ਭਾਰਤੀ ਸਮਾਜ 'ਚ ਔਰਤ ਦਾ ਤ੍ਰਿਸਕਾਰ ਤੇ ਸਿੱਖ ਧਰਮ 'ਚ ਸਤਿਕਾਰ

ਭਾਰਤੀ ਸਮਾਜ 'ਚ ਔਰਤ ਦਾ ਤ੍ਰਿਸਕਾਰ ਤੇ ਸਿੱਖ ਧਰਮ 'ਚ ਸਤਿਕਾਰ

ਭਾਰਤੀ ਸਮਾਜ 'ਚ ਔਰਤ ਦਾ ਤ੍ਰਿਸਕਾਰ ਤੇ ਸਿੱਖ ਧਰਮ 'ਚ ਸਤਿਕਾਰ
ਭਾਰਤੀ ਸਮਾਜ ਤੇ ਬ੍ਰਾਹਮਣੀ ਵਿਚਾਰਧਾਰਾ ਨੇ ਔਰਤ ਨੂੰ ਹਮੇਸ਼ਾਂ ਲਤਾੜਿਆ ਤੇ ਤ੍ਰਿਸਕਾਰਿਆ ਸੀ ਤੇ ਉਸ ਨੂੰ ਮਰਦ ਦੇ ਪੈਰ ਦੀ ਜੁੱਤੀ ਦੇ ਸਮਾਨ ਸਮਝਿਆ। ਹਿੰਦੂ ਔਰਤਾਂ ਨੂੰ ਵੇਦ ਪੜ੍ਹਨ ਦਾ ਵੀ ਅਧਿਕਾਰ ਨਹੀਂ ਸੀ ਉਹਨਾਂ ਦਾ ਮਾਨਸਿਕ ਤੇ ਜਿਨਸੀ ਸੋਸ਼ਣ ਕੀਤਾ ਜਾਂਦਾ ਰਿਹਾ। ਔਰਤ ਦੇ ਕੋਲ ਕੋਈ ਤਾਕਤ ਰਹਿਣ ਹੀ ਨਾ ਦਿੱਤੀ ਤੇ ਉਸ ਨੂੰ ਹਰ ਪੱਖੋਂ ਨਿਰਬਲ ਬਣਾ ਦਿੱਤਾ ਗਿਆ ਜਿਸ ਕਰਕੇ ਔਰਤ ਦੀ ਦੁਰਦਸ਼ਾ ਹੱਦੋਂ ਵੱਧ ਮਾੜੀ ਸੀ।
ਜਦੋਂ ਭਾਰਤ 'ਤੇ ਵਿਦੇਸ਼ੀ ਧਾੜਵੀਆਂ ਦੇ ਹਮਲੇ ਹੁੰਦੇ ਸਨ ਤਾਂ ਸਭ ਤੋਂ ਵੱਧ ਜ਼ੁਲਮ ਦਾ ਸੰਤਾਪ ਔਰਤਾਂ ਨੂੰ ਹੀ ਹੰਢਾਉਣਾ ਪੈਂਦਾ ਸੀ। ਜਦੋਂ ਮੁਗ਼ਲ-ਪਠਾਣ ਤੇ ਅਫ਼ਗ਼ਾਨ ਧਾੜਵੀ ਹਿੰਦੁਸਤਾਨ 'ਚੋਂ ਹਿੰਦੂਆਂ ਦੀਆਂ ਬਹੂ-ਬੇਟੀਆਂ ਨੂੰ ਜ਼ਬਰਦਸਤੀ ਚੁੱਕ ਕੇ ਲੈ ਜਾਂਦੇ, ਉਹਨਾਂ ਦੀ ਪੱਤ ਰੋਲਦੇ ਅਤੇ ਗ਼ਜ਼ਨੀ ਦੇ ਬਜ਼ਾਰ 'ਚ ਟਕੇ-ਟਕੇ ਉੱਤੇ ਵੇਚਦੇ ਸਨ ਤਾਂ ਹਿੰਦੂਤਵੀਆਂ ਨੇ ਇਹਨਾਂ ਦੀ ਰਾਖੀ ਤਾਂ ਕੀ ਕਰਨੀ ਸੀ ਸਗੋਂ ਉਹ ਮੁਗ਼ਲਾਂ ਤੋਂ ਡਰਦੇ ਖ਼ੁਦ ਹੀ ਆਪਣੀਆਂ ਭੈਣਾਂ, ਬੇਟੀਆਂ ਤੇ ਜਨਾਨੀਆਂ ਨੂੰ ਮੁਗਲ ਹਾਕਮਾਂ ਦੇ ਦਰਬਾਰ 'ਚ ਪੇਸ਼ ਕਰ ਆਉਂਦੇ ਸਨ।
