SFO ਜਾਂਚ ਨੇ ਘੇਰਿਆ ਮੈਨੂਰੇਵਾ ਬੋਰਡ ਮੈਂਬਰ, ਅਸਤੀਫ਼ੇ ਦੀ ਉੱਠੀ ਮੰਗ
- ਅੰਤਰਰਾਸ਼ਟਰੀ
- 15 Jun, 2026 10:00 AM (Asia/Kolkata)
ਆਕਲੈਂਡ, ਨਿਊਜ਼ੀਲੈਂਡ (ਨਜ਼ਰਾਨਾ ਟਾਈਮਜ ਬਿਊਰੋ ) -ਨਿਊਜ਼ੀਲੈਂਡ ਦੇ ਪ੍ਰਮੁੱਖ ਮੀਡੀਆ ਅਦਾਰਿਆਂ RNZ (Radio New Zealand), The Post, NZ Herald ਅਤੇ Stuff ਵੱਲੋਂ ਪ੍ਰਕਾਸ਼ਿਤ ਰਿਪੋਰਟਾਂ ਅਨੁਸਾਰ ਆਕਲੈਂਡ ਦੇ ਮੈਨੂਰੇਵਾ-ਪਾਪਾਕੁਰਾ ਵਾਰਡ ਦੇ ਦੋ ਕੌਂਸਲਰਾਂ ਨੇ ਮੈਨੂਰੇਵਾ ਲੋਕਲ ਬੋਰਡ ਦੇ ਮੈਂਬਰ ਮਾਰਸ਼ਲ ਆਹਲੂਵਾਲੀਆ ਨੂੰ ਅਸਤੀਫ਼ਾ ਦੇਣ ਦੀ ਅਪੀਲ ਕੀਤੀ ਹੈ।
ਇਹ ਮਾਮਲਾ ਉਸ ਸਮੇਂ ਚਰਚਾ ਵਿੱਚ ਆਇਆ ਜਦੋਂ ਮਾਰਸ਼ਲ ਆਹਲੂਵਾਲੀਆ ਨਾਲ ਸੰਬੰਧਿਤ ਕੁਝ ਦੋਸ਼ਾਂ ਨੂੰ ਨਿਊਜ਼ੀਲੈਂਡ ਦੇ ਗੰਭੀਰ ਧੋਖਾਧੜੀ ਜਾਂਚ ਦਫ਼ਤਰ (Serious Fraud Office - SFO) ਕੋਲ ਭੇਜੇ ਜਾਣ ਦੀ ਪੁਸ਼ਟੀ ਹੋਈ।
ਰਿਪੋਰਟਾਂ ਮੁਤਾਬਕ ਮਾਰਸ਼ਲ ਆਹਲੂਵਾਲੀਆ, ਜੋ 2025 ਦੀਆਂ ਸਥਾਨਕ ਚੋਣਾਂ ਦੌਰਾਨ ਮੈਨੂਰੇਵਾ ਲੋਕਲ ਬੋਰਡ ਲਈ ਸਭ ਤੋਂ ਵੱਧ ਵੋਟਾਂ ਹਾਸਲ ਕਰਨ ਵਾਲੇ ਉਮੀਦਵਾਰ ਸਨ, ਇੱਕ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵਿਵਾਦਾਂ ਵਿੱਚ ਘਿਰ ਗਏ ਹਨ। ਵੀਡੀਓ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਇੱਕ ਮਾਲ-ਢੋਆਈ ਕੰਪਨੀ ਵਿੱਚ ਆਪਣੀ ਪਿਛਲੀ ਨੌਕਰੀ ਦੌਰਾਨ ਇੱਕ ਠੇਕੇਦਾਰ ਤੋਂ ਵਧੇਰੇ ਕੰਮ ਦਿਵਾਉਣ ਦੇ ਬਦਲੇ ਭੁਗਤਾਨ ਅਤੇ ਚੋਣ ਮੁਹਿੰਮ ਲਈ ਸਹਿਯੋਗ ਦੀ ਮੰਗ ਕੀਤੀ ਸੀ।
ਮੈਨੂਰੇਵਾ-ਪਾਪਾਕੁਰਾ ਵਾਰਡ ਦੇ ਕੌਂਸਲਰ ਡੈਨੀਅਲ ਨਿਊਮੈਨ ਅਤੇ ਮੈਟ ਵਿਨੀਆਟਾ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਮੌਜੂਦਾ ਹਾਲਾਤਾਂ ਵਿੱਚ ਸ੍ਰੀ ਆਹਲੂਵਾਲੀਆ ਨੂੰ ਇਹ ਵਿਚਾਰ ਕਰਨਾ ਚਾਹੀਦਾ ਹੈ ਕਿ ਕੀ ਉਹ ਲੋਕਲ ਬੋਰਡ ਦੇ ਪ੍ਰਭਾਵਸ਼ਾਲੀ ਮੈਂਬਰ ਵਜੋਂ ਆਪਣੀ ਭੂਮਿਕਾ ਜਾਰੀ ਰੱਖ ਸਕਦੇ ਹਨ।
ਕੌਂਸਲਰਾਂ ਨੇ ਕਿਹਾ ਕਿ ਮੈਨੂਰੇਵਾ ਲੋਕਲ ਬੋਰਡ ਅਤੇ ਆਕਲੈਂਡ ਕੌਂਸਲ ਕਿਸੇ ਇੱਕ ਵਿਅਕਤੀ ਨਾਲੋਂ ਵੱਡੀਆਂ ਸੰਸਥਾਵਾਂ ਹਨ ਅਤੇ ਭਾਈਚਾਰੇ ਦੇ ਹਿੱਤਾਂ ਦੀ ਰੱਖਿਆ ਸਭ ਤੋਂ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਉਨ੍ਹਾਂ ਦੇ ਅਨੁਸਾਰ ਅਸਤੀਫ਼ਾ ਦੇਣਾ ਮੈਨੂਰੇਵਾ ਭਾਈਚਾਰੇ ਦੇ ਹਿੱਤ ਵਿੱਚ ਹੋ ਸਕਦਾ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਮੈਨੂਰੇਵਾ ਐਕਸ਼ਨ ਟੀਮ ਨੇ ਵੀ ਸਪੱਸ਼ਟ ਕੀਤਾ ਹੈ ਕਿ ਮਾਰਸ਼ਲ ਆਹਲੂਵਾਲੀਆ ਹੁਣ ਉਸਦੀ ਟੀਮ ਜਾਂ ਕਾਕਸ ਦਾ ਹਿੱਸਾ ਨਹੀਂ ਹਨ ਅਤੇ ਉਹ ਆਪਣੇ ਦੋਵੇਂ ਵਾਰਡ ਕੌਂਸਲਰਾਂ ਦਾ ਭਰੋਸਾ ਗੁਆ ਚੁੱਕੇ ਹਨ।
ਇਸ ਦੌਰਾਨ ਆਕਲੈਂਡ ਕੌਂਸਲ ਵੱਲੋਂ ਪਹਿਲਾਂ ਜਾਣਕਾਰੀ ਦਿੱਤੀ ਗਈ ਸੀ ਕਿ ਮਾਰਸ਼ਲ ਆਹਲੂਵਾਲੀਆ ਨੇ ਮੈਨੂਰੇਵਾ ਲੋਕਲ ਬੋਰਡ ਤੋਂ ਛੁੱਟੀ ਲਈ ਅਰਜ਼ੀ ਦਿੱਤੀ ਸੀ, ਜਿਸਨੂੰ 22 ਜੂਨ ਤੱਕ ਮਨਜ਼ੂਰੀ ਦਿੱਤੀ ਗਈ ਹੈ।
ਉਧਰ, RNZ ਅਤੇ ਹੋਰ ਮੀਡੀਆ ਅਦਾਰਿਆਂ ਵੱਲੋਂ ਮਾਰਸ਼ਲ ਆਹਲੂਵਾਲੀਆ ਦਾ ਪੱਖ ਜਾਣਨ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਨਜ਼ਰਾਨਾ ਟਾਈਮਜ਼ ਦੇ ਨਿਊਜ਼ੀਲੈਂਡ ਸਟਾਫ ਰਿਪੋਰਟਰ ਤਰਨਜੋਤ ਸਿੰਘ ਵੱਲੋਂ ਵੀ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਖ਼ਬਰ ਲਿਖੇ ਜਾਣ ਤੱਕ ਉਨ੍ਹਾਂ ਦਾ ਪੱਖ ਪ੍ਰਾਪਤ ਨਹੀਂ ਹੋ ਸਕਿਆ। ਜਿਵੇਂ ਹੀ ਉਨ੍ਹਾਂ ਦਾ ਜਵਾਬ ਮਿਲੇਗਾ, ਉਹ ਵੀ ਪਾਠਕਾਂ ਸਾਹਮਣੇ ਰੱਖਿਆ ਜਾਵੇਗਾ।
(ਨੋਟ- ਇਹ ਖ਼ਬਰ RNZ, The Post, NZ Herald, Stuff ਅਤੇ ਹੋਰ ਸਥਾਨਕ ਮੀਡੀਆ ਰਿਪੋਰਟਾਂ ਦੇ ਆਧਾਰ ’ਤੇ ਤਿਆਰ ਕੀਤੀ ਗਈ ਹੈ।)
Leave a Reply