ਦੇਸ਼ ਬਚਾਓ ਮੋਰਚੇ ਦੇ ਸੱਦੇ 'ਤੇ ਭਾਰਤ–ਅਮਰੀਕਾ ਵਪਾਰ ਸਮਝੌਤਾ ਰੱਦ ਕਰਵਾਉਣ ਲਈ ਕਈ ਸੂਬਿਆਂ ਵਿੱਚ ਲੱਖਾਂ ਲੋਕਾਂ ਵੱਲੋਂ ਮੋਟਰਸਾਈਕਲ ਮਾਰਚ

ਦੇਸ਼ ਬਚਾਓ ਮੋਰਚੇ ਦੇ ਸੱਦੇ 'ਤੇ ਭਾਰਤ–ਅਮਰੀਕਾ ਵਪਾਰ ਸਮਝੌਤਾ ਰੱਦ ਕਰਵਾਉਣ ਲਈ ਕਈ ਸੂਬਿਆਂ ਵਿੱਚ ਲੱਖਾਂ ਲੋਕਾਂ ਵੱਲੋਂ ਮੋਟਰਸਾਈਕਲ ਮਾਰਚ

ਟਾਂਗਰਾ - ਸੁਰਜੀਤ ਸਿੰਘ ਖਾਲਸਾ
ਦੇਸ਼ ਬਚਾਓ ਮੋਰਚੇ ਦੇ ਸੱਦੇ 'ਤੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼, ਉੱਤਰਾਖੰਡ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉੜੀਸਾ ਸਮੇਤ ਕਈ ਸੂਬਿਆਂ ਵਿੱਚ ਭਾਰਤ–ਅਮਰੀਕਾ ਵਪਾਰ ਸਮਝੌਤੇ ਦੇ ਵਿਰੋਧ ਵਿੱਚ ਲੱਖਾਂ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਮੁਲਾਜ਼ਮਾਂ ਅਤੇ ਛੋਟੇ ਵਪਾਰੀਆਂ ਵੱਲੋਂ ਵੱਡੇ ਪੱਧਰ 'ਤੇ ਮੋਟਰਸਾਈਕਲ ਮਾਰਚ ਕੀਤੇ ਗਏ।
ਮੋਰਚੇ ਦੇ ਆਗੂਆਂ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਚੱਲ ਰਹੀਆਂ ਵਪਾਰਕ ਗੱਲਬਾਤਾਂ ਵਿੱਚ ਜਿਸ "ਵਿਆਪਕ ਵਪਾਰ ਸਮਝੌਤੇ" (Wide-ranging Trade Agreement) ਦਾ ਜ਼ਿਕਰ ਕੀਤਾ ਜਾ ਰਿਹਾ ਹੈ, ਉਹ ਕੇਵਲ ਕੁਝ ਵਸਤੂਆਂ ਦੀ ਦਰਾਮਦ-ਬਰਾਮਦ ਤੱਕ ਸੀਮਿਤ ਨਹੀਂ, ਸਗੋਂ ਖੇਤੀਬਾੜੀ, ਡੇਅਰੀ, ਉਦਯੋਗ, ਡਿਜ਼ੀਟਲ ਵਪਾਰ, ਸੇਵਾਵਾਂ, ਬੌਧਿਕ ਸੰਪਦਾ ਅਧਿਕਾਰ, ਊਰਜਾ, ਨਿਵੇਸ਼ ਅਤੇ ਬਾਜ਼ਾਰ ਪਹੁੰਚ ਵਰਗੇ ਕਈ ਮਹੱਤਵਪੂਰਨ ਖੇਤਰਾਂ ਨੂੰ ਪ੍ਰਭਾਵਿਤ ਕਰਨ ਵਾਲਾ ਸਮਝੌਤਾ ਹੋ ਸਕਦਾ ਹੈ।
ਆਗੂਆਂ ਨੇ ਕਿਹਾ ਕਿ ਅਮਰੀਕਾ ਲੰਮੇ ਸਮੇਂ ਤੋਂ ਭਾਰਤ ਦੇ ਖੇਤੀ ਅਤੇ ਡੇਅਰੀ ਖੇਤਰ ਵਿੱਚ ਵਧੇਰੇ ਬਾਜ਼ਾਰ ਪਹੁੰਚ ਦੀ ਮੰਗ ਕਰਦਾ ਆ ਰਿਹਾ ਹੈ। ਜੇਕਰ ਖੇਤੀ ਉਤਪਾਦਾਂ, ਡੇਅਰੀ ਵਸਤੂਆਂ ਅਤੇ ਹੋਰ ਸਾਮਾਨ ਉੱਤੇ ਦਰਾਮਦੀ ਸ਼ੁਲਕ ਘਟਾਏ ਜਾਂਦੇ ਹਨ ਤਾਂ ਇਸ ਨਾਲ ਦੇਸ਼ ਦੇ ਕਿਸਾਨਾਂ, ਡੇਅਰੀ ਉਤਪਾਦਕਾਂ ਅਤੇ ਛੋਟੇ ਉਦਯੋਗਾਂ ਨੂੰ ਗੰਭੀਰ ਨੁਕਸਾਨ ਪਹੁੰਚ ਸਕਦਾ ਹੈ।