ਸ਼ੰਕਰਾਚਾਰੀਆ ਨੇ 'ਔਰਤ ਨੂੰ ਇੱਕ ਬੰਧਨ ਲਿਖ ਦਿੱਤਾ' ਤੇ ਤੁਲਸੀ ਦਾਸ ਨੇ ਵੀ ਕਿਹਾ ਕਿ 'ਢੋਲ ਸ਼ੂਦਰ ਗਵਾਰ ਪਸ਼ੂ ਨਾਰੀ, ਸਕਲ ਤਾੜਨ ਕੇ ਅਧਿਕਾਰੀ।' ਕਿਸੇ ਨੇ ਘੁੰਡ ਵਿੱਚ ਤੇ ਕਿਸੇ ਨੇ ਪਰਦੇ ਵਿੱਚ ਔਰਤ ਨੂੰ ਲਪੇਟ ਦਿੱਤਾ। ਰਾਸ ਲੀਲਾ ਦਾ ਅਡੰਬਰ ਰਚਾ ਕੇ ਔਰਤ ਨੂੰ ਲੁੱਟਿਆ ਗਿਆ। ਕਿਸੇ ਨੇ ਔਰਤ ਦੀ ਅਗਨੀ ਪ੍ਰੀਖਿਆ ਲਈ, ਕਿਸੇ ਨੇ ਜੂਏ 'ਚ ਹਰਾ ਦਿੱਤੀ, ਕਿਸੇ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਤੇ ਕਿਸੇ ਨੇ ਵੇਚ ਦਿੱਤਾ। ਕਿਸੇ ਨੇ ਕੰਜਕਾਂ, ਦੇਵੀ, ਲਛਮੀ, ਦਾਸੀ ਜਾਂ ਬੇਗਮ ਕਹਿ ਕੇ ਔਰਤ ਨੂੰ ਭਰਮਾਈ ਰੱਖਿਆ। ਕਿਸੇ ਨੇ ਸਤੀ ਪ੍ਰਥਾ ਵਰਗੀਆਂ ਕੂੜ-ਰਸਮਾਂ ਵਿੱਚ ਔਰਤ ਨੂੰ ਸਾੜ ਦਿੱਤਾ। ਮੰਦਰਾਂ ਵਿੱਚ ਵੀ ਔਰਤਾਂ ਦੀਆਂ ਅਸ਼ਲੀਲ ਮੂਰਤੀਆਂ ਸਥਾਪਿਤ ਕਰ ਦਿੱਤੀਆਂ ਗਈਆਂ ਅਤੇ ਲੋਕਾਂ ਤੋਂ ਕੰਨਿਆਂ ਦਾਨ ਰਾਹੀਂ ਲਈ ਲੜਕੀਆਂ ਨਾਲ ਅਖੌਤੀ ਪੁਜਾਰੀ ਕੁਕਰਮ ਕਰਦੇ ਜਿਵੇਂ ਅੱਜ ਡੇਰਾ ਸਿਰਸਾ ਮੁਖੀ, ਆਸਾ ਰਾਮ, ਨਿਤਿਆਨੰਦ ਸਵਾਮੀ ਤੇ ਜੋਤਸ਼ੀ ਖੈਰਾਤ ਵਰਗੇ ਅਤੇ ਹੋਰ ਡੇਰੇਦਾਰ ਅਜਿਹੇ ਕਾਰੇ ਕਰਦੇ-ਕਰਵਾਉਂਦੇ ਹਨ।


ਪਰ ਅਕਾਲ ਪੁਰਖ ਦੇ ਸਰਗੁਣ ਸਰੂਪ ਅਤੇ ਮਹਾਨ ਇਨਕਲਾਬੀ ਰਹਿਬਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸੰਸਾਰ ਉੱਤੇ ਆਮਦ ਨਾਲ ਇੱਕ ਵੱਡੀ ਕ੍ਰਾਂਤੀ ਆਈ ਤੇ ਔਰਤ ਨੇ ਵੀ ਸੁੱਖ ਦਾ ਸਾਹ ਲਿਆ। ਗੁਰੂ ਸਾਹਿਬ ਨੇ ਬਚਨ ਕੀਤੇ "ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।" :- ਭਾਵ ਉਸ ਔਰਤ ਨੂੰ ਮੰਦਾ ਕਿਉਂ ਆਖਦੇ ਹੋ ਜਿਸ ਨੇ ਰਾਜਿਆਂ, ਮਹਾਰਾਜਿਆਂ, ਭਗਤਾਂ ਅਤੇ ਸੰਸਾਰ ਦੇ ਸਾਰੇ ਮਨੁੱਖਾਂ ਨੂੰ ਜਨਮ ਦਿੱਤਾ ਹੈ। ਗੁਰੂ ਜੀ ਨੇ ਇਸਤਰੀ ਨੂੰ 32 ਸੁਲੱਖਣੀ ਭਾਵ 32 ਮਹਾਨ ਗੁਣਾਂ ਵਾਲ਼ੀ ਕਹਿ ਕੇ ਸਨਮਾਨਿਆ। "ਬਤੀਹ ਸੁਲਖਣੀ ਸਚੁ ਸੰਤਤਿ ਪੂਤ।। ਆਗਿਆਕਾਰੀ ਸੁਘੜ ਸਰੂਪ।।" ਗੁਰੂ ਸਾਹਿਬ ਨੇ ਮਰਦਾਂ ਦੇ ਬਰਾਬਰ ਔਰਤਾਂ ਨੂੰ ਸਾਰੇ ਹੱਕ ਦਿੱਤੇ ਤੇ ਦੂਜੀਆਂ ਕੌਮਾਂ ਦੇ ਮੁਕਾਬਲੇ ਔਰਤ ਨੂੰ ਬੇਹੱਦ ਸਤਿਕਾਰ, ਮਾਣ, ਵਡਿਆਈ ਤੇ ਇੱਜ਼ਤ ਬਖ਼ਸ਼ੀ।
ਦਸੇ ਹੀ ਗੁਰੂ ਸਾਹਿਬਾਨਾਂ ਨੇ ਮਰਦਾਂ ਦੇ ਨਾਲ ਇਸਤਰੀ ਨੂੰ ਵੀ ਅਗਵਾਈ ਦਿੱਤੀ, ਸਿੱਖੀ ਪ੍ਰਚਾਰ ਲਈ ਬਹੱਤਰ ਪੀੜ੍ਹੇ ਬਖ਼ਸ਼ੇ, ਲੰਗਰਾਂ ਦਾ ਇੰਚਾਰਜ ਲਾਇਆ, ਸਿੱਖੀ ਕੇਂਦਰਾਂ ਦਾ ਪ੍ਰਬੰਧਕ ਥਾਪਿਆ ਅਤੇ ਇਸਤਰੀ ਨੂੰ ਸ਼ੇਰਨੀ, ਸਿੰਘਣੀ, ਕੌਰ ਭਾਵ ਬਹਾਦਰ, ਸ਼ਹਿਜ਼ਾਦੀ ਤੇ ਮਹਾਰਾਣੀ ਬਣਾਇਆ। ਔਰਤ ਨੂੰ ਬੇਇਨਸਾਫ਼ੀ ਵਿਰੁੱਧ ਲੜਨ-ਖੜ੍ਹਨ ਦੀ ਜੁੱਰਤ ਦਿੱਤੀ। ਛੇਵੇਂ ਪਾਤਸ਼ਾਹ ਨੇ ਔਰਤ ਨੂੰ 'ਇਮਾਨ' ਕਹਿ ਕੇ ਸਤਿਕਾਰਿਆ। 
ਦਸਮੇਸ਼ ਪਾਤਸ਼ਾਹ ਨੇ ਜਿੱਥੇ ਸਿੰਘਾਂ ਨੂੰ ਖੰਡੇ-ਬਾਟੇ ਦੇ ਅੰਮ੍ਰਿਤ ਦੀ ਦਾਤ ਬਖ਼ਸ਼ਿਸ਼ ਕੀਤੀ, ਓਥੇ ਸਿੰਘਣੀਆਂ ਨੂੰ ਵੀ ਪਿੱਛੇ ਨਹੀਂ ਰੱਖਿਆ ਤੇ ਉਹਨਾਂ ਨੂੰ ਵੀ ਅੰਮ੍ਰਿਤਧਾਰੀ ਤੇ ਸ਼ਸਤਰਧਾਰੀ ਬਣਾਇਆ ਤੇ ਜਾਬਰ ਵਿਰੁੱਧ ਜੂਝਣਾ ਸਿਖਾਇਆ। ਜਿਸ ਤੋਂ ਬਾਅਦ ਤਵਾਰੀਖ਼ ਦੇ ਪੰਨਿਆਂ ਨੂੰ ਆਪਣੇ ਲਹੂ, ਦਲੇਰੀ, ਸੰਘਰਸ਼ ਅਤੇ ਜਜ਼ਬੇ ਨਾਲ ਸਿੰਘਣੀਆਂ ਨੇ ਵੀ ਸ਼ਿੰਗਾਰ ਦਿੱਤਾ। ਸਿੰਘਣੀਆਂ ਵਿੱਚ ਵੀ ਗੁਰਬਾਣੀ ਪੜ੍ਹ ਕੇ ਅਜਿਹਾ ਆਤਮਿਕ ਬਲ ਆਇਆ ਕੇ ਉਹ ਜਰਵਾਣਿਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਹੋ ਗਈਆਂ। ਸਿੰਘਾਂ ਦੇ ਨਾਲ ਸਿੰਘਣੀਆਂ ਨੇ ਵੀ ਹੱਥਾਂ ਦੇ ਵਿੱਚ ਸ਼ਮਸ਼ੀਰ ਫੜ ਕੇ ਬੇਗਾਨੀਆਂ ਔਰਤਾਂ ਦੀ ਆਬਰੂ ਨੂੰ ਬਚਾਇਆ।
