ਜੇਕਰ ਭਗਵੰਤ ਮਾਨ 5 ਸਾਲਾਂ ਤੋਂ ਚੁਟਕਲੇ ਸੁਣਾ ਰਹੇ ਨੇ ਤਾਂ ਭਾਜਪਾ ਨੇ 14 ਸਾਲਾਂ ਵਿਚ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਦੇ ਕਿਹੜੇ ਮਸਲੇ ਨੂੰ ਹੱਲ ਕੀਤਾ? : ਟਿਵਾਣਾ

ਜੇਕਰ ਭਗਵੰਤ ਮਾਨ 5 ਸਾਲਾਂ ਤੋਂ ਚੁਟਕਲੇ ਸੁਣਾ ਰਹੇ ਨੇ ਤਾਂ ਭਾਜਪਾ ਨੇ 14 ਸਾਲਾਂ ਵਿਚ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਦੇ ਕਿਹੜੇ ਮਸਲੇ ਨੂੰ ਹੱਲ ਕੀਤਾ? : ਟਿਵਾਣਾ

ਫ਼ਤਹਿਗੜ੍ਹ ਸਾਹਿਬ, 23 ਅਕਤੂਬਰ (ਮੰਗਤ ਸਿੰਘ ਸੈਦਪੁਰ) “ਪੰਜਾਬ ਸੂਬੇ ਤੇ ਇਥੋ ਦੀ ਸਰਜਮੀਨ ਨੇ ਬੀਤੇ 79 ਸਾਲਾਂ ਵਿਚ ਇੰਡੀਆ ਦੇ ਨਿਵਾਸੀਆ ਨੂੰ ਸੈਟਰ ਪੂਲ ਵਿਚ ਸਭ ਤੋ ਵੱਧ ਕਣਕ ਤੇ ਚੌਲ ਦੇ ਕੇ ਢਿੱਡ ਭਰਦੇ ਆ ਰਹੇ ਹਨ । ਇਸ ਤੋ ਇਲਾਵਾ ਮੁਲਕ ਦੀਆਂ ਸਰਹੱਦਾਂ ਉਤੇ ਵੱਡੀ ਗਿਣਤੀ ਵਿਚ ਸ਼ਹਾਦਤਾਂ ਤੇ ਕੁਰਬਾਨੀਆ ਦੇ ਕੇ ਦੁਸਮਣ ਲਈ ਕੰਧ ਬਣਕੇ ਰੱਖਿਆ ਕਰਦੇ ਆ ਰਹੇ ਹਨ । ਫਿਰ ਆਪਣੀ ਸਰਜਮੀਨ ਦੀ ਸਰਬੱਤ ਦੇ ਭਲੇ ਵਾਲੀ ਸੋਚ ਅਧੀਨ ਮੁਲਕ ਨਿਵਾਸੀਆ ਦੀ ਹਰ ਔਕੜ ਭਾਵੇ ਉਹ ਕੁਦਰਤੀ ਆਫਤ ਹੋਵੇ ਜਾਂ ਅੰਦਰੂਨੀ ਦਿਸ਼ਾਹੀਣ ਸਵਾਰਥੀ ਸੋਚ ਅਧੀਨ ਪ੍ਰਬੰਧ ਦੀ ਬਦੌਲਤ ਮਨੁੱਖਤਾ ਨੂੰ ਦਰਪੇਸ ਆਉਣ ਵਾਲੀਆ ਮੁਸ਼ਕਿਲਾਂ ਹੋਣ ਪੰਜਾਬੀ ਅਤੇ ਸਿੱਖ ਆਪਣਾ ਦਸਵੰਦ ਕੱਢਕੇ ਅਜਿਹੇ ਸਮੇ ਬਿਨ੍ਹਾਂ ਕਿਸੇ ਭੇਦਭਾਵ ਤੋ ਪੀੜ੍ਹਤਾਂ ਨੂੰ ਰੋਟੀ, ਕੱਪੜਾ, ਦਵਾਈਆ ਆਦਿ ਸਿਹਤ ਸਹੂਲਤਾਂ ਪ੍ਰਦਾਨ ਕਰਕੇ ਸੇਵਾ ਕਰਦੇ ਆ ਰਹੇ ਹਨ । ਪਰ ਦੁੱਖ ਅਤੇ ਅਫਸੋਸ ਹੈ ਕਿ ਮੁਲਕ ਦੇ ਹੁਕਮਰਾਨਾਂ ਨੇ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖਾਂ ਦੇ ਸਭ ਵਿਧਾਨਿਕ, ਸਮਾਜਿਕ, ਭੂਗੋਲਿਕ, ਧਾਰਮਿਕ ਤੇ ਇਖਲਾਕੀ ਹੱਕ ਹਕੂਕਾ ਨੂੰ ਕੁੱਚਲਕੇ ਨਿਰੰਤਰ ਗੈਰ ਇਨਸਾਨੀਅਤ ਪੰਜਾਬੀਆਂ ਤੇ ਸਿੱਖਾਂ ਦੇ ਖੂਨ ਨਾਲ ਹੋਲੀ ਖੇਡਦੇ ਆਏ ਹਨ । ਮਨੁੱਖਤਾ ਦੀ ਸੇਵਾ ਵਿਚ ਹਾਜਰ ਰਹਿਣ ਵਾਲੇ ਪੰਜਾਬੀਆਂ ਤੇ ਸਿੱਖਾਂ ਨੂੰ ਅੱਤਵਾਦੀ, ਵੱਖਵਾਦੀ, ਸਰਾਰਤੀ ਅਨਸਰ, ਗਰਮਦਲੀਏ ਬਦਨਾਮਨੁਮਾ ਨਾਮ ਦੇ ਕੇ ਬਦਨਾਮ ਕਰਦੇ ਹੋਏ ਉਨ੍ਹਾਂ ਨੂੰ ਵੱਡੀ ਗਿਣਤੀ ਵਿਚ ਝੂਠੇ ਪੁਲਿਸ ਮੁਕਾਬਲਿਆ ਅਤੇ ਤਸੱਦਦ ਜੁਲਮ ਕਰਕੇ ਮੌਤ ਦੇ ਮੂੰਹ ਵਿਚ ਧਕੇਲਦੇ ਆ ਰਹੇ ਹਨ । ਪੰਜਾਬ ਵਿਚ ਇਨ੍ਹਾਂ ਫਿਰਕੂ ਹੁਕਮਰਾਨਾਂ ਨੇ ਸਮਾਜਿਕ ਤੇ ਇਨਸਾਨੀ ਕਦਰਾਂ ਕੀਮਤਾਂ ਦਾ ਵੱਡੇ ਪੱਧਰ ਤੇ ਘਾਣ ਕਰਨ ਦੇ ਨਾਲ ਪੰਜਾਬੀਆਂ ਦੇ ਕੀਮਤੀ ਦਰਿਆਵਾ, ਨਹਿਰਾਂ ਦੇ ਪਾਣੀਆ, ਚੰਡੀਗੜ੍ਹ, ਭਾਖੜਾ ਬਿਆਸ ਮੈਨੇਜਮੈਟ ਮੁੱਖੀ ਦੇ ਅਹੁਦੇ, ਡੈਮਾਂ ਤੋ ਪੈਦਾ ਹੋਣ ਵਾਲੀ ਬਿਜਲੀ ਖੋਹਕੇ ਖੁਦ ਹੀ ਇੰਡੀਅਨ ਵਿਧਾਨ ਦੇ ਨਿਯਮਾਂ ਦਾ ਘਾਣ ਕਰਦੇ ਆ ਰਹੇ ਹਨ । ਹੁਣ ਜਦੋ ਪੰਜਾਬ ਸੂਬੇ ਦੀ ਵਿਧਾਨ ਸਭਾ ਚੋਣਾਂ ਸਿਰ ਤੇ ਹਨ ਤਾਂ ਮੁਲਕ ਦੇ ਗ੍ਰਹਿ ਵਜੀਰ ਅਮਿਤ ਸ਼ਾਹ, ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਇਹ ਪ੍ਰਚਾਰ ਕਰ ਰਹੇ ਹਨ ਕਿ ਭਗਵੰਤ ਮਾਨ ਬੀਤੇ 5 ਸਾਲਾਂ ਤੋ ਚੁਟਕਲੇ ਸੁਣਾ ਰਹੇ ਹਨ ਅਤੇ ਪੰਜਾਬ ਸੂਬੇ ਨੂੰ ਨਸਿਆ ਦੇ ਦਲਦਲ ਵਿਚ ਧਕੇਲਕੇ ਜਿੰਦਗਾਨੀਆ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ । ਜੇਕਰ ਆਮ ਆਦਮੀ ਪਾਰਟੀ ਇਥੋ ਦੀ ਕਾਨੂੰਨੀ ਵਿਵਸਥਾਂ ਜਾਂ ਨਸਿਆ ਦੇ ਵਪਾਰ ਲਈ ਦੋਸਪੂਰਨ ਪ੍ਰਬੰਧ ਲਈ ਜਿੰਮੇਵਾਰ ਹੈ ਤਾਂ ਸ੍ਰੀ ਮੋਦੀ, ਸ਼ਾਹ ਅਤੇ ਨਾਇਬ ਸਿੰਘ ਸੈਣੀ ਜਿਨ੍ਹਾਂ ਦੀ ਸੈਟਰ ਵਿਚ 14 ਸਾਲਾਂ ਤੋ ਸਰਕਾਰ ਕਾਇਮ ਹੈ, ਉਨ੍ਹਾਂ ਵੱਲੋ ਇਸ ਲੰਮੇ ਸਮੇ ਦੌਰਾਨ ਪੰਜਾਬੀਆਂ ਤੇ ਸਿੱਖ ਕੌਮ ਦੀਆਂ ਮੁਸਕਿਲਾਂ ਨੂੰ ਹੱਲ ਕਰਨ ਲਈ ਹੁਣ ਤੱਕ ਕੀ ਉਦਮ ਜਾਂ ਕੋਸਿਸਾਂ ਹੋਈਆ ਹਨ ? ਉਸ ਬਾਰੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਕੀ ਮੋਦੀ-ਸ਼ਾਹ ਜਾਂ ਨਾਇਬ ਸਿੰਘ ਸੈਣੀ ਜਾਣਕਾਰੀ ਦੇਣਗੇ ?”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਚੋਣਾਂ ਦੇ ਸਮੇ ਨੂੰ ਮੁੱਖ ਰੱਖਕੇ ਬੀਜੇਪੀ-ਆਰ.ਐਸ.ਐਸ ਅਤੇ ਉਨ੍ਹਾਂ ਦੀ ਲੀਡਰਸਿਪ ਵੱਲੋ ਪੰਜਾਬੀਆਂ ਤੇ ਸਿੱਖਾਂ ਨੂੰ ਗੁੰਮਰਾਹ ਕਰਕੇ ਕੇਵਲ ਤੇ ਕੇਵਲ ਆਪਣੀਆ ਸਿਆਸੀ ਵੋਟਾਂ ਪ੍ਰਾਪਤ ਕਰਨ ਦੀ ਗੱਲ ਕਰਦੇ ਹੋਏ ਮੋਦੀ-ਸ਼ਾਹ ਅਤੇ ਨਾਇਬ ਸਿੰਘ ਸੈਣੀ ਵਰਗੇ ਸਵਾਰਥੀ ਤੇ ਮਨੁੱਖਤਾ ਵਿਰੋਧੀ ਭਾਜਪਾਈਆ ਨੂੰ ਪੰਜਾਬੀਆਂ ਤੇ ਸਿੱਖ ਕੌਮ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਅੱਜ ਪੰਜਾਬ ਦੀ ਨੌਜਵਾਨੀ ਨਸਿਆ ਵਿਚ ਗਲਤਾਨ ਹੈ, ਲੱਖਾਂ ਦੀ ਗਿਣਤੀ ਵਿਚ ਵੱਡੀ ਬੇਰੁਜਗਾਰੀ ਹੈ, ਕਿਸਾਨ-ਮਜਦੂਰ, ਮੁਲਾਜਮ, ਵਿਦਿਆਰੀ ਹਰ ਮੋੜ ਚੌਕ ਤੇ ਸੰਘਰਸ ਕਰਨ ਲਈ ਮਜਬੂਰ ਹਨ, ਕਾਨੂੰਨੀ ਵਿਵਸਥਾਂ ਡਾਵਾਡੋਲ ਹੈ, ਤਾਂ ਇਸ ਲਈ ਹੁਣ ਤੱਕ ਪੰਜਾਬ ਤੇ ਸੈਟਰ ਵਿਚ ਹਕੂਮਤ ਕਰਨ ਵਾਲੀਆ ਬੀਜੇਪੀ-ਆਰ.ਐਸ.ਐਸ, ਕਾਂਗਰਸ, ਬਾਦਲ ਦਲੀਏ, ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਹੀ ਜਿੰਮੇਵਾਰ ਹਨ । ਜਿਨ੍ਹਾਂ ਨੇ ਪੰਜਾਬ ਅਤੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਘਸਿਆਰਾ ਬਣਾਉਣ ਦੀ ਮੰਦਭਾਵਨਾ ਅਧੀਨ ਸੂਬੇ ਅਤੇ ਇਥੋ ਦੇ ਨਿਵਾਸੀਆ ਦੇ ਸਭ ਮਾਲੀ ਅਤੇ ਕੁਦਰਤੀ ਸਾਧਨਾਂ ਦੀ ਬੇਰਹਿੰਮੀ ਨਾਲ ਲੁੱਟ ਖਸੁੱਟ ਕਰਦੇ ਆ ਰਹੇ ਹਨ । ਇਥੇ ਕੋਈ ਵੀ ਵੱਡਾ ਉਦਯੋਗ ਨਾ ਦੇ ਕੇ ਦਰਿਆਵਾ ਦੇ ਪਾਣੀਆ ਨੂੰ ਜਬਰੀ ਖੋਹਕੇ ਖੇਤੀ ਪ੍ਰਧਾਨ ਸੂਬੇ ਦੀ ਪੈਦਾਵਾਰ ਤੇ ਮਾਲੀ ਹਾਲਤ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ । 750 ਦੇ ਕਰੀਬ ਕਿਸਾਨਾਂ ਦੀਆਂ ਜਾਨਾਂ ਲੈਣ ਵਾਲੇ ਇਹ ਹਨ, ਗੁਜਰਾਤ ਤੇ ਹੋਰ ਸੂਬਿਆ ਤੋ ਪੰਜਾਬ ਵਿਚ ਨਸੀਲੀਆ ਵਸਤਾਂ ਦੇ ਕਾਰੋਬਾਰ ਦੀ ਸਰਪ੍ਰਸਤੀ ਕਰਕੇ ਇਥੋ ਦੇ ਮਾਹੌਲ ਨੂੰ ਗੰਧਲਾ ਕਰਨ ਦੇ ਦੋਸ਼ੀ ਇਹ ਹਨ । ਸਜਾਵਾਂ ਪੂਰੀਆ ਕਰ ਚੁੱਕੇ ਸਿੱਖਾਂ ਨੂੰ ਮੁਆਫ ਨਾ ਕਰਕੇ ਕਾਨੂੰਨ ਤੇ ਵਿਧਾਨ ਦੀ ਉਲੰਘਣਾ ਕਰਨ ਵਾਲੇ ਇਹ ਆਪ ਹਨ । ਹੁਣ ਕੇਵਲ ਤੇ ਕੇਵਲ ਵੋਟ ਸਿਆਸਤ ਨੂੰ ਮੁੱਖ ਰੱਖਕੇ 2029 ਤੱਕ ਪੰਜਾਬ ਵਿਚ ਨਸ਼ਾ ਖਤਮ ਕਰਨ ਦੇ ਅਤੇ ਇਥੇ ਕਾਨੂੰਨੀ ਵਿਵਸਥਾਂ ਕਾਇਮ ਕਰਨ ਦੇ ਖੋਖਲੇ ਦਾਅਵੇ ਕਰ ਰਹੇ ਹਨ । ਜਦੋਕਿ ਪੰਜਾਬ ਦੀ ਸਮੁੱਚੀ ਅਜੋਕੀ ਤਰਾਸਦੀ ਲਈ ਇਹ ਉਪਰੋਕਤ ਸੈਟਰ ਅਤੇ ਪੰਜਾਬ ਵਿਚ ਹਕੂਮਤ ਕਰਨ ਵਾਲੀਆ ਹਿੰਦੂਤਵ ਜਮਾਤਾਂ ਜਿੰਮੇਵਾਰ ਹਨ । ਇਥੋ ਤੱਕ ਗੈਰ ਪੰਜਾਬੀਆ ਨੂੰ ਪੰਜਾਬ ਵਿਚ ਵੱਡੇ ਸਿਆਸੀ ਤੇ ਸਰਕਾਰੀ ਅਹੁਦੇ ਦੇ ਕੇ ਪੰਜਾਬ ਦੇ ਖਜਾਨੇ ਉਤੇ ਬੋਝ ਪਾ ਕੇ ਇਥੋ ਦੇ ਖਜਾਨੇ ਦੀ ਲੁੱਟ ਖਸੁੱਟ ਸ੍ਰੀ ਕੇਜਰੀਵਾਲ ਵਰਗੇ ਗੈਰ ਪੰਜਾਬੀ ਕਰ ਰਹੇ ਹਨ । ਇਹ ਲੋਕ ਪੰਜਾਬੀਆਂ ਤੇ ਸਿੱਖਾਂ ਨੂੰ ਹੁਣ ਕਿਸੇ ਤਰ੍ਹਾਂ ਵੀ ਗੁੰਮਰਾਹ ਨਹੀ ਕਰ ਸਕਣਗੇ । ਬਲਕਿ ਸਿੱਖਾਂ ਤੇ ਪੰਜਾਬੀਆ ਨੂੰ ਚਾਹੀਦਾ ਹੈ ਕਿ 2027 ਦੀਆਂ ਆਉਣ ਵਾਲੀਆ ਵਿਧਾਨ ਸਭਾ ਚੋਣਾਂ ਵਿਚ ਪੰਜਾਬੀਆ ਤੇ ਸਿੱਖ ਕੌਮ ਦੀ ਆਪਣੀ ਸਾਂਝੀ ਸਰਕਾਰ ਕਾਇਮ ਕਰਨ ਵਿਚ ਯੋਗਦਾਨ ਪਾਉਣ ਨਾ ਕਿ ਮੁਗਲਾਂ, ਅੰਗਰੇਜਾਂ, ਅਫਗਾਨਾਂ ਦੀ ਤਰ੍ਹਾਂ ਬਾਹਰਲੇ ਧਾੜਵੀਆ ਅਤੇ ਲੁਟੇਰਿਆ ਨੂੰ ਪੰਜਾਬ ਦੀ ਸਰਜਮੀਨ ਦੀ ਹਕੂਮਤ ਪ੍ਰਦਾਨ ਕਰਨ ਦੀ ਗੁਸਤਾਖੀ ਕਰਨ ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.