ਅਜੀਤ ਨਗਰ ਵਿੱਚ ਨਾਜਾਇਜ਼ ਕਮਰਸ਼ੀਅਲ ਉਸਾਰੀਆਂ ਅਤੇ ਨਾਜਾਇਜ਼ ਕਬਜ਼ਿਆਂ ਦਾ ਮੁੱਦਾ ਗਰਮਾਇਆ
- ਕਾਰੋਬਾਰ
- (Asia/Kolkata)
ਬਿਨਾਂ ਸੀ.ਐੱਲ.ਯੂ., ਬਿਨਾਂ ਨਕਸ਼ੇ ਪਾਸ ਕਰਵਾਏ ਅਤੇ ਪਾਰਕਿੰਗ ਦੀ ਜਗ੍ਹਾ ਛੱਡੇ ਬਿਨਾਂ ਹੋ ਰਹੇ ਨਿਰਮਾਣ; ਨਹਿਰੀ ਜ਼ਮੀਨ ’ਤੇ ਵੀ ਪੱਕੀਆਂ ਦੁਕਾਨਾਂ ਬਣਾਉਣ ਦੇ ਦੋਸ਼
ਨਗਰ ਨਿਗਮ ਕਮਿਸ਼ਨਰ ਨੇ ਅਜੀਤ ਨਗਰ ਵਾਸੀਆਂ ਦੀਆਂ 4-5 ਲਿਖਤੀ ਸ਼ਿਕਾਇਤਾਂ ਦਰਜ ਕਰਕੇ ਆਉਣ ਵਾਲੇ ਦਿਨਾਂ ਵਿੱਚ ਸਖ਼ਤ ਵਿਭਾਗੀ ਕਾਰਵਾਈ ਦਾ ਦਿੱਤਾ ਭਰੋਸਾ
ਕਪੂਰਥਲਾ, 19 ਨਵੰਬਰ, ਗੌਰਵ ਮੜੀਆ।
ਕਪੂਰਥਲਾ ਸ਼ਹਿਰ ਦੇ ਕਾਫ਼ੀ ਸੰਘਣੀ ਆਬਾਦੀ ਵਾਲੇ ਇਲਾਕੇ ਅਜੀਤ ਨਗਰ ਵਿੱਚ ਕਥਿਤ ਨਾਜਾਇਜ਼ ਕਮਰਸ਼ੀਅਲ ਉਸਾਰੀਆਂ, ਬਿਨਾਂ ਸਰਕਾਰੀ ਮਨਜ਼ੂਰੀ ਦੇ ਬਣ ਰਹੀਆਂ ਇਮਾਰਤਾਂ ਅਤੇ ਸਰਕਾਰੀ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ਿਆਂ ਦਾ ਮਾਮਲਾ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ। ਇਲਾਕਾ ਵਾਸੀਆਂ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਅਨੁਸਾਰ ਇੱਥੇ ਕਈ ਥਾਵਾਂ ’ਤੇ ਨਾ ਤਾਂ ਸੀ.ਐੱਲ.ਯੂ. (ਚੇਂਜ ਆਫ਼ ਲੈਂਡ ਯੂਜ਼) ਲਿਆ ਗਿਆ ਹੈ, ਨਾ ਇਮਾਰਤਾਂ ਦੇ ਨਕਸ਼ੇ ਪਾਸ ਕਰਵਾਏ ਗਏ ਹਨ ਅਤੇ ਨਾ ਹੀ ਕਮਰਸ਼ੀਅਲ ਇਮਾਰਤਾਂ ਲਈ ਲੋੜੀਂਦੀ ਪਾਰਕਿੰਗ ਦੀ ਜਗ੍ਹਾ ਛੱਡੀ ਜਾ ਰਹੀ ਹੈ। ਇਸ ਦੇ ਬਾਵਜੂਦ ਧੜੱਲੇ ਨਾਲ ਕਮਰਸ਼ੀਅਲ ਨਿਰਮਾਣ ਜਾਰੀ ਹੋਣ ਕਾਰਨ ਪ੍ਰਸ਼ਾਸਨਿਕ ਕਾਰਜਪ੍ਰਣਾਲੀ ’ਤੇ ਸਵਾਲ ਖੜ੍ਹੇ ਹੋ ਰਹੇ ਹਨ।
