ਵਿਰੋਧ, ਜੇਲ੍ਹ ਅਤੇ ਕਿਰਦਾਰਕੁਸ਼ੀ 'ਦੀਪ ਸਿੱਧੂ' ਨੂੰ ਝੁਕਾ ਨਾ ਸਕੀ

ਵਿਰੋਧ, ਜੇਲ੍ਹ ਅਤੇ ਕਿਰਦਾਰਕੁਸ਼ੀ 'ਦੀਪ ਸਿੱਧੂ' ਨੂੰ ਝੁਕਾ ਨਾ ਸਕੀ

ਕੌਮੀ ਯੋਧੇ ਭਾਈ ਸੰਦੀਪ ਸਿੰਘ ਦੀਪ ਸਿੱਧੂ ਦਾ ਜਿੰਨਾ ਵਿਰੋਧ ਹੋਇਆ, ਭੰਡਿਆ ਗਿਆ, ਕਿਰਦਾਰਕੁਸ਼ੀ ਹੋਈ, ਜਿਵੇਂ ਇੱਕੋ ਵੇਲੇ ਅਣਗਿਣਤ ਕਲਮਾਂ ਤੇ ਜ਼ੁਬਾਨਾਂ ਉਸਨੂੰ ਬਦਨਾਮ ਕਰਨ ਲਈ ਸਰਗਰਮ ਰਹੀਆਂ, ਕੋਈ ਹੋਰ ਹੁੰਦਾ, ਟੁੱਟ ਜਾਂਦਾ, ਹਾਰ ਜਾਂਦਾ, ਹੰਭ ਜਾਂਦਾ ਪਰ ਇਹ ਚਮਤਕਾਰ ਹੀ ਹੈ ਕਿ ਓਹ ਅਡੋਲ ਖੜ੍ਹਾ ਰਿਹਾ। ਜੇਲ੍ਹ ਜਾਣ ਤੋਂ ਬਾਅਦ ਵੀ ਓਹ ਲਿਫਿਆ ਨਹੀਂ, ਓਹ ਝੁਕਿਆ ਨਹੀਂ। ਓਹ ਆਪਣੇ ਬੋਲਾਂ ਉੱਤੇ ਦ੍ਰਿੜ ਰਿਹਾ। ਓਹਦੇ ਬੋਲੇ ਬੋਲ ਸਿੱਖ ਜਵਾਨੀ ਨੂੰ ਖਿੱਚਦੇ ਸੀ। ਹਰੇਕ ਓਹਦੇ ਨਾਲ਼ ਗੱਲ ਕਰ ਕੇ, ਫ਼ੋਟੋ ਖਿਚਾ ਕੇ ਓਹਨੂੰ ਇਹ ਦੱਸਣ ਦੀ ਕੋਸ਼ਿਸ਼ ਕਰਦਾ ਸੀ ਕਿ ਅਸੀਂ ਤੇਰੇ ਨਾਲ਼ ਹਾਂ, ਪਰ ਓਹਨੂੰ ਪਤਾ ਸੀ ਕਿ ਇਹਨਾਂ ਤੋਂ ਮੇਰੇ ਨਾਲ਼ ਖੜ੍ਹ ਨਹੀਂ ਹੋਣਾ। ਓਹ ਆਪਦੇ ਸਫ਼ਰ ਉੱਤੇ ਵਧਦਾ ਰਿਹਾ ਤੇ ਇਕਦਮ ਓਹ ਮੋੜ ਆ ਗਿਆ ਜਦ ਓਹ ਆੜੀ ਤੁਰ ਗਿਆ। ਇਹ ਐਨਾ ਇਕਦਮ, ਅਣਕਿਆਸਾ ਤੇ ਅਚਨਚੇਤ ਤੇ ਅਚੰਭਿਤ ਕਰਨ ਵਾਲ਼ਾ ਮੋੜ ਸੀ ਕਿ ਓਹਦੇ ਹਾਮੀਆਂ, ਸਮਰਥਕਾਂ, ਪਿਆਰ ਕਰਨ ਵਾਲ਼ਿਆਂ ਨਾਲ਼ੋਂ ਵੱਡਾ ਝਟਕਾ ਓਹਦੇ ਘੋਰ ਵਿਰੋਧੀਆਂ, ਅਲੋਚਕਾਂ, ਨਫ਼ਰਤ ਕਰਨ ਵਾਲ਼ਿਆਂ ਨੂੰ ਲੱਗਿਆ।
