ਸੰਤ ਭਿੰਡਰਾਂਵਾਲੇ ਤਾਂ ਹਰ ਸਿੱਖ ਦੇ ਦਿਲ 'ਚ ਵੱਸਦੇ ਹਨ : ਭਾਈ ਗੁਰਪ੍ਰੀਤ ਸਿੰਘ ਦਮਦਮੀ ਟਕਸਾਲ

ਸੰਤ ਭਿੰਡਰਾਂਵਾਲੇ ਤਾਂ ਹਰ ਸਿੱਖ ਦੇ ਦਿਲ 'ਚ ਵੱਸਦੇ ਹਨ : ਭਾਈ ਗੁਰਪ੍ਰੀਤ ਸਿੰਘ ਦਮਦਮੀ ਟਕਸਾਲ

ਅੰਮ੍ਰਿਤਸਰ, 1 ਅਪ੍ਰੈਲ ( ਨਜ਼ਰਾਨਾ ਟਾਈਮਜ਼ ਬਿਊਰੋ )

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਭਾਈ ਗੁਰਪ੍ਰੀਤ ਸਿੰਘ ਦਮਦਮੀ ਟਕਸਾਲ ਨੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦੀ ਭਰਪੂਰ ਸ਼ਲਾਘਾ ਕੀਤੀ ਹੈ ਜਿਨ੍ਹਾਂ ਨੇ ਸੰਤ ਭਿੰਡਰਾਂਵਾਲਿਆਂ ਦਾ ਸਤਿਕਾਰ ਬਹਾਲ ਰੱਖਦਿਆਂ ਸ਼ਾਨਦਾਰ ਆਵਾਜ਼ ਬੁਲੰਦ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹਿਮਾਚਲ ਵਿੱਚ ਗੁਰਧਾਮਾਂ ਦੇ ਦਰਸ਼ਨ ਕਰਨ ਜਾ ਰਹੇ ਸਿੱਖ ਨੌਜਵਾਨਾਂ ਦੇ ਮੋਟਰ ਸਾਇਕਲਾਂ ਉੱਤੇ ਲੱਗੇ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਵਾਲੇ ਝੰਡੇ ਸਥਾਨਕ ਲੋਕਾਂ ਵੱਲੋਂ ਜਬਰਦਸਤੀ ਉਤਾਰਨ ਕਾਰਨ ਵਿਵਾਦ ਬਣ ਗਿਆ ਸੀ। ਜਿਸ ਬਾਬਤ ਭਾਈ ਗੁਰਪ੍ਰੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਹੈ ਕਿ ਸੰਤ ਭਿੰਡਰਾਂਵਾਲੇ ਤਾਂ ਬਹਾਨਾ ਹਨ, ਅਸਲ ਵਿੱਚ ਹਿਮਾਚਲ ਦੇ ਫ਼ਿਰਕੂ ਹਿੰਦੁਤਵੀਆਂ ਦੇ ਮਨਾਂ ਵਿੱਚ ਸਿੱਖੀ ਅਤੇ ਸਿੱਖਾਂ ਪ੍ਰਤੀ ਜ਼ਹਿਰ ਭਰਿਆ ਹੋਇਆ ਹੈ ਅਤੇ ਉਨ੍ਹਾਂ ਨੇ ਸਿੱਖ ਕੌਮ ਉੱਤੇ ਹਮਲਾ ਕੀਤਾ ਹੈ। ਅਯੋਧਿਆ ਵਿੱਚ ਰਾਮ ਮੰਦਰ ਦੇ ਨਿਰਮਾਣ ਸਮੇਂ ਹਿੰਦੂਆਂ ਨੇ ਪੰਜਾਬ ਭਰ ਵਿੱਚ ਸ੍ਰੀ ਰਾਮ ਚੰਦਰ ਅਤੇ ਹਨੂੰਮਾਨ ਦੀ ਤਸਵੀਰ ਵਾਲੇ ਭਗਵੇਂ ਝੰਡੇ ਲਾਏ ਪਰ ਕਿਸੇ ਸਿੱਖ ਨੇ ਵਿਰੋਧ ਨਹੀਂ ਕੀਤਾ ਕਿਉਂਕਿ ਸਿੱਖ ਸਭ ਧਰਮਾਂ ਦਾ ਸਤਿਕਾਰ ਕਰਦੇ ਹਨ ਪਰ ਕੋਈ ਹਿੰਦੂਤਵੀ ਸੰਤ ਭਿੰਡਰਾਂਵਾਲਿਆਂ ਦਾ ਵਿਰੋਧ ਕਰੇ, ਸਿੱਖ ਕੌਮ ਹਰਗਿਜ਼ ਬਰਦਾਸ਼ਤ ਨਹੀਂ ਕਰੇਗੀ ਤੇ ਅਸੀਂ ਸੰਤ ਭਿੰਡਰਾਂਵਾਲਿਆਂ ਦਾ ਹਰ ਹੀਲੇ ਸਤਿਕਾਰ ਬਹਾਲ ਰੱਖਾਂਗੇ। ਉਹਨਾਂ ਕਿਹਾ ਕਿ ਸੰਤ ਭਿੰਡਰਾਂਵਾਲੇ ਅੱਤਵਾਦੀ ਨਹੀਂ ਬਲਕਿ ਭਾਰਤ ਸਰਕਾਰ, ਇੰਦਰਾ ਗਾਂਧੀ ਤੇ ਜਨਰਲ ਵੈਦਿਆ ਅੱਤਵਾਦੀ ਸੀ। ਸੰਤ ਭਿੰਡਰਾਂਵਾਲੇ ਤਾਂ ਸੰਤ-ਸਿਪਾਹੀ, ਧਰਮ ਦੇ ਰਖਵਾਲੇ, ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਅਤੇ ਪੂਜਨੀਕ ਸ਼ਖਸੀਅਤ ਹਨ। ਸੰਤ ਭਿੰਡਰਾਂਵਾਲੇ ਸਾਡੀ ਕੌਮ ਦੇ ਮਹਾਂਨਾਇਕ ਅਤੇ ਸ਼ਹੀਦ ਹਨ ਜਿਨ੍ਹਾਂ ਦੀ ਯਾਦ 'ਚ ਸ੍ਰੀ ਦਰਬਾਰ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਵੀ ਸੁਸ਼ੋਭਿਤ ਹੈ ਅਤੇ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਤਸਵੀਰ ਵੀ ਲੱਗੀ ਹੋਈ ਹੈ। ਉਹਨਾਂ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਉੱਤੇ ਕੋਈ ਪਰਚਾ ਦਰਜ ਨਹੀਂ ਸੀ, ਕਿਸੇ ਅਦਾਲਤ ਨੇ ਉਹਨਾਂ ਨੂੰ ਅੱਤਵਾਦੀ ਨਹੀਂ ਐਲਾਨਿਆ। ਉਹਨਾਂ ਇਹ ਵੀ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਨੇ ਗੁਰਦਾਸਪੁਰ ਦੀ ਜੇਲ੍ਹ ਵਿੱਚ ਮੰਦਰ ਬਣਵਾਇਆ, ਛੇ ਹਜ਼ਾਰ ਦੀ ਮੂਰਤੀ ਸਥਾਪਿਤ ਕਰਵਾਈ, ਕਪੂਰਥਲੇ ਰਮਾਇਣ ਨੂੰ ਅੱਗ ਲੱਗੀ ਤਾਂ ਸੰਤ ਭਿੰਡਰਾਂਵਾਲਿਆਂ ਨੇ ਕੇਸ ਲੜਿਆ, ਅਨੇਕਾਂ ਹਿੰਦੂ ਪਰਿਵਾਰਾਂ ਦੀ ਮਦਦ ਕੀਤੀ। ਉਹਨਾਂ ਦੀ ਲੜਾਈ ਕਿਸੇ ਧਰਮ-ਫਿਰਕੇ ਨਾਲ ਨਹੀਂ, ਬਲਕਿ ਭਾਰਤ ਸਰਕਾਰ ਵਿਰੁੱਧ ਸੀ। ਭਾਈ ਗੁਰਪ੍ਰੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਹਿਮਾਚਲ ਪੁਲਿਸ ਵੱਲੋਂ ਸਿੱਖ ਨੌਜਵਾਨਾਂ ਉੱਤੇ ਕੀਤੇ ਪਰਚੇ ਤੁਰੰਤ ਰੱਦ ਕੀਤੇ ਜਾਣ ਅਤੇ ਫਿਰਕੂ ਹਿੰਦੂਤਵੀਏ ਸਿੱਖ ਕੌਮ ਕੋਲੋਂ ਮਾਫ਼ੀ ਮੰਗਣ। ਉਹਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਵੀ ਸੰਤ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਲੱਗੀਆਂ ਹਨ ਪਰ ਕਿਸੇ ਸਰਕਾਰ ਨੂੰ ਕੋਈ ਤਕਲੀਫ ਨਹੀਂ, ਪਰ ਭਾਰਤ ਵਿੱਚ ਕੁਝ ਫਿਰਕੂ ਹਿੰਦੂਤਵੀਏ ਜਾਣਬੁੱਝ ਕੇ ਸਿੱਖ ਕੌਮ ਖਿਲਾਫ ਭੁਗਤ ਰਹੇ ਹਨ।