ਗੁਰੂ ਤੇਗ ਬਹਾਦਰ ਜੀ ਦੇ ਬਖਸ਼ੇ ਆਤਮ ਚਿੰਤਨ ਦੇ ਚਾਰ ਸੂਤਰ
- ਗੁਰਬਾਣੀ-ਇਤਿਹਾਸ
- (Asia/Kolkata)
ਗੁਰੂ ਤੇਗ ਬਹਾਦਰ ਜੀ ਦੇ ਬਖਸ਼ੇ ਆਤਮ ਚਿੰਤਨ ਦੇ ਚਾਰ ਸੂਤਰ
ਡਾ. ਸਤਿੰਦਰ ਪਾਲ ਸਿੰਘ
ਮਨੁੱਖ ਲਈ ਜੀਵਨ ਆਦਿਕਾਲ ਤੋਂ ਹੀ ਵੱਡੇ ਰਹੱਸ ਵਾਂਗੂੰ ਰਿਹਾ ਹੈ I ਤਨ ਅੰਦਰ ਵੱਸ ਰਹੀ ਜੋਤ ਦਾ ਸ੍ਰੋਤ ਕੀ ਹੈ ਤੇ ਇਹ ਅੰਤ ਕਿੱਥੇ ਵਿਲੀਨ ਹੋ ਜਾਂਦੀ ਹੈ ਇਹ ਦੋ ਸਵਾਲ ਉਸ ਨੂੰ ਸਦਾ ਹੀ ਉਲਝਾਉਂਦੇ ਆਏ ਹਨ I ਜੀਵਨ ਦਾ ਮਨੋਰਥ ਕੀ ਹੈ ਤੇ ਜੀਵਨ ਦੀ ਮਿਆਦ ਕੀ ਹੈ ਇਹ ਸਵਾਲ ਵੀ ਪਹਿਲੇ ਦੁਹਾਂ ਸਵਾਲਾਂ ਨਾਲ ਹੀ ਜੁੜੇ ਹੋਏ ਹਨ I ਇਨ੍ਹਾਂ ਦਾ ਜਵਾਬ ਜਾਣੇ ਬਿਨਾ ਜੀਵਨ ਦੀ ਦਿਸ਼ਾ ਤੈ ਕਰਣਾ ਕਠਿਨ ਹੋ ਜਾਂਦਾ ਹੈ I ਹਰ ਮਨੁੱਖ ਦੀ ਆਪੋ ਆਪਣੀ ਵਿਆਖਿਆ ਹੈ I ਇਸ ਕਾਰਨ ਸਭ ਤੋਂ ਜਿਆਦਾ ਭਰਮ ਜੀਵਨ ਨੂੰ ਲੈ ਕੇ ਹਨ , ਜੋ ਦਰਸਾਉਂਦੇ ਹਨ ਕਿ ਜੀਵਨ ਮਨੁੱਖ ਦੀ ਸਮਝ ਦਾ ਵਿਸ਼ਾ ਨਹੀ ਹੈ I ਗੁਰੂ ਸਾਹਿਬਾਨ ਨੇ ਜੀਵਨ ਬਾਰੇ ਮਨੁੱਖ ਤੇ ਸਾਰੇ ਭਰਮ ਦੂਰ ਕੀਤੇ ਜੋ ਲੋਕਾਈ ਤੇ ਮਹਾਨ ਉਪਕਾਰ ਸੀ I ਗੁਰੂ ਸਾਹਿਬਾਨ ਨੇ ਮਨੁੱਖੀ ਜੀਵਨ ਇਕ ਦੁਰਲਭ ਅਉਸਰ ਕਿਹਾ I ਉਨ੍ਹਾਂ ਕਿਹਾ ਕਿ ਮਨੁੱਖ ਨੂੰ ਸਮਝਣ ਦੀ ਲੋੜ ਹੈ ਕਿ ਜੀਵਨ ਦਾ ਮਕਸਦ ਕੀ ਹੈ ਤੇ ਇਸ ਨੂੰ ਕਿਵੇਂ ਪ੍ਰਾਪਤ ਕਰਨਾ ਹੈ I ਇਨ੍ਹਾਂ ਸਵਾਲਾਂ ਤੇ ਸੋਚ ਸਪਸ਼ਟ ਹੋਣ ਤੋਂ ਬਾਅਦ ਹੀ ਬੋਧ ਹੁੰਦਾ ਹੈ ਕਿ ਜੀਵਨ ਦਾ ਮੋਲ ਤੇ ਮੰਤਵ ਕੀ ਹੈ I ਗੁਰਬਾਣੀ ਦੀ ਸ਼ਰਣ ਗਿਆਂ ਹੀ ਇਨ੍ਹਾਂ ਤੇ ਸਰਵ ਪੱਖੀ ਤੇ ਦੁਵਿਧਾ ਮੁਕਤ ਦ੍ਰਿਸ਼ਟੀ ਪ੍ਰਾਪਤ ਹੁੰਦੀ ਹੈ ਤੇ ਜੀਵਨ ਸਕਾਰਥ ਕਰਨ ਦੀ ਪ੍ਰੇਰਨਾ ਵੀ ਮਿਲਦੀ ਹੈ I ਮਨੁੱਖ ਅੰਦਰ ਚੇਤਨਾ ਪੈਦਾ ਹੁੰਦੀ ਹੈ ਕਿ ਉਸ ਦੇ ਜੀਵਨ ਦਾ ਇੱਕ ਇੱਕ ਪਲ , ਲਿਆ ਜਾਣ ਵਾਲਾ ਹਰ ਸਵਾਸ ਫਲ ਦੇਣ ਵਾਲਾ ਸਾਬਿਤ ਹੋਵੇ I ਗੁਰੂ ਨਾਨਕ ਸਾਹਿਬ ਨੇ ਤਾਂ ਮਨੁੱਖ ਦੇ ਜੀਵਨ ਨੂੰ ਮਾਤਰ ਇੱਕ ਦਮ ਦੀ ਮੁਹਲਤ ਦਿੰਦਿਆਂ ਵਚਨ ਕੀਤੇ ਜੋ ਦਮ ਲਿਆ ਜਾ ਰਿਹਾ ਹੈ ਉਸ ਦੀ ਪੂਰੀ ਸੰਭਾਲ ਕਰੇ I ਭਾਵ ਸੀ ਕਿ ਮਨੁੱਖੀ ਜੀਵਨ ਪੂਰੀ ਗੰਭੀਰਤਾ ਤੇ ਸੁਚੱਜੇ ਢੰਗ ਨਾਲ ਜਿਉਣ ਦੀ ਲੋੜ ਹੈ I ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਪੰਜ ਗੁਰੂ ਸਾਹਿਬਾਨ ਦੀ ਬਾਣੀ ਦਰਜ ਕਰਨ ਤੋਂ ਬਾਅਦ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਨੇ ਜੀਵਨ ਦੇ ਅੰਤਿਮ ਚਰਣ ਵਿੱਚ ਦਮਦਮਾ ਸਾਹਿਬ ਵਿਖੇ ਸ਼ਾਮਿਲ ਕੀਤੀ ਸੀ I ਉਨ੍ਹਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ , ਗੁਰੂ ਸਾਹਿਬਾਨ ਦੇ ਲੋਕਾਈ ਤੇ ਕੀਤੇ ਉਪਕਾਰ ਆਪ ਵਰਤਦੇ ਵੇਖੇ ਸਨ I ਯਕੀਨੀ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚ ਗੁਰ ਉਪਦੇਸ਼ਾਂ ਦਾ ਸਾਰ ਨਜਰ ਆਇਆ ਤਾਂ ਹੀ ਉਨ੍ਹਾਂ ਨੌਵੇਂ ਪਾਤਸ਼ਾਹ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕਰ ਸੰਪੂਰਨਤਾ ਪ੍ਰਦਾਨ ਕੀਤੀ I ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਾ ਰਚਨਾ ਕਾਲ ਸਭ ਤੋਂ ਆਧੁਨਿਕ ਹੀ ਨਹੀ ਗੁਰਬਾਣੀ ਦਾ ਸਾਰ ਮੰਨਿਆ ਜਾ ਸਕਦਾ ਹੈ I ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਮਨੁੱਖ ਨਾਲ ਸਿਧੇ ਸੰਵਾਦ ਦੀ ਬਾਣੀ ਹੈ I ਰਾਗ ਜੈਜਾਵੰਤੀ ਅੰਦਰ ਮਾਤਰ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਹੈ I ਸੰਗੀਤ ਦੇ ਵਿਦਵਾਨਾਂ ਦਾ ਵੀਚਾਰ ਹੈ ਕਿ ਜੈਜਾਵੰਤੀ ਰਾਗ ਦੀ ਰਚਨਾ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪ ਕੀਤੀ ਸੀ I ਇਸ ਰਾਗ ਦੀ ਵਿਲਖਣਤਾ ਹੈ ਕਿ ਇਸ ਅੰਦਰ ਦੁੱਖ ਤੇ ਸੁੱਖ ਦੁਹਾਂ ਦੇ ਭਾਵ ਨਾਲੋ ਨਾਲ ਪ੍ਰਵਾਹਮਾਨ ਹੁੰਦੇ ਹਨ I ਗੁਰੂ ਸਾਹਿਬ ਸਪਸ਼ਟ ਸੁਨੇਹਾ ਦੇਣਾ ਚਾਹੁੰਦੇ ਸਨ ਕਿ ਜੀਵਨ ਅੰਦਰ ਦੁੱਖ ਵੀ ਹਨ , ਤੇ ਸੁੱਖ ਵੀ ਹਨ I ਮਨੁੱਖ ਸੁੱਖ ਤੇ ਦੁੱਖ ਦੇ ਵੀਚਾਰ ਤੋਂ ਉੱਪਰ ਉੱਠ ਕੇ ਮਾਤਰ ਆਪਣਾ ਧਰਮ ਨਿਭਾਹੇ I
ਰਾਮੁ ਸਿਮਰਿ ਰਾਮੁ ਸਿਮਰਿ ਇਹੈ ਤੇਰੈ ਕਾਜਿ ਹੈ II
ਮਾਇਆ ਕੋ ਸੰਗੁ ਤਿਆਗੁ ਪ੍ਰਭ ਜੂ ਕੀ ਸਰਨਿ ਲਾਗੁ II
ਜਗਤ ਸੁਖ ਮਾਨੁ ਮਿਥਿਆ ਝੂਠੋ ਸਭ ਸਾਜੁ ਹੈ II ( ਪੰਨਾ ੧੩੫੨ )
