1984 ਦਾ ਘੱਲੂਘਾਰਾ ਅਤੇ ਖਾਲਿਸਤਾਨ ਦਾ ਸੰਘਰਸ਼
- ਗੁਰਬਾਣੀ-ਇਤਿਹਾਸ
- 28 Apr, 2026 06:27 PM (Asia/Kolkata)
ਜੂਨ 1984 ਦੇ ਨੀਲਾ ਤਾਰਾ ਅਪਰੇਸ਼ਨ ਤੀਜੇ ਘੱਲੂਘਾਰੇ ਤੇ ਹਿੰਦੋਸਤਾਨ ਦੀ ਜਾਲਮ ਨਿਰਦਈ ਅਤੇ ਅੱਤਵਾਦੀ ਹਕੂਮਤ ਵਲੋਂ ਦੇਸ਼ ਪੰਜਾਬ ਦੀ ਰਾਜਧਾਨੀ ਅਤੇ ਸਿੱਖਾਂ ਅਤੇ ਸਿੱਖੂ ਦੇ ਕੇਦਰੀਂ ਅਸਥਾਨ ਸਾਹਿਬ ਸ੍ਰੀ ਦਰਬਾਰ ਸਾਹਿਬ ਸਮੇਤ ਪੰਜਾਬ ਅਤੇ ਨਾਲ ਦੇ ਰਾਜਾਂ ਦੇ ਸੱਤਰ ਹੋਰ ਗੁਰਦੁਆਰਿਆਂ ਉੱਤੇ ਫੌਜੀ ਹਮਲੇ ਕਰਕੇ ਲੱਖਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਨ ਅਤੇ ਗੁਰਦੁਆਰਿਆਂ ਨੂੰ ਟੈਂਕਾਂ ਤੋਪਾਂ ਨਾਲ ਨੇਸਤੋਨਾਬੂਦ ਕਰਨ ਨਾਲ ਪੂਰੀ ਦੁਨੀਆਂ ਦੇ ਵਿੱਚ ਵਸਦੀ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਗਏ ਸਨ ਦਿਲ ਪਾਟ ਗਏ ਸਨ ਅਤੇ ਪੂਰੀ ਦੀ ਪੂਰੀ ਸਿੱਖ ਕੌਮ ਦੀ ਮਨੋਦਸ਼ਾ ਸੋਚਣੀ ਅਤੇ ਸਮਝਣੀ ਹੀ ਬਦਲ ਗਈ ਸੀ । ਗੁਰੂਆਂ ਦਾ ਵਸਾਇਆ ਹੋਇਆ ਸ਼ਹਿਰ ਗੁਰੂਆਂ ਵਲੋਂ ਬਣਾਏ ਗਏ ਸ੍ਰੀ ਦਰਬਾਰ ਸਾਹਿਬ ਜੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੋਵੇਂ ਹੀ ਸਿੱਖਾਂ ਦੇ ਦਿਲ ਦਿਮਾਗ਼ ਅਤੇ ਸਭ ਕੁੱਝ ਹੀ ਹਨ । ਸ੍ਰੀ ਦਰਬਾਰ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਸਿੱਖਾਂ ਦਾ ਕੇਂਦਰੀ ਅਸਥਾਨ ਹੈ ਅਤੇ ਸਿੱਖੀ ਦਾ ਧੁਰਾ ਵੀ ਹੈ । ਜਿਸ ਤਰ੍ਹਾਂ ਧੁਰੇ ਦੇ ਦੁਆਲੇ ਹੀ ਸਾਰੀ ਚੀਜ਼ ਘੁੰਮਦੀ ਹੁੰਦੀ ਹੈ ਇਸੇ ਤਰ੍ਹਾਂ ਸਿੱਖੀ ਵੀ ਸ੍ਰੀ ਦਰਬਾਰ ਸਾਹਿਬ ਜੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਦੁਆਲੇ ਹੀ ਘੁੰਮਦੀ ਸੀ ਘੁੰਮਦੀ ਹੈ ਅਤੇ ਘੁੰਮਦੀ ਹੀ ਰਹੇਗੀ । ਜਿਸ ਅਸਥਾਨ ਉੱਤੇ ਚੌਵੀ ਘੰਟੇ ਨਾਮ ਬਾਣੀ ਦਾ ਪਰਵਾਹ ਚੱਲਦਾ ਹੋਵੇ ਜਿੱਥੇ ਦੁਨੀਆਂ ਦਾ ਕੋਈ ਵੀ ਇਨਸਾਨ ਆ ਕੇ ਮੱਥਾ ਟੇਕ ਸਕਦਾ ਹੋਵੇ ਲੰਗਰ ਛਕ ਸਕਦਾ ਹੋਵੇ ਇਸ਼ਨਾਨ ਕਰ ਸਕਦਾ ਹੋਵੇ ਜਿੱਥੋਂ ਪਿੰਗਲੇ ਕੋਹੜੇ ਗੂੰਗੇ ਅਪਾਹਜ ਵੀ ਰਾਜੀ ਹੋ ਹੋ ਕੇ ਜਾਂਦੇ ਹੋਣ ਆਖਰਕਾਰ ਭਾਰਤੂੀ ਸਰਕਾਰਾਂ ਦਾ ਓਸ ਅਸਥਾਨ ਨਾਲ ਏਡਾ ਵੱਡਾ ਕੀ ਵੈਰ ਸੀ ਕਿ ਇੱਕ ਨਿੱਕਾ ਜਿਹਾ ਬਹਾਨਾ ਲਗਾ ਕਿ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਅਤੇ ਉੱਹਨਾਂ ਦੇ ਸਾਥੀਆਂ ਨੂੰ ਫੜਨ ਲਈ ਟੈਂਕਾਂ ਤੋਪਾਂ ਮਾਰਟਰ ਗੰਨਾਂ ਅਤੇ ਹੈਲੀਕਾਪਟਰਾਂ ਦੇ ਨਾਲ ਹਮਲਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਖੰਡਰ ਹੀ ਬਣਾ ਦੇਣਾ ਸ੍ਰੀ ਦਰਬਾਰ ਸਾਹਿਬ ਜੀ ਦੀ ਇਮਾਰਤ ਵਿੱਚ ਤਿੰਨ ਸੌ ਤੋਂ ਵੱਧ ਗੋਲੀਆਂ ਮਾਰਨੀਆਂ ਅਤੇ ਨਿਰਦੋਸ਼ ਸਿੱਖ ਬੱਚੇ ਬੱਚੀਆਂ ਨੋਜਵਾਨਾਂ ਬਜ਼ੁਰਗਾਂ ਧੀਆਂ ਭੈਣਾਂ ਮਾਤਵਾਂ ਨੂੰ ਗੋਲੀਆਂ ਮਾਰ ਮਾਰ ਕੇ ਮਾਰ ਦੇਣਾ ਇਹ ਕਿੱਥੇ ਦੀ ਬਹਾਦਰੀ ਸੀ । ਖੈਰ ਜੂਨ 1984 ਦੇ ਤੀਜੇ ਅਤੇ ਸਭ ਤੋਂ ਵੱਡੇ ਘੱਲੂਘਾਰੇ ਤੋਂ ਬਾਅਦ ਨਿਰਾਸ਼ਾ ਵਿੱਚ ਗਈ ਹੋਈ ਸਿੱਖ ਕੌਮ ਨੂੰ ਦੁਬਾਰਾ ਚੜ੍ਹਦੀ ਵਿੱਚ ਲਿਆਉਣਾ ਬਹੁਤ ਹੀ ਜਰੂਰੀ ਸੀ । 