ਅਜੋਕੇ ਬਾਬਰਾਂ ਨੂੰ ਜਾਬਰ ਕਹਿਣ ਦੀ ਹਿੰਮਤ ਕਰਨ ਸਿੱਖ ਅਤੇ ਪੰਜਾਬੀ : ਭਾਈ ਗੁਰਪ੍ਰੀਤ ਸਿੰਘ (ਮਾਨ ਦਲ)

ਅਜੋਕੇ ਬਾਬਰਾਂ ਨੂੰ ਜਾਬਰ ਕਹਿਣ ਦੀ ਹਿੰਮਤ ਕਰਨ ਸਿੱਖ ਅਤੇ ਪੰਜਾਬੀ : ਭਾਈ ਗੁਰਪ੍ਰੀਤ ਸਿੰਘ (ਮਾਨ ਦਲ)

ਅੰਮ੍ਰਿਤਸਰ, 4 ਨਵੰਬਰ ,ਨਜ਼ਰਾਨਾ ਟਾਈਮਜ ਬਿਊਰੋ 
 

ਅਮਰੀਕਾ ਦੀ ਯੂਬਾ ਸਿਟੀ, ਕੈਲੀਫੋਰਨੀਆ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਸਿੱਖਾਂ ਦਾ ਬਹੁਤ ਵੱਡਾ ਇਕੱਠ ਹੋਇਆ। ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਭਾਈ ਗੁਰਪ੍ਰੀਤ ਸਿੰਘ ਦਮਦਮੀ ਟਕਸਾਲ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਅਸੀਂ ਵਹਿਮਾਂ-ਭਰਮਾਂ ਅਤੇ ਮਨਮੱਤ ਨੂੰ ਤਿਆਗ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲੜ ਲੱਗੀਏ ਅਤੇ ਕੇਸਾਧਾਰੀ, ਅੰਮ੍ਰਿਤਧਾਰੀ ਤੇ ਸ਼ਸਤਰਧਾਰੀ ਹੋਈਏ। ਉਹਨਾਂ ਇਹ ਵੀ ਕਿਹਾ ਕਿ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਸਮੂਹ ਜੁਝਾਰੂਆਂ ਤੇ ਸ਼ਹੀਦਾਂ ਦੇ ਨਿਸ਼ਾਨੇ ਖਾਲਿਸਤਾਨ ਨੂੰ ਸਰ ਕਰਨ ਲਈ ਹਰੇਕ ਸਿੱਖ ਨੂੰ ਸੰਘਰਸ਼ਸ਼ੀਲ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਭਾਰਤ ਵਿੱਚ ਸਿੱਖਾਂ ਨਾਲ ਜ਼ੁਲਮ ਅਤੇ ਧੱਕੇ ਬਾ-ਦਸਤੂਰ ਜਾਰੀ ਹਨ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਉੱਤੇ ਕਬਜ਼ਾ ਜਮਾਉਣਾ ਪੰਜਾਬੀਆਂ ਨਾਲ ਇੱਕ ਵੱਡੀ ਧੱਕੇਸ਼ਾਹੀ ਹੈ ਜਿਸ ਖਿਲਾਫ ਵੱਡਾ ਸੰਘਰਸ਼ ਉੱਠਣਾ ਚਾਹੀਦਾ ਹੈ। ਭਾਈ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ, ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨਾ, ਨਸ਼ਿਆਂ ਰਾਹੀਂ ਹੋ ਰਹੀ ਸਿੱਖਾਂ ਦੀ ਨਸਲਕੁਸ਼ੀ, ਸਕੂਲਾਂ ਅਤੇ ਹੋਰ ਅਦਾਰਿਆਂ ਵਿੱਚ ਕਕਾਰਾਂ ਉੱਤੇ ਲੱਗ ਰਹੀਆਂ ਪਾਬੰਦੀਆਂ ਇਹ ਸਭ ਗੁਲਾਮੀ ਦੀਆਂ ਨਿਸ਼ਾਨੀਆਂ ਹਨ। ਉਹਨਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ ਜੀਵਨ ਤੋਂ ਸੇਧ ਲੈਂਦਿਆਂ ਅਸੀਂ ਵੀ ਬਾਬਰ ਨੂੰ ਜਾਬਰ ਕਹਿਣ ਦੀ ਹਿੰਮਤ ਕਹੀਏ ‌ਅਤੇ ਮੌਜੂਦਾ ਸਰਕਾਰਾਂ ਦਾ ਡੱਟ ਕੇ ਵਿਰੋਧ ਕਰੀਏ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.