-੨- ਮਨੁੱਖ ਆਪਨੇ ਜੀਵਨ ਦਾ ਟੀਚਾ ਆਪ ਤੈ ਕਰਦਾ ਹੈ I ਕਿਸੇ ਨੂੰ ਧਨ ਚਾਹੀਦੇ , ਕਿਸੇ ਨੂੰ ਬਲ ਚਾਹੀਦੇ I ਕਿਸੇ ਨੂੰ ਸੰਸਾਰਕ ਵਿਦਵਤਾ ਚਾਹੀਦੀ ਹੈ , ਕਿਸੇ ਨੂੰ ਮਾਣ ਸਨਮਾਨ ਚਾਹੀਦੇ I ਕੋਈ ਸੱਤਾ ਦਾ ਚਾਹਵਾਨ ਹੈ , ਕੋਈ ਵੱਡਾ ਧਰਮੀ ਅਖਵਾਉਣਾ ਚਾਹੁੰਦਾ ਹੈ I ਮਨੁੱਖ ਇਨ੍ਹਾਂ ਵਿੱਚ ਆਪਣਾ ਸੁੱਖ ਵੇਖਦਾ ਹੈ I ਗੁਰੂ ਤੇਗ ਬਹਾਦਰ ਸਾਹਿਬ ਉਸ ਦੇ ਸਾਰੇ ਭਰਮ ਦੂਰ ਕਰਦਿਆਂ ਨਾਮ ਸਿਮਰਨ ਨੂੰ ਹੀ ਜੀਵਨ ਦਾ ਇੱਕੋ ਇੱਕ ਕਾਰਜ ਦੱਸਦੇ ਹਨ I ਜੀਵਨ ਪਰਮਾਤਮਾ ਦਾ ਸਿਮਰਨ ਕਰਨ ਲਈ ਹੀ ਪ੍ਰਾਪਤ ਹੋਇਆ ਹੈ I ਮਨੁੱਖ ਆਤਮ ਚਿੰਤਨ ਕਰਦਾ ਰਹੇ ਕਿ ਉਸ ਦੇ ਜੀਵਨ ਦਾ ਕਿੰਨਾ ਸਮਾਂ ਪਰਮਾਤਮਾ ਦੀ ਭਗਤੀ ਵਿੱਚ ਲੱਗ ਰਿਹਾ ਹੈ ਕਿਉਂਕਿ ਇਹੋ ਸਫਲਤਾ ਦੀ ਪੌੜ੍ਹੀ ਹੈ I ਸੰਸਾਰਕ ਪਦਾਰਥ , ਸੰਸਾਰਕ ਤਾਕਤ ਪ੍ਰਾਪਤ ਕਰਨ ਨਾਲ ਜੀਵਨ ਨਹੀ ਸੰਵਰ ਸਕਦਾ I ਅਜਿਹੀਆਂ ਪ੍ਰਾਪਤੀਆਂ ਰਾਤ ਦੇ ਸੁਪਨੇ ਵਾਂਗੂੰ ਹਨ I ਇਨ੍ਹਾਂ ਤੇ ਮਾਣ ਕਰਨ ਦਾ ਕੋਈ ਕਾਰਨ ਨਹੀ ਹੈ ਕਿਉਂਕਿ ਇਹ ਰੇਤ ਦੀ ਉਸਾਰੀ ਕੰਧ ਦੀ ਤਰਹ ਢਾਹਿ ਢੇਰੀ ਹੋ ਜਾਣ ਵਾਲੀਆਂ ਹਨ I ਭਾਵ ਸਦਾ ਨਾਲ ਨਹੀ ਰਹਿਣ ਵਾਲੀਆਂ I ਇਕ ਪਰਮਾਤਮਾ ਦਾ ਸਿਮਰਨ ਹੀ ਨਾਲ ਰਹਿਣ ਵਾਲਾ ਤੇ ਹਿਤ ਕਰਨ ਵਾਲਾ ਹੈ I ਜੀਵਨ ਦੇ ਅਸਲ ਮਨੋਰਥ ਨੂੰ ਸਮਝਣ ਵਾਲਾ ਮਨੁੱਖ ਵਿਕਾਰਾਂ , ਮਾਇਆ ਤੋਂ ਮੁਕਤ ਹੋ ਜਾਂਦਾ ਹੈ ਤੇ ਪਰਮਾਤਮਾ ਨੂੰ ਜੀਵਨ ਦਾ ਸਾਰਾ ਸਮਾਂ ਸਕਾਰਥ ਕਰਦਾ ਹੈ I ਗੁਰੂ ਤੇਗ ਬਹਾਦਰ ਜੀ ਜਾਣਦੇ ਸਨ ਕਿ ਵਿਕਾਰਾਂ ਤੇ ਮਾਇਆ ਤੋਂ ਉਬਰਨਾ ਸੌਖਾ ਨਹੀ ਹੈ I ਇਨ੍ਹਾਂ ‘ਚ ਫਸ ਕੇ ਮਨੁੱਖ ਜੀਵਨ ਦਾ ਅਨਮੋਲ ਸਮਾਂ ਵਿਅਰਥ ਗੁਆ ਦਿੰਦਾ ਹੈ I ਆਪ ਨੇ ਮਨੁੱਖ ਨੂੰ ਉਸ ਦੀ ਅਗਿਆਨਤਾ ਤੇ ਭਰਮ ਪ੍ਰਤੀ ਸੁਚੇਤ ਕਰਦਿਆਂ ਵਚਨ ਕੀਤੇ ਕਿ ਜੀਵਨ ਦਾ ਸਮਾਂ ਤੇਜੀ ਨਾਲ ਬਤੀਤ ਹੁੰਦਾ ਜਾ ਰਿਹਾ ਹੈ I
ਰਾਮੁ ਭਜੁ ਰਾਮੁ ਭਜੁ ਜਨਮੁ ਸਿਰਾਤੁ ਹੈ II ( ਪੰਨਾ ੧੩੫੨ )
ਮਨੁੱਖ ਸੰਸਾਰਕ ਪ੍ਰਾਪਤੀਆਂ ਪ੍ਰਤੀ ਜਿੰਨਾ ਜਤਨਸ਼ੀਲ ਰਹਿੰਦਾ ਹੈ , ਆਤਮਿਕ ਪ੍ਰਾਪਤੀ ਲਈ ਉੰਨਾ ਹੀ ਅਵੇਸਲਾ ਨਜਰ ਆਉਂਦਾ ਹੈ I ਉਹ ਪਰਮਾਤਮਾ ਦੀ ਭਗਤੀ ਨੂੰ ਸਦਾ ਹੀ ਕਲ ਲਈ ਟਾਲ ਦਿੰਦਾ ਹੈ ਜੋ ਕਦੇ ਵੀ ਨਹੀ ਆਉਂਦਾ I ਕਿਸੇ ਨੂੰ ਨਹੀ ਗਿਆਤ ਕਿ ਉਸ ਕੋਲ ਜੀਵਨ ਦਾ ਕਿੰਨਾ ਸਮਾਂ ਬਚਿਆ ਹੈ I ਮਨੁੱਖ ਕਦੇ ਜੀਵਨ ਦੇ ਅੰਤ ਬਾਰੇ ਨਹੀ ਸੋਚਦਾ ਤੇ ਸੰਸਾਰਕ ਕਾਰ ਵਿਹਾਰ ਨੂੰ ਅੱਗੇ ਰੱਖਦਾ ਹੈ I ਗੁਰੂ ਸਾਹਿਬ ਨੇ ਕਿਹਾ ਕਿ ਇਹ ਉਸ ਦੀ ਮੂੜ੍ਹਤਾ ਹੈ I ਮਾਇਆ ਤੇ ਵਿਕਾਰਾਂ ਨੂੰ ਮਨੁੱਖ ਬਿਖ ਦੀ ਤਰਹ ਸਮਝ ਕੇ ਉਨ੍ਹਾਂ ਤੋਂ ਬਚੇ ਤੇ ਪਰਮਾਤਮਾ ਨਾਲ ਮਨ , ਤਨ ਜੋੜੇ I ਮਨੁੱਖ ਨੂੰ ਜਦੋਂ ਇਹ ਸਮਝ ਆ ਜਾਵੇ ਕਿ ਉਸ ਕੋਲ ਸਮਾਂ ਥੋੜਾ ਹੈ ਤਾਂ ਹੀ ਉਹ ਇਹ ਸੋਚਣ ਲਈ ਮਜਬੂਰ ਹੁੰਦਾ ਹੈ ਕਿ ਜੋ ਕੰਮ ਉਸ ਦੇ ਜਿੰਮੇ ਹੈ ਉਸ ਨੂੰ ਸਮਾਂ ਪੂਰਾ ਹੋਣ ਤੋਂ ਪਹਿਲਾਂ ਹੀ ਪੂਰਾ ਕਰ ਲਵੇ I ਇਹ ਕੰਮ ਹੈ ਪਰਮਾਤਮਾ ਦਾ ਸਿਮਰਨ ਜਿਸ ਵਿੱਚ ਉਸ ਦਾ ਹੀ ਹਿਤ ਨਿਹਿਤ ਹੈ I ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਮਨੁੱਖ ਚਿੰਤਾ ਕਰੇ ਕਿ ਜੀਵਨ ਬਤੀਤ ਹੋਣ ਤੋਂ ਬਾਅਦ ਉਸ ਦਾ ਕੀ ਨਿਬੇੜਾ ਹੋਣ ਵਾਲਾ ਹੈ I ਜੀਵਨ ਸੰਸਾਰਿਕ ਰੰਗ , ਰਸ ਵਿੱਚ ਹੀ ਚਲਾ ਗਿਆ ਤਾਂ ਆਵਾਗਮਨ ਦੇ ਫੇਰ ਤੋਂ ਨਿਕਲਣਾ ਸੰਭਵ ਨਹੀ ਹੋਵੇਗਾ I ਵਾਰ ਵਾਰ ਜਨਮ – ਮਰਨ ਦੇ ਦੁੱਖ ਭੋਗਨੇ ਪੈਣਗੇ . ਸਦਾ ਅਗਿਆਨਤਾ ਤੇ ਭਰਮਾਂ ਵਿੱਚ ਹੀ ਭਟਕਣਾ ਪਵੇਗਾ I
ਰੇ ਮਨ ਕਉਨ ਗਤਿ ਹੋਇ ਹੈ ਤੇਰੀ II ( ਪੰਨਾ ੧੩੫੨ )
-੩- ਮਨੁੱਖ ਜਰੂਰ ਸੋਚੇ ਕਿ ਉਹ ਜੀਵਨ ਵਿੱਚ ਕਿਹੇ ਕਿਹੇ ਕਰਮ ਕਰ ਰਿਹਾ ਹੈ ਤੇ ਇਨ੍ਹਾਂ ਕਰਮਾਂ ਦਾ ਕੀ ਫਲ ਮਿਲਣ ਵਾਲਾ ਹੈ I ਗੁਰੂ ਸਾਹਿਬ ਨੇ ਮਾਇਆ ਦੇ ਮੋਹ ਵਿੱਚ ਪਏ ਮਨੁੱਖ ਲਈ ਅਤਿ ਮਹੱਤਵਪੂਰਨ ਗੱਲ ਕਹੀ ਕਿ ਜਿਸ ਮਾਇਆ ਪਿੱਛੇ ਪਰਾਮਤਮਾ ਨੂੰ ਵਿਸਾਰ ਕੇ ਉਹ ਜਨਮ ਅਕਾਰਥ ਕਰ ਰਿਹਾ ਹੈ ਉਹ ਮਾਇਆ ਤਾਂ ਆਪ ਪਰਮਾਤਮਾ ਦੀ ਦਾਸੀ ਹੈ ਤੇ ਪਰਮਾਤਮਾ ਦੇ ਹੁਕਮ ਅੰਦਰ ਹੈ I ਪਰਿਵਾਰ ਦਾ ਮੋਹ ਵੀ ਮਾਇਆ ਕਾਰਨ ਹੀ ਹੈ ਜੋ ਪੈਰਾਂ ਵਿੱਚ ਪਈ ਬੇੜੀਆਂ ਵਾਂਗੂੰ ਹੈ I ਇਹ ਬੇੜੀਆਂ ਮਨੁੱਖ ਨੂੰ ਪਰਮਾਤਮਾ ਦੇ ਮਾਰਗ ਤੇ ਚੱਲਣ ਤੋਂ ਵਰਜਦਿਆਂ ਹਨ I ਬਹੁਤ ਸਾਰੇ ਲੋਗ ਹਨ ਜੋ ਕਦੇ ਵੀ ਪਰਮਾਤਮਾ ਦਾ ਧਿਆਨ ਨਹੀ ਕਰਦੇ I ਉਨ੍ਹਾਂ ਲਈ ਗੁਰੂ ਸਾਹਿਬ ਨੇ ਜੋਰ ਦਿੰਦਿਆਂ ਕਿਹਾ ਕਿ ਜਿਸ ਸੰਸਾਰ ਦੇ ਮੋਹ ਵਿੱਚ ਲੋਗ ਪਏ ਹੋਏ ਹਨ , ਉਹ ਸੰਸਾਰ ਤਾਂ ਸੁਪਨੇ ਦੀ ਤਰਹ ਮਿਥਿਆ ਹੈ I ਸੰਸਾਰ ਦਾ ਮੋਹ ਕੋਈ ਫਲ ਨਹੀ ਦਿੰਦਾ ਸਗੋਂ ਗਿਆਨ ਤੇ ਵਿਵੇਕ ਤੋਂ ਦੂਰ ਕਰਨ ਵਾਲਾ ਸਾਬਿਤ ਹੁੰਦਾ ਹੈ I ਮਨੁੱਖ ਸੰਸਾਰਿਕ ਜੀਵਨ ਦੀ ਨਹੀ , ਜੀਵਨ ਦੀ ਅਵਧੀ ਪੂਰੀ ਹੋਣ ਤੋਂ ਬਾਅਦ ਹੋਣ ਵਾਲੇ ਲੇਖੇ ਜੋਖੇ ਦੀ ਚਿੰਤਾ ਕਰੇ I ਹਰ ਜੀਅ , ਜਿਸ ਦਾ ਜਨਮ ਹੋਇਆ ਹੈ ਉਸ ਦਾ ਅੰਤ ਹੋਣਾ ਹੀ ਹੈ I ਮਨੁੱਖ ਸਦਾ ਕਾਲ ਨੂੰ ਯਾਦ ਰੱਖੇ I
ਅਸਥਿਰੁ ਜੋ ਮਾਨਿਓ ਦੇਹ ਸੋ ਤਉ ਤੇਰਉ ਹੋਇ ਹੈ ਖੇਹੁ II ( ਪੰਨਾ ੧੩੫੩ )
4.ਅਗਿਆਨੀ ਮਨੁੱਖ ਆਪਨੇ ਤਨ ਨੂੰ ਹੀ ਆਪਨੇ ਵਜੂਦ ਦੇ ਤੌਰ ਤੇ ਵੇਖਦਾ ਹੈ I ਉਹ ਭਵਿੱਖ ਲਈ ਕਾਰਜ ਕਰਦਾ ਹੈ ਪਰ ਇਹ ਧਿਆਨ ਨਹੀ ਰੱਖਦਾ ਕਿ ਸੰਸਾਰ ਅੰਦਰ ਕਿੰਨਾ ਜੀਉਣਾ ਹੈ I ਇਹ ਤਨ ਤਾਂ ਭਸਮ ਹੋ ਜਾਣਾ ਹੈ . ਮਨੁੱਖ ਕਾਲ ਤੋਂ ਬਚ ਕੇ ਕਿਧਰੇ ਨਹੀ ਜਾ ਸਕਦਾ I ਗੁਰੂ ਸਾਹਿਬ ਨੇ ਕਿਹਾ ਕਿ ਆਪਣੇ ਤਨ ਤੇ ਮਾਣ ਕਰਨ ਦੀ ਥਾਂ ਮਨੁੱਖ ਪਰਮਾਤਮਾ ਨੂੰ ਮਨ ਵਿੱਚ ਵਸਾਏ ਤੇ ਭਗਤੀ ਵਿੱਚ ਹੀ ਜੀਵਨ ਬਤੀਤ ਕਰੇ . ਇਹੋ ਸੁਚੱਜਾ ਜੀਵਨ ਢੰਗ ਹੈ I ਧਰਮ ਦੇ ਮਾਰਗ ਤੇ ਚੱਲਣ ਲਈ ਸਾਫ਼ ਤੇ ਸਪਸ਼ਟ ਦ੍ਰਿਸ਼ਟੀ ਧਾਰਨ ਕਰਨ ਦੀ ਲੋੜ ਹੈ I ਮਨੁੱਖ ਸਮਝੇ ਕਿ ਉਸ ਦਾ ਜੀਵਨ ਪਰਮਾਤਮਾ ਦੀ ਭਗਤੀ ਲਈ ਹੀ ਬਣਿਆ ਹੈ I ਜੀਵਨ ਦਾ ਸਮਾਂ ਬਹੁਤ ਅਨਮੋਲ ਤੇ ਸੀਮਤ ਹੈ ਜਿਸ ਦੀ ਸੰਭਾਲ ਪਰਮਾਤਮਾ ਦਾ ਧਿਆਨ ਕਰ ਕੇ ਹੀ ਕੀਤੀ ਜਾ ਸਕਦੀ ਹੈ I ਮਨੁੱਖ ਇਸ ਲੋਕ ਦੀ ਨਹੀ ਪਰਲੋਕ ਦੀ ਚਿੰਤਾ ਕਰੇ I ਅਜਿਹੇ ਕਾਰਜ ਕਰੇ ਜੋ ਪਰਲੋਕ ਸੰਵਾਰਨ ਵਾਲੇ ਹੋਣ I ਪਰਮਾਤਮਾ ਦੀ ਭਗਤੀ ਬਿਨਾ ਜਨਮ ਅਕਾਰਥ ਚਲਾ ਜਾਂਦਾ ਹੈ I ਗੁਰੂ ਤੇਗ ਬਹਾਦਰ ਜੀ ਦੀ ਰਾਗ ਜੈਜਾਵੰਤੀ ਹੇਠ ਦਰਜ ਬਾਣੀ ਅੰਦਰ ਸੰਸਾਰ ਦਾ ਨਾਸ਼ਵਾਨ ਰੂਪ ਵੀ ਪਰਗਟ ਹੋਇਆ ਹੈ ਤੇ ਵਿਕਾਰਾਂ ਤੇ ਮਾਇਆ ਦਾ ਮਨੁੱਖ ਤੇ ਪੈਣ ਵਾਲਾ ਗਹਿਰਾ ਅਸਰ ਵੀ I ਗੁਰੂ ਸਾਹਿਬ ਦੀ ਬਾਣੀ ਅੰਦਰ ਵਿਕਾਰਾਂ ਤੇ ਮਾਇਆ ਮੋਹ ਦਾ ਭਰਮ ਵੀ ਟੁੱਟਦਾ ਨਜਰ ਆਉਂਦਾ ਹੈ ਤੇ ਜੀਵਨ ਜਿਉਣ ਦੀ ਸੱਚੀ ਰਾਹ ਵੀ ਵਿਖਾਈ ਦਿੰਦੀ ਹੈ I ਇਹ ਮਨੁੱਖ ਨੂੰ ਅਗਿਆਨਤਾ ਦੀ ਨੀਂਦ ਤੋਂ ਜਗਾਉਣ ਵਾਲੀ ਤੇ ਪ੍ਰੇਮਮਈ ਝਿੜਕਾਂ ਦੇ ਕੇ ਸੁਚੇਤ ਕਰਨ ਵਾਲੀ ਬਾਣੀ ਵੀ ਹੈ I ਇਹ ਰੋਜਾਨਾ ਚਿੰਤਨ ਦੀ ਪ੍ਰੇਰਨਾ ਹੈ ਤੇ ਕਿਸੇ ਵੀ ਪਲ ਅਵੇਸਲਾ ਨਾ ਹੋਣ ਦੇਣ ਦੀ ਪੁਕਾਰ ਵੀ ਹੈ I ਗੁਰੂ ਤੇਗ ਬਹਾਦਰ ਜੀ ਦੀ ਇਹ ਬਾਣੀ ਜਿਸ ਸੰਸਾਰ ਦਾ ਸਚ ਪਰਗਟ ਕਰ ਜੀਵਨ ਅੰਦਰ ਵੈਰਾਗ ਪੈਦਾ ਕਰਦੀ ਹੈ , ਉਹੀ ਬਾਣੀ ਪਰਮਾਤਮਾ ਲਈ ਪ੍ਰੇਮ ਭਾਵਨਾ ਪੈਦਾ ਕਰ ਜੀਵਨ ਦੇ ਵੈਰਾਗ ਨੂੰ ਪਰਮਾਤਮਾ ਨਾਲ ਮੇਲ ਦਾ ਚਾਉ ਤੇ ਆਨੰਦ ਵੀ ਪੈਦਾ ਕਰਦੀ ਹੈ I
ਡਾ. ਸਤਿੰਦਰ ਪਾਲ ਸਿੰਘ
ਈ – ੧੭੧੬ , ਰਾਜਾਜੀਪੁਰਮ ਲਖਨਊ – ੨੨੬੦੧੭
ਮੋ. ੯੪੧੫੯੬੦੫੩੩, ੮੪੧੭੮੫੨੮੯੯
Leave a Reply