1984 ਤੋਂ ਪਹਿਲਾਂ ਦੇ ਅਤੇ ਬਾਅਦ ਦੇ ਸਾਰੇ ਤਾਂ ਨਹੀਂ ਪਰ ਕਈ ਵਰਤਾਰੇ ਦਾਸ ਹਰਪ੍ਰੀਤ ਸਿੰਘ ਪੰਮਾ ਨੇ ਅੱਖੀਂ ਵੇਖੇ ਅਤੇ ਕੰਨੀਂ ਸੁਣੇ ਹੋਏ ਹਨ । ਭਾਵੇਂ ਕਿ ਉੱਮਰ ਉੱਸ ਵੇਲੇ ਛੋਟੀ ਸੀ ਪਰ ਸਾਰਾ ਕੁੱਝ ਹੀ ਦਿਲ ਅਤੇ ਦਿਮਾਗ਼ ਵਿੱਚ ਪੱਕਾ ਹੀ ਫਿੱਟ ਹੋ ਕੇ ਰਹਿ ਗਿਆ ਸੀ । ਅਮਰ ਸ਼ਹੀਦ ਭਾਈ ਮਨਵੀਰ ਸਿੰਘ ਜੀ ਚਹੇੜੂ ਉੱਰਫ ਜਨਰਲ ਹਰੀ ਸਿੰਘ ਮੁੱਖੀ ਖਾਲਿਸਤਾਨ ਕਮਾਂਡੋ ਫੋਰਸ ਜੋ ਕਿ ਦਮਦਮੀ ਟਕਸਾਲ ਦੇ ਮੁੱਖੀ ਸਿੰਘਾਂ ਵਿੱਚੋਂ ਵੀ ਇੱਕ ਸਨ ਜੋ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਸਮੇਂ ਬਾਹਰ ਹੋਣ ਕਰਕੇ ਬਚ ਗਏ ਸਨ ਉੱਹਨਾਂ ਨੇ ਦਿਨ ਰਾਤ ਇੱਕ ਕਰਕੇ ਸਾਈਕਲ ਸਕੂਟਰ ਮੋਟਰਸਾਈਕਲ ਕਾਰ ਜੀਪ ਟਰੱਕ ਵਿੱਚ ਜੋ ਵੀ ਸਾਧਨ ਮਿਲਿਆ ਉੱਸਦੀ ਵਰਤੋਂ ਕਰਕੇ ਪੂਰੇ ਪੰਜਾਬ ਦੇ ਸਿੱਖ ਲੀਡਰਾਂ ਨਾਲ ਰਾਬਤਾ ਕਰਕੇ ਸਿੱਖ ਕੌਮ ਨੂੰ ਦੁਬਾਰਾ ਲਾਮਬੰਦ ਕੀਤਾ ਹੋ ਸਕਦਾ ਹੈ ਕਿ ਏਸ ਕਾਰਜ ਵਿੱਚ ਹੋਰ ਸਿੰਘਾਂ ਦਾ ਵੀ ਯੋਗਦਾਨ ਹੋਵੇ ਪਰ ਭਾਈ ਮਨਵੀਰ ਸਿੰਘ ਜੀ ਚਹੇੜੂ ਨੂੰ ਤਾਂ ਅਸੀਂ ਆਪਣੀਆਂ ਅੱਖਾਂ ਨਾਲ ਨੱਠ ਭਜਾਈ ਕਰਦਿਆਂ ਨੂੰ ਵੇਖਿਆ ਹੋਇਆ ਹੈ । ਪੂਰੀ ਮਿਹਨਤ ਕਰਕੇ ਸਭ ਤੋਂ ਪਹਿਲਾਂ ਦਮਦਮੀ ਟਕਸਾਲ ਦੇ ਹੈਡਕਵਾਟਰ ਸ੍ਰੀ ਮਹਿਤਾ ਸਾਹਿਬ ਵਿਖੇ ਇੱਕ ਕਨਵੈਨਸ਼ਨ ਇੱਕ ਗੁਰਮਤਿ ਸਮਾਗਮ ਰੱਖ ਕੇ ਪੂਰੀ ਸਿੱਖ ਕੌਮ ਅਤੇ ਸਿੱਖ ਲੀਡਰਸ਼ਿਪ ਨੂੰ ਉੱਥੇ ਪਹੁੰਚਣ ਲਈ ਸੱਦਾ ਦਿੱਤਾ ਗਿਆ । ਉੱਸ ਗੁਰਮਤਿ ਸਮਾਗਮ ਵਿੱਚ ਦਾਸ ਖੁਦ ਵੀ ਸਰੀਰਕ ਰੂਪ ਵਿੱਚ ਹਾਜ਼ਰ ਸੀ । ਉੱਸ ਗੁਰਮਤਿ ਸਮਾਗਮ ਨਾਲ ਦੁਨੀਆਂ ਭਰ ਵਿੱਚ ਵਸਦੀ ਕੌਮ ਵਿੱਚ ਦੁਬਾਰਾ ਥੋੜੀ ਊਰਜਾ ਆਈ । ਸਾਰੇ ਓਸ ਸਮੇਂ ਦੇ ਸਿੱਖ ਨੇਤਾਵਾਂ ਨੇ ਚੜ੍ਹਦੀ ਕਲਾ ਵਾਲੇ ਵਿਚਾਰ ਦਿੱਤੇ । 