ਬਾਬਾ ਬਕਾਲਾ ਸਾਹਿਬ ਦੀ ਧਰਤੀ ਤੋਂ ਅਖੌਤੀ ਪੰਥਕਾਂ ਦੀ ਅਸਲੀਅਤ ਹੋਈ: ਕੁਲਦੀਪ ਔਲਖ
- ਰਾਜਨੀਤੀ
- (Asia/Kolkata)
ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਰਾਜਨੀਤੀ ਪੰਜਾਬ ਦੇ ਲੋਕ ਸਮਝ ਚੁੱਕੇ ਹਨ,ਸੁਖਬੀਰ ਬਾਦਲ ਦੀ ਅਗਵਾਈ ਹੇਠ ਪਾਰਟੀ ਹੋਵੇਗੀ ਹੋਰ ਮਜ਼ਬੂਤ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਖਡੂਰ ਸਾਹਿਬ,29 ਅਗਸਤ
ਹਲਕਾ ਖਡੂਰ ਸਾਹਿਬ ਦੇ ਸੀਨੀਅਰ ਆਗੂ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ ਨੇ ਕਿਹਾ ਕਿ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੋਂ ਅਖੌਤੀ ਪੰਥਕਾਂ ਅਤੇ ਆਪਣੇ ਆਪ ਨੂੰ ਪੰਜਾਬ ਦੇ ਵਾਰਿਸ ਦੱਸਣ ਵਾਲਿਆਂ ਦੀ ਅਸਲੀਅਤ ਪੰਜਾਬ ਦੇ ਲੋਕਾਂ ਸਾਹਮਣੇ ਬੇਨਕਾਬ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਤਾਕਤਾਂ ਦਾ ਇਹ ਕਹਿਣਾ ਕਿ ਭਾਵੇਂ ਉਹ ਖੁਦ ਨਾ ਜਿੱਤਣ, ਪਰ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਅੱਗੇ ਨਹੀਂ ਆਉਣ ਦੇਣਗੇ, ਉਨ੍ਹਾਂ ਦੀ ਸਿਆਸੀ ਸੋਚ ਨੂੰ ਸਪੱਸ਼ਟ ਕਰਦਾ ਹੈ।
ਕੁਲਦੀਪ ਸਿੰਘ ਔਲਖ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਕਾਸ ਪਸੰਦ ਆਗੂ ਹਨ। ਅਕਾਲੀ ਸਰਕਾਰ ਸਮੇਂ ਪੰਜਾਬ ਦੇ ਵਿਕਾਸ ਲਈ ਕਰਵਾਏ ਗਏ ਕੰਮਾਂ ਨੇ ਸੂਬੇ ਦੀ ਤਸਵੀਰ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਕੁਝ ਤਾਕਤਾਂ ਨੂੰ ਇਹ ਵਿਕਾਸ ਰਾਸ ਨਾ ਆਇਆ ਅਤੇ ਸੁਖਬੀਰ ਸਿੰਘ ਬਾਦਲ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ਸਮੇਤ ਵੱਖ-ਵੱਖ ਮੰਚਾਂ ’ਤੇ ਭੰਡੀ ਪ੍ਰਚਾਰ ਕੀਤਾ ਗਿਆ। ਇਸ ਕਾਰਨ ਪੰਜਾਬ ਦੇ ਲੋਕਾਂ ਦਾ ਇੱਕ ਹਿੱਸਾ ਗੁੰਮਰਾਹ ਵੀ ਹੋਇਆ, ਪਰ ਹੁਣ ਹੌਲੀ-ਹੌਲੀ ਅਖੌਤੀ ਪੰਥਕਾਂ ਦੇ ਚਿਹਰਿਆਂ ਤੋਂ ਨਕਾਬ ਉਤਰ ਰਿਹਾ ਹੈ ਅਤੇ ਲੋਕ ਮੁੜ ਅਕਾਲੀ ਦਲ ਨਾਲ ਜੁੜ ਰਹੇ ਹਨ।
ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ‘ਪੰਜਾਬ ਦਾ ਵਾਰਿਸ’ ਦੱਸਣ ਵਾਲਿਆਂ ਨੂੰ ਲੋਕ ਪੁੱਛ ਰਹੇ ਹਨ ਕਿ ਜੇਕਰ ਉਹ ਸੱਚਮੁੱਚ ਪੰਜਾਬ ਦੇ ਵਾਰਿਸ ਹਨ ਤਾਂ ਪੰਜਾਬ ਦੀ ਖੇਤਰੀ ਸਿਆਸਤ ਨੂੰ ਕਮਜ਼ੋਰ ਕਰਨ ਤੋਂ ਇਲਾਵਾ ਉਨ੍ਹਾਂ ਦਾ ਏਜੰਡਾ ਕੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਿਸੇ ਬਾਹਰੀ ਤਾਕਤ ਦੇ ਇਸ਼ਾਰਿਆਂ ’ਤੇ ਚੱਲ ਕੇ ਸਿਰਫ਼ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਦੀ ਰਾਜਨੀਤੀ ਨੂੰ ਪੰਜਾਬ ਦੇ ਲੋਕ ਹੁਣ ਸਮਝ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਤਰਨ ਤਾਰਨ ਦੀ ਜ਼ਿਮਨੀ ਚੋਣ ਦੌਰਾਨ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਕੁਝ ਉਮੀਦਵਾਰਾਂ ਦੀ ਮੌਜੂਦਗੀ ਦਾ ਸਿੱਧਾ ਅਸਰ ਅਕਾਲੀ ਦਲ ਦੀ ਵੋਟ ’ਤੇ ਪਿਆ। ਉਨ੍ਹਾਂ ਕਿਹਾ ਕਿ ਜਿਹੜੇ ਆਪਣੇ ਆਪ ਨੂੰ ਬਦਲਾਅ ਦੇ ਠੇਕੇਦਾਰ ਦੱਸਦੇ ਸਨ, ਜੇਕਰ ਉਨ੍ਹਾਂ ਦੀ ਰਾਜਨੀਤੀ ਦਾ ਨਤੀਜਾ ਸਿਰਫ਼ ਅਕਾਲੀ ਦਲ ਦੀ ਵੋਟ ਵੰਡਣਾ ਹੈ ਤਾਂ ਪੰਜਾਬ ਦੇ ਲੋਕ ਇਸ ਦਾ ਹਿਸਾਬ ਜ਼ਰੂਰ ਮੰਗਣਗੇ।
ਕੁਲਦੀਪ ਸਿੰਘ ਔਲਖ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲਿਆਂ ਨੂੰ ਪਹਿਲਾਂ ਆਪਣੇ ਘਰ ਅਤੇ ਆਪਣੇ ਸਿਆਸੀ ਮੰਚ ਵੱਲ ਝਾਤ ਮਾਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਨਤਾ ਨੂੰ ਨੈਤਿਕਤਾ ਦੇ ਸਰਟੀਫਿਕੇਟ ਵੰਡਣ ਤੋਂ ਪਹਿਲਾਂ ਆਪਣੇ ਸਾਥੀਆਂ ਅਤੇ ਪਰਿਵਾਰਕ ਮਾਮਲਿਆਂ ਸਬੰਧੀ ਉੱਠ ਰਹੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਸਿਰਫ਼ ਨਾਅਰਿਆਂ, ਸੋਸ਼ਲ ਮੀਡੀਆ ਦੀਆਂ ਵੀਡੀਓਜ਼ ਅਤੇ ਭਾਵਨਾਤਮਕ ਭਾਸ਼ਣਾਂ ਨਾਲ ਪ੍ਰਭਾਵਿਤ ਹੋਣ ਵਾਲੇ ਨਹੀਂ ਹਨ। ਲੋਕ ਹੁਣ ਇਹ ਪੁੱਛ ਰਹੇ ਹਨ ਕਿ ਪੰਜਾਬ ਲਈ ਕਿਸ ਨੇ ਕੰਮ ਕੀਤਾ ਅਤੇ ਕਿਸ ਨੇ ਸਿਰਫ਼ ਵੋਟਾਂ ਵੰਡਣ ਦੀ ਰਾਜਨੀਤੀ ਕੀਤੀ।
ਅੰਤ ਵਿੱਚ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਰਾਜਨੀਤੀ ਵਿੱਚ ਅਖੌਤੀ ਪੰਥਕਾਂ ਦਾ ਪਰਦਾ ਪੂਰੀ ਤਰ੍ਹਾਂ ਉਤਰ ਜਾਵੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਆਪਣੀ ਖੇਤਰੀ, ਪੰਥਕ ਅਤੇ ਲੋਕ ਪੱਖੀ ਆਵਾਜ਼ ਵਜੋਂ ਹੋਰ ਮਜ਼ਬੂਤੀ ਨਾਲ ਉਭਰੇਗਾ।
Leave a Reply