ਪੰਜਾਬੀ ਸਭਿਆਚਾਰ ਤੇ ਪੰਜਾਬ ਦੀ ਹੋਂਦ ਉਪਰ ਕਿਸਾਨ ਯੂਨੀਅਨਾਂ ਦਾ ਹਮਲਾ
- ਰਾਜਨੀਤੀ
- (Asia/Kolkata)
ਜੋਗਿੰਦਰ ਉਗਰਾਹਾਂ ਤੇ ਬਲਬੀਰ ਰਾਜੇਵਾਲ ਦੀ ਨਕਲੀ ਕਾਮਰੇਡਗਿਰੀ ਦਾ ਪਰਦਾਫਾਸ਼-ਬਲਵਿੰਦਰ ਪਾਲ ਸਿੰਘ ਪ੍ਰੋਫੈਸਰ
ਪੰਜਾਬ, ਜਿਹੜਾ ਸਦੀਆਂ ਤੋਂ ਗੁਰੂਆਂ, ਪੀਰਾਂ, ਫਕੀਰਾਂ ਅਤੇ ਸੂਰਮਿਆਂ ਦੀ ਧਰਤੀ ਰਿਹਾ ਹੈ, ਅੱਜ ਇੱਕ ਅਜਿਹੇ ਮੋੜ ’ਤੇ ਖੜ੍ਹਾ ਹੈ ਜਿੱਥੇ ਡੈਮੋਗਰਾਫੀ ਦੇ ਬਦਲਾਅ ਕਾਰਣ ਉਸ ਦੀ ਸਭਿਆਚਾਰਕ, ਸਮਾਜਕ ਅਤੇ ਕੌਮੀ ਤੇ ਖੇਤਰੀ ਹੋਂਦ ਨੂੰ ਖਤਰਾ ਪੈਦਾ ਹੋ ਰਿਹਾ ਹੈ। ਕੁਝ ਅਖੌਤੀ ਕਿਸਾਨ ਆਗੂ, ਜਿਨ੍ਹਾਂ ਵਿੱਚ ਜੋਗਿੰਦਰ ਸਿੰਘ ਉਗਰਾਹਾਂ ਅਤੇ ਬਲਬੀਰ ਸਿੰਘ ਰਾਜੇਵਾਲ ਵਰਗੇ ਨਾਂ ਸ਼ਾਮਲ ਹਨ, ਪੰਜਾਬ ਦੀ ਡੈਮੋਗਰਾਫੀ ਨੂੰ ਬਦਲਣ ਦੀ ਸਾਜ਼ਿਸ਼ ਵਿੱਚ ਫੀਲਿਆਂ ਵਜੋਂ ਸ਼ਾਮਲ ਦਿਖਾਈ ਦਿੰਦੇ ਹਨ। ਇਹ ਆਗੂ, ਜੋ ਆਪਣੇ ਆਪ ਨੂੰ ਮਾਰਕਸਵਾਦੀ ਅਤੇ ਕਿਸਾਨਾਂ ਦੇ ਮਸੀਹੇ ਵਜੋਂ ਪੇਸ਼ ਕਰਦੇ ਹਨ, ਅਸਲ ਵਿੱਚ ਡੋਗਰਿਆਂ ਤੇ ਪਹਾੜੀ ਰਿਜਿਆਂ ਵਾਂਗ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰਨ ਦਾ ਕੰਮ ਕਰ ਰਹੇ ਹਨ। ਇਹਨਾਂ ਦੀਆਂ ਨੀਤੀਆਂ ਅਤੇ ਬਿਆਨਬਾਜ਼ੀਆਂ ਤੋਂ ਸਪੱਸ਼ਟ ਹੈ ਕਿ ਇਹ ਪੰਜਾਬ ਦੀ ਭਾਸ਼ਾ, ਸਭਿਆਚਾਰ, ਅਤੇ ਸੰਵਿਧਾਨਕ ਅਧਿਕਾਰਾਂ ਨੂੰ ਕੁਚਲਣ ਦੀ ਮੁਹਿੰਮ ਚਲਾ ਰਹੇ ਹਨ।
ਮਾਰਕਸਵਾਦ ਦੀ ਆੜ ਵਿੱਚ ਪੰਜਾਬ ਨਾਲ ਗੱਦਾਰੀ