'ਦੀਪ ਸਿੱਧੂ' ਦੇ ਬਹਾਨੇ ਪੰਥ ਤੇ ਪੰਜਾਬ ਲਈ ਲੜਨ ਮਰਨ ਵਾਲ਼ਿਆਂ ਨੂੰ ਗਾਲ਼ਾਂ ਕੱਢਣ ਵਾਲ਼ੇ ਸਾਰਿਆਂ ਬਦਬਖ਼ਤਾਂ ਦੀ ਗੱਡੀ ਐਨੀ ਤੇਜ਼ ਰਫ਼ਤਾਰ ਨਾਲ਼ ਭੱਜੀ ਜਾ ਰਹੀ ਸੀ ਕਿ ਇਸ ਹੌਲਨਾਕ ਹਾਦਸੇ ਵਿੱਚ ਮੌਤ ਮਗਰੋਂ ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਓਹ ਯੂ-ਟਰਨ ਲੈਣ ਜਾਂ ਇਕਦਮ ਬਰੇਕ ਮਾਰਨ। ਉਹਨਾਂ ਦਾ ਮਾਨਸਿਕ ਸੰਤਾਪ ਉਹਨਾਂ ਨੂੰ ਬੇਹੱਦ ਤਕਲੀਫ਼ ਦੇ ਰਿਹਾ ਸੀ ਕਿਉਂਕਿ ਜਿਸ ਸਖ਼ਸ਼ੀਅਤ ਨੂੰ ਭੰਡ ਕੇ ਉਹਨਾਂ ਨੂੰ ਸਕੂਨ ਤੇ ਤਸੱਲੀ ਮਿਲਦੀ ਰਹੀ, ਓਹਦੇ ਖਿਲਾਫ਼ ਲਿਖਣ ਦੇ ਅਰਥ ਹੁਣ ਸਿਰਫ਼ 'ਬੇਗ਼ੈਰਤ' ਬਣਦੇ ਨੇ। ਅਸੀਂ ਤਾਂ ਓਦੋਂ ਹੀ ਕਹਿ ਦਿੱਤਾ ਸੀ ਕਿ ਸੱਚੇ ਪਾਤਸ਼ਾਹ ਕੋਈ ਹੋਰ ਸਖ਼ਸ਼ੀਅਤ ਉਭਾਰਨਗੇ ਜਿਸ ਨੂੰ ਭੰਡ ਕੇ ਇਹ ਲੋਕ ਆਪਦਾ ਰਾਂਝਾ ਰਾਜ਼ੀ ਕਰ ਲਿਆ ਕਰਨਗੇ। ਉਹ ਵੀ ਦੀਪ ਵਾਂਗ ਅਡੋਲ ਡਟਿਆ ਰਹੇਗਾ ਤੇ ਹੱਸੇਗਾ।

ਕੱਲ ਔਰ ਆਏਂਗੇਂ, ਨਗਮੋਂ ਕੀ ਕਲੀਆਂ ਚੁਨਨੇ ਵਾਲੇ, ਹਮਸੇ ਬੇਹਤਰ ਕਹਿਨੇ ਵਾਲੇ, ਤੁਮਸੇ ਬੇਹਤਰ ਸੁਨਨੇ ਵਾਲੇ।

ਵਿਚਾਰੇ ਵਿਰੋਧੀ! ਤਰਸ ਹੀ ਆਉਂਦਾ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ "ਜਿਨ੍ਹਾਂ ਕੰਧ ਸਰਹਿੰਦ ਦੀ ਤੋੜਨੀ ਹੈ, ਹਾਲੇ ਤਕ ਸਾਡੇ ਹਥਿਆਰ ਜਿਊਂਦੇ, ਅੰਗੂਠਾ ਲਾਇਆ ਨਹੀਂ ਜਿਨ੍ਹਾਂ ਬੇਦਾਵਿਆਂ 'ਤੇ, ਸਿੰਘ ਹਾਲੇ ਵੀ ਲੱਖ ਹਜ਼ਾਰ ਜਿਊਂਦੇ।” 'ਦੀਪ ਸਿੱਧੂ' ਲਈ ਸਾਰੇ ਸੰਸਾਰ ਦੇ ਗੁਰਦੁਆਰਿਆਂ ਵਿੱਚ ਸਮਾਗਮ ਹੋਏ, ਅਖੰਡ-ਪਾਠਾਂ ਦੇ ਭੋਗ ਪਏ। ਹਰ ਇੱਕ 'ਦੀਪ ਸਿੱਧੂ' ਨਾਲ਼ ਰਿਸ਼ਤਾ ਦਰਸਾ ਰਿਹਾ ਸੀ। ਉਹਦੀਆਂ ਸਧਾਰਨ ਗੱਲਾਂ ਵੀ ਹੁਣ ਵਿਸ਼ੇਸ਼ ਬਣ ਗਈਆਂ ਹਨ। ਇਹ ਪਹਿਲੀ ਵਾਰ ਏਦਾਂ ਹੋਇਆ ਕਿ ਤੁਸੀਂ ਕਿਸੇ ਬੰਦੇ ਨੂੰ ਕਦੇ ਮਿਲੇ ਵੀ ਨਾ ਹੋਵੋ ਤੇ ਜਦੋਂ ਉਸ ਦੀ ਮੌਤ ਦੀ ਖ਼ਬਰ ਆਵੇ ਤੇ ਕਲੇਜੇ ਇਹੋ ਜਿਹਾ ਹੌਲ਼ ਪਿਆ ਹੋਵੇ ਜਿਸ ਦਾ ਧਰਵਾਸ ਕੀਤੇ ਵੀ ਨਹੀਂ ਮਿਲਣਾ। 1978 ਤੋਂ ਚੱਲੇ ਸੰਘਰਸ਼ ਵਿੱਚ ਬੇਸ਼ੁਮਾਰ ਸ਼ਹਾਦਤਾਂ ਹੋਈਆਂ। ਹੁਣ ਵੀ ਸਾਡੇ ਨੇੜਲੇ ਸਮਿਆਂ ਵਿੱਚ ਬਥੇਰੇ ਸਿੱਖਾਂ ਨੇ ਕੌਮ ਲਈ ਜਾਨਾਂ ਵਾਰੀਆ। 'ਦੀਪ ਸਿੱਧੂ' ਨੇ ਜੁਝਾਰੂਆਂ ਵਾਂਗ ਅਸਾਲਟ ਨਹੀਂ ਚੁੱਕੀ ਹੋਈ ਸੀ ਪਰ ਅੱਜ ਕੌਮ ਨੂੰ ਓਹ ਸਿੱਖ ਸੰਘਰਸ਼ ਦੇ ਜੁਝਾਰੂਆਂ ਵਾਂਗ ਜਾਪਦਾ ਹੈ। ਹੁਣੇ ਜਿਹੇ ਬੜੇ ਸਿੱਖਾਂ ਦੀਆਂ ਜਾਨਾਂ ਹਕੂਮਤ ਨੇ ਲਈਆਂ ਨੇ ਪਰ 'ਦੀਪ ਸਿੱਧੂ' ਵਰਗਾ ਪਿਆਰ ਉਹਨਾਂ ਦੇ ਹਿੱਸੇ ਨਹੀਂ ਆਇਆ। 'ਦੀਪ ਸਿੱਧੂ' ਦੀ ਫ਼ੋਟੋ ਵਿਦੇਸ਼ਾਂ ਦੇ ਗੁਰਦੁਆਰਿਆਂ ਵਿੱਚ ਖਾਲਿਸਤਾਨੀ ਸ਼ਹੀਦਾਂ ਵਿਚਾਲੇ ਲਾਈ ਜਾ ਰਹੀ ਹੈ ਜਦਕਿ ਹਕੂਮਤ ਦੇ ਜਬਰ ਦਾ ਸ਼ਿਕਾਰ ਹੋਏ ਬੜੇ ਲੋਕ ਨੇ ਜਿਨ੍ਹਾਂ ਨੂੰ ਇਹ ਮਾਣ ਹਾਸਲ ਨਹੀਂ ਹੋਇਆ। ਪਤਾ ਨਹੀਂ ਓਹਦੀ ਕਿੱਡੀ ਕੁ ਕਮਾਈ ਹੈ, ਪਤਾ ਨਹੀਂ ਉਹਦੇ ਉੱਤੇ ਸਤਿਗੁਰੂ ਕਿੰਨੇ ਦਿਆਲੂ ਹੋਏ, ਪਤਾ ਨਹੀਂ ਅਕਾਲ ਪੁਰਖ ਦੀ ਕਿੰਨੀ ਕਿਰਪਾ ਹੈ। ਉਹਨੇ ਨਿੱਜੀ ਜ਼ਿੰਦਗੀ ਦੇ ਵੀ ਸਾਰੇ ਰੰਗ ਮਾਣ ਲਏ। ਉਹਨੇ ਕੌਮ ਦਾ ਪਿਆਰ ਵੀ ਲੈ ਲਿਆ, ਉਹਨੇ ਸਿੱਖ ਇਤਿਹਾਸ ਵਿੱਚ ਨਾਂਅ ਵੀ ਦਰਜ਼ ਕਰਵਾ ਲਿਆ।
ਇਹ ਗੱਲ ਬੜੀ ਅਹਿਮ ਹੈ ਕਿ 'ਦੀਪ ਸਿੱਧੂ' ਦੀ ਜ਼ਿੰਦਗੀ ਵਿੱਚ ਹਮੇਸ਼ਾਂ ਅੱਗੇ ਵਧਣ ਦੀ ਤਾਂਘ ਰਹੀ। ਉਹ ਬਚਪਨ ਤੋਂ ਜਿਸ ਵੀ ਮੰਜ਼ਿਲ ਉੱਤੇ ਪਹੁੰਚਿਆ, ਲੋਕਾਂ ਨੂੰ ਇਹੀ ਕਿਹਾ ਕਿ ਮੈਂ ਤਾਂ ਅਜੇ ਅੱਗੇ ਜਾਣਾ। ਹੋਰ ਕੋਈ ਹੁੰਦਾ, ਓਸ ਮੰਜਿਲ 'ਤੇ ਹੀ ਰੁਕ ਜਾਂਦਾ ਪਰ ਓਹ ਹੋਰ ਮਿੱਟੀ ਦਾ ਬਣਿਆ ਸੀ।
ਉਹਦੇ ਜੱਦੀ ਪਿੰਡ 'ਉਦੇਕਰਨ' ਤੋਂ ਬਹਿਮਣ ਦੀਵਾਨੇ ਪਿੰਡ ਦੀ ਪਹਿਲੀ ਯਾਤਰਾ ਮਗਰੋਂ ਉਹ ਪਤਾ ਨਹੀਂ ਕਿੰਨੇ ਪਿੰਡ, ਸ਼ਹਿਰ, ਘਰ ਘੁੰਮਿਆ। ਕਿੰਨੇ ਨਵੇਂ ਸੱਜਣ ਬਣਾਏ। ਜ਼ਿੰਦਗੀ ਦੇ ਹਰ ਥਾਂ ਸਿਖਰ ਵੇਖੀ ਪਰ ਓਹਦਾ ਇਹੋ ਕਹਿਣਾ ਰਿਹਾ ਕਿ ਅਜੇ ਹੋਰ ਅੱਗੇ ਜਾਣਾ। ਸਰਦਾਰ ਸਿਮਰਨਜੀਤ ਸਿੰਘ ਮਾਨ ਦੀਆਂ ਰੈਲੀਆਂ ਵਿੱਚ ਬੋਲਣ ਮਗਰੋਂ ਓਹ ਦਿੱਲੀ ਗਿਆ। ਓਥੋਂ ਜਿੱਥੇ ਗਿਆ, ਪਤਾ ਨਹੀਂ, ਓਥੋਂ ਹੋਰ ਕਿੰਨਾ ਅੱਗੇ ਜਾਵੇ। ਨਵੇਂ ਤਜ਼ਰਬੇ ਕਰਨ, ਮੁਸ਼ਕਿਲਾਂ ਨਾਲ਼ ਭਿੜਨ ਤੇ ਟੱਕਰ ਲੈਣ ਵਿੱਚ ਓਹ ਸਿਰੇ ਦਾ ਦਲੇਰ ਸਾਬਿਤ ਹੋਇਆ। 'ਡਰ' ਸ਼ਬਦ ਉਸ ਨੇ ਕਦੇ ਨੇੜੇ ਨਹੀਂ ਸੀ ਲੱਗਣ ਦਿੱਤਾ। ਪਰ ਉਸ ਨੇ ਕਦੇ ਗਲ਼ਤ ਫ਼ੈਸਲੇ ਨਹੀਂ ਲਏ। ਉਸ ਨੇ ਹਮੇਸ਼ਾਂ ਸਹੀ, ਸਾਰਥਿਕ ਤੇ ਸੱਚ ਵਾਲ਼ਾ ਰਾਹ ਚੁਣਿਆ।
ਸਾਡੇ ਆਲੇ-ਦੁਆਲੇ ਬੜੇ ਲੋਕ ਸਾਨੂੰ ਸਲਾਹਾਂ ਦਿੰਦੇ ਰਹਿੰਦੇ ਨੇ, ਅਸਲ ਵਿੱਚ ਹਕੂਮਤ ਤੋਂ ਡਰਾਉਂਦੇ ਰਹਿੰਦੇ ਨੇ ਕਿ ਪੰਥ ਦੀ ਗੱਲ ਕਰਨ ਵਿੱਚ ਬੜਾ ਖਤਰਾ ਹੈ, ਵੇਖਿਓ ਕਿਤੇ ਕੋਈ ਬਿਪਤਾ ਹੀ ਨਾ ਸਹੇੜ ਲਿਓ। ਇਹ ਸਾਰੇ ਲੋਕ ਅੱਜ ਸੋਚਣ ਕਿ ਜੇ 'ਦੀਪ ਸਿੱਧੂ' ਵੀ ਇਹੋ ਸੋਚਦਾ ਰਹਿੰਦਾ ਤੇ ਅੱਜ ਵਾਂਗ ਓਹਦਾ ਚਲੇ ਜਾਣਾ ਹੁੰਦਾ, ਫੇਰ ਓਹਨੂੰ ਕੌਮ ਦਾ ਹੁਣ ਵਾਂਗ ਪਿਆਰ ਮਿਲਦਾ ? ਕੌਮ ਦਾ ਪਿਆਰ ਪਾਉਣ ਲਈ, ਸਤਿਕਾਰ ਕਮਾਉਣ ਲਈ ਇਹ ਨਹੀਂ ਸੋਚਣਾ ਹੰਦਾ ਕਿ ਲੋਕ ਕੀ ਕਹਿਣਗੇ, ਇਹ ਸੋਚਣਾ ਹੁੰਦਾ ਕਿ ਸਾਡੇ ਇਤਿਹਾਸ ਦੀ ਕੀ ਲੋੜ ਆ। ਉਹਨਾਂ ਦੀ ਸੰਗਤ ਨਾ ਕਰੋ ਜਿਹੜੇ ਪੰਥ ਦੀ ਸੇਵਾ ਕਰਨੋ ਰੋਕਦੇ ਆ, ਉਹਨਾਂ ਨਾਲ ਪਿਆਰ ਕਰੋ ਜਿਹੜੇ ਤੁਹਾਨੂੰ ਸਿੱਖੀ ਦੀ ਸੇਵਾ ਲਈ ਉਤਸ਼ਾਹਿਤ ਕਰਦੇ ਆ। ਹਰ ਵੇਲੇ ਦਿਲ ਵਿੱਚ ਰੱਖੋ ਕਿ ਮਰਨ ਮਗਰੋਂ ਭੋਗ 'ਤੇ ਹਰੇਕ ਬੰਦਾ ਆਖੇ ਕਿ ਸਮਝ ਘੱਟ ਹੋਵੇਗੀ, ਗਲ਼ਤੀਆਂ ਵੀ ਬਥੇਰੀਆਂ ਕੀਤੀਆਂ ਹੋਣਗੀਆਂ, ਮਰਯਾਦਾ ਵਿੱਚ ਵੀ ਪੂਰਾ ਨਹੀਂ ਹੋਣਾ ਪਰ ਸਾਰੀ ਉਮਰ ਖੜ੍ਹਾ ਪੰਥ ਨਾਲ਼ ਰਿਹਾ, ਕਦੇ ਲਕੀਰ ਦੇ ਦੂਜੇ ਪਾਸੇ ਨਹੀਂ ਗਿਆ।
 

ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.