ਗੁੰਮਸ਼ੁਦਾ ਭਗੌੜੇ ਦੀ ਤਲਾਸ਼' ਤੇ 'ਟਾਈਗਰ ਅਭੀ ਜਿੰਦਾ ਹੈ' ਵਾਲੇ ਪੋਸਟਰਾਂ ਨਾਲ ਮਜੀਠਾ ਦੀ ਸਿਆਸਤ ਗਰਮਾਈ

ਗੁੰਮਸ਼ੁਦਾ ਭਗੌੜੇ ਦੀ ਤਲਾਸ਼' ਤੇ 'ਟਾਈਗਰ ਅਭੀ ਜਿੰਦਾ ਹੈ' ਵਾਲੇ ਪੋਸਟਰਾਂ ਨਾਲ ਮਜੀਠਾ ਦੀ ਸਿਆਸਤ ਗਰਮਾਈ

ਰਾਕੇਸ਼ ਨਈਅਰ ਚੋਹਲਾ 
ਮਜੀਠਾ/ਅੰਮ੍ਰਿਤਸਰ,5 ਜੂਨ

ਮਜੀਠਾ ਹਲਕੇ ਵਿੱਚ ਇਨ੍ਹੀਂ ਦਿਨੀਂ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ।ਨਗਰ ਕੌਂਸਲ ਚੋਣਾਂ ਦੌਰਾਨ ਹੋਏ ਝਗੜੇ ਤੋਂ ਬਾਅਦ ਸ਼ੁਰੂ ਹੋਇਆ ਵਿਵਾਦ ਹੁਣ ਪੋਸਟਰ ਜੰਗ ਤੱਕ ਪਹੁੰਚ ਗਿਆ ਹੈ,ਜਿਸ ਕਾਰਨ ਹਲਕੇ ਵਿੱਚ ਸਿਆਸੀ ਚਰਚਾਵਾਂ ਦਾ ਬਾਜ਼ਾਰ ਗਰਮ ਹੈ।ਜਾਣਕਾਰੀ ਅਨੁਸਾਰ ਨਗਰ ਕੌਂਸਲ ਚੋਣਾਂ ਦੌਰਾਨ ਹੋਏ ਝਗੜੇ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਅਕਾਲੀ ਵਰਕਰ ਜੋਬਨਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।ਇਸ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਵੱਲੋਂ ਆਪਣੇ ਸਮਰਥਕਾਂ ਸਮੇਤ ਥਾਣਾ ਮਜੀਠਾ ਵਿਖੇ ਧਰਨਾ ਦਿੱਤਾ ਗਿਆ।
ਇਸ ਦੌਰਾਨ ਜੋਬਨਪ੍ਰੀਤ ਸਿੰਘ ਨੂੰ ਪੁਲਿਸ ਹਿਰਾਸਤ ਵਿੱਚੋਂ ਬਾਹਰ ਲਿਆਉਣ ਅਤੇ ਪੁਲਿਸ ਅਧਿਕਾਰੀਆਂ ਨਾਲ ਕਥਿਤ ਤਕਰਾਰ ਦੇ ਮਾਮਲੇ ਵਿੱਚ ਪੁਲਿਸ ਨੇ ਮਜੀਠੀਆ ਖ਼ਿਲਾਫ਼ ਵੀ ਕੇਸ ਦਰਜ ਕਰ ਲਿਆ।ਇਸ ਤੋਂ ਬਾਅਦ ਪੁਲਿਸ ਵੱਲੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ।
ਮਜੀਠੀਆ ਦੇ ਸਾਹਮਣੇ ਨਾ ਆਉਣ ਕਾਰਨ ਉਨ੍ਹਾਂ ਦੇ ਵਿਰੋਧੀਆਂ ਵੱਲੋਂ ਮਜੀਠਾ ਕਸਬੇ ਵਿੱਚ ਮਜੀਠੀਆ ਦੀ ਫੋਟੋ ਲਗਾ ਕੇ 'ਗੁੰਮਸ਼ੁਦਾ ਭਗੌੜੇ ਦੀ ਤਲਾਸ਼' ਸਿਰਲੇਖ ਹੇਠ ਵੱਡੀ ਗਿਣਤੀ ਵਿੱਚ ਹੋਰਡਿੰਗਾਂ ਅਤੇ ਪੋਸਟਰ ਕੰਧਾਂ ਤੇ ਹੋਰ ਥਾਵਾਂ 'ਤੇ ਲਗਾਏ ਗਏ।ਦੂਜੇ ਪਾਸੇ ਮਜੀਠੀਆ ਦੇ ਹਿਮਾਇਤੀਆਂ ਨੇ ਵੀ ਜਵਾਬੀ ਮੁਹਿੰਮ ਚਲਾਉਂਦੇ ਹੋਏ ਉਨ੍ਹਾਂ ਦੇ ਸਮਰਥਨ ਵਿੱਚ ਪੋਸਟਰ ਲਗਾਏ ਹਨ,ਜਿਨ੍ਹਾਂ 'ਤੇ ਲਿਖਿਆ ਹੋਇਆ ਹੈ,'ਇੰਨਾ ਰੰਗੇ ਬਿੱਲਿਆਂ ਨੂੰ ਕਹਿ ਦਿਓ 'ਟਾਈਗਰ ਅਭੀ ਜਿੰਦਾ ਹੈ।'
ਦੋਵੇਂ ਧਿਰਾਂ ਵੱਲੋਂ ਲਗਾਏ ਜਾ ਰਹੇ ਪੋਸਟਰਾਂ ਨੇ ਮਜੀਠਾ ਹਲਕੇ ਦੀ ਸਿਆਸਤ ਨੂੰ ਹੋਰ ਭਖਾ ਦਿੱਤਾ ਹੈ।ਸਿਆਸੀ ਗਲਿਆਰਿਆਂ ਵਿੱਚ ਇਸ ਪੋਸਟਰ ਜੰਗ ਨੂੰ ਲੈ ਕੇ ਚਰਚਾਵਾਂ ਜਾਰੀ ਹਨ ਅਤੇ ਲੋਕਾਂ ਦੀ ਨਜ਼ਰ ਹੁਣ ਆਉਣ ਵਾਲੇ ਦਿਨਾਂ ਵਿੱਚ ਬਣਨ ਵਾਲੀ ਸਿਆਸੀ ਸਥਿਤੀ ਉੱਤੇ ਟਿਕੀ ਹੋਈ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.