ਸਿੱਖ ਨੌਜਵਾਨਾਂ ਦੇ ਰੋਜ਼ਗਾਰ ਲਈ ਪੰਥਪ੍ਰਸਤ ਸੁਹਿਰਦ ਸਿੱਖਾਂ ਦੇ ਕੰਟਰੋਲ ਅਧੀਨ ਸ਼੍ਰੋਮਣੀ ਕਮੇਟੀ ਕੀ-ਕੀ ਕਰ ਸਕਦੀ ਹੈ ..?
- ਧਾਰਮਿਕ/ਰਾਜਨੀਤੀ
- (Asia/Kolkata)
ਸਿੱਖ ਨੌਜਵਾਨਾਂ ਦੇ ਰੋਜ਼ਗਾਰ ਲਈ ਪੰਥਪ੍ਰਸਤ ਸੁਹਿਰਦ ਸਿੱਖਾਂ ਦੇ ਕੰਟਰੋਲ ਅਧੀਨ ਸ਼੍ਰੋਮਣੀ ਕਮੇਟੀ ਕੀ-ਕੀ ਕਰ ਸਕਦੀ ਹੈ..?
ਸ਼੍ਰੋਮਣੀ ਕਮੇਟੀ ਨੂੰ ਚਲਾ ਰਹੀਆਂ ਗੁਪਤ ਸ਼ਕਤੀਆਂ ਨੇ ਹਮੇਸ਼ਾ ਓਹੀ ਕੰਮ ਹੋਣ ਦੇਣਾ ਹੈ, ਜਿਸ ਨਾਲ਼ ਕੌਮ ਕਦੇ ਵੀ ਚੜ੍ਹਦੀ ਕਲਾ ਵਾਲੇ ਪਾਸੇ ਨਾ ਜਾਵੇ। ਜੇ ਕਿਤੇ ਸ਼੍ਰੋਮਣੀ ਕਮੇਟੀ ਸਹੀ ਤੇ ਕੌਮਪ੍ਰਸਤ ਸਿੱਖਾਂ ਦੇ ਕੰਟਰੋਲ ਵਿੱਚ ਆ ਜਾਵੇ ਤਾਂ ਮੇਰਾ ਦਾਅਵਾ ਹੈ ਕਿ ਕੋਈ ਵੀ ਸਿੱਖ ਬੇਰੋਜ਼ਗਾਰ ਨਹੀਂ ਰਹੇਗਾ। ਜੇ ਇੱਕ ‘ਬਾਬਾ ਰਾਮਦੇਵ’ ਤੇ ‘ਬਾਲ ਕ੍ਰਿਸ਼ਨ’ ਵਰਗੇ ਲੋਕ ਕੁਝ ਸਾਲਾਂ ਵਿੱਚ ‘ਪਤੰਜਲੀ’ ਬਰਾਂਡ ਦੇ ਨਾਂ ਹੇਠ ਅਰਬਾਂ-ਖ਼ਰਬਾਂ ਦਾ ਬਿਜਨੈੱਸ ਖੜ੍ਹਾ ਕਰ ਸਕਦੇ ਹਨ ਤਾਂ ਸ਼੍ਰੋਮਣੀ ਕਮੇਟੀ ਕਿਉਂ ਨਹੀਂ ਕਰ ਸਕਦੀ? ਸ਼੍ਰੋਮਣੀ ਕਮੇਟੀ ਵੀ ਇਸੇ ਤਰਜ਼ ’ਤੇ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਆਯੁਰਵੈਦਿਕ ਪ੍ਰੋਡਕਟਸ, ਫੂਡ ਪ੍ਰੋਸੈਸਿੰਗ ਯੂਨਿਟ, ਖੇਤੀਬਾੜੀ ਲਈ ਵਰਤੋਂ ਵਿੱਚ ਆਉਣ ਵਾਲ਼ੀਆਂ ਖਾਦਾਂ, ਦਵਾਈਆਂ, ਮਸ਼ੀਨਰੀ ਆਦਿਕ ਕਈ ਤਰ੍ਹਾਂ ਦੀਆਂ ਉਤਪਾਦਕ ਫੈਕਟਰੀਆਂ ਲਾ ਸਕਦੀ ਹੈ। ਜਿਸ ਵਿੱਚ ਲੱਖਾਂ ਸਿੱਖਾਂ ਨੂੰ ਰੋਜ਼ਗਾਰ ਮਿਲ਼ੇਗਾ ਤੇ ਸ਼੍ਰੋਮਣੀ ਕਮੇਟੀ ਨੂੰ ਇਹਨਾਂ ਕਾਰੋਬਾਰਾਂ ਵਿੱਚ ਹੋਣ ਵਾਲ਼ੀ ਆਮਦਨ ਨਾਲ਼ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਕਈ ਗੁਣਾਂ ਵਾਧਾ ਹੋ ਜਾਵੇਗਾ।
ਇਕ ਰਿਪੋਰਟ ਅਨੁਸਾਰ ‘ਪਤੰਜਲੀ’ ਗੁਰੱਪਜ਼ ਆਫ਼ ਕੰਪਨੀ ਦਾ ਨੈੱਟ-ਵਰਥ 3.9 ਬਿਲੀਅਨ ਅਮਰੀਕਨ ਡਾਲਰ ਤੋਂ ਜ਼ਿਆਦਾ ਹੈ। ਤੇ ਇਹ ਕਰੀਬ 5 ਲੱਖ ਲੋਕਾਂ ਨੂੰ ਸਿੱਧੇ ਤੌਰ ’ਤੇ ਰੋਜ਼ਗਾਰ ਦੇ ਰਹੇ ਹਨ। ਜੇ ਸ਼੍ਰੋਮਣੀ ਕਮੇਟੀ ਇਸ ਤਰ੍ਹਾਂ ਦਾ ਕੋਈ ਕਾਰੋਬਾਰੀ ਮਾਡਲ ਬਣਾਉਂਦੇ ਹਨ ਤਾਂ ਲੱਖਾਂ ਸਿੱਖ ਨੌਜਵਾਨਾਂ ਨੂੰ ਰੋਜ਼ਗਾਰ ਮਿਲ਼ੇਗਾ, ਜਿਸ ਨਾਲ਼ ਆਪਣਾ ਦੇਸ਼-ਪੰਜਾਬ ਛੱਡ ਕੇ ਰੋਜ਼ਗਾਰ ਲਈ ਵਿਦੇਸ਼ਾਂ ਵੱਲ ਹੋ ਰਹੇ ਪ੍ਰਵਾਸ ਨੂੰ ਵੀ ਠੱਲ੍ਹ ਪਵੇਗੀ । ਸ਼ਰਤ ਇਹ ਹੋਵੇ ਕਿ ਸ਼੍ਰੋਮਣੀ ਕਮੇਟੀ ਦੇ ਅਧੀਨ ਚੱਲ ਰਹੀਆਂ ਉਤਪਾਦਕ ਕੰਪਨੀਆਂ ਵਿੱਚ ਜਿਸ ਨੇ ਵੀ ਕੰਮ ਕਰਨਾ ਹੈ, ਉਹ ਆਪ ਤੇ ਉਸ ਦਾ ਪੂਰਾ ਪਰਿਵਾਰ ਅੰਮ੍ਰਿਤਧਾਰੀ ਹੋਣਾ ਚਾਹੀਦਾ ਹੈ। ਦੇਖਣਾ, ਨਤੀਜੇ ਬਹੁਤ ਹੀ ਚੜ੍ਹਦੀ ਕਲਾ ਵਾਲ਼ੇ ਹੋਣਗੇ- ਜਿੱਥੇ ਸਿੱਖ ਆਰਿਥਕ ਪੱਖੋਂ ਖ਼ੁਸ਼ਹਾਲ ਹੋਣਗੇ, ਓਥੇ ਦਿਨੋਂ-ਦਿਨ ਉਜੜ ਰਿਹਾ ਸਿੱਖੀ ਦਾ ਬਾਗ਼ ਫਿਰ ਵਿਗਸੇਗਾ, ਵਧੇਗਾ ਤੇ ਲਹਿਲਹਾਏਗਾ।
ਪਰ ਅਫ਼ਸੋਸ ਕਿ ਅਜੇ ਪਤੰਗ ਦੀ ਡੋਰ ਗ਼ੈਰਾਂ (ਪੰਥ ਵਿਰੋਧੀਆਂ) ਦੇ ਹੱਥ ਵਿੱਚ ਹੈ ।
- ਰਣਜੀਤ ਸਿੰਘ (ਫ਼ਤਹਿਨਾਮਾ)
Leave a Reply