ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਲਈ SIT ਦਾ ਪੁਨਰਗਠਨ, DIG ਗੁਰਪ੍ਰੀਤ ਸਿੰਘ ਨੂੰ ਕੀਤਾ ਬਾਹਰ
- ਰਾਜਨੀਤੀ
- 23 Jun, 2026 10:01 AM (Asia/Kolkata)
ਚੰਡੀਗੜ੍ਹ: ਮੰਗਤ ਸਿੰਘ ਸੈਦਪੁਰ -ਪੰਜਾਬ ਸਰਕਾਰ ਨੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਦਾ ਮੁੜ ਗਠਨ ਕਰ ਦਿੱਤਾ ਹੈ। ਨਵੀਂ SIT ਵਿੱਚ ਫਿਰੋਜ਼ਪੁਰ ਰੇਂਜ ਦੇ DIG ਗੁਰਪ੍ਰੀਤ ਸਿੰਘ ਨੂੰ ਸ਼ਾਮਲ ਨਹੀਂ ਕੀਤਾ ਗਿਆ, ਜਦਕਿ ਮਲੇਰਕੋਟਲਾ ਦੇ SSP ਗੁਰਮੀਤ ਸਿੰਘ, ਅੰਮ੍ਰਿਤਸਰ ਦੇ ADCP ਹਰਪਾਲ ਸਿੰਘ ਅਤੇ ਸੰਗਰੂਰ ਦੇ DSP ਦਲਬੀਰ ਸਿੰਘ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਬਹਿਬਲ ਕਲਾਂ ਗੋਲੀਕਾਂਡ ਪੰਜਾਬ ਦੇ ਸਭ ਤੋਂ ਸੰਵੇਦਨਸ਼ੀਲ ਅਤੇ ਚਰਚਿਤ ਮਾਮਲਿਆਂ ਵਿੱਚੋਂ ਇੱਕ ਹੈ। ਇਹ ਘਟਨਾ ਅਕਤੂਬਰ 2015 ਵਿੱਚ ਫਰੀਦਕੋਟ ਜ਼ਿਲ੍ਹੇ ਦੇ ਬਹਿਬਲ ਕਲਾਂ ਪਿੰਡ ਨੇੜੇ ਵਾਪਰੀ ਸੀ, ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੀ ਸੰਗਤ ਉੱਤੇ ਪੁਲਿਸ ਵੱਲੋਂ ਗੋਲੀਬਾਰੀ ਕੀਤੀ ਗਈ ਸੀ।
ਇਸ ਗੋਲੀਬਾਰੀ ਵਿੱਚ ਦੋ ਸਿੱਖ ਨੌਜਵਾਨ, ਭਾਈ ਕ੍ਰਿਸ਼ਨ ਭਗਵਾਨ ਸਿੰਘ (ਪਿੰਡ ਨਿਹਾਲਗੜ੍ਹ) ਅਤੇ ਭਾਈ ਗੁਰਜੀਤ ਸਿੰਘ (ਪਿੰਡ ਸਰਾਵਾਂ) ਸ਼ਹੀਦ ਹੋ ਗਏ ਸਨ, ਜਦਕਿ ਕਈ ਹੋਰ ਲੋਕ ਜ਼ਖ਼ਮੀ ਹੋਏ ਸਨ।
ਇਸ ਮਾਮਲੇ ਦੀ ਜਾਂਚ ਨੂੰ ਲੈ ਕੇ ਪਿਛਲੇ ਕਈ ਸਾਲਾਂ ਦੌਰਾਨ ਕਈ SITs ਬਣਾਈਆਂ ਗਈਆਂ ਅਤੇ ਵੱਖ-ਵੱਖ ਅਦਾਲਤਾਂ ਵਿੱਚ ਸੁਣਵਾਈਆਂ ਚੱਲਦੀਆਂ ਰਹੀਆਂ ਹਨ। ਗੋਲੀਬਾਰੀ ਦੇ ਹੁਕਮ, ਪੁਲਿਸ ਅਧਿਕਾਰੀਆਂ ਦੀ ਭੂਮਿਕਾ ਅਤੇ ਉਸ ਸਮੇਂ ਦੀ ਸਰਕਾਰ ਦੀ ਜ਼ਿੰਮੇਵਾਰੀ ਨੂੰ ਲੈ ਕੇ ਲਗਾਤਾਰ ਸਵਾਲ ਉਠਦੇ ਰਹੇ ਹਨ।
ਪੰਜਾਬ ਸਰਕਾਰ ਵੱਲੋਂ ਹੁਣ ਕੀਤੇ ਗਏ SIT ਦੇ ਪੁਨਰਗਠਨ ਨੂੰ ਜਾਂਚ ਨੂੰ ਨਵੀਂ ਦਿਸ਼ਾ ਦੇਣ ਅਤੇ ਲੰਬੇ ਸਮੇਂ ਤੋਂ ਲਟਕ ਰਹੇ ਮਾਮਲੇ ਵਿੱਚ ਤੇਜ਼ੀ ਲਿਆਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।
ਸਿੱਖ ਜਥੇਬੰਦੀਆਂ ਅਤੇ ਬੇਅਦਬੀ ਕਾਂਡਾਂ ਦੇ ਪੀੜਤ ਪਰਿਵਾਰਾਂ ਵੱਲੋਂ ਲਗਾਤਾਰ ਇਹ ਮੰਗ ਕੀਤੀ ਜਾਂਦੀ ਰਹੀ ਹੈ ਕਿ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ ਅਤੇ ਮਾਮਲੇ ਦੀ ਜਾਂਚ ਨੂੰ ਤਰਕਸੰਗਤ ਅੰਤ ਤੱਕ ਪਹੁੰਚਾਇਆ ਜਾਵੇ।
Leave a Reply