ਭਾਜਪਾ ਦਫ਼ਤਰ ਤਰਨਤਾਰਨ ਵਿਖੇ ਅਣਪਛਾਤੇ ਗੁੰਡਿਆਂ ਵੱਲੋਂ ਜਾਨਲੇਵਾ ਹਮਲਾ

ਭਾਜਪਾ ਦਫ਼ਤਰ ਤਰਨਤਾਰਨ ਵਿਖੇ ਅਣਪਛਾਤੇ ਗੁੰਡਿਆਂ ਵੱਲੋਂ ਜਾਨਲੇਵਾ ਹਮਲਾ

ਇੱਟਾਂ-ਰੋੜਿਆਂ, ਡਾਂਗਾਂ ਨਾਲ ਕੀਤੀ ਭੰਨਤੋੜ,ਇਲਾਕੇ ਵਿੱਚ ਫੈਲੀ ਦਹਿਸ਼ਤ
ਰਾਕੇਸ਼ ਨਈਅਰ ਚੋਹਲਾ 
ਤਰਨਤਾਰਨ,11 ਮਈ

ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫ਼ਤਰ ਤਰਨਤਾਰਨ ਵਿਖੇ ਸੋਮਵਾਰ ਨੂੰ ਦਿਨ ਦਿਹਾੜੇ 20 ਤੋਂ 25 ਅਣਪਛਾਤੇ ਗੁੰਡਾ ਅਨਸਰਾਂ ਵੱਲੋਂ ਜਾਨਲੇਵਾ ਹਮਲਾ ਕਰ ਦਿੱਤਾ ਗਿਆ।ਹਮਲਾਵਰਾਂ ਨੇ ਇੱਟਾਂ-ਰੋੜਿਆਂ, ਡਾਂਗਾਂ ਅਤੇ ਹੋਰ ਹਥਿਆਰਾਂ ਨਾਲ ਦਫ਼ਤਰ ਵਿੱਚ ਭੰਨਤੋੜ ਕੀਤੀ ਅਤੇ ਜਾਨ ਲੇਵਾ ਹਮਲਾ ਕਰਦਿਆਂ ਦਫ਼ਤਰ ਦੇ ਦਰਵਾਜ਼ੇ,ਸ਼ੀਸ਼ੇ ਅਤੇ ਹੋਰ ਸਮਾਨ ਨੂੰ ਭਾਰੀ ਨੁਕਸਾਨ ਪਹੁੰਚਿਆ।ਇਸ ਹਮਲੇ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸਾਰਾ ਘਟਨਾ-ਚੱਕਰ ਦਫ਼ਤਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਿਆ ਹੈ।ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਦੁਪਹਿਰ ਕਰੀਬ 4:30 ਵਜੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਆਪਣੇ ਸਾਥੀਆਂ ਸਮੇਤ ਨਗਰ ਕੌਂਸਲ ਤਰਨਤਾਰਨ ਵਿਖੇ ਸਫਾਈ ਸੇਵਕਾਂ ਦੇ ਧਰਨੇ ਵਿੱਚ ਸ਼ਾਮਲ ਹੋਣ ਲਈ ਗਏ ਹੋਏ ਸਨ।ਇਸ ਦੌਰਾਨ ਕੁਝ ਅਣਪਛਾਤੇ ਗੁੰਡਾ ਅਨਸਰ ਭਾਜਪਾ ਦਫ਼ਤਰ ਤਰਨਤਾਰਨ ਪਹੁੰਚੇ ਅਤੇ ਆਉਂਦੇ ਹੀ ਗਾਲੀ-ਗਲੌਚ ਕਰਨੀ ਸ਼ੁਰੂ ਕਰ ਦਿੱਤੀ।ਹਮਲਾਵਰ ਆਪਣੇ ਨਾਲ ਕਾਗਜ਼ਾਂ ‘ਤੇ ਲਿਖੇ 'ਬੀਜੇਪੀ ਮੁਰਦਾਬਾਦ' ਅਤੇ 'ਪੰਜਾਬ ਏਕਤਾ ਜ਼ਿੰਦਾਬਾਦ' ਵਰਗੇ ਨਾਅਰੇ ਵੀ ਲੈ ਕੇ ਆਏ ਸਨ,ਜਿਨ੍ਹਾਂ ਨੂੰ ਉਨ੍ਹਾਂ ਨੇ ਦਫ਼ਤਰ ਵਿੱਚ ਖਿਲਾਰ ਦਿੱਤਾ।ਇਸ ਤੋਂ ਬਾਅਦ ਗੁੰਡਾ ਅਨਸਰਾਂ ਨੇ ਨੀਲੀ ਸ਼ਿਆਹੀ ਕੰਧਾਂ,ਕੰਪਿਊਟਰਾਂ ਅਤੇ ਕਾਊਂਟਰਾਂ ਉੱਤੇ ਸੁੱਟਣੀ ਸ਼ੁਰੂ ਕਰ ਦਿੱਤੀ।ਹਮਲਾਵਰਾਂ ਵੱਲੋਂ ਇੱਟਾਂ ਅਤੇ ਰੋੜਿਆਂ ਨਾਲ ਹਮਲਾ ਕਰਕੇ ਦਫ਼ਤਰ ਦੇ ਸ਼ੀਸ਼ੇ ਤੋੜੇ ਗਏ ਅਤੇ ਹੋਰ ਸਮਾਨ ਦੀ ਤੋੜਫੋੜ ਕੀਤੀ ਗਈ।ਉਸ ਸਮੇਂ ਦਫ਼ਤਰ ਵਿੱਚ ਮੌਜੂਦ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਰਜੀਤ ਸਿੰਘ ਸਾਗਰ ਅਤੇ ਜ਼ਿਲ੍ਹਾ ਜਨਰਲ ਸਕੱਤਰ ਸ਼ਿਵ ਕੁਮਾਰ ਸੋਨੀ ਨੇ ਬੜੀ ਬਹਾਦਰੀ ਨਾਲ ਹਮਲਾਵਰਾਂ ਦਾ ਮੁਕਾਬਲਾ ਕੀਤਾ।
ਦੋਵੇਂ ਆਗੂਆਂ ਨੇ ਹਮਲਾਵਰਾਂ ਵਿੱਚੋਂ ਇੱਕ ਵਿਅਕਤੀ ਨੂੰ ਕਾਬੂ ਕਰਕੇ ਦਫ਼ਤਰ ਦੇ ਅੰਦਰ ਲੈ ਗਿਆ, ਪਰ ਗੁੰਡਾ ਅਨਸਰਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੇ ਦਫ਼ਤਰ ਦਾ ਬੂਹਾ ਤੋੜ ਕੇ ਆਪਣੇ ਸਾਥੀ ਨੂੰ ਛੁਡਵਾ ਲਿਆ।ਜਾਂਦੇ ਸਮੇਂ ਹਮਲਾਵਰ ਧਮਕੀਆਂ ਦਿੰਦੇ ਹੋਏ ਕਹਿ ਕੇ ਗਏ ਕਿ 'ਤੁਸੀਂ ਬੀਜੇਪੀ ਦਾ ਦਫ਼ਤਰ ਨਹੀਂ ਚਲਾ ਸਕਦੇ ਅਤੇ ਤੁਹਾਨੂੰ ਭਾਜਪਾ ਨਾਲ ਕੰਮ ਕਰਨ ਦਾ ਨਤੀਜਾ ਭੁਗਤਣਾ ਪਵੇਗਾ'।