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ ਅਤੇ ਸਾਰੇ ਹੋਏ ਨੁਕਸਾਨ ਦਾ ਅਫਸੋਸ ਵੀ ਕੀਤਾ ਗਿਆ । ਉੱਸ ਸਮਾਗਮ ਤੋਂ ਬਾਅਦ ਹੀ ਇਹ ਫੈਸਲਾ ਲੈ ਲਿਆ ਗਿਆ ਕਿ ਅਗਲਾ ਪਰੋਗਰਾਮ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਨਮੁਖ ਕਰਵਾਇਆ ਜਾਵੇਗਾ, ਤਾਰੀਕ ਰੱਖ ਕੇ ਸੰਗਤਾਂ ਨੂੰ ਸੱਦੇ ਘਲਾ ਦਿੱਤੇ ਗਏ ਸਨ । ਅਗਲਾ ਸਮਾਗਮ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਸਨਮੁੱਖ ਵਾਲਾ ਵੀ ਚੜ੍ਹਦੀ ਕਲਾ ਵਿੱਚ ਹੋਇਆ ਅਤੇ ਦਾਸ ਇਹ ਲਿਖਾਰੀ ਉੱਥੇ ਵੀ ਹਾਜ਼ਰ ਸੀ ਅਤੇ ਓਸ ਸਮੇਂ ਉੱਮਰ ਸੀ ਸਿਰਫ ਸਤਾਰਾਂ ਸਾਲਾਂ ਦੀ ਅਤੇ ਸਾਰੇ ਸਿੰਘਾਂ ਨਾਲ ਵਾਕਫੀਅਤ ਵੀ ਬਣੀ ਹੋਈ ਸੀ । ਓਸ ਸਮਾਗਮ ਵਿੱਚ ਹੀ ਸਰਕਾਰੀ ਨਿਹੰਗ ਵਲੋਂ ਤਿਆਰ ਕਰਵਾਈ ਗਈ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਇਮਾਰਤ ਨੂੰ ਵੀ ਰੱਦ ਕਰ ਦਿੱਤਾ ਗਿਆ ਸੀ ਉੱਸੇ ਦਿਨ ਹੀ ਪੰਜ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਵਲੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਕਾਰ ਵਲੋਂ ਬਣਾਈ ਗਈ ਇਮਾਰਤ ਨੂੰ ਹਥੌੜਿਆਂ ਦੇ ਨਾਲ ਢਾਹੁਣ ਦੀ ਸ਼ੁਰੂਆਤ ਕਰ ਦਿੱਤੀ ਗਈ ਸੀ ਅਤੇ ਸੰਗਤ ਦੇ ਦਸਵੰਧ ਨਾਲ ਜੋ ਅੱਜ ਵਾਲੀ ਇਮਾਰਤ ਹੈ ਉੱਹ ਤਿਆਰ ਕਰਵਾਈ ਗਈ ਸੀ। ਹੁਣ ਅਗਲਾ ਕਾਰਜ ਸੀ ਸ੍ਰੀ ਦਰਬਾਰ ਸਾਹਿਬ ਜੀ ਉੱਪਰ ਹੋਏ ਹਮਲੇ ਦਾ ਬਦਲਾ ਲੈਣਾ ਅਤੇ ਸਿੱਖ ਕੌਮ ਨੂੰ ਆਪਣਾ ਰਾਜਸੀ ਨਿਸ਼ਾਨਾ ਸਪੱਸ਼ਟ ਕਰਵਾਉਣਾ ਸੀ । ਇਸ ਕਾਰਜ ਲਈ 29 ਅਪ੍ਰੈਲ 1986 ਦਾ ਦਿਨ ਚੁਣਿਆ ਗਿਆ, ਦੁਨੀਆਂ ਭਰ ਵਿੱਚ ਵਸਦੀ ਸਿੱਖ ਕੌਮ ਨੂੰ ਸੱਦੇ ਭੇਜ ਦਿੱਤੇ ਗਏ ਸਨ । ਕੌਮ ਦੀ ਅਗਵਾਈ ਕਰਨ ਲਈ ਪੰਜ ਮੈਂਬਰੀ ਪੰਥਕ ਕਮੇਟੀ ਗਠਿਤ ਕਰ ਦਿੱਤੀ ਗਈ ਸੀ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ ਭਾਈ ਅਰੂੜ ਸਿੰਘ ਜੀ ਆਦਿ ਆਦਿ ਪੰਜ ਸਿੰਘ ਪੰਥਕ ਕਮੇਟੀ ਦੇ ਮੈਂਬਰ ਸਨ । 29 ਅਪ੍ਰੈਲ 1986 ਨੂੰ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਤਿੱਲ ਸੁੱਟਣ ਲਈ ਵੀ ਜਗਾਹ ਨਹੀਂ ਸੀ । ਕੇਸਰੀ ਦਸਤਾਰਾਂ ਦਾ ਮਾਨੋ ਕਿ ਹੜ੍ਹ ਹੀ ਆਇਆ ਹੋਇਆ ਸੀ । ਲੇਖਕ ਹਰਪ੍ਰੀਤ ਸਿੰਘ ਪੰਮਾ ਫੇਰ ਉੱਥੇ ਵੀ ਹਾਜ਼ਰ ਸੀ , ਬਿਲਕੁੱਲ ਸ੍ਰੀ ਅਕਾਲ ਤਖਤ ਜੀ ਦੇ ਸਨਮੁੱਖ ਖੱਬੇ ਹੱਥ ਮੀਰੀ ਅਤੇ ਪੀਰੀ ਵਾਲੇ ਨਿਸ਼ਾਨ ਸਾਹਿਬਾਂ ਦੇ ਨਜ਼ਦੀਕ ਹੀ ਸਟੇਜ ਲੱਗੀ ਹੋਈ ਸੀ , ਹਰ ਸਿੱਖ ਦੀ ਨਿਗਾਹ ਓਸ ਸਟੇਜ ਵੱਲ ਨੂੰ ਹੀ ਸੀ ਕਿ ਅੱਜ ਖਾਸ ਕੀ ਐਲਾਨ ਹੋਣਗੇ । ਦਮਦਮੀ ਟਕਸਾਲ ਦੇ ਬਹੁਤ ਹੀ ਖਾਸ ਸਿੰਘ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ ਸਟੇਜ ਸਕੱਤਰ ਦੀ ਸੇਵਾ ਨਿਭਾ ਰਹੇ ਸਨ । ਸਾਰੇ ਹੀ ਪੰਜਾਬ ਦੇ ਅਤੇ ਬਾਹਰ ਦੇ ਪੰਥਕ ਬੁਲਾਰਿਆਂ ਦੇ ਬੋਲਣ ਤੋਂ ਬਾਅਦ ਪੰਜ ਮੈਂਬਰੀ ਪੰਥਕ ਕਮੇਟੀ ਦੇ ਸਿੰਘਾਂ ਨੇ ਸਟੇਜ ਉੱਤੇ ਦਸਤਕ ਦਿੱਤੀ ਅਤੇ ਬਾਬਾ ਗੁਰਬਚਨ ਸਿੰਘ ਜੀ ਸਾਰੇ ਮਤੇ ਪੜ੍ਹ ਕੇ ਸੰਗਤਾਂ ਨੂੰ ਸੁਣਾਏ ਅਤੇ ਪੂਰੀ ਦੁਨੀਆਂ ਵਿੱਚ ਵਸਦੀ ਸਿੱਖ ਕੌਮ ਨੂੰ ਪੂਰੀ ਦੁਨੀਆਂ ਦੇ ਦੇਸ਼ਾਂ ਨੂੰ ਅਤੇ ਯੂ ਅਨ ਓ ਨੂੰ ਵੀ ਇਹ ਸਾਫ ਅਤੇ ਸਪੱਸ਼ਟ ਸੁਨੇਹਾ ਦਿੱਤਾ ਗਿਆ ਕਿ ਅੱਜ 29 ਅਪ੍ਰੈਲ 1986 ਤੋਂ ਸਿੱਖਾਂ ਦਾ ਰਾਜਸੀ ਨਿਸ਼ਾਨਾ ਸਿਰਫ ਅਤੇ ਸਿਰਫ ਖਾਲਿਸਤਾਨ ਹੀ ਹੈ , ਅੱਜ ਤੋਂ ਹਿੰਦੋਸਤਾਨ ਭਾਰਤ ਇੰਡੀਆ ਨਾਲ ਸਾਡਾ ਕੋਈ ਵੀ ਵਾਹ ਵਾਸਤਾ ਨਹੀਂ ਹੈ । ਸਾਡੀ ਹਿੰਦੋਸਤਾਨ ਨਾਲ ਲਕੀਰ ਇੱਕ ਜੂਨ 1984 ਨੂੰ ਹੀ ਖਿੱਚੀ ਗਈ ਸੀ । ਸੰਗਤਾਂ ਨੇ ਦੁਨੀਆਂ ਭਰ ਵਿੱਚੋਂ ਆਏ ਹੋਏ ਸਿੱਖਾਂ ਜੈਕਾਰਿਆਂ ਦੀ ਗੂੰਜ ਨਾਲ ਆਸਮਾਨ ਵੀ ਕੰਬਾ ਦਿੱਤਾ ਸੀ ਅਤੇ ਪਾਸ ਕੀਤੇ ਗਏ ਸਾਰੇ ਮਤਿਆਂ ਨੂੰ ਪ੍ਰਵਾਨਗੀ ਵੀ ਦੇ ਦਿੱਤੀ ਗਈ ਸੀ । ਭਾਰਤ ਸਮੇਤ ਦੁਨੀਆਂ ਭਰ ਦੀਆਂ ਅਖਬਾਰਾਂ ਰੇਡੀਓ ਟੈਲੀਵੀਜ਼ਨਾਂ ਉੱਪਰ ਇਹ ਖਬਰਾਂ ਕਈ ਦਿਨਾਂ ਤੱਕ ਚੱਲਦੀਆਂ ਰਹੀਆਂ ਸਨ । 29 ਅਪ੍ਰੈਲ 1986 ਦੇ ਖਾਲਿਸਤਾਨ ਦੇ ਐਲਾਨਨਾਵੇਂ ਤੋਂ ਬਾਅਦ ਜੰਗ ਹਿੰਦ ਪੰਜਾਬ ਦਾ ਸ਼ੁਰੂ ਹੋ ਗਿਆ ਸੀ । ਹਥਿਆਰਬੰਦ ਖਾੜਕੂ ਸੰਘਰਸ਼ ਪੂਰੇ ਪੀਕ ਉੱਪਰ ਚਲਾ ਗਿਆ ਸੀ । ਖਾਲਿਸਤਾਨੀ ਕਮਾਂਡੋ ਫੋਰਸਾਂ ਨੇ ਰਣ ਤੱਤੇ ਵਿੱਚ ਆਪਣੇ ਆਪਣੇ ਜੌਹਰ ਵਿਖਾਉਣੇ ਸ਼ੁਰੂ ਕਰ ਦਿੱਤੇ ਸਨ ਅਤੇ ਦੁਨੀਆਂ ਦੀ ਚੌਥੀ ਪਾਵਰ ਮੰਨੀ ਜਾਂਦੀ ਹਿੰਦ ਹਕੂਮਤ ਨੂੰ ਵਾਹਣੇ ਵਾਹਣ ਪਾ ਦਿੱਤਾ ਸੀ ਅਤੇ ਖਾੜਕੂ ਸਿੰਘਾਂ ਨੇ ਹਿੰਦੋਸਤਾਨ ਦੇ ਕਹਿੰਦੇ ਕਹਾਉਂਦੇ ਕਈ ਥੰਮ ਮਾਰ ਗਿਰਾਏ ਸਨ । ਭਾਰਤ ਸਰਕਾਰ ਨੇ ਭਾਵੇਂ ਆਪਣੀ ਪੂਰੀ ਦੀ ਪੂਰੀ ਤਾਕਤ ਝੋਕ ਕੇ ਖਾੜਕੂ ਹਥਿਆਰਬੰਦ ਸੰਘਰਸ਼ ਨੂੰ ਤਾਂ ਖਤਮ ਕਰ ਦਿੱਤਾ ਸੀ ਪਰ ਹਿੰਦ ਹਕੂਮਤ ਖਾਲਿਸਤਾਨ ਦੀ ਲਹਿਰ ਨੂੰ ਖਤਮ ਕਰ ਸਕੀ ਸੀ ।