭਿਆਚਾਰਕ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਠੋਸ ਕਦਮ ਚੁੱਕੇ ਜਾਣ।
ਯੂਨੇਸਕੋ ਸੰਯੁਕਤ ਰਾਸ਼ਟਰ ਅਤੇ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਇਸ ਮਾਮਲੇ ਦਾ ਨੋਟਿਸ ਲੈ ਕੇ ਧਾਰਮਿਕ ਵਿਰਾਸਤ ਦੀ ਸੁਰੱਖਿਆ ਲਈ ਪਾਕਿਸਤਾਨ ਤੇ ਜ਼ਿੰਮੇਵਾਰੀ ਨਿਭਾਉਣ ਲਈ ਦਬਾਅ ਬਣਾਉਣਾ ਚਾਹੀਦਾ ਹੈ।ਉਨ੍ਹਾਂਨੇ ਕਿਹਾ ਕਿ ਇਹ ਸਿਰਫ਼ ਇੱਕ ਇਮਾਰਤ ਨਹੀਂ,ਸਗੋਂ ਸਿੱਖ ਇਤਿਹਾਸ ਅਤੇ ਵਿਰਾਸਤ ਤੇ ਹਮਲਾ ਹੈ।ਭਾਰਤ ਸਰਕਾਰ ਨੇ ਤੁਰੰਤ ਕੂਟਨੀਤਕ ਪੱਧਰ ਤੇ ਸਖ਼ਤ ਇਤਰਾਜ਼ ਦਰਜ ਕਰਵਾਇਆ ਹੈ।ਭਾਜਪਾ ਵਿਸ਼ਵ ਭਰ ਵਿੱਚ ਸਿੱਖ ਅਤੇ ਹਿੰਦੂ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਅਤੇ ਸਨਮਾਨ ਲਈ ਵਚਨਬੱਧ ਹੈ।
ਧਾਰਮਿਕ ਵਿਰਾਸਤ ਦਾ ਸਨਮਾਨ ਕਰਨਾ ਹਰ ਸਭਿਆਚਾਰਕ ਰਾਸ਼ਟਰ ਦੀ ਜ਼ਿੰਮੇਵਾਰੀ ਹੈ।ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੂੰ ਘੱਟ ਗਿਣਤੀਆਂ ਦੇ ਅਧਿਕਾਰਾਂ ਅਤੇ ਧਾਰਮਿਕ ਵਿਰਾਸਤ ਦੀ ਰੱਖਿਆ ਬਾਰੇ ਆਪਣੇ ਅੰਤਰਰਾਸ਼ਟਰੀ ਫਰਜ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ।ਇਸ ਮੌਕੇ ਤੇ ਰਾਜੇਸ਼ ਪਾਸੀ, ਡਾ.ਰਣਵੀਰ ਕੌਸ਼ਲ, ਡਾ.ਅਮਰਨਾਥ, ਮੰਡਲ ਪ੍ਰਧਾਨ ਕਮਲ ਪ੍ਰਭਾਕਰ,ਦਵਿੰਦਰ ਧੀਰ, ਅਸ਼ੋਕ ਮਾਹਲਾ,ਰਾਧੇ ਸ਼ਾਮ ਆਦਿ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.