ਇਲਾਕੇ ਵਿੱਚ ਹੋ ਰਹੀਆਂ ਉਸਾਰੀਆਂ ਸਬੰਧੀ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਕਿਸੇ ਰਿਹਾਇਸ਼ੀ ਖੇਤਰ ਵਿੱਚ ਕਮਰਸ਼ੀਅਲ ਗਤੀਵਿਧੀਆਂ ਲਈ ਨਿਯਮਾਂ ਅਨੁਸਾਰ ਮਨਜ਼ੂਰੀ ਲੈਣੀ ਲਾਜ਼ਮੀ ਹੈ ਤਾਂ ਫਿਰ ਅਜੀਤ ਨਗਰ ਵਿੱਚ ਕਥਿਤ ਤੌਰ ’ਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਵੱਡੀਆਂ-ਵੱਡੀਆਂ ਵਪਾਰਕ ਇਮਾਰਤਾਂ ਕਿਵੇਂ ਖੜ੍ਹੀਆਂ ਹੋ ਰਹੀਆਂ ਹਨ? ਕਈ ਇਮਾਰਤਾਂ ਵਿੱਚ ਜ਼ਮੀਨ ਦਾ ਲਗਭਗ ਸਾਰਾ ਹਿੱਸਾ ਉਸਾਰੀ ਹੇਠ ਲਿਆਉਣ ਦੇ ਦੋਸ਼ ਹਨ ਅਤੇ ਆਵਾਜਾਈ, ਪਾਰਕਿੰਗ ਜਾਂ ਐਮਰਜੈਂਸੀ ਹਾਲਾਤਾਂ ਲਈ ਕੋਈ ਖੁੱਲ੍ਹੀ ਜਗ੍ਹਾ ਨਹੀਂ ਛੱਡੀ ਜਾ ਰਹੀ।
ਨਹਿਰੀ ਜ਼ਮੀਨ ’ਤੇ ਪੱਕੀਆਂ ਦੁਕਾਨਾਂ ਬਣਾਉਣ ਦੇ ਦੋਸ਼
ਇਸ ਤੋਂ ਇਲਾਵਾ ਅਜੀਤ ਨਗਰ ਵਿਖੇ ਆਰ.ਟੀ.ਓ. ਦਫ਼ਤਰ ਦੇ ਨੇੜੇ ਨਹਿਰ ਦੇ ਕੰਢੇ ਨਹਿਰੀ ਵਿਭਾਗ ਦੀ ਜ਼ਮੀਨ ’ਤੇ ਕਥਿਤ ਤੌਰ ’ਤੇ ਵੱਡੀ ਗਿਣਤੀ ਵਿੱਚ ਨਾਜਾਇਜ਼ ਕਬਜ਼ੇ ਹੋਣ ਦਾ ਮਾਮਲਾ ਵੀ ਸਾਹਮਣੇ ਆ ਰਿਹਾ ਹੈ। ਦੋਸ਼ ਹਨ ਕਿ ਕੁਝ ਲੋਕਾਂ ਵੱਲੋਂ ਨਹਿਰੀ ਜ਼ਮੀਨ ’ਤੇ ਕਬਜ਼ਾ ਕਰਕੇ ਪੱਕੀਆਂ ਦੁਕਾਨਾਂ ਤੱਕ ਉਸਾਰ ਲਈਆਂ ਗਈਆਂ ਹਨ। ਇਹ ਮਾਮਲਾ ਸਿਰਫ਼ ਨਾਜਾਇਜ਼ ਕਬਜ਼ਿਆਂ ਤੱਕ ਸੀਮਤ ਨਹੀਂ, ਸਗੋਂ ਸਰਕਾਰੀ ਜ਼ਮੀਨਾਂ ਦੀ ਸੁਰੱਖਿਆ ਅਤੇ ਸਬੰਧਤ ਵਿਭਾਗਾਂ ਦੀ ਨਿਗਰਾਨੀ ਪ੍ਰਣਾਲੀ ’ਤੇ ਵੀ ਸਵਾਲ ਖੜ੍ਹੇ ਕਰਦਾ ਹੈ। ਇਲਾਕਾ ਵਾਸੀਆਂ ਦੀ ਮੰਗ ਹੈ ਕਿ ਨਹਿਰੀ ਵਿਭਾਗ ਵੱਲੋਂ ਜ਼ਮੀਨ ਦੀ ਸਰਕਾਰੀ ਪੱਧਰ ’ਤੇ ਨਿਸ਼ਾਨਦੇਹੀ ਕਰਵਾਈ ਜਾਵੇ ਅਤੇ ਜੇਕਰ ਕਬਜ਼ੇ ਸਾਬਤ ਹੁੰਦੇ ਹਨ ਤਾਂ ਉਨ੍ਹਾਂ ਨੂੰ ਹਟਾਉਣ ਲਈ ਕਾਰਵਾਈ ਕੀਤੀ ਜਾਵੇ।
ਖੇਤੀਬਾੜੀ ਵਾਲੀ ਜ਼ਮੀਨ ’ਤੇ ਰਿਹਾਇਸ਼ੀ ਕਲੋਨੀਆਂ ਕੱਟਣ ਦਾ ਮਾਮਲਾ ਵੀ ਚਰਚਾ ਵਿੱਚ
ਅਜੀਤ ਨਗਰ ਅਤੇ ਇਸ ਦੇ ਆਸ-ਪਾਸ ਖੇਤੀਬਾੜੀ ਵਾਲੀਆਂ ਜ਼ਮੀਨਾਂ ’ਤੇ ਰਿਹਾਇਸ਼ੀ ਕਲੋਨੀਆਂ ਵਿਕਸਤ ਕਰਨ ਦਾ ਮਾਮਲਾ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਲਾਕਾ ਵਾਸੀਆਂ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਕੁਝ ਥਾਵਾਂ ’ਤੇ ਸ਼ਾਮਲਾਟ, ਪੰਚਾਇਤੀ ਅਤੇ ਵਿਵਾਦਿਤ ਜਾਂ ਕਬਜ਼ੇ ਵਾਲੀਆਂ ਜ਼ਮੀਨਾਂ ’ਤੇ ਵੀ ਕਲੋਨੀਆਂ ਕੱਟੀਆਂ ਜਾ ਰਹੀਆਂ ਹਨ। ਇਨ੍ਹਾਂ ਕਲੋਨੀਆਂ ਸਬੰਧੀ ਰੈਰਾ, ਪੁੱਡਾ ਅਤੇ ਨਗਰ ਨਿਗਮ ਸਮੇਤ ਸਬੰਧਤ ਵਿਭਾਗਾਂ ਦੀਆਂ ਲੋੜੀਂਦੀਆਂ ਮਨਜ਼ੂਰੀਆਂ ਦੀ ਜਾਂਚ ਹੋਣੀ ਚਾਹੀਦੀ ਹੈ। ਸਵਾਲ ਇਹ ਵੀ ਹੈ ਕਿ ਖੇਤੀਬਾੜੀ ਵਾਲੀ ਜ਼ਮੀਨ ਦੀ ਵਰਤੋਂ ਬਦਲਣ ਅਤੇ ਕਲੋਨੀਆਂ ਵਿਕਸਤ ਕਰਨ ਤੋਂ ਪਹਿਲਾਂ ਸਾਰੇ ਕਾਨੂੰਨੀ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਜਾਂ ਨਹੀਂ।
ਕਾਂਜਲੀ ਰੋਡ ਤੋਂ ਅਜੀਤ ਨਗਰ ਨੂੰ ਜਾਂਦੀ ਮੁੱਖ ਸੜਕ ’ਤੇ ਵੀ ਉਸਾਰੀਆਂ ਦੀ ਭਰਮਾਰ
ਕਾਂਜਲੀ ਰੋਡ ਤੋਂ ਸਿੱਧਾ ਅਜੀਤ ਨਗਰ ਨੂੰ ਜਾਣ ਵਾਲੀ ਮੁੱਖ ਸੜਕ ਦੇ ਦੋਵੇਂ ਪਾਸੇ ਹੋ ਰਹੇ ਕਮਰਸ਼ੀਅਲ ਨਿਰਮਾਣ ਵੀ ਜਾਂਚ ਦੀ ਮੰਗ ਕਰ ਰਹੇ ਹਨ। ਇਲਾਕਾ ਵਾਸੀਆਂ ਅਨੁਸਾਰ ਇਸ ਸੜਕ ’ਤੇ ਕਈ ਵਪਾਰਕ ਇਮਾਰਤਾਂ ਅਜਿਹੀਆਂ ਹਨ ਜਿਨ੍ਹਾਂ ਦੀਆਂ ਮਨਜ਼ੂਰੀਆਂ ਸਬੰਧੀ ਗੰਭੀਰ ਸਵਾਲ ਹਨ। ਦੋਸ਼ ਹੈ ਕਿ ਇਨ੍ਹਾਂ ਵਿੱਚੋਂ ਕਈ ਇਮਾਰਤਾਂ ਦੇ ਮਾਲਕਾਂ ਵੱਲੋਂ ਨਾ ਸੀ.ਐੱਲ.ਯੂ. ਲਿਆ ਗਿਆ ਹੈ ਅਤੇ ਨਾ ਹੀ ਨਕਸ਼ੇ ਪਾਸ ਕਰਵਾਏ ਗਏ ਹਨ। ਇਸ ਤੋਂ ਇਲਾਵਾ ਪਾਰਕਿੰਗ ਲਈ ਲੋੜੀਂਦੀ ਜਗ੍ਹਾ ਛੱਡਣ ਅਤੇ ਇਮਾਰਤਾਂ ਵਿੱਚ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਦੇ ਮਾਮਲੇ ਵਿੱਚ ਵੀ ਜਾਂਚ ਜ਼ਰੂਰੀ ਹੈ।
ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਵਪਾਰਕ ਇਮਾਰਤਾਂ ਦੀ ਉਸਾਰੀ ਦੌਰਾਨ ਸੜਕ ਦੀ ਚੌੜਾਈ, ਜ਼ਮੀਨ ਦੀ ਵਰਤੋਂ, ਪਾਰਕਿੰਗ, ਖੁੱਲ੍ਹੀ ਜਗ੍ਹਾ ਅਤੇ ਫਾਇਰ ਸੇਫਟੀ ਵਰਗੇ ਨਿਯਮਾਂ ਨੂੰ ਧਿਆਨ ਵਿੱਚ ਰੱਖਣਾ ਲਾਜ਼ਮੀ ਹੈ। ਪਰ ਅਜੀਤ ਨਗਰ ਵਿੱਚ ਕਥਿਤ ਤੌਰ ’ਤੇ ਇਨ੍ਹਾਂ ਨਿਯਮਾਂ ਦੀ ਪਾਲਣਾ ਕੀਤੇ ਬਿਨਾਂ ਹੀ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਕਾਰਨ ਭਵਿੱਖ ਵਿੱਚ ਟ੍ਰੈਫਿਕ ਜਾਮ, ਪਾਰਕਿੰਗ ਦੀ ਸਮੱਸਿਆ ਅਤੇ ਕਿਸੇ ਅਣਸੁਖਾਵੀਂ ਘਟਨਾ ਸਮੇਂ ਐਂਬੂਲੈਂਸ ਜਾਂ ਫਾਇਰ ਬ੍ਰਿਗੇਡ ਦੀ ਗੱਡੀ ਦੇ ਪਹੁੰਚਣ ਵਿੱਚ ਮੁਸ਼ਕਲ ਪੈਦਾ ਹੋਣ ਦਾ ਖ਼ਦਸ਼ਾ ਹੈ।
ਨਗਰ ਨਿਗਮ ਕਮਿਸ਼ਨਰ ਕੋਲ ਪਹੁੰਚਿਆ ਮਾਮਲਾ, 4-5 ਸ਼ਿਕਾਇਤਾਂ ਦਰਜ
ਇਸ ਸਮੁੱਚੇ ਮਾਮਲੇ ਨੂੰ ਲੈ ਕੇ ਅਜੀਤ ਨਗਰ ਦੇ ਵਸਨੀਕਾਂ ਵੱਲੋਂ ਨਗਰ ਨਿਗਮ ਕਪੂਰਥਲਾ ਦੇ ਕਮਿਸ਼ਨਰ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਮੁਲਾਕਾਤ ਕਰਕੇ ਵਿਸਥਾਰ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਇਲਾਕਾ ਵਾਸੀਆਂ ਵੱਲੋਂ ਪਹਿਲਾਂ ਦਿੱਤੀਆਂ ਗਈਆਂ ਕਰੀਬ 4-5 ਲਿਖਤੀ ਸ਼ਿਕਾਇਤਾਂ ਦੀਆਂ ਕਾਪੀਆਂ ਵੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ। ਕਮਿਸ਼ਨਰ ਵੱਲੋਂ ਇਨ੍ਹਾਂ ਸ਼ਿਕਾਇਤਾਂ ਨੂੰ ਦਰਜ ਕਰਦਿਆਂ ਭਰੋਸਾ ਦਿਵਾਇਆ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਅਤੇ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਣ ’ਤੇ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਹੁਣ ਦੇਖਣਾ ਇਹ ਹੋਵੇਗਾ ਕਿ ਨਗਰ ਨਿਗਮ ਅਤੇ ਹੋਰ ਸਬੰਧਤ ਵਿਭਾਗਾਂ ਵੱਲੋਂ ਸਿਰਫ਼ ਸ਼ਿਕਾਇਤਾਂ ਦਰਜ ਕਰਨ ਤੱਕ ਹੀ ਕਾਰਵਾਈ ਸੀਮਤ ਰਹਿੰਦੀ ਹੈ ਜਾਂ ਅਸਲ ਵਿੱਚ ਮੌਕੇ ’ਤੇ ਪਹੁੰਚ ਕੇ ਨਾਜਾਇਜ਼ ਉਸਾਰੀਆਂ, ਨਹਿਰੀ ਜ਼ਮੀਨ ’ਤੇ ਕਬਜ਼ਿਆਂ ਅਤੇ ਬਿਨਾਂ ਮਨਜ਼ੂਰੀ ਕੱਟੀਆਂ ਜਾ ਰਹੀਆਂ ਕਲੋਨੀਆਂ ਦੀ ਨਿਰਪੱਖ ਜਾਂਚ ਕਰਕੇ ਬਣਦੀ ਕਾਰਵਾਈ ਵੀ ਕੀਤੀ ਜਾਂਦੀ ਹੈ।
ਅਜੀਤ ਨਗਰ ਵਾਸੀਆਂ ਦੀ ਮੰਗ ਹੈ ਕਿ ਪੂਰੇ ਇਲਾਕੇ ਦਾ ਸਰਕਾਰੀ ਪੱਧਰ ’ਤੇ ਸਰਵੇ ਕਰਵਾਇਆ ਜਾਵੇ, ਹਰ ਕਮਰਸ਼ੀਅਲ ਇਮਾਰਤ ਦੇ ਨਕਸ਼ੇ, ਸੀ.ਐੱਲ.ਯੂ. ਅਤੇ ਹੋਰ ਮਨਜ਼ੂਰੀਆਂ ਦੀ ਜਾਂਚ ਕੀਤੀ ਜਾਵੇ ਅਤੇ ਨਹਿਰੀ ਤੇ ਪੰਚਾਇਤੀ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਵਾ ਕੇ ਸਰਕਾਰੀ ਜਾਇਦਾਦ ਨੂੰ ਕਬਜ਼ਿਆਂ ਤੋਂ ਮੁਕਤ ਕਰਵਾਇਆ ਜਾਵੇ।
Leave a Reply