ਸ਼ਹੀਦ ਅਤੇ ਸੂਰਬੀਰਤਾ ਵੀ ਓਹੀ, ਤਸ਼ੱਦਦ ਵੀ ਓਹੀ ਤੇ ਸਿਦਕ ਵੀ ਓਹੀ

ਸ਼ਹੀਦ ਅਤੇ ਸੂਰਬੀਰਤਾ ਵੀ ਓਹੀ, ਤਸ਼ੱਦਦ ਵੀ ਓਹੀ ਤੇ ਸਿਦਕ ਵੀ ਓਹੀ

ਦਮਦਮੀ ਟਕਸਾਲ ਦੇ ਬਾਰ੍ਹਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ ਬਚਨ ਕੀਤੇ ਸਨ ਕਿ 'ਸਿੱਖ ਕੌਮ ਦੀ ਸੇਵਾ ਕਰਨ ਲਈ ਚਾਲੀ ਹਜ਼ਾਰ ਸ਼ਹੀਦ ਸਿੰਘ-ਸਿੰਘਣੀਆਂ ਦੁਬਾਰਾ ਜਨਮ ਲੈ ਚੁੱਕੇ ਹਨ।' ਤੇਰ੍ਹਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ ਇਹ ਨਾਅਰਾ ਦਿੱਤਾ ਸੀ ਕਿ 'ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ।' ਜਿਸ ਸਦਕਾ ਹਜ਼ਾਰਾਂ-ਲੱਖਾਂ ਸਿੱਖਾਂ ਨੇ ਖੰਡੇ-ਬਾਟੇ ਦਾ ਅੰਮ੍ਰਿਤਪਾਨ ਕੀਤਾ। ਫਿਰ ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ ਵਿੱਚ ਹਜ਼ਾਰਾਂ ਗੁਰੂ ਕੇ ਲਾਲਾਂ ਨੇ ਜੂਝ ਕੇ ਸ਼ਹਾਦਤਾਂ ਦੇ ਜਾਮ ਪੀਤੇ, ਅਥਾਹ ਤਸੀਹੇ ਚੱਲੇ, ਜੁਝਾਰੂ ਕਾਰਨਾਮੇ ਕੀਤੇ, ਸ਼ਾਨਾਮੱਤਾ ਇਤਿਹਾਸ ਸਿਰਜਿਆ, ਘਰ-ਘਰ ਚਮਕੌਰ ਦੀ ਗੜ੍ਹੀ ਬਣ ਗਿਆ।
ਸੰਨ 1978 ਤੋਂ ਚੱਲੇ ਸਿੱਖ ਸੰਘਰਸ਼ ਵਿੱਚ ਸੇਵਾ ਨਿਭਾਉਣ ਵਾਲੇ ਸਿੰਘ-ਸਿੰਘਣੀਆਂ ਓਹੀ ਸਨ ਜਿਨ੍ਹਾਂ ਨੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਵੀ ਜ਼ਾਲਮ ਹਕੂਮਤਾਂ ਖ਼ਿਲਾਫ਼ ਜੰਗਾਂ ਲੜੀਆਂ ਸਨ। ਓਹੀ ਪੁਰਾਤਨ ਰੂਹਾਂ ਨੇ ਦੁਬਾਰਾ ਫਿਰ ਜੁਝਾਰੂ ਜਜ਼ਬਾ, ਅਣਖ਼-ਬਹਾਦਰੀ, ਪੰਥਕ ਘਾਲਣਾ, ਸਿੱਖੀ ਸਿਦਕ ਅਤੇ ਸਿਰੜ ਨਿਭਾ ਕੇ ਵਿਖਾਇਆ। ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਵਿੱਤਰਤਾ ਦੀ ਰਾਖੀ ਲਈ ਭਾਰਤੀ ਫ਼ੌਜ ਵਿਰੁੱਧ ਜਦੋਂ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਜੂਝੇ ਤਾਂ ਉਹਨਾਂ ਵਿੱਚ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਅਤੇ ਬਾਬਾ ਗੁਰਬਖਸ਼ ਸਿੰਘ ਜੀ ਹੀ ਵਰਤ ਰਹੇ ਸਨ।
