ਸਪਰਿੰਗਫੀਲਡ ਓਹਾਇੳ ਦੀ ‘ਮੈਮੋਰੀਅਲ ਡੇਅ ਪਰੇਡ ’ਚ ਸਿੱਖ ਭਾਈਚਾਰੇ ਨੇ ਸ਼ਹੀਦ ਫੌਜੀਆਂ ਨੂੰ ਦਿੱਤੀ ਸ਼ਰਧਾਂਜਲੀ

ਸਪਰਿੰਗਫੀਲਡ ਓਹਾਇੳ ਦੀ ‘ਮੈਮੋਰੀਅਲ ਡੇਅ ਪਰੇਡ ’ਚ ਸਿੱਖ ਭਾਈਚਾਰੇ ਨੇ ਸ਼ਹੀਦ ਫੌਜੀਆਂ ਨੂੰ ਦਿੱਤੀ ਸ਼ਰਧਾਂਜਲੀ

ਡੇਟਨ, ਓਹਾਇੳ, 2 ਜੂਨ ਗੌਰਵ ਮੜੀਆ 
ਅਮਰੀਕਾ ਵਿੱਚ ਹਰ ਸਾਲ ‘ਮੈਮੋਰੀਅਲ ਡੇਅ’ ਦੇ ਮੌਕੇ ‘ਤੇ ਸ਼ਹੀਦ ਅਮਰੀਕੀ ਫੌਜੀਆਂ ਨੂੰ ਯਾਦ ਕਰਨ ਲਈ ਦੇਸ਼ ਭਰ ਵਿੱਚ ਪਰੇਡਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਸੇ ਤਹਿਤ ਓਹਾਇਓ ਸੂਬੇ ਦੇ ਸਪਰਿੰਗਫੀਲਡ ਸ਼ਹਿਰ ਵਿੱਚ ਸਲਾਨਾ ‘ਮੈਮੋਰੀਅਲ ਡੇਅ ਪਰੇਡ’ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ, ਜੋ ਕਿ ਇਸ ਖੇਤਰ ਦੀਆਂ ਸਭ ਤੋਂ ਵੱਡੀਆਂ ਪਰੇਡਾਂ ਵਿੱਚੋਂ ਇੱਕ ਹੈ। ਇਸ ਵਾਰ ਪਰੇਡ ਵਿੱਚ ਤਕਰੀਬਨ 200 ਸਥਾਨਕ ਜਥੇਬੰਦੀਆਂ ਅਤੇ 2,000 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਅਮਰੀਕੀ ਨਾਗਰਿਕ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ।ਪਰੇਡ ਦੌਰਾਨ ਵੱਖ-ਵੱਖ ਪ੍ਰਸ਼ਾਸਨਿਕ ਵਿਭਾਗਾਂ, ਸਕੂਲਾਂ, ਅਤੇ ਧਾਰਮਿਕ-ਸਮਾਜਿਕ ਸੰਸਥਾਵਾਂ ਦੀਆਂ ਪੇਸ਼ਕਾਰੀਆਂ ਦੇਖਣਯੋਗ ਸਨ।