ਕਾਰਲ ਮਾਰਕਸ, ਜਿਸ ਦੇ ਵਿਚਾਰਾਂ ਨੂੰ ਇਹ ਅਖੌਤੀ ਕਾਮਰੇਡ ਆਪਣੇ ਭਾਸ਼ਣਾਂ ਵਿਚ ਵਰਤੋਂ ਕਰਦੇ ਰਹਿੰਦੇ ਹਨ, ਨੇ ਸਪੱਸ਼ਟ ਲਿਖਿਆ ਸੀ ਕਿ ਕਿਸੇ ਵੀ ਕੌਮ ਦੀ ਹੋਂਦ ਲਈ ਉਸ ਦੀ ਭਾਸ਼ਾ ਅਤੇ ਸਭਿਆਚਾਰ ਜ਼ਰੂਰੀ ਹਨ। Critique of Political Economy (1859) ਦੇ ਪ੍ਰਿਫੇਸ ਵਿੱਚ ਮਾਰਕਸ ਕਹਿੰਦਾ ਹੈ: “ਮਨੁੱਖਾਂ ਦੀ ਚੇਤਨਾ ਉਹਨਾਂ ਦੀ ਹੋਂਦ ਨੂੰ ਨਿਰਧਾਰਤ ਨਹੀਂ ਕਰਦੀ, ਬਲਕਿ ਉਹਨਾਂ ਦੀ ਸਮਾਜਕ ਹੋਂਦ ਉਹਨਾਂ ਦੀ ਚੇਤਨਾ ਨੂੰ ਨਿਰਧਾਰਤ ਕਰਦੀ ਹੈ।”
ਮਤਲਬ, ਜੇਕਰ ਕਿਸੇ ਕੌਮ ਦੀ ਭਾਸ਼ਾ ਅਤੇ ਸਭਿਆਚਾਰ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਜਾਵੇ, ਤਾਂ ਉਸ ਦੀ ਸਮਾਜਕ ਚੇਤਨਾ ਅਤੇ ਅਸਤਿਤਵ ਵੀ ਖਤਰੇ ਵਿੱਚ ਪੈ ਜਾਂਦਾ ਹੈ।
ਮਾਰਕਸ ਨੇ ਆਇਰਲੈਂਡ ਅਤੇ ਪੋਲੈਂਡ ਵਰਗੀਆਂ ਕੌਮਾਂ ਦੀ ਰਾਸ਼ਟਰੀ-ਸਭਿਆਚਾਰਕ ਮੁਕਤੀ ਦੀ ਹਮੇਸ਼ਾ ਵਕਾਲਤ ਕੀਤੀ। ਉਹ 1867 ਵਿੱਚ ਆਇਰਲੈਂਡ ਬਾਰੇ ਆਪਣੀ ਚਿੱਠੀ ਵਿੱਚ ਲਿਖਦਾ ਹੈ ਕਿ ਆਇਰਲੈਂਡ ਦੀ ਰਾਸ਼ਟਰੀ ਹੋਂਦ ਨੂੰ ਮੰਨਣਾ ਅਤੇ ਉਸ ਦੇ ਸੰਘਰਸ਼ ਨੂੰ ਸਮਰਥਨ ਦੇਣਾ ਮਜ਼ਦੂਰ ਵਰਗ ਲਈ ਵੀ ਜ਼ਰੂਰੀ ਹੈ।
ਪਰ ਜੋਗਿੰਦਰ ਉਗਰਾਹਾਂ ਅਤੇ ਬਲਬੀਰ ਰਾਜੇਵਾਲ ਵਰਗੇ ਆਗੂ ਮਾਰਕਸ ਦੇ ਇਹਨਾਂ ਸਿਧਾਂਤਾਂ ਨੂੰ ਤਿਆਗ ਕੇ, ਪੰਜਾਬ ਦੀ ਸਭਿਆਚਾਰਕ ਅਤੇ ਰਾਸ਼ਟਰੀ ਪਛਾਣ ਨੂੰ ਖਤਮ ਕਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਹਨ। ਇਹ ਆਗੂ ਪੰਜਾਬ ਵਿੱਚ ਡੈਮੋਗਰਾਫੀ ਬਦਲਣ ਦੀਆਂ ਨੀਤੀਆਂ ਦਾ ਸਮਰਥਨ ਕਰਦੇ ਹਨ, ਜਿਸ ਨਾਲ ਪੰਜਾਬੀ ਭਾਸ਼ਾ, ਸਭਿਆਚਾਰ, ਅਤੇ ਸਥਾਨਕ ਲੋਕਾਂ ਦੇ ਅਧਿਕਾਰਾਂ ’ਤੇ ਸਿੱਧਾ ਹਮਲਾ ਹੋ ਰਿਹਾ ਹੈ।