ਮੁਗਲ ਕਾਲ ਵੇਲੇ ਸਿੱਖ ਬੀਬੀਆਂ ਨੇ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਤਾਂ ਪਵਾ ਲਏ, ਜੇਲ੍ਹਾਂ ਵੀ ਕੱਟੀਆਂ ਪਰ ਉਨ੍ਹਾਂ ਨੇ ਸਿਦਕ ਨਹੀਂ ਹਾਰਿਆ ਤੇ ਨਾ ਹੀ ਮੁਗਲ ਹਾਕਮਾਂ ਦੀ ਸੇਜ ਨੂੰ ਸਵੀਕਾਰ ਕੀਤਾ। ਉਸ ਸਮੇਂ ਹਿੰਦੂ ਅਹਿਲਕਾਰ ਜਸਪਤ ਰਾਏ ਤੇ ਲਖਪਤ ਰਾਏ ਖ਼ਾਸ ਕਰਕੇ ਸਿੱਖ ਇਸਤਰੀਆਂ ਨੂੰ ਨਿਸ਼ਾਨਾ ਬਣਾਉਂਦੇ ਰਹੇ। ਫਿਰ ਜਦੋਂ ਸਿੱਖ ਰਾਜ ਦਾ ਪਰਚਮ ਝੂਲਿਆ ਤਾਂ ਉਹ ਔਰਤਾਂ ਦੇ ਲਈ ਸੁਨਹਿਰੀ ਦੌਰ ਬਣਿਆ।

ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬਚਪਨ ਵਿੱਚ ਵਾਹਿਗੁਰੂ ਦੇ ਪ੍ਰਤੱਖ ਸਰੂਪ ਵਜੋਂ ਸਭ ਤੋਂ ਪਹਿਲਾਂ ਇੱਕ ਔਰਤ ਉਹਨਾਂ ਦੀ ਵੱਡੀ ਭੈਣ ਬੇਬੇ ਨਾਨਕੀ ਜੀ ਨੇ ਹੀ ਪਹਿਚਾਣਿਆ ਸੀ ਤੇ ਜਦੋਂ ਗੁਰੂ ਸਾਹਿਬ ਵੇਈਂ ਨਦੀ ਵਿੱਚ ਤਿੰਨ ਦਿਨਾਂ ਲਈ ਅਲੋਪ ਹੋਏ ਸਨ ਤਾਂ ਭੈਣ ਨਾਨਕੀ ਨੇ ਕਿਹਾ ਸੀ ਕਿ "ਮੇਰਾ ਵੀਰ ਡੁੱਬ ਨਹੀਂ ਸਕਦਾ ਉਹ ਤਾਂ ਡੁੱਬਦਿਆਂ ਨੂੰ ਤਾਰਨ ਆਇਆ ਹੈ।" ਗੁਰੂ ਸਾਹਿਬ ਦੇ ਪ੍ਰਕਾਸ਼ ਸਮੇਂ ਦਾਈ ਦੌਲਤਾਂ ਨੂੰ ਵੀ ਚਾਨਣ ਹੋ ਗਿਆ ਸੀ ਕਿ ਇਹ ਕੋਈ ਆਮ ਬੱਚਾ ਨਹੀਂ ਬਲਕਿ ਕੋਈ ਅਗੰਮੀ ਸ਼ਕਤੀ ਹੈ।
