ਭਾਰਤੀ ਹਾਕਮੋ! ਭਾਈ ਖਾਲੜਾ ਦੀ ਫ਼ਿਲਮ ਬੰਦ ਕਰਾ ਕੇ ਸੱਚ ਨਹੀਂ ਛੁਪਣਾ
- ਰਾਜਨੀਤੀ
- 06 Jul, 2026 12:37 PM (Asia/Kolkata)
ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਫ਼ਿਲਮ 'ਤੇ ਲੱਗੀ ਮੁੜ ਪਾਬੰਦੀ ਉੱਤੇ ਸਿੱਖਾਂ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਕਾਂਗਰਸ ਅਤੇ ਭਾਜਪਾ ਦੀਆਂ ਸਿੱਖ ਵਿਰੋਧੀ ਨੀਤੀਆਂ ਇੱਕੋ ਜਿਹੀਆਂ ਹਨ। ਕਾਂਗਰਸ ਵੱਲੋਂ ਕੀਤੇ ਜ਼ੁਲਮਾਂ ਨੂੰ ਭਾਜਪਾ ਸਰਕਾਰ ਵੀ ਨਹੀਂ ਵਿਖਾਉਣਾ ਚਾਹੁੰਦੀ। ਗਾਇਕ ਅਤੇ ਅਦਾਕਾਰ ਦਿਲਜੀਤ ਸਿੰਘ ਦੁਸਾਂਝ ਵੱਲੋਂ ਸਿੱਖ ਸੰਘਰਸ਼ ਦੇ ਨਾਇਕ ਅਤੇ ਮਨੁੱਖੀ ਹੱਕਾਂ ਦੇ ਪਹਿਰੇਦਾਰ ਤੇ ਲਾਵਾਰਿਸ ਲਾਸ਼ਾਂ ਦੇ ਵਾਰਿਸ ਕਹੇ ਜਾਂਦੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਅਧਾਰਿਤ ਫ਼ਿਲਮ ਬਣਾਈ ਗਈ ਸੀ ਜੋ ਭਾਰਤੀ ਹਕੂਮਤ/ਕਾਂਗਰਸ ਸਰਕਾਰ ਦੇ ਸਿੱਖਾਂ ਉੱਤੇ ਕੀਤੇ ਜ਼ੁਲਮਾਂ ਨੂੰ ਬਾਖ਼ੂਬੀ ਬਿਆਨ ਕਰਦੀ ਸੀ ਕਿ ਕਿਵੇਂ ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਭਾਰਤੀ ਹਿੰਦੂ ਹਾਕਮਾਂ ਦੇ ਹੁਕਮ 'ਤੇ ਪੰਜਾਬ ਦੇ ਬੁੱਚੜ ਪੁਲੀਸ ਅਫ਼ਸਰਾਂ ਨੇ ਸਿੱਖ ਜਵਾਨੀ ਨੂੰ ਕੋਹ ਕੋਹ ਕੇ ਮਾਰਿਆ ਸੀ। ਘਰਾਂ, ਖੇਤਾਂ ਤੇ ਦੁਕਾਨਾਂ ਵਿੱਚੋਂ ਚੁੱਕ ਕੇ ਹਜ਼ਾਰਾਂ ਨੌਜਵਾਨ ਲਾਪਤਾ ਕਰ ਦਿੱਤੇ ਤੇ ਲਵਾਰਿਸ ਲਾਸ਼ਾਂ ਕਹਿ ਕੇ ਸਾੜ ਦਿੱਤੇ ਸਨ। ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫੀਕੇਸ਼ਨ ਤੋਂ ਮਨਜ਼ੂਰੀ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਫ਼ਿਲਮ 'ਪੰਜਾਬ 95' ਜੋ ਹੁਣ 'ਸਤਲੁਜ' ਦੇ ਨਾਂ 'ਤੇ ਓਟੀਟੀ (ਜ਼ੀ ਫਾਈਵ) 'ਤੇ ਜਾਰੀ ਹੋਈ ਸੀ ਤੇ ਦੋ ਦਿਨ ਬਾਅਦ ਹੀ ਭਾਜਪਾ ਸਰਕਾਰ ਵੱਲੋਂ ਹਟਾ ਦਿੱਤੀ ਗਈ ਤਾਂ ਜੋ ਸਿੱਖ ਕੌਮ ਉੱਤੇ ਹੋਏ ਜ਼ੁਲਮਾਂ ਦੀ ਆਵਾਜ਼ ਨੂੰ ਦਬਾਇਆ ਜਾਏ।
ਇਹਨਾਂ ਸਿੱਖ ਨੌਜਵਾਨਾਂ ਉੱਤੇ ਖੂੰਖਾਰ ਪੁਲਸੀਆਂ ਨੇ ਅਜਿਹੇ ਖੌਫ਼ਨਾਕ ਜ਼ੁਲਮ ਕੀਤੇ ਸਨ ਕਿ ਜਿਸ ਨੇ ਮੁਗਲ ਹਕੂਮਤ ਅਤੇ ਅੰਗਰੇਜ਼ ਹਕੂਮਤ ਦੇ ਜ਼ੁਲਮਾਂ ਨੂੰ ਵੀ ਮਾਤ ਪਾ ਦਿੱਤੀ ਸੀ। ਪੱਤਾ-ਪੱਤਾ ਸਿੰਘਾਂ ਦਾ ਵੈਰੀ ਬਣ ਗਿਆ ਸੀ, ਅੰਮ੍ਰਿਤਧਾਰੀ-ਕੇਸਾਧਾਰੀ ਤੇ ਹੋਰ ਸਿੱਖਾਂ ਨੂੰ ਅੱਤਵਾਦੀ-ਦਹਿਸ਼ਤਗਰਦ ਤੇ ਖਾੜਕੂ ਕਹਿ ਕੇ ਥਾਣਿਆਂ ਅਤੇ ਬੁੱਚੜਖਾਨਿਆਂ ਵਿੱਚ ਲਿਜਾ ਕੇ ਉਹਨਾਂ ਦੇ ਚੱਡੇ ਪਾੜੇ, ਸਰੀਰਾਂ 'ਤੇ ਕਰੰਟ ਲਾਏ, ਲੱਤਾਂ 'ਤੇ ਘੋਟਣੇ ਫੇਰੇ, ਡਾਂਗਾਂ ਨਾਲ ਸਰੀਰ ਪਿੰਜ ਦਿੱਤਾ, ਕਿਸੇ ਦੀਆਂ ਅੱਖਾਂ ਕੱਢੀਆਂ, ਕਿਸੇ ਦੇ ਸਰੀਰ 'ਤੇ ਗਰਮ ਪ੍ਰੈੱਸਾਂ ਲਾਈਆਂ, ਕਿਸੇ ਦੇ ਸਿਰ 'ਤੇ ਕਿੱਲ ਠੋਕੇ, ਕਿਸੇ ਦੀ ਖੋਪਰੀ ਲਾਹ ਦਿੱਤੀ, ਕਿਸੇ ਦੀ ਜ਼ੁਬਾਨ ਵੱਢ ਦਿੱਤੀ, ਕਿਸੇ ਨੂੰ ਪੁੱਠਾ ਟੰਗ ਕੇ ਥੱਲਿਓਂ ਹੀਟਰ ਨਾਲ ਉਸਦਾ ਸਿਰ ਸਾੜ ਦਿੱਤਾ, ਕਿਸੇ ਨੂੰ ਗਰਮ ਕੜਾਹੇ ਵਿੱਚ ਉਬਾਲ ਦਿੱਤਾ, ਕਿਸੇ ਦੀਆਂ ਲੱਤਾਂ ਦੋ ਜੀਪਾਂ ਨਾਲ਼ ਬੰਨ੍ਹ ਕੇ ਵਿਚਾਲਿਓਂ ਪਾੜ ਦਿੱਤਾ, ਕਿਸੇ ਦੀ ਲੱਤ ਵਿੱਚ ਸਰੀਏ ਖੋਭ ਦਿੱਤੇ, ਪਿੱਛੇ ਗੁਦਾ ਵਿੱਚ ਮਿਰਚਾਂ ਲਾ ਕੇ ਡੰਡਾ ਧੱਕ ਦਿੱਤਾ, ਕਿਸੇ ਦੇ ਹੱਥ-ਪੈਰ ਵੱਢ ਦਿੱਤੇ, ਕਈਆਂ ਦੇ ਹੱਥ-ਪੈਰ ਬੰਨ੍ਹ ਕੇ ਸੁੰਨਸਾਨ ਜਗ੍ਹਾ 'ਤੇ ਲਿਜਾ ਕੇ ਗੋਲ਼ੀਆਂ ਮਾਰ ਕੇ ਮੁਕਾਬਲਾ ਵਿਖਾ ਦਿੱਤਾ।
ਦਿੱਲੀ ਦਰਬਾਰ ਦੀਆਂ ਸਿੱਖ-ਮਾਰੂ ਨੀਤੀਆਂ ਤਹਿਤ ਦਰਿੰਦੇ ਪੁਲਸੀਆਂ ਨੇ ਮੁੱਖ ਮੰਤਰੀ ਜ਼ਾਲਮ ਬਿਅੰਤ ਸਿਹੁੰ ਤੇ ਪੁਲਿਸ ਮੁਖੀ ਬੁੱਚੜ ਕੇ.ਪੀ.ਐੱਸ. ਗਿੱਲ ਦੇ ਕਹਿਣ 'ਤੇ ਪੰਜਾਬ ਨੂੰ ਸ਼ਮਸ਼ਾਨ ਘਾਟ ਵਿੱਚ ਬਦਲ ਦਿੱਤਾ, ਪੁਲਿਸ ਇੱਕ ਕਾਤਲ ਮਸ਼ੀਨ ਬਣ ਗਈ, ਬੰਦੇ ਮਾਰਨ ਦਾ ਸਵਾਦ ਪੈ ਗਿਆ, ਫੀਤੀਆਂ-ਸਟਾਰਾਂ ਤੇ ਇਨਾਮਾਂ ਦੇ ਲਾਲਚਾਂ ਵਿੱਚ 25 ਹਜ਼ਾਰ ਤੋਂ ਵੱਧ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ, ਉਹਨਾਂ ਦੇ ਪਰਿਵਾਰਾਂ ਨੂੰ ਲਾਸ਼ਾਂ ਵੀ ਨਾ ਸੌਂਪੀਆਂ, ਕਈਆਂ ਦੀਆਂ ਲਾਸ਼ਾਂ ਲਵਾਰਿਸ ਕਹਿ ਕੇ ਸ਼ਮਸ਼ਾਨਾਂ ਘਾਟਾਂ ਵਿੱਚ ਸਾੜ ਦਿੱਤੀਆਂ ਤੇ ਕਈ ਦਰਿਆ ਦੇ ਵਿੱਚ ਵਹਾ ਦਿੱਤੀਆਂ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਦੇਵ ਸਿੰਘ ਕਾਉਂਕੇ ਅਤੇ ਬਾਬਾ ਚਰਨ ਸਿੰਘ ਕਾਰ ਸੇਵਾ ਬੀੜ ਸਾਹਿਬ ਵਾਲੇ ਵੀ ਨਾ ਬਖਸ਼ੇ ਗਏ।
ਇਹਨਾਂ ਹਲਾਤਾਂ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਤੇ ਉਹਨਾਂ ਦੀ ਟੀਮ ਸਰਕਾਰ ਵਿਰੁੱਧ ਖੜ੍ਹ ਗਈ, ਸ਼ਮਸ਼ਾਨ ਘਾਟਾਂ 'ਚੋਂ ਰਿਕਾਰਡ ਪ੍ਰਾਪਤ ਕਰਕੇ ਅਤੇ ਹਰ ਸ਼ਹੀਦ ਦੇ ਪਰਿਵਾਰ ਨੂੰ ਸੰਪਰਕ ਕਰਕੇ ਉਹਨਾਂ ਨੇ ਭਾਰਤ ਅਤੇ ਵਿਦੇਸ਼ਾਂ ਵਿੱਚ ਸਰਕਾਰ ਦਾ ਕਰੂਪ ਚਿਹਰਾ ਨੰਗਾ ਕਰ ਦਿੱਤਾ। ਭਾਈ ਜਸਵੰਤ ਸਿੰਘ ਖਾਲੜਾ ਦੀ ਚੁਣੌਤੀ ਅਤੇ ਸੱਚ ਨੇ ਸਰਕਾਰ ਅਤੇ ਪੁਲਿਸ ਦੀ ਹਰ ਪਾਸਿਓਂ ਘੇਰਾਬੰਦੀ ਕਰ ਦਿੱਤੀ ਤੇ ਤੇ ਫਿਰ ਭਾਈ ਜਸਵੰਤ ਸਿੰਘ ਖਾਲੜਾ ਨਾਲ ਵੀ ਓਹੀ ਕੁਝ ਹੋਇਆ ਜਿਨ੍ਹਾਂ ਦੀ ਉਹ ਪੈਰਵਾਈ ਕਰ ਰਹੇ ਸਨ ਤੇ ਲਾਵਾਰਿਸ ਲਾਸ਼ਾਂ ਦੇ ਵਾਰਸ ਨੂੰ ਵੀ ਲਵਾਰਿਸ ਬਣਾ ਦਿੱਤਾ ਗਿਆ। ਪਰ ਭਾਈ ਖਾਲੜਾ ਨੇ ਜੋ ਕਰ ਵਿਖਾਇਆ ਸੀ ਉਹ ਰਹਿੰਦੀ ਦੁਨੀਆਂ ਤਕ ਭਾਰਤੀ ਹਕੂਮਤ ਦੇ ਮੱਥੇ ਉੱਤੇ ਵੱਡਾ ਕਲੰਕ ਬਣ ਗਿਆ ਹੈ ਜੋ ਕਦੇ ਨਹੀਂ ਮਿਟਣਾ ਤੇ ਇਹ ਸੱਚ ਹੁਣ ਕਦੇ ਨਹੀਂ ਛੁਪਣਾ, ਚਾਹੇ ਜਿੰਨੀਆਂ ਮਰਜ਼ੀ ਫ਼ਿਲਮਾਂ ਉੱਤੇ ਪਾਬੰਦੀਆਂ ਲਗਾ ਲਈਆਂ ਜਾਣ, ਭਾਈ ਖਾਲੜਾ ਦੀ ਆਵਾਜ਼ ਕਦੇ ਦਬਾਈ ਨਹੀਂ ਜਾਣੀ ਉਹ ਸਦਾ ਬੋਲਦਾ ਰਹਿਣਗੇ।
ਭਾਰਤ ਵਿੱਚ ਕਸ਼ਮੀਰ ਫਾਈਲ 'ਤੇ ਫ਼ਿਲਮ ਬਣ ਸਕਦੀ ਹੈ ਤੇ ਧੜੱਲੇ ਨਾਲ ਚੱਲ ਸਕਦੀ ਹੈ ਪਰ ਗੁਜਰਾਤ ਫਾਈਲ 'ਤੇ ਫ਼ਿਲਮ ਨਹੀਂ ਬਣ ਸਕਦੀ ਕਿਉਂਕਿ ਉਸ ਵਿੱਚ ਸਰਕਾਰੀ ਸ਼ਹਿ ਉੱਤੇ ਘੱਟ-ਗਿਣਤੀ ਦਾ ਘਾਣ ਤੇ ਮੋਦੀ-ਸ਼ਾਹ ਦਾ ਕਰੂਰ ਚਿਹਰਾ ਵਿਖਾਇਆ ਗਿਆ ਹੈ ਤੇ ਜੇ ਕੋਈ ਮਨੁੱਖੀ ਅਧਿਕਾਰਾਂ ਦੇ ਰਾਖੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਉੱਪਰ ਫ਼ਿਲਮ ਬਣਾ ਹੀ ਲਵੇ ਤਾਂ ਮਨੁੱਖੀ ਹੱਕਾਂ ਦਾ ਘਾਣ ਕਰਨ ਵਾਲੇ ਕਿਵੇਂ ਚੱਲਣ ਦੇਣਗੇ ? ਜਿਹੜਾ ਮੁਲਕ ਭਾਈ ਖਾਲੜੇ ਉੱਤੇ ਬਣੀ ਫ਼ਿਲਮ ਬਰਦਾਸ਼ਤ ਨਹੀਂ ਕਰਦਾ, ਓਹ ਭਾਈ ਖਾਲੜੇ ਨੂੰ ਕਿਵੇਂ ਬਰਦਾਸ਼ਤ ਕਰ ਲੈਂਦਾ ? ਭਾਰਤ ਆਪਣੇ ਆਪ ਨੂੰ ਮਨੁੱਖੀ ਹੱਕਾਂ ਦਾ ਅਲੰਬਰਦਾਰ, ਸਭ ਤੋਂ ਵੱਡਾ ਲੋਕਤੰਤਰ ਤੇ ਧਰਮ ਨਿਰਪੱਖ ਅਖਵਾਉਂਦਾ ਹੈ ਪਰ ਇਹ ਸਭ ਢਕਵੰਜ ਹੈ ਤੇ ਸਿੱਖਾਂ, ਮੁਸਲਮਾਨਾਂ ਅਤੇ ਹੋਰ ਘੱਟ-ਗਿਣਤੀ ਕੌਮਾਂ ਦੀ ਆਵਾਜ਼ ਨੂੰ ਇੱਥੇ ਦਬਾਇਆ ਜਾਂਦਾ ਹੈ ਤੇ ਉਹਨਾਂ ਉੱਤੇ ਘੱਲੂਘਾਰੇ ਤੇ ਨਸਲਕੁਸ਼ੀ ਵਰਤਾਈ ਜਾਂਦੀ ਹੈ। ਭਾਈ ਖਾਲੜਾ ਦੀ ਫ਼ਿਲਮ ਦੇ ਪਹਿਲਾਂ ਕਈ ਸੀਨ ਕਟਾ ਕੇ ਵੀ ਸਿਨਮਿਆਂ 'ਚ ਨਹੀਂ ਸੀ ਚੱਲਣ ਦਿੱਤੀ ਗਈ, ਸੈਂਸਰ ਬੋਰਡ ਨੇ ਕਈ ਅੜਿੱਕੇ ਪਾਈ ਰੱਖੇ ਸਨ ਤੇ ਹੁਣ ਭਾਜਪਾ/ਹਿੰਦੂਤਵੀ ਸਰਕਾਰ ਨੇ ਜੀ-ਫਾਈਵ ਤੋਂ ਵੀ ਹਟਾ ਕੇ ਸਿੱਖ ਕੌਮ ਨੂੰ ਗ਼ੁਲਾਮੀ ਦਾ ਅਹਿਸਾਸ ਕਰਵਾਇਆ ਹੈ ਪਰ ਭਾਜਪਾ ਦੀ ਝੋਲੀ ਵਿੱਚ ਬੈਠੇ ਸਿੱਖ ਕੌਮ ਦੀਆਂ ਕੁਝ ਧਾਰਮਿਕ ਅਤੇ ਸਿਆਸੀ ਆਗੂਆਂ ਨੂੰ ਫਿਰ ਵੀ ਸ਼ਰਮ ਨਹੀਂ ਆਉਣੀ।
ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਬੋਲ ਸਨ ਕਿ “ਗੁਰੂ ਦੇ ਸਿੱਖ ਹੋਣ ਦੇ ਨਾਤੇ ਸਾਡਾ ਇਨਸਾਫ਼ ਲਈ ਆਵਾਜ਼ ਬੁਲੰਦ ਕਰਨ ਦਾ ਫ਼ਰਜ਼ ਬਣਦਾ ਹੈ। ਏਸ ਦੁਨੀਆਂ ਵਿਚ ਸਦੀਵੀ ਤੌਰ ’ਤੇ ਕਿਸੇ ਨਹੀੰ ਬੈਠੇ ਰਹਿਣਾ, ਅਤੇ ਸਾਨੂੰ ਇਹ ਜੀਵਨ ਇਸ ਲਈ ਮਿਲਿਆ ਹੈ ਕਿ ਅਸੀਂ ਪੰਜਾਬ ਅੰਦਰ ਹਰ ਰੋਜ਼ ਕੋਹੇ, ਮਾਰੇ ਤੇ ਲਾਪਤਾ ਕੀਤੇ ਜਾ ਰਹੇ ਆਪਣੇ ਭਰਾਵਾਂ ਤੇ ਭੈਣਾਂ ਦੇ ਦਰਦ ਨੂੰ ਵੰਡਾਈਏ। ਜੰਮਣਾ ਤੇ ਮਰਨਾ ਤਾਂ ਵਾਹਿਗੁਰੂ ਦੇ ਹੱਥ ਹੈ ਅਤੇ ਇਸ ਦੁਨੀਆਂ ਤੋਂ ਰੁਖ਼ਸਤ ਹੋਣ ਤੋੰ ਪਹਿਲਾਂ ਮੈਨੂੰ ਆਪਣੇ ਸਿੱਖ ਭਰਾਵਾਂ ਤੇ ਭੈਣਾਂ ਪ੍ਰਤੀ ਆਪਣਾ ਫ਼ਰਜ਼ ਪੂਰਾ ਕਰਨਾ ਚਾਹੀਦਾ ਹੈ। ਗੁਰੂ ਸਾਹਿਬਾਨ ਨੇ ਸਾਨੂੰ ਇਹੋ ਸਿਖਾਇਆ ਹੈ। ਵਾਹਿਗੁਰੂ ਨਿਰਭਉ ਹੈ ਅਤੇ ਸਾਨੂੰ ਡਰੂ ਨਹੀੰ ਹੋਣਾ ਚਾਹੀਦਾ।”
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Leave a Reply