ਭਗਵੰਤ ਮਾਨ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ...
- ਧਾਰਮਿਕ/ਰਾਜਨੀਤੀ
- 16 Jun, 2026 05:27 AM (Asia/Kolkata)
ਭਗਵੰਤ ਮਾਨ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ…
ਆਖ਼ਰ ਮੁੱਖ ਮੰਤਰੀ ਭਗਵੰਤ ਮਾਨ ਦਾ ਸਿੱਖ ਵਿਰੋਧੀ ਚਿਹਰਾ ਸਾਹਮਣੇ ਆ ਹੀ ਗਿਆ ਹੈ। ਭਾਰਤ ਦੀਆਂ ਦੋ ਮਾਨਤਾ ਪ੍ਰਾਪਤ ਲੈਬਾਂ ਵਿੱਚੋਂ ਇਹ ਸਾਬਤ ਹੋ ਚੁੱਕਾ ਹੈ ਕਿ ਗੁਰੂ ਸਾਹਿਬਾਨ ਦੀਆਂ ਕਾਲਪਨਿਕ ਤਸਵੀਰਾਂ ਉੱਤੇ ਸ਼ਰਾਬ ਦੇ ਛਿੱਟੇ ਮਾਰਨ ਅਤੇ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਉੱਤੇ ਪਿਸ਼ਾਬ ਕਰਨ ਦੀ ਕੋਸ਼ਿਸ਼ ਕਰਨ ਵਾਲ਼ੀ ਇਤਰਾਜ਼ਯੋਗ ਵੀਡੀਓ ਭਗਵੰਤ ਮਾਨ ਦੀ ਹੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਗਵੰਤ ਮਾਨ ਨੂੰ ਗੁਰੂ ਦੋਖੀ ਅਤੇ ਪੰਥ ਵਿਰੋਧੀ ਕਰਾਰ ਦੇ ਦਿੱਤਾ ਹੈ ਤੇ ਸਮੁੱਚੀ ਕੈਬਨਿਟ ਪੰਜਾਬ ਸਰਕਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਤਲਬ ਕੀਤਾ ਹੈ। ਭਗਵੰਤ ਮਾਨ ਦੀ ਇਹ ਹਰਕਤ ਕਿਸੇ ਵੀ ਸੱਚੇ ਸਿੱਖ ਲਈ ਬਰਦਾਸ਼ਤਯੋਗ ਨਹੀਂ ਹੈ ਤੇ ਇਸ ਲਈ ਭਗਵੰਤ ਮਾਨ ਨੂੰ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ ਹੈ, ਉਸ ਉੱਤੇ ਪੰਥਕ ਪ੍ਰੰਪਰਾਵਾਂ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸੋਧ ਕਾਨੂੰਨ ਮਾਮਲੇ ਵਿੱਚ ਵੀ ਭਗਵੰਤ ਮਾਨ ਅਤੇ ਉਸ ਦੀ ਜੁੰਡਲੀ ਪੂਰੀ ਹੰਕਾਰੀ ਪਈ ਸੀ ਤੇ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਖ਼ਾਲਸਾ ਪੰਥ ਨੂੰ ਟਿੱਚ ਜਾਣ ਰਹੇ ਸਨ। ਗੁਰੂ ਦੇ ਤਖ਼ਤ ਅਤੇ ਗੁਰੂ ਦੇ ਪੰਥ ਨਾਲ਼ ਮੱਥਾ ਲਾ ਕੇ ਭਗਵੰਤ ਮਾਨ ਬਹੁਤ ਪਛਤਾਏਗਾ, ਜਿਹੜਾ ਇੱਥੇ ਝੁਕਦਾ ਨਹੀਂ ਉਹ ਮਿੱਟੀ ਹੋ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬੇਅਦਬੀ ਮਾਮਲਿਆਂ ਵਿੱਚ ਇੱਕ ਸਾਜ਼ਿਸ਼ ਤਹਿਤ ਕਾਨੂੰਨ ਬਣਾ ਕੇ ਸਿੱਖਾਂ ਨੂੰ ਹੀ ਦੋਸ਼ੀ ਠਹਿਰਾ ਦੇਣਾ ਭਗਵੰਤ ਮਾਨ ਦਾ ਇੱਕ ਵੱਡਾ ਪਾਪ ਅਤੇ ਗੁਨਾਹ ਸੀ। ਭਗਵੰਤ ਮਾਨ ਦਾ ਹੰਕਾਰ ਅਤੇ ਸੱਤਾ ਦਾ ਨਸ਼ਾ ਲਾਹੁਣ ਦਾ ਹੁਣ ਸਮਾਂ ਆ ਗਿਆ ਹੈ। ਜੇ ਉਸ ਨੇ ਗੁਰੂ ਪੰਥ ਨਾਲ ਟਕਰਾਅ ਵਾਲ਼ੀ ਨੀਤੀ ਅਪਣਾਈ ਹੈ ਤਾਂ ਗੁਰੂ ਪੰਥ ਵੀ ਉਸ ਨੂੰ ਹੁਣ ਤਗੜਾ ਹੋ ਕੇ ਟੱਕਰੇਗਾ।
ਖ਼ਾਲਸੇ ਨੇ ਅਜਿਹੇ ਕਈ ਮੁੱਖ ਮੰਤਰੀਆਂ, ਪ੍ਰਧਾਨ ਮੰਤਰੀਆਂ, ਬਾਦਸ਼ਾਹਾਂ, ਰਾਜਿਆਂ ਅਤੇ ਜਰਵਾਣਿਆਂ ਨੂੰ ਉਹਨਾਂ ਦੀ ਔਕਾਤ ਵਿਖਾਈ ਹੈ। ਇੱਕ ਐਨੇ ਵੱਡੇ ਅਹੁਦੇ ਉੱਤੇ ਬੈਠਾ ਸ਼ਖਸ ਐਨੀ ਨੀਚ ਹਰਕਤ ਕਰ ਸਕਦਾ ਹੈ ਤੇ ਉੱਪਰੋਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਵੀਡੀਓ ਬਾਰੇ ਝੂਠ ਬੋਲਦਾ ਹੈ। ਭਗਵੰਤ ਮਾਨ ਵਿੱਚ ਅਖੌਤੀ ਕਾਮਰੇਡੀ ਵਿਚਾਰਧਾਰਾ ਭਾਰੂ ਹੈ ਤੇ ਉਸ ਦੇ ਮਨ ਵਿੱਚ ਸਿੱਖ ਧਰਮ ਅਤੇ ਸੰਤ ਜਰਨੈਲ ਸਿੰਘ ਪ੍ਰਤੀ ਬੇਹੱਦ ਨਫ਼ਰਤ ਹੈ। ਸਿੱਖਾਂ ਤੇ ਪੰਜਾਬੀਆਂ ਨੂੰ ਬੁੱਧੂ ਬਣਾਉਣ ਲਈ ਭਾਵੇਂ ਉਹ ਸਮੇਂ-ਸਮੇਂ ਉੱਤੇ ਕੁਝ ਢੋਂਗ ਵੀ ਰਚਦਾ ਰਿਹਾ ਹੈ ਪਰ ਉਸ ਦਾ ਅਸਲ ਕਰੂਪ ਚਿਹਰਾ ਤਾਂ ਇੱਕ ਦਿਨ ਸਾਹਮਣੇ ਆਉਣਾ ਹੀ ਸੀ। ਗੁਰੂ ਸਾਹਿਬਾਨ ਅਤੇ ਸੰਤ ਜਰਨੈਲ ਸਿੰਘ ਦਾ ਅਪਮਾਨ ਸਹਾਰਿਆ ਨਹੀਂ ਜਾ ਸਕਦਾ, ਹੁਣ ਜਥੇਦਾਰ ਕੁਲਦੀਪ ਸਿੰਘ ਗੜਗੱਜ ਉਸ ਉੱਤੇ ਕੇਵਲ ਰਸਮੀਂ ਕਾਰਵਾਈ ਤਕ ਹੀ ਸੀਮਿਤ ਨਾ ਰਹਿਣ, ਬਲਕਿ ਅਜਿਹਾ ਠੋਸ ਫੈਸਲਾ ਲੈਣ ਦੀ ਲੋੜ ਹੈ ਜੋ ਇੱਕ ਵੱਡੀ ਇਤਿਹਾਸਕ ਮਿਸਾਲ ਬਣ ਜਾਵੇ।