 ਫ਼ੌਜੀ ਜੀਪਾਂ, ਫਾਇਰ ਬ੍ਰਿਗੇਡ ਦੇ ਟਰੱਕ, ਮੋਟਰਸਾਈਕਲਾਂ ਦੇ ਕਾਫ਼ਲੇ ਅਤੇ ਹੋਰ ਕਈ ਤਰ੍ਹਾਂ ਦੇ ਵਾਹਨ ਇਸ ਮਾਰਚ ਦਾ ਮੁੱਖ ਹਿੱਸਾ ਬਣੇ। ਕਈ ਵਾਹਨਾਂ 'ਤੇ ਸਥਾਨਕ ਸ਼ਹੀਦ ਫ਼ੌਜੀਆਂ ਦੇ ਪੋਸਟਰ ਲਗਾ ਕੇ ਉਨ੍ਹਾਂ ਦੀ ਸ਼ਹਾਦਤ ਨੂੰ ਸਲਾਮ ਕੀਤਾ ਗਿਆ। ਇਸ ਦੌਰਾਨ ਸੜਕਾਂ ਕੰਢੇ ਬੈਠੇ ਹਜ਼ਾਰਾਂ ਅਮਰੀਕੀ ਪਰਿਵਾਰ ਦੇਸ਼ ਦੇ ਝੰਡੇ ਦੇ ਰੰਗਾਂ (ਲਾਲ, ਚਿੱਟੇ ਤੇ ਨੀਲੇ) ਦੇ ਕੱਪੜੇ ਪਾ ਕੇ ਪਰੇਡ ਦਾ ਸੁਆਗਤ ਅਤੇ ਹੌਸਲਾ ਵਧਾ ਰਹੇ ਸਨ।ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਮਰੀਕੀ ਝੰਡਿਆਂ, ਬੈਨਰਾਂ ਅਤੇ ਪੋਸਟਰਾਂ ਨਾਲ ਸਜਾਈ ਸਿੱਖ ਝਾਕੀ ਪਰੇਡ ਵਿੱਚ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ। ਜਦੋਂ ਇਹ ਤਿੰਨ ਮੀਲ ਲੰਬੀ ਪਰੇਡ ਬਾਜ਼ਾਰਾਂ ਵਿੱਚੋਂ ਲੰਘੀ, ਤਾਂ ਸੜਕ ਦੇ ਦੋਵੇਂ ਪਾਸੇ ਖੜ੍ਹੇ ਹਜ਼ਾਰਾਂ ਅਮਰੀਕੀ ਸ਼ਹਿਰੀਆਂ ਨੇ ਹੱਥਾਂ ਵਿੱਚ ਅਮਰੀਕੀ ਝੰਡੇ ਲਹਿਰਾ ਕੇ ਸਿੱਖ ਭਾਈਚਾਰੇ ਦਾ ਨਿੱਘਾ ਸਵਾਗਤ ਕੀਤਾ ਅਤੇ ‘ਮਿਸਟਰ ਸਿੰਘ’ ਕਹਿ ਕੇ ਆਪਣਾ ਪਿਆਰ ਜਤਾਇਆ।ਦੱਸਣਯੋਗ ਹੈ ਕਿ ਪਿਛਲੇ 27 ਸਾਲਾਂ ਤੋਂ ਸਪਰਿੰਗਫੀਲਡ ਦੇ ਸਮਾਜ ਸੇਵੀ ਅਵਤਾਰ ਸਿੰਘ,ਅਤੇ ਉਨ੍ਹਾਂ ਦੀ ਪਤਨੀ ਸਰਬਜੀਤ ਕੌਰ ਅਤੇ ਪਰਿਵਾਰ ਲਗਾਤਾਰ ਇਸ ਪਰੇਡ ਦਾ ਹਿੱਸਾ ਬਣਦੇ ਆ ਰਹੇ ਹਨ। ਉਨ੍ਹਾਂ ਵੱਲੋਂ ਸ਼ੁਰੂ ਕੀਤੇ ਇਸ ਉਦਮ ਸਦਕਾ ਹੁਣ ਡੇਟਨ, ਸਿਨਸਿਨਾਟੀ, ਕੋਲੰਬਸ ਅਤੇ ਗੁਆਂਢੀ ਸੂਬੇ ਇੰਡੀਆਣਾ ਤੋਂ ਵੀ ਸਿੱਖ ਪਰਿਵਾਰ ਇਸ ਵਿੱਚ ਸ਼ਾਮਲ ਹੁੰਦੇ ਹਨ। ਪ੍ਰਬੰਧਕ ਪਰਿਵਾਰ ਵੱਲੋਂ ਆਈਆਂ ਸੰਗਤਾਂ ਲਈ ਆਪਣੇ ਘਰ ਵਿੱਚ ਵਿਸ਼ੇਸ਼ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ।ਸਰਬਜੀਤ ਕੌਰ ਅਤੇ ਅਵਤਾਰ ਸਿੰਘ ਨੇ ਪਰੇਡ ਬਾਰੇ ਆਪਣੇ ਜਜ਼ਬਾਤ ਸਾਂਝੇ ਕਰਦਿਆਂ ਕਿਹਾ, "ਸਥਾਨਕ ਅਮਰੀਕੀ ਸਮਾਜ ਨਾਲ ਮਿਲ ਕੇ ਚੱਲਣਾ ਅਤੇ ਇਸ ਇਤਿਹਾਸਕ ਪਰੇਡ ਦਾ ਹਿੱਸਾ ਬਣਨਾ ਸਾਡੇ ਲਈ ਹਮੇਸ਼ਾ ਮਾਣ ਵਾਲੀ ਗੱਲ ਰਹੀ ਹੈ। ਇਹ ਪ੍ਰੋਗਰਾਮ ਸਾਨੂੰ ਇੱਕ ਅਜਿਹਾ ਮੰਚ ਦਿੰਦਾ ਹੈ ਜਿੱਥੇ ਅਸੀਂ ਵਿਸ਼ਵ ਜੰਗਾਂ ਵਿੱਚ ਸ਼ਹੀਦ ਹੋਏ ਸਿੱਖ ਅਤੇ ਅਮਰੀਕੀ ਸੂਰਬੀਰਾਂ ਨੂੰ ਸਾਂਝੇ ਤੌਰ 'ਤੇ ਨਮਨ ਕਰ ਸਕਦੇ ਹਾਂ। ਇਸ ਦੇ ਨਾਲ ਹੀ ਸਥਾਨਕ ਲੋਕਾਂ ਨੂੰ ਸਿੱਖ ਇਤਿਹਾਸ ਅਤੇ ਸੰਸਾਰ ਅਮਨ ਲਈ ਸਾਡੇ ਵੱਲੋਂ ਦਿੱਤੀਆਂ ਗਈਆਂ ਮਹਾਨ ਕੁਰਬਾਨੀਆਂ ਬਾਰੇ ਨੇੜਿਓਂ ਜਾਣਨ ਦਾ ਮੌਕਾ ਮਿਲਦਾ ਹੈ।