ਅੱਜ ਪੂਰੇ ਚਾਲੀ ਸਾਲਾਂ ਬਾਅਦ ਸਿੱਖ ਕੌਮ ਇਹ ਮਾਣ ਮਹਿਸੂਸ ਕਰ ਸਕਦੀ ਹੈ ਕਿ ਸਿੱਖਾਂ ਨੇ ਖਾਲਿਸਤਾਨ ਦੀ ਲਹਿਰ ਨੂੰ ਇੱਕ ਅੰਤਰਰਾਸ਼ਟਰੀ ਲਹਿਰ ਬਣਾ ਦਿੱਤਾ ਹੈ । ਅੱਜ ਦੁਨੀਆਂ ਭਰ ਦੇ ਅਤੇ ਖਾਸ ਕਰਕੇ ਪੱਛਮੀ ਦੇਸ਼ਾਂ ਵਿੱਚ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈ ਰਹੀਆਂ ਹਨ, ਮੁਜ਼ਾਹਰੇ ਹੋ ਰਹੇ ਹਨ ਜਿਹਨਾਂ ਨੇ ਭਾਰਤ ਦੀਆਂ ਸਰਕਾਰਾਂ ਅਤੇ ਏਜੰਸੀਆਂ ਦੀ ਨੀਂਦ ਹਰਾਮ ਕੀਤੀ ਹੋਈ ਹੈ । ਅੱਜ ਦੁਨੀਆਂ ਦੇ ਕਈ ਦੇਸ਼ ਖਾਲਿਸਤਾਨ ਦੀ ਹਮਾਇਤ ਕਰ ਰਹੇ ਹਨ । ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਇਹ ਬੋਲ ਇਤਿਹਾਸਕ ਬੋਲ ਬਣ ਗਏ ਹਨ ਕਿ ਜਿਸ ਦਿਨ ਹਿੰਦ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ ਜੀ ਉੱਪਰ ਹਮਲਾ ਕੀਤਾ ਉੱਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ , ਅਤੇ ਹੁਣ ਫਰਜ ਸਾਡਾ ਤੁਹਾਡਾ ਅਤੇ ਸਭ ਸਿੱਖਾਂ ਦਾ ਬਣਦਾ ਹੈ ਮਰਨ ਦਾ ਡਰ ਮਨਾਂ ਦਿਲਾਂ ਅਤੇ ਦਿਮਾਗ਼ਾਂ ਵਿੱਚੋਂ ਕੱਢ ਕੇ ਭਾਰਤ ਸਰਕਾਰ ਅਤੇ ਭਾਰਤੀ ਅੰਬੈਸੀਆਂ ਤੋਂ ਡਰਨਾ ਛੱਡ ਕੇ ਖਾਲਿਸਤਾਨ ਦੀ ਸਥਾਪਨਾ ਅਤੇ ਪਰਾਪਤੀ ਲਈ ਪੰਜਾਬ ਨੂੰ ਹਿੰਦੇਸਤਾਨ ਦੇ ਖੂਨੀ ਪੰਜੇ ਵਿੱਚੋਂ ਆਜ਼ਾਦ ਕਰਵਾਉਣ ਲਈ ਆਪਣਾ ਆਪਣਾ ਬਣਦਾ ਯੋਗਦਾਨ ਪਾਈਏ ਜੀ ।
ਹਰਪ੍ਰੀਤ ਸਿੰਘ ਪੰਮਾ (ਆਸਟਰੀਆ)
Leave a Reply