ਖੇਤਰੀ ਸਿਆਸੀ ਤਾਕਤ ਨੂੰ ਬਚਾਉਣ ਦੀ ਲੋੜ, ਗੁਰਜੀਤ ਸਿੰਘ ਅਜ਼ਾਦ ਨੇ ਰੱਖਿਆ ਆਪਣਾ ਪੱਖ
- ਰਾਜਨੀਤੀ
- 17 Jul, 2026 05:17 PM (Asia/Kolkata)
ਖੇਤਰੀ ਸਿਆਸੀ ਤਾਕਤ ਨੂੰ ਬਚਾਉਣ ਦੀ ਲੋੜ, ਗੁਰਜੀਤ ਸਿੰਘ ਅਜ਼ਾਦ ਨੇ ਰੱਖਿਆ ਆਪਣਾ ਪੱਖ
ਲੁਧਿਆਣਾ, ਨਜ਼ਰਾਨਾ ਟਾਈਮਜ ਬਿਊਰੋ
ਸਿੱਖ ਚਿੰਤਕ ਗੁਰਜੀਤ ਸਿੰਘ ਅਜ਼ਾਦ ਨੇ 17 ਜੁਲਾਈ 2026 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਲੰਧਰ ਫੇਰੀ ਦੌਰਾਨ ਦਿੱਤੇ ਗਏ ਬਿਆਨਾਂ ਦੇ ਸੰਦਰਭ ਵਿੱਚ ਆਪਣੇ ਫੇਸਬੁੱਕ ਪੇਜ ’ਤੇ ਇੱਕ ਵਿਸਥਾਰਪੂਰਵਕ ਸਿਆਸੀ ਵਿਸ਼ਲੇਸ਼ਣ ਸਾਂਝਾ ਕੀਤਾ ਹੈ। ਉਨ੍ਹਾਂ ਦੀ ਇਸ ਪੋਸਟ ਨੇ ਪੰਜਾਬ ਦੀ ਮੌਜੂਦਾ ਅਤੇ ਭਵਿੱਖੀ ਰਾਜਨੀਤੀ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ।
ਗੁਰਜੀਤ ਸਿੰਘ ਅਜ਼ਾਦ ਨੇ ਲਿਖਿਆ ਕਿ ਪ੍ਰਧਾਨ ਮੰਤਰੀ ਦੇ ਤਾਜ਼ਾ ਬਿਆਨ ਤੋਂ ਇਹ ਸੰਕੇਤ ਮਿਲਦਾ ਹੈ ਕਿ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਚਕਾਰ ਪੁਰਾਣੇ ਗੱਠਜੋੜ ਦੀ ਮੁੜ ਬਹਾਲੀ ਦੀ ਸੰਭਾਵਨਾ ਘੱਟ ਦਿਖਾਈ ਦਿੰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਵਾਲ ਉਠਾਇਆ ਕਿ ਪ੍ਰਧਾਨ ਮੰਤਰੀ ਵੱਲੋਂ ਸ਼੍ਰੋਮਣੀ ਅਕਾਲੀ ਦਲ (ਵਾਰਸ ਪੰਜਾਬ ਦੇ) ਜਾਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦਾ ਕੋਈ ਜ਼ਿਕਰ ਨਾ ਕਰਨ ਦੇ ਕੀ ਸਿਆਸੀ ਮਾਇਨੇ ਹੋ ਸਕਦੇ ਹਨ ਅਤੇ ਕੀ ਪੰਜਾਬ ਦੀ ਅਗਲੀ ਸਿਆਸੀ ਰਣਨੀਤੀ ਵਿੱਚ ਇਨ੍ਹਾਂ ਧਿਰਾਂ ਲਈ ਕੋਈ ਭੂਮਿਕਾ ਸੋਚੀ ਜਾ ਰਹੀ ਹੈ।