ਇਸ ਮੌਕੇ ਪਰੇਡ ਵਿੱਚ ਸ਼ਾਮਲ ਹੋਏ ਕਮਿਊਨਿਟੀ ਕਾਰਕੁੰਨ ਸਮੀਪ ਸਿੰਘ ਗੁਮਟਾਲਾ ਨੇ ਕਿਹਾ ਕਿ, "ਸਾਲ 2001 ਦੇ ਹਮਲਿਆਂ ਤੋਂ ਬਾਅਦ ਅਮਰੀਕਾ ਵਿੱਚ ਪੈਦਾ ਹੋਈਆਂ ਚੁਣੌਤੀਆਂ ਕਾਰਨ ਸਿੱਖਾਂ ਨੂੰ ਕਈ ਵਾਰ ਨਸਲੀ ਵਿਤਕਰੇ ਅਤੇ ਗ਼ਲਤਫ਼ਹਿਮੀਆਂ ਦਾ ਸਾਹਮਣਾ ਕਰਨਾ ਪਿਆ ਹੈ। ਇਸੇ ਲਈ ਅਜਿਹੇ ਸਾਂਝੇ ਕੌਮੀ ਪ੍ਰੋਗਰਾਮਾਂ ਵਿੱਚ ਸਾਡੀ ਮੌਜੂਦਗੀ ਬਹੁਤ ਜ਼ਰੂਰੀ ਹੈ। ਇਸ ਨਾਲ ਲੋਕਾਂ ਨੂੰ ਸਾਡੀ ਵਿਲੱਖਣ ਪਛਾਣ ਬਾਰੇ ਪਤਾ ਲੱਗਦਾ ਹੈ ਅਤੇ ਅਮਰੀਕੀ ਨਾਗਰਿਕਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਸਿੱਖ ਇਸੇ ਦੇਸ਼ ਅਤੇ ਸਮਾਜ ਦਾ ਇੱਕ ਜ਼ਿੰਮੇਵਾਰ ਤੇ ਅਨਿੱਖੜਵਾਂ ਅੰਗ ਹਨ।ਪਰੇਡ ਦੌਰਾਨ ਬੀਵਰਕਰੀਕ ਸ਼ਹਿਰ ਦੇ ਵਸਨੀਕ ਸਵਰਨਜੀਤ ਸਿੰਘ ਪੰਨੂ, ਸੁਰਿੰਦਰ ਸਿੰਘ ਖਾਲਸਾ ਅਤੇ ਸਮੂਹ ਪਰਿਵਾਰ ਵੱਲੋਂ ਪਰੇਡ ‘ਚ ਸ਼ਾਮਲ ਹਜ਼ਾਰਾਂ ਲੋਕਾਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਪਾਣੀ, ਜੂਸ, ਸਨੈਕਸ ਅਤੇ ਸੋਡੇ ਦੀ ਸੇਵਾ ਨਿਭਾਈ ਗਈ। ਇਸ ਇਤਿਹਾਸਕ ਪਰੇਡ ਦੀਆਂ ਯਾਦਾਂ ਨੂੰ ਕੈਮਰੇ ਵਿੱਚ ਕੈਦ ਕਰਨ ਦੀ ਸੇਵਾ ਡੇਟਨ ਤੋਂ 'ਏ.ਐਂਡ.ਏ. ਫੋਟੋਗ੍ਰਾਫੀ' ਦੇ ਸੁਨੀਲ ਮੱਲੀ ਵੱਲੋਂ ਕੀਤੀ ਗਈ

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.