ਪੰਜਾਬ ਦੀ ਡੈਮੋਗਰਾਫੀ ’ਤੇ ਸਵਾਲ ਕਿਉਂ
ਪੰਜਾਬ ਇੱਕ ਸਰਹੱਦੀ ਸੂਬਾ ਹੈ, ਜਿਸ ਦੀ ਭੂਗੋਲਿਕ ਅਤੇ ਸਮਾਜਕ ਸਥਿਤੀ ਬਹੁਤ ਸੰਵੇਦਨਸ਼ੀਲ ਹੈ। ਇਥੇ ਬਿਨਾਂ ਪਛਾਣ-ਪੱਤਰਾਂ ਦੇ ਪ੍ਰਵਾਸੀਆਂ ਦੀ ਆਮਦ ਅਤੇ ਅਪਰਾਧਿਕ ਗਤੀਵਿਧੀਆਂ ਨੇ ਸਥਾਨਕ ਲੋਕਾਂ ਵਿੱਚ ਚਿੰਤਾ ਪੈਦਾ ਕੀਤੀ ਹੈ। ਪੰਜਾਬੀ ਲੋਕ ਇਹ ਮੰਗ ਕਰ ਰਹੇ ਹਨ ਕਿ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਰਗੇ ਸੂਬਿਆਂ ਵਾਂਗ ਪੰਜਾਬ ਵਿੱਚ ਵੀ ਸਖ਼ਤ ਕਾਨੂੰਨ ਲਾਗੂ ਕੀਤੇ ਜਾਣ, ਜੋ ਬਿਨਾਂ ਅਧਿਕਾਰ ਕਾਰਡ ਦੇ ਪ੍ਰਵਾਸੀਆਂ ਦੀ ਆਮਦ ਨੂੰ ਰੋਕਣ। ਇਹ ਮੰਗ ਸੰਵਿਧਾਨਕ ਅਧਿਕਾਰਾਂ ਦੀ ਸੁਰੱਖਿਆ ਅਤੇ ਸਥਾਨਕ ਸਭਿਆਚਾਰ ਦੀ ਰਾਖੀ ਲਈ ਜ਼ਰੂਰੀ ਹੈ। ਪਰ ਜੋਗਿੰਦਰ ਉਗਰਾਹਾਂ ਅਤੇ ਬਲਬੀਰ ਰਾਜੇਵਾਲ ਵਰਗੇ ਆਗੂ ਇਸ ਮੰਗ ਨੂੰ “ਸੰਵਿਧਾਨ ਵਿਰੋਧੀ” ਅਤੇ “ਸਰਬਤ ਦੇ ਭਲੇ” ਦੇ ਖਿਲਾਫ਼ ਦੱਸ ਕੇ ਪੰਜਾਬੀਆਂ ਦੀ ਅਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਆਗੂ ਪੰਜਾਬ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਕੇ, ਬਾਹਰੋਂ ਆਏ ਪ੍ਰਵਾਸੀਆਂ ਦੇ ਅਪਰਾਧਿਕ ਕਾਰਨਾਮਿਆਂ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਜਦੋਂ ਪੰਜਾਬ ਵਿੱਚ ਪ੍ਰਵਾਸੀਆਂ ਵੱਲੋਂ ਕਤਲ ਜਾਂ ਹੋਰ ਅਪਰਾਧ ਹੁੰਦੇ ਹਨ, ਤਾਂ ਇਹਨਾਂ ਅਖੌਤੀ ਕਾਮਰੇਡਾਂ ਨੇ ਕਦੇ ਵੀ ਅਫਸੋਸ ਪ੍ਰਗਟ ਨਹੀਂ ਕੀਤਾ। ਉਲਟਾ, ਇਹ ਪੰਜਾਬੀਆਂ ਦੀ ਜਾਇਜ਼ ਮੰਗ ਨੂੰ “ਵਿਤਕਰਾ” ਅਤੇ “ਰਾਸ਼ਟਰਵਾਦ” ਦਾ ਨਾਂ ਦੇ ਕੇ ਸਮੂਹ ਪੰਜਾਬੀਆਂ—ਸਿੱਖਾਂ, ਦਲਿਤਾਂ, ਈਸਾਈਆਂ, ਅਤੇ ਹੋਰਨਾਂ—ਖਿਲਾਫ਼ ਮੋਰਚਾ ਖੋਲ ਲੈਂਦੇ ਹਨ।