ਮੋਰਚੇ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਬੀਜ, ਦਵਾਈਆਂ ਅਤੇ ਪੇਟੈਂਟ ਨਾਲ ਸੰਬੰਧਿਤ ਨਿਯਮਾਂ ਵਿੱਚ ਤਬਦੀਲੀਆਂ ਹੋਣ ਦੀ ਸੂਰਤ ਵਿੱਚ ਬਹੁਰਾਸ਼ਟਰੀ ਕੰਪਨੀਆਂ ਦਾ ਪ੍ਰਭਾਵ ਵਧ ਸਕਦਾ ਹੈ, ਜਿਸ ਨਾਲ ਕਿਸਾਨਾਂ ਦੀ ਖੁਦਮੁਖਤਿਆਰੀ ਅਤੇ ਦੇਸ਼ ਦੀ ਖਾਦ ਸੁਰੱਖਿਆ ਉੱਤੇ ਮੰਦ ਪ੍ਰਭਾਵ ਪੈ ਸਕਦਾ ਹੈ। ਇਸੇ ਤਰ੍ਹਾਂ ਸਸਤੇ ਆਯਾਤੀ ਉਦਯੋਗਿਕ ਸਾਮਾਨ ਕਾਰਨ ਲਘੂ, ਛੋਟੇ ਅਤੇ ਦਰਮਿਆਨੇ ਉਦਯੋਗਾਂ ਅਤੇ ਛੋਟੇ ਵਪਾਰੀਆਂ ਲਈ ਵੀ ਵੱਡੀਆਂ ਚੁਣੌਤੀਆਂ ਖੜ੍ਹੀਆਂ ਹੋ ਸਕਦੀਆਂ ਹਨ।
ਆਗੂਆਂ ਨੇ ਕਿਹਾ ਕਿ ਹੁਣ ਤੱਕ ਇਸ ਸਮਝੌਤੇ ਦੇ ਪੂਰੇ ਦਸਤਾਵੇਜ਼ ਜਨਤਕ ਨਹੀਂ ਕੀਤੇ ਗਏ ਹਨ, ਜਿਸ ਕਾਰਨ ਦੇਸ਼ ਦੇ ਵੱਖ-ਵੱਖ ਵਰਗਾਂ ਵਿੱਚ ਚਿੰਤਾ ਪਾਈ ਜਾ ਰਹੀ ਹੈ। ਲੋਕਤੰਤਰਿਕ ਪ੍ਰਣਾਲੀ ਵਿੱਚ ਇੰਨੇ ਵੱਡੇ ਅਤੇ ਸੰਵੇਦਨਸ਼ੀਲ ਸਮਝੌਤੇ ਬਾਰੇ ਪੂਰੀ ਜਾਣਕਾਰੀ ਲੋਕਾਂ ਸਾਹਮਣੇ ਰੱਖੀ ਜਾਣੀ ਚਾਹੀਦੀ ਹੈ ਅਤੇ ਸੰਸਦ ਵਿੱਚ ਵਿਸਥਾਰ ਨਾਲ ਚਰਚਾ ਹੋਣੀ ਚਾਹੀਦੀ ਹੈ।
ਦੇਸ਼ ਬਚਾਓ ਮੋਰਚੇ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਭਾਰਤ ਦੇ ਕਿਸਾਨਾਂ, ਮਜ਼ਦੂਰਾਂ, ਛੋਟੇ ਵਪਾਰੀਆਂ, ਲਘੂ ਉਦਯੋਗਾਂ ਅਤੇ ਦੇਸ਼ ਦੀ ਆਰਥਿਕ ਤੇ ਖਾਦ ਸੁਰੱਖਿਆ ਦੇ ਹਿੱਤਾਂ ਦੀ ਰੱਖਿਆ ਨੂੰ ਪਹਿਲ ਦਿੱਤੀ ਜਾਵੇ ਅਤੇ ਕਿਸੇ ਵੀ ਅਜਿਹੇ ਸਮਝੌਤੇ ਨੂੰ ਲਾਗੂ ਨਾ ਕੀਤਾ ਜਾਵੇ ਜੋ ਦੇਸ਼ ਦੇ ਲੋਕਾਂ ਦੇ ਹਿੱਤਾਂ ਦੇ ਵਿਰੁੱਧ ਹੋਵੇ।
ਮੋਰਚੇ ਨੇ ਐਲਾਨ ਕੀਤਾ ਕਿ ਜੇਕਰ ਲੋਕਾਂ ਦੀਆਂ ਚਿੰਤਾਵਾਂ ਨੂੰ ਨਜ਼ਰਅੰਦਾਜ਼ ਕਰਕੇ ਇਹ ਸਮਝੌਤਾ ਅੱਗੇ ਵਧਾਇਆ ਗਿਆ ਤਾਂ ਦੇਸ਼ ਭਰ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
21 ਜੁਲਾਈ ਨੂੰ ਕਿਸਾਨ ਘਾਟ ਨਵੀਂ ਦਿੱਲੀ ਵਿਖੇ ਇੱਕ ਦਿਨ ਮਹਾਰੈਲੀ ਕੀਤੀ ਜਾਵੇਗੀ 

ਪੰਜਾਬ ਵਿੱਚ ਅੱਜ ਕਿਸਾਨ ਮਜ਼ਦੂਰ ਮੋਰਚਾ

ਐਸਕੇਐਮ ਨੋਨ ਪੋਲੀਟੀਕਲ 
ਆਜ਼ਾਦ ਕਿਸਾਨ ਮੋਰਚਾ 
ਭਾਰਤੀ ਕਿਸਾਨ ਮਜ਼ਦੂਰ ਸੰਘਰਸ਼ ਜਥੇਬੰਦੀ
ਬੀਕੇਯੂ ਬੋਕ ਸਿੰਘ ਮਾਨਸਾ ਵਾਲੀ ਨੇ ਭਾਗ ਲਿਆ

ਹਰਿਆਣਾ ਵਿੱਚ ਬੀਕੇਯੂ ਚਡੂਨੀ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਹਰਿਆਣਾ ਬੀਕੇਯੂ ਸ਼ਹੀਦ ਭਗਤ ਸਿੰਘ ਆਦਿ ਜਥੇਬੰਦੀਆਂ 

ਯੂਪੀ ਵਿੱਚ ਬੀਐਮ ਸਿੰਘ ਦੀ ਅਗਵਾਈ ਵਾਲਾ ਐਮਐਸਪੀ ਦਵਾਊ ਮੋਰਚਾ ਇਸ ਮੋਰਚੇ ਵੱਲੋਂ ਉੱਤਰਾਖੰਡ ਚ ਵੀ ਪ੍ਰੋਗਰਾਮ ਕੀਤਾ

ਹਿਮਾਚਲ ਵਿੱਚ ਹਿਮਾਚਲ ਦੀਆਂ 27 ਜਥੇਬੰਦੀਆਂ

ਰਾਜਸਥਾਨ ਵਿੱਚ ਜੀਕੇਐਸ ਅਤੇ ਰਾਜ ਸਭਾ ਤੇ ਹੋਰ ਜਥੇਬੰਦੀਆਂ ਨੇ ਮੋਟਰਸਾਈਕਲ ਮਾਰਚ ਕੀਤਾ

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.