ਲਾਪਤਾ ਸਰੂਪਾਂ ਦੇ ਮਾਮਲੇ 'ਚ ਦੋਸ਼ੀਆਂ ਨੂੰ ਅਜੇ ਵੀ ਬਚਾ ਰਹੀ ਸ਼੍ਰੋਮਣੀ ਕਮੇਟੀ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਲਾਪਤਾ ਸਰੂਪਾਂ ਦੇ ਮਾਮਲੇ 'ਚ ਦੋਸ਼ੀਆਂ ਨੂੰ ਅਜੇ ਵੀ ਬਚਾ ਰਹੀ ਸ਼੍ਰੋਮਣੀ ਕਮੇਟੀ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਅੰਮ੍ਰਿਤਸਰ, 29 ਮਈ , ਨਜ਼ਰਾਨਾ ਟਾਈਮਜ ਬਿਊਰੋ-ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ 328 ਪਾਵਨ ਸਰੂਪਾਂ ਨੂੰ ਲਾਪਤਾ ਕਰਨ ਦੇ ਮਾਮਲੇ 'ਚ ਕਲੰਕ ਲਵਾ ਕੇ ਵੀ ਸ਼੍ਰੋਮਣੀ ਕਮੇਟੀ ਬਾਜ ਨਹੀਂ ਆ ਰਹੀ, ਉਹ ਦੋਸ਼ੀਆਂ ਨੂੰ ਅਜੇ ਵੀ ਹਰ ਹੀਲੇ ਬਚਾਉਣ ਲਈ ਟਿਲ ਤੱਕ ਜ਼ੋਰ ਲਾ ਰਹੀ ਹੈ। ਫੈਡਰੇਸ਼ਨ ਆਗੂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿਰਫ਼ ਬਾਦਲ ਪਰਿਵਾਰ ਦੀ ਭਗਤ ਹੈ ਉਸਦਾ ਗੁਰੂ ਗ੍ਰੰਥ ਤੇ ਗੁਰੂ ਪੰਥ ਨਾਲ ਕੋਈ ਵਾਸਤਾ ਨਹੀਂ ਹੈ। ਜੇ ਸ਼੍ਰੋਮਣੀ ਕਮੇਟੀ ਗੁਰੂ ਸਾਹਿਬ ਦੇ ਸਤਿਕਾਰ ਲਈ ਗੰਭੀਰ ਹੁੰਦੀ ਤਾਂ ਇਸ ਮਾਮਲੇ ਨੂੰ ਛੇ ਸਾਲ ਪਹਿਲਾਂ ਹੀ ਹੱਲ ਕੀਤਾ ਜਾ ਸਕਦਾ ਸੀ ਪਰ ਉਲਟਾ ਸੁਖਬੀਰ ਬਾਦਲ ਦੇ ਸੀ.ਏ. ਸਤਿੰਦਰ ਕੋਹਲੀ ਤੇ ਹੋਰ ਦੋਸ਼ੀਆਂ ਨੂੰ ਬਚਾਉਣ ਲਈ ਸ਼੍ਰੋਮਣੀ ਕਮੇਟੀ ਨੇ ਇਸ ਮੁੱਦੇ ਨੂੰ ਏਨਾ ਉਲਝਾ ਲਿਆ ਕਿ ਖ਼ੁਦ ਆਪਣੇ ਸਿਰ 'ਚ ਸਵਾਹ ਪਾ ਲਈ। ਹੁਣ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਸਿੱਟ ਨੂੰ ਸਹੀ ਢੰਗ ਨਾਲ ਸਹਿਯੋਗ ਨਾ ਕਰਕੇ ਸ਼੍ਰੋਮਣੀ ਕਮੇਟੀ ਬੇਈਮਾਨੀ ਕਰ ਰਹੀ ਹੈ ਤੇ ਉਲ਼ਟਾ ਬੜੀ ਹੀ ਚਲਾਕੀ ਨਾਲ ਜਥੇਦਾਰ ਕੁਲਦੀਪ ਸਿੰਘ ਗੜਗੱਜ ਤੋਂ ਆਪਣੇ ਹੱਕ 'ਚ ਫੈਸਲਾ ਕਰਵਾਉਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਜਿੱਥੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਰਗੇ ਬੈਠੇ ਹੋਣ ਉਸ ਸੰਸਥਾ ਤੋਂ ਸਿੱਖ ਕੌਮ ਦੇ ਭਲੇ ਦੀ ਆਸ ਕੀਤੀ ਹੀ ਨਹੀਂ ਜਾ ਸਕਦੀ ਕਿਉਂਕਿ ਧਾਮੀ ਸਾਬ੍ਹ ਆਪਣੇ ਆਪ ਨੂੰ ਗੁਰੂ ਸਾਹਿਬ ਦਾ ਸਿੱਖ ਅਖਵਾਉਣ ਦੀ ਬਜਾਏ ਸੁਖਬੀਰ ਬਾਦਲ ਦਾ ਸਿਪਾਹੀ ਦੱਸਦੇ ਹਨ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਅਜੋਕੇ ਸ਼੍ਰੋਮਣੀ ਕਮੇਟੀ ਬਾਦਲਕਿਆਂ ਦੇ ਆਗੂਆਂ 'ਚ ਭ੍ਰਿਸ਼ਟ ਮਹੰਤਾਂ ਤੇ ਮਸੰਦਾਂ ਦੀ ਬਦਕਾਰ ਰੂਹ ਵੜੀ ਹੋਈ ਹੈ। ਪ੍ਰਧਾਨ ਧਾਮੀ ਸ਼ਰੇਆਮ ਕਹਿੰਦੇ ਨੇ ਕਿ ਸਾਡੇ ਵਿੱਚ ਦਸ-ਵੀਹ ਘਪਲੇ ਰੋਜ਼ ਦੇ ਹੁੰਦੇ ਹਨ। ਭਾਈ ਰਣਜੀਤ ਸਿੰਘ ਨੇ ਕਿਹਾ ਕਿ 24 ਅਕਤੂਬਰ 2020 ਨੂੰ ਲਾਪਤਾ ਸਰੂਪਾਂ ਦੇ ਮਾਮਲੇ 'ਚ ਇਨਸਾਫ਼ ਮੰਗ ਰਹੇ ਸਿੰਘਾਂ-ਸਿੰਘਣੀਆਂ ਉੱਤੇ ਸ਼੍ਰੋਮਣੀ ਕਮੇਟੀ ਦੇ ਗੁੰਡਿਆਂ ਨੇ ਅਥਾਹ ਤਸ਼ੱਦਦ ਢਾਹਿਆ ਅਤੇ ਕੇਸਾਂ-ਕਕਾਰਾਂ ਤੇ ਦਸਤਾਰਾਂ ਦੀ ਬੇਅਦਬੀ ਕੀਤੀ ਸੀ ਤੇ ਉਲਟਾ ਸੰਗਤਾਂ ਉੱਤੇ ਹੀ ਕੇਸ ਦਰਜ ਕਰਵਾ ਦਿੱਤੇ ਸਨ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਅਤੇ ਸਤਿਕਾਰ ਕਮੇਟੀਆਂ ਨੇ ਪੰਜ ਸਾਲਾਂ ਤੋਂ ਵਧੇਰੇ ਲੰਬਾ ਸੰਘਰਸ਼ ਕਰਕੇ ਦੋਸ਼ੀਆਂ ਉੱਤੇ ਕੇਸ ਦਰਜ ਕਰਵਾਏ ਹਨ ਜਿਸ ਤੋਂ ਬਾਦਲਕੇ ਡਰੇ ਤੇ ਘਬਰਾਏ ਹੋਏ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਕੁਝ ਹੋਸ਼ ਕਰੇ ਤੇ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਨੀ ਬੰਦ ਕਰੇ ਤੇ ਸਾਰੇ ਦੋਸ਼ੀਆਂ ਨੂੰ ਜੇਲ੍ਹਾਂ ਵਿੱਚ ਭੇਜਣ ਅਤੇ ਸੱਚ ਸਾਹਮਣੇ ਲਿਆਉਣ ਲਈ ਸਿੱਟ ਦਾ ਬਣਦਾ ਪੂਰਨ ਸਹਿਯੋਗ ਕਰੇ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.