ਪੰਜਾਬ ''ਚ ਵਿਆਹ ਕਰਵਾਉਣ ਆਈ 72 ਸਾਲਾ NRI ਮਹਿਲਾ ਦੇ ਕਤਲਕਾਂਡ ''ਚ ਸਨਸਨੀਖੇਜ਼ ਖ਼ੁਲਾਸਾ

ਪੰਜਾਬ ''ਚ ਵਿਆਹ ਕਰਵਾਉਣ ਆਈ 72 ਸਾਲਾ NRI ਮਹਿਲਾ ਦੇ ਕਤਲਕਾਂਡ ''ਚ ਸਨਸਨੀਖੇਜ਼ ਖ਼ੁਲਾਸਾ

ਲੁਧਿਆਣਾ - ਨਜ਼ਰਾਨਾ ਟਾਈਮਜ - ਸ਼ਹਿਰ ਦੇ ਸਭ ਤੋਂ ਚਰਚਿਤ ਤੇ ਹਾਈ ਪ੍ਰੋਫਾਇਲ ਐੱਨ.ਆਈ.ਆਈ. ਔਰਤ ਰੁਪਿੰਦਰ ਕੌਰ ਕਤਲਕਾਂਡ ਵਿਚ ਇਕ ਅਜਿਹਾ ਹੈਰਾਨ ਕਰਲ ਵਾਲਾ ਮੋੜ ਆਇਆ ਹੈ ਜਿਸ ਨੇ ਪੂਰੇ ਪੁਲਸ ਮਹਿਕਮੇ ਦੀ ਨੀਂਦ ਉਡਾ ਦਿੱਤੀ ਹੈ। ਇਸ ਨੂੰ ਖਾਕੀ ’ਤੇ ਦਾਗ ਕਹੋ ਜਾਂ ਫਿਰ ਜਾਂਚ ਦੇ ਨਾਮ ’ਤੇ ਹੋਈ ਵੱਡੀ ਖੇਡ, ਕਿਉਂਕਿ ਹੁਣ ਕਾਤਲਾਂ ਨੂੰ ਫੜਨ ਵਾਸੀ ਪੁਲਸ ਖੁਦ ਕਟਹਿਰੇ ਵਿਚ ਖੜ੍ਹੀ ਹੋ ਗਈ ਹੈ। ਇਸ ਸਨਸਨੀਖੇਜ ਮਾਮਲੇ ਵਿਚ ਡੇਹਲੋਂ ਥਾਣੇ ਦੇ ਤਤਕਾਲੀ ਐੱਸ.ਐੱਚ.ਓ. ਇੰਸਪੈਕਟਰ ਸੁਖਜਿੰਦਰ ਸਿੰਘ ਤੇ ਥਾਣਾ ਮੁਨਸ਼ੀ ਹੈੱਡ ਕਾਂਸਟੇਬਲ ਸੰਜੀਵ ਕੁਮਾਰ ਦੇ ਖਿਲਾਫ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ।
ਇਨ੍ਹਾਂ ਦੋਵਾਂ ’ਤੇ ਦੋਸ਼ ਹੈ ਕਿ ਇਨ੍ਹਾਂ ਨੇ ਕੇਸ ਨੂੰ ਸੁਲਝਾਉਣ ਦੇ ਚੱਕਰ ਵਿਚ ਸਾਬਕਾ ਐੱਸ.ਐੱਚ.ਓ. ਅਤੇ ਮੁਨਸ਼ੀ ਨੇ ਕਈ ਮਹੀਨੇ ਪਹਿਲਾਂ ਮਰੇ ਵਿਅਕਤੀ ਦੀ ਗਵਾਹੀ ਕਰਵਾ ਦਿੱਤੀ ਸੀ। ਇੰਨਾ ਹੀ ਨਹੀਂ ਇਸ ਦੇ ਫਰਜ਼ੀ ਸਾਈਨ ਵੀ ਖੁਦ ਹੀ ਕਰ ਦਿੱਤੇ ਸਨ। ਸਰਕਾਰੀ ਰਿਕਾਰਡ ਵਿਚ ਹੇਰਫੇਰ ਕੀਤੀ ਤੇ ਜਾਅਲੀ ਦਸਤਾਵੇਜ਼ ਵੀ ਤਿਆਰ ਕਰ ਦਿੱਤੇ। ਜਦੋਂ ਇਸ ਦਾ ਖੁਲਾਸਾ ਹੋਇਆ ਤਾਂ ਜਾ ਕੇ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਐੱਸ.ਆਈ.ਟੀ. ਬਣਾ ਕੇ ਜਾਂਚ ਕੀਤੀ ਗਈ ਅਤੇ ਦੋਵਾਂ ਖਿਲਾਫ ਵੱਡੀ ਕਾਰਵਾਈ ਕੀਤੀ ਗਈ। ਇਹ ਪੂਰਾ ਮਾਮਲਾ 72 ਸਾਲਾਂ ਐੱਨ.ਆਰ.ਆਈ. ਔਰਤ ਰੁਪਿੰਦਰ ਕੌਰ ਦੇ ਬੇਰਹਿਮੀ ਨਾਲ ਕੀਤੇ ਕਤਲ ਨਾਲ ਜੁੜਿਆ ਹੈ ਜੋ ਵਿਆਹ ਕਰਵਾਉਣ ਲਈ ਅਮਰੀਕਾ ਤੋਂ ਪੰਜਾਬ ਆਈ ਸੀ।