ਆਪਣੀ ਪੋਸਟ ਵਿੱਚ ਉਨ੍ਹਾਂ ਨੇ ਭਾਜਪਾ ਦੀ ਰਾਜਨੀਤਿਕ ਰਣਨੀਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਈ ਰਾਜਾਂ ਵਿੱਚ ਪਹਿਲਾਂ ਖੇਤਰੀ ਪਾਰਟੀਆਂ ਨਾਲ ਸਾਂਝ ਬਣਾਈ ਗਈ ਅਤੇ ਬਾਅਦ ਵਿੱਚ ਉਹਨਾਂ ਹੀ ਪਾਰਟੀਆਂ ਦਾ ਸਿਆਸੀ ਆਧਾਰ ਕਮਜ਼ੋਰ ਹੋਇਆ। ਉਨ੍ਹਾਂ ਨੇ ਮਹਾਰਾਸ਼ਟਰ ਦੀ ਸ਼ਿਵ ਸੈਨਾ ਦੀ ਉਦਾਹਰਨ ਦਾ ਵੀ ਹਵਾਲਾ ਦਿੱਤਾ।
ਗੁਰਜੀਤ ਸਿੰਘ ਅਜ਼ਾਦ ਨੇ ਕਿਹਾ ਕਿ ਪੰਜਾਬ ਨੂੰ ਇਹ ਸੋਚਣ ਦੀ ਲੋੜ ਹੈ ਕਿ ਉਸ ਦੀ ਲੜਾਈ ਕਿਸੇ ਇੱਕ ਪਰਿਵਾਰ ਨਾਲ ਹੈ ਜਾਂ ਸੂਬੇ ਦੇ ਰਾਜਨੀਤਿਕ ਭਵਿੱਖ ਨਾਲ। ਉਨ੍ਹਾਂ ਦੇ ਅਨੁਸਾਰ ਕਿਸੇ ਨੇਤ੍ਰਿਤਵ ਦੀ ਆਲੋਚਨਾ ਅਤੇ ਜਵਾਬਦੇਹੀ ਲਾਜ਼ਮੀ ਹੈ, ਪਰ ਇਸ ਦੌਰਾਨ ਪੰਜਾਬ ਦੀ ਖੇਤਰੀ ਸਿਆਸੀ ਤਾਕਤ ਨੂੰ ਕਮਜ਼ੋਰ ਕਰਨਾ ਲੰਬੇ ਸਮੇਂ ਵਿੱਚ ਸੂਬੇ ਦੇ ਹਿੱਤਾਂ ਲਈ ਨੁਕਸਾਨਦੇਹ ਹੋ ਸਕਦਾ ਹੈ।
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੇ ਹੱਕਾਂ, ਪਾਣੀਆਂ, ਭਾਸ਼ਾ, ਪਛਾਣ ਅਤੇ ਸੰਘੀ ਢਾਂਚੇ ਵਿੱਚ ਸੂਬੇ ਦੇ ਅਧਿਕਾਰਾਂ ਦੀ ਰੱਖਿਆ ਲਈ ਇੱਕ ਮਜ਼ਬੂਤ ਖੇਤਰੀ ਸਿਆਸੀ ਤਾਕਤ ਦਾ ਮੌਜੂਦ ਰਹਿਣਾ ਜ਼ਰੂਰੀ ਹੈ। ਉਨ੍ਹਾਂ ਅਨੁਸਾਰ ਇਹ ਬਹਿਸ ਵੱਖਰੀ ਹੋ ਸਕਦੀ ਹੈ ਕਿ ਕਿਸੇ ਪਾਰਟੀ ਦੀ ਅਗਵਾਈ ਕੌਣ ਕਰੇ ਜਾਂ ਉਸ ਵਿੱਚ ਸੁਧਾਰ ਦੀ ਲੋੜ ਹੈ ਜਾਂ ਨਹੀਂ, ਪਰ ਖੇਤਰੀ ਸਿਆਸੀ ਢਾਂਚੇ ਨੂੰ ਬਰਕਰਾਰ ਰੱਖਣਾ ਪੰਜਾਬ ਦੇ ਭਵਿੱਖ ਲਈ ਮਹੱਤਵਪੂਰਨ ਹੈ।
ਆਪਣੀ ਪੋਸਟ ਦੇ ਅੰਤ ਵਿੱਚ ਗੁਰਜੀਤ ਸਿੰਘ ਅਜ਼ਾਦ ਨੇ ਕਿਹਾ ਕਿ ਲੋਕ ਉਨ੍ਹਾਂ ਦੇ ਵਿਚਾਰਾਂ ਨਾਲ ਸਹਿਮਤ ਜਾਂ ਅਸਹਿਮਤ ਹੋ ਸਕਦੇ ਹਨ, ਪਰ ਉਨ੍ਹਾਂ ਦੀ ਨਜ਼ਰ ਵਿੱਚ “ਪੰਜਾਬ ਪਹਿਲਾਂ ਹੈ, ਕੋਈ ਪਰਿਵਾਰ ਬਾਅਦ ਵਿੱਚ।” ਉਨ੍ਹਾਂ ਨੇ ਕਿਹਾ ਕਿ ਵਿਅਕਤੀਆਂ ਨਾਲੋਂ ਸੰਸਥਾਵਾਂ ਅਤੇ ਖੇਤਰੀ ਸਿਆਸੀ ਤਾਕਤਾਂ ਨੂੰ ਮਜ਼ਬੂਤ ਰੱਖਣਾ ਹੀ ਪੰਜਾਬ ਦੇ ਲੰਬੇ ਸਮੇਂ ਦੇ ਹਿੱਤ ਵਿੱਚ ਹੈ।
Leave a Reply