ਗੁਰੂ ਸਾਹਿਬਾਨ ਦੀ ਸਿੱਖਿਆ ਅਤੇ ਸਭਿਆਚਾਰਕ ਸੁਤੰਤਰਤਾ
ਗੁਰੂ ਸਾਹਿਬਾਨ ਅਤੇ ਭਗਤਾਂ ਨੇ ਸਦਾ ਸਥਾਨਕ ਭਾਸ਼ਾ ਅਤੇ ਸਭਿਆਚਾਰ ਦੀ ਸੰਭਾਲ ’ਤੇ ਜ਼ੋਰ ਦਿੱਤਾ। ਗੁਰਬਾਣੀ ਨੂੰ ਪੰਜਾਬੀ, ਸਾਧ ਭਾਖਾ ਅਤੇ ਹੋਰ ਸਥਾਨਕ ਬੋਲੀਆਂ ਵਿੱਚ ਰਚ ਕੇ ਉਹਨਾਂ ਨੇ ਲੋਕਾਂ ਨੂੰ ਆਪਣੀ ਸਭਿਆਚਾਰਕ ਅਤੇ ਆਤਮਿਕ ਪਛਾਣ ਨਾਲ ਜੋੜਿਆ। ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿੱਚ ਸਪੱਸ਼ਟ ਕਿਹਾ:
ਕੂਜਾ ਬਾਂਗ ਨਿਵਾਜ ਮੁਸਲਾ ਨੀਲ ਰੂਪ ਬਨਵਾਰੀ ॥
ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ ॥
ਜੇ ਤੂ ਮੀਰ ਮਹੀਪਤਿ ਸਾਹਿਬੁ ਕੁਦਰਤਿ ਕਉਣ ਹਮਾਰੀ ॥
ਇਸ ਬਾਣੀ ਵਿੱਚ ਗੁਰੂ ਸਾਹਿਬ ਨੇ ਵਿਦੇਸ਼ੀ ਪ੍ਰਭਾਵ ਅਤੇ ਸਭਿਆਚਾਰਕ ਗੁਲਾਮੀ ਦੀ ਆਲੋਚਨਾ ਕੀਤੀ। ਉਸ ਸਮੇਂ ਮੁਗਲ ਅਤੇ ਸੁਲਤਾਨੀ ਪ੍ਰਭਾਵ ਕਾਰਨ ਬਹੁਤ ਸਾਰੇ ਲੋਕ ਆਪਣੀ ਬੋਲੀ ਅਤੇ ਸਭਿਆਚਾਰ ਨੂੰ ਤਿਆਗ ਰਹੇ ਸਨ। ਗੁਰੂ ਸਾਹਿਬ ਨੇ ਸਮਾਜ ਨੂੰ ਜਗਾਇਆ ਕਿ ਆਪਣੀ ਭਾਸ਼ਾ ਅਤੇ ਸਭਿਆਚਾਰ ਵਿੱਚ ਹੀ ਤੁਹਾਡੀ ਹੋਂਦ ਹੈ। ਪਰ ਅੱਜ ਦੇ ਇਹ ਅਖੌਤੀ ਕਿਸਾਨ ਆਗੂ, ਜੋਗਿੰਦਰ ਉਗਰਾਹਾਂ ਅਤੇ ਬਲਬੀਰ ਰਾਜੇਵਾਲ, ਪੰਜਾਬੀ ਸਭਿਆਚਾਰ ਨੂੰ ਮਿੱਟੀ ਵਿੱਚ ਮਿਲਾਉਣ ਦੀ ਵਕਾਲਤ ਕਰਦੇ ਹਨ।
ਸਰਬਤ ਦਾ ਭਲਾ ਜਾਂ ਸਭਿਆਚਾਰਕ ਗੁਲਾਮੀ?