ਅਗਸਤ 2025 ਵਿਚ ਜਦੋਂ ਉਨ੍ਹਾਂ ਦੇ ਲਾਪਤਾ ਹੋਣ ਦੀ ਗੱਲ ਸਾਹਮਣੇ ਆਈ ਤਾਂ ਪੁਲਸ ਨੇ ਜਾਂਚ ਦੀ ਸੁਈ ਘੁਮਾਈ ਤੇ ਦਾਅਵਾ ਕੀਤਾ ਕਿ ਔਰਤ ਦਾ ਕਤਲ ਸੁਖਜੀਤ ਸਿੰਘ ਨਾਮ ਦੇ ਸ਼ਖਸ ਨੇ ਆਪਣੇ ਹੀ ਘਰ ਦੇ ਸਟੋਰ ਰੂਮ ਵਿਚ ਕਰ ਦਿੱਤਾ ਸੀ। ਕਤਲ ਤੋਂ ਬਾਅਦ ਲਾਸ਼ ਨੂੰ ਕਮਰੇ ਵਿਚ ਸਾੜਿਆ ਗਿਆ। ਸਬੂਤ ਮਿਟਾਉਣ ਲਈ ਫਰਸ਼ ਤੋੜਿਆ ਗਿਆ ਤੇ ਸੀ.ਸੀ.ਟੀ.ਵੀ. ਕੈਮਰੇ ਤੱਕ ਬਦਲ ਦਿੱਤੇ ਗਏ। ਇਸ ਮਾਮਲੇ ਵਿਚ ਪੁਲਸ ਨੇ ਸੁਖਜੀਤ ਨੂੰ ਗ੍ਰਿਫਤਾਰ ਕੀਤਾ ਤੇ ਫਿਰ ਯੂ.ਕੇ. ਦੇ ਰਹਿਣ ਵਾਲੇ ਐੱਨ.ਆਰ.ਆਈ. ਚਰਨਜੀਤ ਸਿੰਘ, ਉਸ ਦੇ ਭਰਾ ਮਨਵੀਰ ਸਿੰਘ ਉਰਫ ਮਨੀ ਪਹਿਲਵਾਨ ਤੇ ਇਕ ਹੋਰ ਮੁਲਜ਼ਮ ਦਾਨਿਸ਼ ਨੂੰ ਵੀ ਕੇਸ ਵਿਚ ਨਾਮਜਦ ਕਰ ਲਿਆ। ਪੁਲਸ ਨੇ ਸੜੀਆਂ ਹੋਈਆਂ ਹੱਡੀਆਂ, ਆਈ.ਫੋਨ ਦੇ ਰਹਿੰਦ-ਖੁਹੰਦ ਅਤੇ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ ਬਰਾਮਦ ਕਰਨ ਦਾ ਦਾਅਵਾ ਵੀ ਠੋਕ ਦਿੱਤਾ।