ਸਿੱਖ ਇਤਿਹਾਸ 'ਚ ਅਨੇਕਾਂ ਮਹਾਨ ਬੀਬੀਆਂ ਦਾ ਜ਼ਿਕਰ ਆਉਂਦਾ ਹੈ ਜਿਨ੍ਹਾਂ ਨੇ ਸਿੱਖੀ ਕਮਾਈ, ਘਾਲਣਾ ਘਾਲੀ, ਸਿਦਕ ਅਤੇ ਸਿਰੜ ਦੀ ਅਦੁੱਤੀ ਮਿਸਾਲ ਪੈਦਾ ਕੀਤੀ। ਮਾਤਾ ਤ੍ਰਿਪਤਾ ਜੀ ਅਤੇ ਬੇਬੇ ਨਾਨਕੀ ਜੀ ਤੋਂ ਸ਼ੁਰੂ ਹੋ ਕੇ ਇਹ ਲੜੀ ਬਹੁਤ ਲੰਬੀ ਹੈ ਜਿਵੇਂ ਮਾਤਾ ਸੁਲੱਖਣੀ ਜੀ, ਮਾਤਾ ਖੀਵੀ ਜੀ, ਬੀਬੀ ਅਮਰੋ ਜੀ, ਬੀਬੀ ਭਾਨੀ ਜੀ ਅਤੇ ਮਾਤਾ ਗੰਗਾ ਜੀ ਆਦਿਕ। ਮਾਤਾ ਗੁਜਰ ਕੌਰ ਜੀ ਨੇ ਜਿਵੇਂ ਸਾਹਿਬਜ਼ਾਦਿਆਂ ਨੂੰ ਸਿੱਖੀ 'ਚ ਪ੍ਰਪੱਕ ਕੀਤਾ ਤੇ ਸ਼ਹਾਦਤ ਪਾਈ ਉਹ ਸ਼ਾਨਾਮੱਤਾ ਇਤਿਹਾਸ ਹੈ।
ਮਾਤਾ ਅਜੀਤ ਕੌਰ, ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਨੇ ਵੀ ਬੇਅੰਤ ਸੇਵਾਵਾਂ ਨਿਭਾਈਆਂ ਤੇ ਸਿੱਖੀ ਦੇ ਆਲੀਸ਼ਾਨ ਮਹਿਲ ਨੂੰ ਹੋਰ ਪੱਕਿਆਂ ਕੀਤਾ। ਬੀਬੀ ਹਰਸ਼ਰਨ ਕੌਰ ਅਤੇ ਬੀਬੀ ਭਾਗ ਕੌਰ (ਮਾਈ ਭਾਗੋ) ਨੇ ਸੂਰਬੀਰਤਾ ਵਿਖਾਉਂਦਿਆਂ ਜੋ ਖ਼ਾਲਸੇ ਦੇ ਇਤਿਹਾਸ ਨੂੰ ਮੋੜਾ ਦਿੱਤਾ ਉਹ ਤਾਂ ਹਰੇਕ ਸਿੱਖ ਵਿੱਚ ਧਰਮ ਲਈ ਜੂਝਣ ਦਾ ਚਾਉ ਪੈਦਾ ਕਰਦਾ ਹੈ।
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਬੀਬੀ ਸਦਾ ਕੌਰ ਅਤੇ ਸੁਪਤਨੀ ਬੀਬੀ ਜ਼ਿੰਦ ਕੌਰ (ਮਹਾਰਾਣੀ ਜ਼ਿੰਦਾਂ) ਨੇ ਖ਼ਾਲਸਾ ਰਾਜ ਦੀ ਉਸਾਰੀ ਲਈ ਅਹਿਮ ਰੋਲ ਅਦਾ ਕੀਤਾ। ਘੱਲੂਘਾਰਿਆਂ, ਸਾਕਿਆਂ, ਜੰਗਾਂ ਅਤੇ ਮੋਰਚਿਆਂ ਦੌਰਾਨ ਬੀਬੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਇਸੇ ਲਈ ਤਾਂ ਅਰਦਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਜਿਨ੍ਹਾਂ ਸਿੰਘਾਂ-ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਤਿਨ੍ਹਾਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ।
