ਕਵੀਸ਼ਰ ਸਾਧੂ ਦਇਆ ਸਿਘ ਆਰਫ

ਕਵੀਸ਼ਰ ਸਾਧੂ ਦਇਆ ਸਿਘ ਆਰਫ

ਕਵੀਸ਼ਰ ਸਾਧੂ ਦਇਆ ਸਿਘ ਆਰਫ

ਸਾਧੂ ਦਇਆ ਸਿੰਘ ਆਰਫ ਦਾ ਜਨਮ 26 ਦਸੰਬਰ 1894 ਨੂੰ ਪਿੰਡ ਜਲਾਲਾਬਾਦ ਪੂਰਬੀ (ਤਹਿਸੀਲ ਜੀਰਾ) ਵਿਖੇ, ਮਜ਼੍ਹਬੀ ਸਿੱਖ ਪਰਿਵਾਰ ਵਿੱਚ, ਸੰਤਾ ਸਿੰਘ ਅਤੇ ਮਾਤਾ ਰਾਮਦੇਈ ਦੇ ਘਰ ਹੋਇਆ। ਉਨ੍ਹਾਂ ਦੇ ਵਡੇਰੇ ਪਿੰਡ ਖਾਜਾ ਖੜਕ (ਜ਼ਿਲਾ ਫਿਰੋਜ਼ਪੁਰ) ਤੋਂ ਸਨ, ਪਰ ਉਨ੍ਹਾਂ ਦੇ ਦਾਦਾ ਭੂਪ ਸਿੰਘ 1857 ਦੇ ਆਸਪਾਸ ਜਲਾਲਾਬਾਦ ਆ ਵੱਸੇ ਸਨ। ਦਇਆ ਸਿੰਘ ਦੀ ਗਿਆਨ ਪ੍ਰਾਪਤੀ ਦੀ ਪਿਆਸ ਏਨੀ ਪ੍ਰਬਲ ਸੀ, ਕਿ ਘਾਹ ਖੋਤ ਕੇ ਵੇਚਿਆ, ਤੇ ਪ੍ਰਾਪਤ ਹੋਏ ਪੈਸਿਆਂ ਨਾਲ, ਮੋਗੇ ਤੋਂ ਬਾਲ ਉਪਦੇਸ਼ ਕਾਇਦਾ ਖਰੀਦ ਲਿਆ, ਤੇ ਪੜ੍ਹਾਈ ਸ਼ੁਰੂ ਕਰ ਦਿੱਤੀ।

ਸਾਧੂ ਦਇਆ ਸਿੰਘ ਨੇ ਆਪਣੇ ਨੌਜਵਾਨੀ ਦੇ ਦਿਨਾਂ ਵਿੱਚ ਹੀ ਘਰ ਛੱਡ ਦਿੱਤਾ ਅਤੇ ਪਿੰਡ ਦੇ ਬਾਹਰ ਇਕਾਂਤ ਵਿੱਚ ਕੁੱਲੀ ਪਾ ਲਈ, ਜਿੱਥੇ ਉਹ ਗ੍ਰੰਥਾਂ ਦੇ ਅਧਿਐਨ ਵਿੱਚ ਲੀਨ ਰਹਿਣ ਲੱਗੇ। ਇੱਥੋਂ ਹੀ ਉਹ ਲੋਕਾਂ ਦੀ ਨਜ਼ਰ ਵਿੱਚ "ਸਾਧੂ ਦਇਆ ਸਿੰਘ" ਵਜੋਂ ਪ੍ਰਸਿੱਧ ਹੋਏ। ਉਨ੍ਹਾਂ ਨੇ ਬਾਬਾ ਹਰੀ ਸਿੰਘ ਤੋਂ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲਈ, ਤੇ ਮੌਲਵੀ ਇਬਰਾਹੀਮ ਤੋਂ ਉਰਦੂ, ਸੁੰਦਰ ਸਿੰਘ ਪਟਵਾਰੀ ਤੋਂ ਫਾਰਸੀ, ਖ਼ਾਫੀ ਖਾਨ ਫਕੀਰ ਤੋਂ ਅਰਬੀ, ਅਤੇ ਇਸਲਾਮਿਕ ਧਾਰਮਿਕ ਵਿੱਦਿਆ ਪੜੀ, ਫਿਰ ਬਾਬਾ ਸਾਵਣ ਦਾਸ ਤੋਂ ਸੰਸਕ੍ਰਿਤ ਅਤੇ ਉਨ੍ਹਾਂ ਦੇ ਭਰਾ ਪ੍ਰਭਾਤੀ ਦਾਸ ਤੋਂ ਵੇਦਾਂ ਦਾ ਗਿਆਨ ਪ੍ਰਾਪਤ ਕੀਤਾ। ਇਸ ਵਿਦਿਆਰਥੀ ਜਿਗਿਆਸਾ ਨੇ, ਉਨ੍ਹਾਂ ਨੂੰ ਕਈ ਭਾਸ਼ਾਵਾਂ, ਅਤੇ ਧਰਮਾਂ ਦਾ ਅਧਿਐਨ ਕਰਵਾਇਆ। ਇਸ ਗਹਿਰੇ ਧਾਰਮਿਕ ਅਤੇ ਬੌਧਿਕ ਅਧਿਐਨ ਮਗਰੋਂ ਆਰਫ ਨੇ ਕਲਮ ਸੰਭਾਲੀ। ਤੇ ਫਿਰ ਕਵਿਤਾ ਦਾ ਜਨਮ ਦਾਤਾ ਬਣ ਗਿਆ| ਉਨ੍ਹਾਂ ਦੀਆਂ ਕਾਵਿ ਰਚਨਾਵਾਂ ਵਿੱਚ ਨਾ ਕੇਵਲ ਦਾਰਸ਼ਨਿਕ ਚਿੰਤਨ ਹੈ, ਬਲਕਿ ਜੀਵਨ ਦੀ ਨਾਸ਼ ਵਾਨਤਾ, ਮੌਤ ਦੀ ਸੱਚਾਈ ਅਤੇ ਮਨੁੱਖੀ ਜੀਵਨ ਦੇ ਭਾਵਨਾਤਮਕ ਤਰੰਗ ਦਾ ਵੀ ਚਿਤ੍ਰਨ ਹਨ। ਆਰਫ ਜੀ ਨੇ ਫ਼ਨਾਹ ਦਾ ਮੁਕਾਮ (1915),ਜਿੰਦਗੀ ਬਿਲਾਸ (1916) ਸਪੁੱਤਰ ਬਿਲਾਸ (1922),ਸ਼ਹੀਦੀ ਨਜ਼ਾਰਾ, ਮੱਸਿਆ ਇਸ਼ਨਾਨ, ਜਮਾਨੇ ਦਾ ਹਾਲ, ਇਹ ਗ੍ਰੰਥ ਰਚੇ| ਆਰਫ ਦੇ ਕਈ ਹੋਰ ਗ੍ਰੰਥ ਅਣਛਪੇ ਰਹਿ ਗਏ, ਜਿਨ੍ਹਾਂ ਵਿੱਚ ਗੁਰੂ ਨਾਨਕ ਦੇਵ ਜੀ ਦਾ ਅਵਤਾਰ, ਭਾਈ ਭਗਤੂ, ਇਨਕਲਾਬੀ ਗੁਰੂ ਗੋਬਿੰਦ ਸਿੰਘ, ਬਾਬਾ ਧੀਰ ਸਿੰਘ, ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ ਆਦਿ। ਆਰਫ ਦੀ ਕਵਿਤਾ ਵਿੱਚ ਮਨੋਰੰਜਨ ਨਹੀਂ, ਬਲਕਿ ਬੌਧਿਕ ਤੇ ਅਧਿਆਤਮਿਕ ਸੰਤੁਸ਼ਟੀ ਦੇ ਪ੍ਰਕਾਸ਼ ਦੀ ਲਹਿਰ ਹੈ। ਉਹ ਅਜਿਹੇ ਕਵੀਸ਼ਰ ਸਨ ਜਿਨ੍ਹਾਂ ਦੀ ਕਵਿਤਾ ਇਤਿਹਾਸ, ਦਾਰਸ਼ਨਿਕਤਾ ਅਤੇ ਸਮਾਜਿਕ ਚਿੰਤਨ ਦੀ ਤ੍ਰਿਬੇਣੀ ਸੀ। ਸਾਧੂ ਦਇਆ ਸਿੰਘ ਨੇ ਆਪਣਾ ਕਵੀਸ਼ਰੀ ਜੱਥਾ ਵੀ ਤਿਆਰ ਕੀਤਾ, ਜਿਸ ਵਿੱਚ ਉਨ੍ਹਾਂ ਦੇ ਪੁੱਤਰ ਕੁਲਤਾਰ ਸਿੰਘ, ਹਰਦੇਵ ਸਿੰਘ, ਰੱਲਾ ਸਿੰਘ, ਭਤੀਜਾ ਗੁਰਚਰਨ ਸਿੰਘ, ਅਤੇ ਅਜੈਬ ਸਿੰਘ ਸ਼ਾਮਲ ਰਹੇ। ਉਨ੍ਹਾਂ ਦੇ ਸਪੁੱਤਰ ਕੁਲਤਾਰ ਸਿੰਘ ਦੀ 'ਕੋਦਰੇ ਦੀ ਰੋਟੀ' ਰਚਨਾ ਬਹੁਤ ਪ੍ਰਸਿੱਧ ਹੋਈ, ਕੁਲਤਾਰ ਸਿੰਘ ਬਹੁਤ ਗੁਣੀ ਸਰੰਗੀ ਵਾਦਕ, ਕਵੀਸ਼ਰ ਅਤੇ ਰਾਜਨੀਤਕ ਵਿਅਕਤੀ ਵਜੋਂ ਜਾਣਿਆ ਗਿਆ । ਉਨ੍ਹਾਂ ਨੇ 1962 ਤੋਂ 1967 ਤੱਕ ਪੰਜਾਬ ਵਿਧਾਨ ਸਭਾ ਦੇ ਮੈਂਬਰ ਵਜੋਂ ਸੇਵਾ ਨਿਭਾਈ। ਦੂਜੇ ਪੁੱਤਰ ਹਰਦੇਵ ਸਿੰਘ ਢਾਡੀ ਸਨ ਅਤੇ ਪੁੱਤਰੀ ਰਣਜੀਤ ਕੌਰ ਰਾਜਨੀਤਕ ਖੇਤਰ ਵਿੱਚ ਸਰਗਰਮ ਰਹੀ। ਸਾਧੂ ਦਇਆ ਸਿੰਘ ਆਰਫ ਦੇ, ਸ਼ਗਿਰਦਾਂ ਵਿੱਚ, ਧੰਨਾ ਸਿੰਘ ਗੁਲਸ਼ਨ, ਰੱਲਾ ਸਿੰਘ ਜਲਾਲਾਬਾਦੀ, ਗੇਦਾ ਸਿੰਘ ਜਗਰਾਉਂ, ਕਾਮਲ ਸਿੰਘ ਗਾਂਡੀਆ ਨੇ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ। ਸਾਧੂ ਦਇਆ ਸਿੰਘ ਆਰਫ ਨੇ 6 ਅਗਸਤ 1946 ਨੂੰ ਜਲਾਲਾਬਾਦ ਪੂਰਬੀ ਵਿਖੇ ਆਪਣੇ ਨਾਸ਼ਵਾਨ ਜ਼ਿੰਦਗੀ ਨੂੰ ਅਲਵਿਦਾ ਆਖਿਆ। ਭਾਵੇਂ ਉਹ ਸਰੀਰ ਕਰਕੇ ਦੁਨੀਆ ਤੇ ਨਹੀਂ, ਪਰ ਉਨ੍ਹਾਂ ਦੀ ਰਚਨਾ ਅਤੇ ਅਧਿਆਤਮਿਕ ਵਿਰਾਸਤ ਸਦੀਵੀ ਅਮਰ ਰਹੇਗੀ।


                   ਸ਼੍ਰੋਮਣੀ ਕਵੀਸ਼ਰ ਅਮਰਜੀਤ ਸਿੰਘ ਸਭਰਾ

                              +919815699137