ਅਮਰੀਕੀ ਸਹਾਇਤਾ ਨਾਲ ਨਵੀਂ ਨਿਗਰਾਨੀ ਅਤੇ ਯਾਤਰੀ ਡਾਟਾ ਪ੍ਰਣਾਲੀ ਲਾਗੂ ਕਰਨ ਦੀ ਤਜਵੀਜ਼
- ਅੰਤਰਰਾਸ਼ਟਰੀ
- 30 Apr, 2026 09:27 AM (Asia/Kolkata)
ਇਸਲਾਮਾਬਾਦ ਅਲੀ ਇਮਰਾਨ ਚੱਠਾ
ਪਾਕਿਸਤਾਨ ਦੇ ਮੁੱਖ ਹਵਾਈ ਅੱਡਿਆਂ ਦੀ ਸੁਰੱਖਿਆ ਪ੍ਰਣਾਲੀ ਨੂੰ ਅਪਗਰੇਡ ਕਰਨ ਲਈ 2.4 ਅਰਬ ਡਾਲਰ ਦੀ ਇਕ ਵੱਡੀ ਯੋਜਨਾ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪ੍ਰਸ਼ਾਸਨਿਕ ਸਹਾਇਤਾ ਮਿਲੀ ਹੈ, ਜਿਸ ਨਾਲ ਦੋਨੋਂ ਦੇਸ਼ਾਂ ਵਿਚ ਦਹਿਸ਼ਤਗਰਦੀ ਵਿਰੋਧੀ ਸਹਿਯੋਗ ਨੂੰ ਵਧਾਵਾ ਮਿਲਣ ਦੀ ਸੰਭਾਵਨਾ ਹੈ।
ਇਸ ਯੋਜਨਾ ਦੇ ਤਹਿਤ ਅਧੁਨਿਕ ਨਿਗਰਾਨੀ ਪ੍ਰਣਾਲੀਆਂ ਅਤੇ ਯਾਤਰੀ ਡਾਟਾ ਸਿਸਟਮ ਲਾਗੂ ਕਰਨ ਦੀ ਪੇਸ਼ਕਸ਼ ਕੀਤੀ ਗਈ ਹੈ, ਜਿਸ ਨਾਲ ਅਪਰਾਧੀਆਂ ਅਤੇ ਅੰਤਰਰਾਸ਼ਟਰੀ ਖ਼ਤਰਿਆਂ ਦੀ ਪਹਿਲਾਂ ਹੀ ਪਛਾਣ ਕੀਤੀ ਜਾ ਸਕੇਗੀ।
ਯੋਜਨਾ ਦਾ ਕੇਂਦਰ ਐਡਵਾਂਸਡ ਪੈਸੇਂਜਰ ਇਨਫਰਮੇਸ਼ਨ (ਏਪੀਆਈ) ਅਤੇ ਪੈਸੇਂਜਰ ਨੇਮ ਰਿਕਾਰਡ (ਪੀਐਨਆਰ) ਸਿਸਟਮ ਦੀ ਸਥਾਪਨਾ ਹੈ। ਇਹ ਪ੍ਰਣਾਲੀਆਂ ਯਾਤਰੀਆਂ ਦੀ ਜਾਣਕਾਰੀ ਨੂੰ ਗਲੋਬਲ ਡਾਟਾਬੇਸ ਨਾਲ ਜੋੜ ਕੇ ਸ਼ੱਕੀ ਸਰਗਰਮੀਆਂ ਦੀ ਪਛਾਣ ਕਰਨ ਵਿੱਚ ਮਦਦ ਕਰਦੀਆਂ ਹਨ ਅਤੇ ਜਾਲਸਾਜ਼ੀ ਜਾਂ ਦਹਿਸ਼ਤਗਰਦੀ ਨਾਲ ਜੁੜੇ ਲੋਕਾਂ ਨੂੰ ਰੋਕਣ ਵਿੱਚ ਸਹਾਇਕ ਹੁੰਦੀਆਂ ਹਨ।
ਇਸ ਯੋਜਨਾ ਦੇ ਅਨੁਸਾਰ ਨਿਵੇਸ਼ ਕਰਨ ਵਾਲੀ ਕੰਪਨੀ ਸ਼ੁਰੂਆਤੀ ਖਰਚ ਖੁਦ ਉਠਾਏਗੀ ਅਤੇ 25 ਸਾਲਾਂ ਵਿੱਚ ਯਾਤਰੀ ਸੁਰੱਖਿਆ ਫੀਸ ਰਾਹੀਂ ਆਪਣੀ ਰਕਮ ਵਾਪਸ ਪ੍ਰਾਪਤ ਕਰੇਗੀ। ਇਹ ਸਿਸਟਮ ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐਫਆਈਏ) ਦੇ ਅਧੀਨ ਚਲਾਇਆ ਜਾਵੇਗਾ ਅਤੇ ਡਾਟਾ ‘ਤੇ ਪੂਰਾ ਨਿਯੰਤਰਣ ਪਾਕਿਸਤਾਨੀ ਅਧਿਕਾਰੀਆਂ ਕੋਲ ਹੀ ਰਹੇਗਾ।
ਯੋਜਨਾ ਵਿੱਚ ਬਾਇਓਮੈਟ੍ਰਿਕ ਜਾਂਚ, ਆਟੋਮੈਟਿਕ ਈ-ਗੇਟ ਅਤੇ ਇੰਟੀਗਰੇਟਡ ਨਿਗਰਾਨੀ ਪਲੇਟਫਾਰਮ ਵੀ ਸ਼ਾਮਲ ਹਨ, ਜੋ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਤੇਜ਼ ਅਤੇ ਸੁਰੱਖਿਅਤ ਬਣਾਉਣਗੇ।
ਇਸਦੇ ਨਾਲ ਨਾਲ ਸਥਾਨਕ ਪੱਧਰ ‘ਤੇ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ ਅਤੇ 1,000 ਤੋਂ ਵੱਧ ਪਾਕਿਸਤਾਨੀ ਮਾਹਿਰਾਂ ਨੂੰ ਤਕਨੀਕੀ ਤਰਬੀਅਤ ਦਿੱਤੀ ਜਾਵੇਗੀ।
ਹਾਲਾਂਕਿ, ਇਸ ਯੋਜਨਾ ‘ਤੇ ਕੁਝ ਚਿੰਤਾਵਾਂ ਵੀ ਸਾਹਮਣੇ ਆਈਆਂ ਹਨ, ਜਿਵੇਂ ਕਿ ਯਾਤਰੀਆਂ ‘ਤੇ ਵਾਧੂ ਖਰਚ ਦਾ ਬੋਝ, ਠੇਕਿਆਂ ਵਿੱਚ ਪਾਰਦਰਸ਼ਤਾ ਅਤੇ ਡਾਟਾ ਸੁਰੱਖਿਆ ਦੇ ਮਸਲੇ।
ਸਰਕਾਰ ਨੇ ਹਾਲੇ ਤੱਕ ਇਸ ਯੋਜਨਾ ‘ਤੇ ਅੰਤਿਮ ਫੈਸਲਾ ਨਹੀਂ ਕੀਤਾ, ਪਰ ਜੇ ਇਹ ਮਨਜ਼ੂਰ ਹੋ ਜਾਂਦੀ ਹੈ ਤਾਂ ਇਹ ਪਾਕਿਸਤਾਨ ਦੇ ਹਵਾਈ ਸੁਰੱਖਿਆ ਖੇਤਰ ਵਿੱਚ ਸਭ ਤੋਂ ਵੱਡੀਆਂ ਵਿਦੇਸ਼ੀ ਨਿਵੇਸ਼ ਯੋਜਨਾਵਾਂ ਵਿੱਚੋਂ ਇੱਕ ਹੋਵੇਗੀ।
Leave a Reply