ਅਕਾਲੀ ਮੋਰਚਿਆਂ ਅਤੇ ਧਰਮ ਯੁੱਧ ਮੋਰਚੇ ਦੌਰਾਨ ਵੀ ਸਿੰਘਣੀਆਂ ਨੇ ਵੱਡਾ ਯੋਗਦਾਨ ਪਾਇਆ, ਜੂਨ 1984 ਦੇ ਘੱਲੂਘਾਰੇ ਵਿੱਚ ਬਹਾਦਰੀ ਵਿਖਾਈ ਤੇ ਸ਼ਹਾਦਤਾਂ ਦਿੱਤੀਆਂ ਤੇ ਫਿਰ ਸਿੱਖ ਕੌਮ ਦੀ ਅਜ਼ਾਦੀ ਲਈ ਚੱਲੇ ਹਥਿਆਰਬੰਦ ਸੰਘਰਸ਼ ਵਿੱਚ ਵੀ ਸਿੰਘਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸਿੰਘਣੀਆਂ ਨੇ ਜੰਗ ਲੜੀ, ਤਸੀਹੇ ਝੱਲੇ, ਜੇਲ੍ਹਾਂ ਕੱਟੀਆਂ ਅਤੇ ਸ਼ਹਾਦਤਾਂ ਦਿੱਤੀਆਂ ਹਨ।
ਅੱਜ ਪੰਜਾਬ, ਭਾਰਤ ਅਤੇ ਵਿਦੇਸ਼ਾਂ ਵਿੱਚ ਕਾਫ਼ੀ ਔਰਤਾਂ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਕਰਕੇ ਨਾਮਣਾ ਖੱਟ ਰਹੀਆਂ ਹਨ ਇਹ ਸਾਡੇ ਗੁਰੂ ਸਾਹਿਬਾਨਾਂ ਦੀ ਹੀ ਮਹਾਨ ਦੇਣ ਹੈ। ਗੁਰੂ ਕਾਲ ਤੋਂ ਲੈ ਕੇ ਹੁਣ ਤਕ ਦੇ ਇਤਿਹਾਸ ਵਿੱਚ ਅਨੇਕਾਂ ਸਿੱਖ ਬੀਬੀਆਂ ਨੇ ਨਿਵੇਕਲੇ ਕਾਰਜ ਕੀਤੇ ਤੇ ਉਹ ਸਾਡੇ ਲਈ ਰੋਲ ਮਾਡਲ ਬਣੀਆਂ ਹਨ, ਉਹਨਾਂ ਦਾ ਜੀਵਨ-ਕਿਰਦਾਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾਂ ਸੇਧ ਬਖ਼ਸ਼ਦਾ ਰਹੇਗਾ।

                                                                       ਰਣਜੀਤ ਸਿੰਘ ਦਮਦਮੀ ਟਕਸਾਲ
                                                     (ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
                                                                    ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.