ਇਹਨਾਂ ਆਗੂਆਂ ਦਾ “ਸਰਬਤ ਦੇ ਭਲੇ” ਦਾ ਨਾਅਰਾ ਵੀ ਇੱਕ ਢੋਂਗ ਹੈ। ਸਰਬਤ ਦੇ ਭਲੇ ਦਾ ਮਤਲਬ ਇਹ ਨਹੀਂ ਕਿ ਪੰਜਾਬੀਆਂ ਦੀ ਸਭਿਆਚਾਰਕ ਅਤੇ ਖੇਤਰੀ ਹੋਂਦ ਨੂੰ ਮਿਟਾ ਦਿੱਤਾ ਜਾਵੇ। ਜਦੋਂ ਪੰਜਾਬੀ ਲੋਕ ਹਿਮਾਚਲ ਜਾਂ ਉੱਤਰਾਖੰਡ ਵਰਗੇ ਕਾਨੂੰਨਾਂ ਦੀ ਮੰਗ ਕਰਦੇ ਹਨ, ਤਾਂ ਇਹ ਮੰਗ ਸੰਵਿਧਾਨ ਦੇ ਅਧੀਨ ਆਪਣੇ ਅਧਿਕਾਰਾਂ ਅਤੇ ਸਭਿਆਚਾਰ ਦੀ ਸੁਰੱਖਿਆ ਲਈ ਹੈ। ਸਵਾਲ ਇਹ ਹੈ ਕਿ ਜੇਕਰ ਹਿਮਾਚਲ ਅਤੇ ਉੱਤਰਾਖੰਡ ਵਰਗੇ ਸੂਬਿਆਂ ਵਿੱਚ ਅਜਿਹੇ ਕਾਨੂੰਨ ਲਾਗੂ ਹੋ ਸਕਦੇ ਹਨ, ਤਾਂ ਪੰਜਾਬ ਵਿੱਚ ਕਿਉਂ ਨਹੀਂ? ਕੀ ਪੰਜਾਬ ਦੀ ਸਰਹੱਦੀ ਸਥਿਤੀ ਅਤੇ ਸਭਿਆਚਾਰਕ ਮਹੱਤਤਾ ਨੂੰ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ?
ਪੰਜਾਬੀ ਸਭਿਆਚਾਰ ਅਤੇ ਭਾਸ਼ਾ ਨਾ ਸਿਰਫ਼ ਪੰਜਾਬ ਦੀ, ਸਗੋਂ ਸਮੁੱਚੇ ਭਾਰਤ ਦੀ ਵਿਰਾਸਤ ਦਾ ਹਿੱਸਾ ਹਨ। ਗੁਰਬਾਣੀ, ਪੰਜਾਬੀ ਸਾਹਿਤ, ਲੋਕ ਗੀਤ, ਅਤੇ ਸਭਿਆਚਾਰਕ ਰਵਾਇਤਾਂ ਨੇ ਸਦਾ ਸਮਾਜ ਨੂੰ ਇਕੱਠਾ ਕਰਨ ਦਾ ਕੰਮ ਕੀਤਾ ਹੈ। ਪਰ ਅਜਿਹੇ ਕਿਸਾਨ ਆਗੂ, ਜੋ ਮਾਰਕਸਵਾਦ ਦੀ ਆੜ ਵਿੱਚ ਪੰਜਾਬੀ ਹੋਂਦ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚ ਰਹੇ ਹਨ, ਸਮੁੱਚੇ ਪੰਜਾਬੀ ਸਮਾਜ ਲਈ ਖਤਰਾ ਬਣ ਚੁੱਕੇ ਹਨ।
ਪੰਜਾਬੀਆਂ ਨੂੰ ਅੱਜ ਇਸ ਗੱਲ ਦੀ ਸੁਚੇਤਤਾ ਦੀ ਲੋੜ ਹੈ ਕਿ ਉਹ ਆਪਣੀ ਭਾਸ਼ਾ, ਸਭਿਆਚਾਰ, ਅਤੇ ਸੰਵਿਧਾਨਕ ਅਧਿਕਾਰਾਂ ਦੀ ਸੁਰੱਖਿਆ ਲਈ ਇਕਜੁਟ ਹੋਣ।
Leave a Reply