ਕੁਝ ਮਹੀਨੇ ਪਹਿਲਾਂ ਜਦੋਂ ਇਹ ਵੀਡੀਓ ਵਾਲ਼ਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਆਇਆ ਸੀ ਤੇ ਵੀਡੀਓ ਦੀ ਜਾਂਚ ਹੋ ਰਹੀ ਸੀ ਤਾਂ ਇਸ ਦੌਰਾਨ ਹੀ ਬਾਬਾ ਹਰਨਾਮ ਸਿੰਘ ਧੁੰਮਾ ਤੇ ਉਸਦੇ ਚੇਲਿਆਂ ਵੱਲੋਂ ਭਗਵੰਤ ਮਾਨ ਨੂੰ ਪਹਿਲਾਂ ਨੰਦੇੜ ਵਿਖੇ ਸਮਾਗਮ ਵਿੱਚ ਅਤੇ ਫਿਰ ਸ਼ੁਕਰਾਨਾ ਯਾਤਰਾ ਵਿੱਚ ਸਨਮਾਨਿਤ ਕਰਨਾ ਗੁਰੂ ਸਾਹਿਬਾਨਾਂ ਅਤੇ ਸੰਤ ਜਰਨੈਲ ਸਿੰਘ ਜੀ ਦੀ ਭਾਰੀ ਤੌਹੀਨ ਸੀ। ਭਗਵੰਤ ਮਾਨ ਵਾਂਗ ਬਾਬਾ ਧੁੰਮਾ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਵਿਰੁੱਧ ਭੁਗਤ ਕੇ ਆਰ.ਐਸ.ਐਸ. ਨਾਲ ਯਾਰੀਆਂ ਲਾ ਰਿਹਾ ਅਤੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਂਚਾਂ ਉੱਤੇ ਲੱਤਾਂ ਲਮਕਾ ਕੇ ਬਹਿੰਦਾ ਹੈ ਇਸ ਲਈ ਬਾਬੇ ਧੁੰਮੇ ਨੂੰ ਵੀ ਤਲਬ ਕਰਕੇ ਗੁਰੂ ਦੋਖੀ ਅਤੇ ਪੰਥ ਦੋਖੀ ਕਹਿ ਕੇ ਖ਼ਾਲਸਾ ਪੰਥ ਵਿੱਚੋਂ ਛੇਕਣਾ ਚਾਹੀਦਾ ਹੈ। ਗੁਰੂ ਪੰਥ ਨੂੰ ਵੰਗਾਰਨ ਵਾਲੇ ਬਾਬੇ ਧੁੰਮੇ ਅਤੇ ਭਗਵੰਤ ਮਾਨ ਨੂੰ ਸਿੱਖ ਕਹਿਲਾਉਣ ਦਾ ਕੋਈ ਹੱਕ ਨਹੀਂ ਰਹਿ ਗਿਆ। ਜੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣ ਭਗਵੰਤ ਮਾਨ ਅਤੇ ਬਾਬੇ ਧੁੰਮੇ ਨੂੰ ਨੱਥ ਨਾ ਪਾ ਸਕੇ ਤਾਂ ਭਵਿੱਖ ਵਿੱਚ ਸਿੱਖੀ ਦੇ ਦੋਖੀਆਂ ਨੂੰ ਹੋਰ ਹੱਲਾਸ਼ੇਰੀ ਮਿਲੇਗੀ। ਗੁਰੂ ਸਾਹਿਬਾਨ ਅਤੇ ਸੰਤ ਜਰਨੈਲ ਸਿੰਘ ਨੂੰ ਪਿਆਰ ਕਰਨ ਵਾਲ਼ਾ ਹਰ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਉੱਤੇ ਪਹਿਰਾ ਦਿੰਦਾ ਹੋਇਆ ਭਗਵੰਤ ਮਾਨ ਨੂੰ ਮੂੰਹ ਨਾ ਲਾਵੇ, ਇਸ ਦਾ ਹਰ ਥਾਂ 'ਤੇ ਡਟਵਾਂ ਵਿਰੋਧ ਕੀਤਾ ਜਾਵੇ ਤੇ ਇਸ ਨੂੰ ਸਿਆਸੀ ਸਬਕ ਸਿਖਾਉਣਾ ਵੀ ਜ਼ਰੂਰੀ ਹੈ ਤਾਂ ਜੋ ਚੰਗੀ ਤਰ੍ਹਾਂ ਇਸ ਦੀ ਅਕਲ ਟਿਕਾਣੇ ਆਵੇ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Leave a Reply