ਬਲਾਕ ਤਰਸਿੱਕਾ ਬਚਾਓ ਮੋਰਚੇ' ਦਾ ਦੋ-ਟੁੱਕ ਫ਼ੈਸਲਾ: ਬਹਾਲੀ ਤੋਂ ਬਿਨਾਂ ਸਮਝੌਤਾ ਨਹੀਂ, 29 ਸਤੰਬਰ ਬਾਅਦ ਹੋਵੇਗਾ ਵੱਡਾ ਐਕਸ਼ਨ

ਬਲਾਕ ਤਰਸਿੱਕਾ ਬਚਾਓ ਮੋਰਚੇ' ਦਾ ਦੋ-ਟੁੱਕ ਫ਼ੈਸਲਾ: ਬਹਾਲੀ ਤੋਂ ਬਿਨਾਂ ਸਮਝੌਤਾ ਨਹੀਂ, 29 ਸਤੰਬਰ ਬਾਅਦ ਹੋਵੇਗਾ ਵੱਡਾ ਐਕਸ਼ਨ

ਬਲਾਕ ਤਰਸਿੱਕਾ ਬਚਾਓ ਮੋਰਚੇ ਨੇ ਲਾਇਆ ਈ.ਟੀ.ਓ. 'ਤੇ ਮਿਲੀਭੁਗਤ ਦੇ ਦੋਸ਼

ਟਾਂਗਰਾ - ਸੁਰਜੀਤ ਸਿੰਘ ਖਾਲਸਾ

ਬਲਾਕ ਤਰਸਿੱਕਾ ਨੂੰ ਬਹਾਲ ਕਰਵਾਉਣ ਲਈ ਬਣੇ 'ਬਲਾਕ ਤਰਸਿੱਕਾ ਬਚਾਓ ਮੋਰਚੇ' ਦੀ ਅੰਤਰਿੰਗ ਕਮੇਟੀ ਨੇ ਅੱਜ ਡੇਰਾ ਭਗਤਾ ਵਿਖੇ ਮੀਟਿੰਗ ਕਰਕੇ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰ ਦਿੱਤਾ ਹੈ। ਕੋਰ ਕਮੇਟੀ ਮੈਂਬਰਾਂ ਨੇ ਦੋ-ਟੁੱਕ ਸ਼ਬਦਾਂ ਵਿੱਚ ਕਿਹਾ ਕਿ ਬਲਾਕ ਦੀ ਬਹਾਲੀ ਤੋਂ ਬਿਨਾਂ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਸੰਘਰਸ਼ ਬਲਾਕ ਦੀ ਬਹਾਲੀ ਤੋਂ ਬਾਅਦ ਹੀ ਸਮਾਪਤ ਹੋਵੇਗਾ।

ਮੋਰਚੇ ਦੇ ਆਗੂਆਂ ਨੇ ਸਰਕਾਰ ਦੀ ਨੀਅਤ ਅਤੇ ਨੀਤੀ 'ਤੇ ਸਵਾਲ ਖੜ੍ਹੇ ਕਰਦਿਆਂ ਸਿੱਧੇ ਤੌਰ 'ਤੇ ਈ.ਟੀ.ਓ. ਹਰਭਜਨ ਸਿੰਘ 'ਤੇ ਤਰਸਿੱਕਾ ਬਲਾਕ ਨੂੰ ਖਤਮ ਕਰਕੇ ਜੰਡਿਆਲਾ ਵਿੱਚ ਸ਼ਾਮਲ ਕਰਨ ਲਈ ਮਿਲੀਭੁਗਤ ਦਾ ਦੋਸ਼ ਲਗਾਇਆ ਹੈ।

ਆਗੂਆਂ ਨੇ ਈ.ਟੀ.ਓ. ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਉਹ ਹਲਕੇ ਦੇ ਲੋਕਾਂ ਨਾਲ ਥੋੜ੍ਹੀ ਬਹੁਤ ਵੀ ਸੁਹਿਰਦਤਾ ਰੱਖਦਾ ਹੈ, ਤਾਂ ਉਹ ਖੁਦ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਨੂੰ ਜਵਾਬ ਦੇਵੇ ਕਿ ਬਲਾਕ ਤਰਸਿੱਕਾ ਦੀ ਹੋਂਦ ਕਿਉਂ ਖਤਮ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਈ.ਟੀ.ਓ. ਖੁਦ ਬਿਆਨ ਦੇਣ ਦੀ ਬਜਾਏ ਹੇਠਲੇ ਲੋਕਲ ਲੀਡਰਾਂ ਤੋਂ 'ਗਲਤ ਬਿਆਨਬਾਜ਼ੀ' ਕਰਵਾ ਕੇ ਉਨ੍ਹਾਂ ਦੇ ਪੈਰਾਂ ਵਿੱਚ ਕੰਡੇ ਬੀਜਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਤੋਂ ਉਸਦੀ ਮਿਲੀਭੁਗਤ ਸਾਬਤ ਹੁੰਦੀ ਹੈ।