ਘਟਨਾ ਦੀ ਜਾਣਕਾਰੀ ਮਿਲਦੇ ਹੀ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਤੁਰੰਤ ਧਰਨੇ ਤੋਂ ਵਾਪਸ ਤਰਨਤਾਰਨ ਪਹੁੰਚੇ ਅਤੇ ਪੁਲਿਸ ਪ੍ਰਸ਼ਾਸਨ ਨਾਲ ਸੰਪਰਕ ਕੀਤਾ।ਮੌਕੇ ‘ਤੇ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਪਹੁੰਚੀ ਅਤੇ ਹਾਲਾਤਾਂ ਦਾ ਜਾਇਜ਼ਾ ਲਿਆ।ਬਾਅਦ ਵਿੱਚ ਐਸਐਸਪੀ ਤਰਨਤਾਰਨ ਸੁਰਿੰਦਰ ਲਾਂਬਾ ਵੀ ਭਾਰੀ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚੇ ਅਤੇ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।ਇਸ ਸਬੰਧੀ ਜ਼ਿਲ੍ਹਾ ਜਨਰਲ ਸਕੱਤਰ ਸੁਰਜੀਤ ਸਿੰਘ ਸਾਗਰ ਦੀ ਲਿਖਤੀ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਪਹਿਚਾਣ ਕਰਕੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।ਘਟਨਾ ਤੋਂ ਬਾਅਦ ਭਾਜਪਾ ਦੇ ਸੀਨੀਅਰ ਆਗੂ ਵੀ ਮੌਕੇ ‘ਤੇ ਪਹੁੰਚੇ। ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸ਼ਵੇਤ ਮਲਿਕ,ਜ਼ਿਲ੍ਹਾ ਸਹਿ ਪ੍ਰਭਾਰੀ ਨਰੇਸ਼ ਸ਼ਰਮਾ,ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਅਤੇ ਹੋਰ ਸੀਨੀਅਰ ਆਗੂਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਸ ਹਮਲੇ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਕਿਹਾ ਕਿ ਗੁੰਡਾ ਅਨਸਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਜਾਂਚ ਕੀਤੀ ਜਾਵੇ ਕਿ ਹਮਲਾ ਕਰਨ ਵਾਲੇ ਕਿਸ ਦੇ ਕਹਿਣ ਤੇ ਆਏ ਅਤੇ ਕੀ ਮਨਸ਼ਾ ਸੀ।ਸ਼ਵੇਤ ਮਲਿਕ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਗਮਗਾ ਚੁੱਕੀ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਨੂੰ ਮੁੜ ਕਾਲੇ ਦੌਰ ਵੱਲ ਧੱਕਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਹਮਲਾਵਰਾਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਭਾਜਪਾ ਪੰਜਾਬ ਭਰ ਵਿੱਚ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰੇ ਨੂੰ ਖ਼ਰਾਬ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਵਰਕਰ ਡਰਣ ਵਾਲੇ ਨਹੀਂ ਹਨ ਅਤੇ ਉਹ ਡਟ ਕੇ ਲੋਕਾਂ ਦੀ ਸੇਵਾ ਅਤੇ ਪਾਰਟੀ ਦੀ ਵਿਚਾਰਧਾਰਾ ਨੂੰ ਮਜ਼ਬੂਤ ਕਰਨ ਲਈ ਕੰਮ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਹਮਲੇ ਭਾਜਪਾ ਵਰਕਰਾਂ ਦਾ ਮਨੋਬਲ ਕਦੇ ਵੀ ਨਹੀਂ ਤੋੜ ਸਕਦੇ।ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ,ਤਾਂ ਜੋ ਭਵਿੱਖ ਵਿੱਚ ਕੋਈ ਵੀ ਅਜਿਹੀ ਘਟਨਾ ਨੂੰ ਅੰਜਾਮ ਦੇਣ ਦੀ ਹਿੰਮਤ ਨਾ ਕਰ ਸਕੇ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.