ਇਸ ਮਾਮਲੇ ਦਾ ਭਾਂਡਾ ਉਸ ਸਮੇਂ ਭੱਜਾ ਜਦੋਂ ਮੁਲਜ਼ਮ ਮਨਵੀਰ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜ੍ਹਕਾਇਆ। ਪਟੀਸ਼ਨ ਵਿਚ ਸਾਫ ਕਿਹਾ ਗਿਆ ਹੈ ਕਿ ਪੁਲਸ ਨੇ ਕੇਸ ਫਾਇਲ ਵਿਚ ਜਿਸ ਗੁਰਪ੍ਰੀਤ ਸਿੰਘ ਨਾਮੀ ਗਵਾਹ ਦਾ ਬਿਆਨ 19 ਸਤੰਬਰ 2025 ਨੂੰ ਦਰਜ ਦਿਖਾਇਆ ਹੈ, ਉਸ ਵਿਚਾਰੇ ਦੀ ਮੌਤ ਤਾਂ ਵਾਰਦਾਤ ਤੋਂ ਮਹੀਨਿਆਂ ਪਹਿਲਾ ਮਤਲਬ 29 ਮਈ 2025 ਨੂੰ ਹੋ ਚੁੱਕੀ ਸੀ। ਜਾਂਚ ਵਿਚ ਪਤਾ ਲੱਗਾ ਕਿ ਕੇਸ ਫਾਇਲ ਵਿਚ ਦਰਜ ਵਿਵਾਦਿਤ ਬਿਆਨਾਂ ’ਤੇ ਤਤਕਾਲੀ ਐੱਸ.ਐੱਚ.ਓ. ਸੁਖਜਿੰਦਰ ਸਿੰਘ ਦੇ ਅਸਲੀ ਦਸਤਖ਼ਤ ਹੀ ਨਹੀਂ ਸਨ।

ਜਦੋਂ ਸਾਬਕਾ ਐੱਸ.ਐੱਚ.ਓ. ਤੋਂ ਜਵਾਬ ਮੰਗਿਆ ਤਾਂ ਉਨ੍ਹਾਂ ਲਿਖਤੀ ਵਿਚ ਪੱਲਾ ਝਾੜਦੇ ਕਹਿ ਦਿੱਤਾ ਕਿ ਉਨ੍ਹਾਂ ਦੀ ਟ੍ਰਾਂਸਫਰ ਤੋਂ ਬਾਅਦ ਕੇਸ ਫਾਇਲ ਥਾਣਾ ਰੀਡਰ ਸੰਜੀਵ ਕੁਮਾਰ ਦੇ ਕੋਲ ਸੀ ਤੇ ਇਹ ਦਸਤਖ਼ਤ ਫਰਜ਼ੀ ਹਨ। ਐੱਸ.ਟੀ.ਓ. ਨੂੰ ਜਾਂਚ ਵਿਚ ਇਕ ਹੋਰ ਅਜਿਹੀ ਹੀ ਸ਼ੱਕੀ ਬਿਆਨ ਮਿਲਿਆ, ਜਿਸ ਨੇ ਇਸ ਗੱਲ ’ਤੇ ਪੱਕੀ ਮੋਹਰ ਲਗਾ ਦਿੱਤੀ ਕਿ ਕੇਸ ਵਿਚ ਭਾਰੀ ਜਾਅਲਸਾਜ਼ੀ ਹੋਈ ਹੈ। ਹੁਣ ਸੀਨੀਅਰ ਅਧਿਕਾਰੀਆਂ ਦੇ ਹੁਕਮ ’ਤੇ ਡੇਹਲੋਂ ਥਾਣਾ ਪੁਲਸ ਨੇ ਆਪਣੇ ਹੀ ਮਹਿਕਮੇ ਦੇ ਇੰਸਪੈਕਟਰ ਸੁਖਜਿੰਦਰ ਸਿੰਘ ਅਤੇ ਹੈੱਡ ਕਾਂਸਟੇਬਲ ਸੰਜੀਵ ਕੁਮਾਰ ਦੇ ਖਿਲਾਫ ਨਵਾਂ ਕੇਸ ਠੋਕ ਦਿੱਤਾ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.