ਸੁਹਿਰਦ ਰਾਜਨੀਤਿਕ ਦਲਾਂ, ਕਿਸਾਨ-ਮਜ਼ਦੂਰ ਸੰਘਰਸ਼ ਜਥੇਬੰਦੀਆਂ ਨੇ ਸਾਂਝੇ ਤੌਰ 'ਤੇ ਮੋਰਚੇ ਨੂੰ ਹੋਰ ਵੱਡਾ ਕਰਨ ਦਾ ਐਲਾਨ ਕੀਤਾ ਹੈ। ਮੋਰਚੇ ਨੇ 26 ਤੋਂ 29 ਸਤੰਬਰ ਤੱਕ ਚੱਲ ਰਹੇ ਵਿਧਾਨ ਸਭਾ ਸੈਸ਼ਨ ਦੌਰਾਨ ਈ.ਟੀ.ਓ. ਹਰਭਜਨ ਸਿੰਘ ਤੋਂ ਬਲਾਕ ਬਹਾਲੀ ਦਾ ਮਤਾ ਲਿਆਉਣ ਦੀ ਆਸ ਪ੍ਰਗਟਾਈ ਹੈ।

ਜੇਕਰ ਬਹਾਲੀ ਨਾ ਹੋਈ, ਤਾਂ 29 ਸਤੰਬਰ ਤੋਂ ਬਾਅਦ ਐਕਸ਼ਨ ਪਲਾਨ ਤਿਆਰ ਹੈ ਜਿਸ ਤਹਿਤ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਡੀ.ਸੀ. ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਆਗੂਆਂ ਨੇ ਕਿਹਾ ਅੱਗੇ ਦੱਸਿਆ ਸਰਕਾਰ ਦੇ ਪੁਤਲੇ ਫੂਕਣ ਦੀ ਮੁਹਿੰਮ ਪਿੰਡ-ਪਿੰਡ ਸ਼ੁਰੂ ਕੀਤੀ ਜਾਵੇਗੀ, ਜਿੱਥੇ ਲੋਕਾਂ ਨੂੰ ਜਾਗਰੂਕ ਅਤੇ ਲਾਮਬੰਦ ਕੀਤਾ ਜਾਵੇਗਾ।

ਮੋਰਚੇ ਦੇ ਆਗੂਆਂ ਨੇ ਸਖ਼ਤੀ ਨਾਲ ਕਿਹਾ ਕਿ ਉਹ ਬਲਾਕ ਬਹਾਲੀ ਦੇ ਮੋਰਚੇ ਦੌਰਾਨ ਕੋਈ ਢਿੱਲ ਨਹੀਂ ਵਰਤਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਭਾਵੇਂ ਲੱਖਾਂ ਦੇ ਵਿਕਾਸ ਕਾਰਜ ਕਰਵਾ ਦੇਵੇ, ਪਰ ਲੋਕ ਆਪਣੀ ਬਜ਼ੁਰਗਾਂ ਦੀ ਵਿਰਾਸਤ ਨਾਲ ਸਮਝੌਤਾ ਨਹੀਂ ਕਰਨਗੇ। ਮੌਜੂਦਾ ਸਰਕਾਰ ਲਈ ਇਹ ਮੋਰਚਾ 'ਗਲੇ ਦੀ ਹੱਡੀ' ਬਣਦਾ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜੀਤ ਸਿੰਘ ਲਾਲੀ , ਸਿਵਰਾਜ ਸਿੰਘ ਪ੍ਰਧਾਨ, ਮਨਜੀਤ ਸਿੰਘ ਸਾਬਕਾ ਚੇਅਰਮੈਨ , ਸੁਖਵਿੰਦਰ ਸਿੰਘ ਜੋਤੀ ਪੰਚ , ਜਰਨੈਲ ਸਿੰਘ ਚੇਅਰਮੈਨ ਐਗਰੋਫੈਡ, ਗਗਨਦੀਪ ਸਿੰਘ ਰਸੂਲਪੁਰ, ਤਰਲੋਕ ਸਿੰਘ ਬਾਬੇ ,ਬਲਵੰਤ ਸਿੰਘ ਬਾਬੇ , ਦਿਲਬਾਗ ਸਿੰਘ ਸ਼ਾਹ , ਤਰਸੇਮ ਸਿੰਘ ਗ੍ਰੰਥੀਆਂ ਦੇ , ਨਛੱਤਰ ਸਿੰਘ ਪੰਚ , ਹਰਮੀਤ ਸਿੰਘ ਬੱਬੂ , ਮਨਜੀਤ ਸਿੰਘ ਪੰਚ , ਕਾਬਲ ਸਿੰਘ ਤਰਸਿੱਕਾ , ਹਰਜੀਤ ਸਿੰਘ ਗੋਲੂ , ਨਿਸ਼ਾਨ ਸਿੰਘ ਜੰਡ ,ਸਿਵ ਕੁਮਾਰ , ਕੁਲਰਾਜ ਸਿੰਘ , ਸਾਹਬ ਸਿੰਘ , ਬਲਵਿੰਦਰ ਸਿੰਘ ਬਿੱਲਾ , ਸਰਨੈਲ ਸਿੰਘ , ਕੰਵਲ ਰਸੂਲਪੁਰ , ਅਜਾਦਬਿੰਦਰ ਸਿੰਘ ਸੋਭਾ , ਰੇਸ਼ਮ ਸਿੰਘ , ਸਰਬਜੀਤ ਸਿੰਘ ਕਾਲਾ , ਅਜਮੇਰ ਸਿੰਘ ਨੰਬਰਦਾਰ , ਸੋਭਾ ਸਿੰਘ ਸਾਬਕਾ ਪੰਚ , ਜਸਪਾਲ ਸਿੰਘ ਸ਼ਾਹ ,ਦਿਲਸ਼ੇਰ ਸਿੰਘ ਲਕਸ਼ਰੀ ਵਾਲੇ ਆਦਿ ਮੌਜੂਦ ਸਨ।