ਸੰਤ ਜਰਨੈਲ ਸਿੰਘ ਜੀ, ਭਾਈ ਅਮਰੀਕ ਸਿੰਘ ਜੀ, ਜਨਰਲ ਸ਼ਾਬੇਗ ਸਿੰਘ ਜੀ ਅਤੇ ਬਾਬਾ ਠਾਹਰਾ ਸਿੰਘ ਜੀ ਉਹਨਾਂ ਸਿੰਘਾਂ-ਸੂਰਮਿਆਂ ਵਿੱਚੋਂ ਸਨ ਜਿਹੜੇ ਚਾਲੀ ਸਿੰਘ ਚਮਕੌਰ ਦੀ ਗੜ੍ਹੀ ਵਿੱਚ ਲੜੇ ਸਨ, ਤਾਂ ਹੀ ਤਾਂ ਸੂਰਮੇ ਜੂਨ 1984 ਵਿੱਚ ਦੁਬਾਰਾ ਫਿਰ ਚਮਕੌਰ ਦੀ ਗੜ੍ਹੀ ਵਾਲਾ ਅਨੋਖਾ ਇਤਿਹਾਸ ਦੁਹਰਾ ਗਏ। ਦਮਦਮੀ ਟਕਸਾਲ ਦੇ ਪੁਰਾਣੇ ਸਿੰਘ ਤਾਂ ਇਹ ਵੀ ਦੱਸਦੇ ਹਨ ਕਿ ਇੱਕ ਵਾਰ ਜਦੋਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਸ੍ਰੀ ਮੁਕਤਸਰ ਸਾਹਿਬ ਗਏ ਤਾਂ ਜਥੇ ਦੇ ਸਿੰਘਾਂ ਨੂੰ ਨਿਸ਼ਾਨਦੇਹੀ ਕਰਕੇ ਦੱਸਦੇ ਰਹੇ ਕਿ ਕਿਹੜਾ-ਕਿਹੜਾ ਸਿੰਘ ਕਿਹੜੀ ਜਗ੍ਹਾ 'ਤੇ ਲੜ ਰਿਹਾ ਸੀ ਤੇ ਕਿੱਥੇ-ਕਿੱਥੇ ਜੂਝਦਾ ਹੋਇਆ ਸ਼ਹੀਦ ਹੋਇਆ। ਸਿੰਘਾਂ ਨੇ ਪੁੱਛਿਆ ਕਿ "ਮਹਾਂਪੁਰਸ਼ੋ! ਤੁਸੀਂ ਵੀ ਉਸ ਜੰਗ ਵਿੱਚ ਸੀ ?" ਤਾਂ ਸੰਤ ਜੀ ਕਹਿਣ ਲੱਗੇ "ਅਜਿਹੀ ਜੰਗ ਤੁਹਾਨੂੰ ਲੜ ਕੇ ਵਿਖਾਵਾਂਗੇ, ਤੁਸੀਂ ਹੁਣ ਵੀ ਸਾਰੇ ਮੇਰੇ ਨਾਲ ਹੀ ਹੋਵੋਗੇ।"
ਸਚਮੁੱਚ ਸੰਤ ਜਰਨੈਲ ਸਿੰਘ ਸਤਾਰ੍ਹਵੀਂ-ਅਠਾਰ੍ਹਵੀਂ ਸਦੀ ਦੀ ਮਹਾਨ ਰੂਹ ਹੀ ਸਨ ਜੋ ਸਿੱਖ ਕੌਮ ਨੂੰ ਜਗਾਉਣ ਲਈ ਵੀਹਵੀਂ ਸਦੀ ਵਿੱਚ ਫਿਰ ਵਿਚਰੀ, ਇਸ ਅਗੰਮੀ ਅਤੇ ਜਰਨੈਲੀ ਰੂਹ ਨੂੰ ਖ਼ਾਲਸਾ ਪੰਥ ਨੇ 'ਵੀਹਵੀਂ ਸਦੀ ਦਾ ਮਹਾਨ ਸਿੱਖ' ਦੇ ਖ਼ਿਤਾਬ ਨਾਲ਼ ਨਿਵਾਜਿਆ। ਸਿੱਖ ਕੌਮ ਨੂੰ ਸੰਤ ਜਰਨੈਲ ਸਿੰਘ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ, ਸਰਦਾਰ ਹਰੀ ਸਿੰਘ ਨਲੂਆ, ਨਵਾਬ ਕਪੂਰ ਸਿੰਘ ਅਤੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਹੀ ਨਜ਼ਰ ਆਉਂਦੇ ਹਨ।
ਸੰਤ ਜਰਨੈਲ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ, ਖ਼ਾਲਸਾ ਪੰਥ ਦੀ ਚੜ੍ਹਦੀ ਕਲਾ, ਬਾਣੀ-ਬਾਣੇ ਦੀ ਸਲਾਮਤੀ, ਪੰਥ ਅਤੇ ਪੰਜਾਬ ਦੇ ਹੱਕਾਂ ਤੇ ਪ੍ਰਭੂਸੱਤਾ ਸੰਪੰਨ ਅਜ਼ਾਦ ਖ਼ਾਲਸਾ ਰਾਜ ਖ਼ਾਲਿਸਤਾਨ ਦੀ ਸਥਾਪਨਾ ਲਈ ਠੋਸ ਸੰਘਰਸ਼ ਵਿੱਢਿਆ ਤੇ ਕੌਮ ਵਿੱਚ ਜਾਗ੍ਰਤੀ ਅਤੇ ਕ੍ਰਾਂਤੀ ਪੈਦਾ ਕਰ ਦਿੱਤੀ। ਸੰਤਾਂ ਨੇ ਗੁਰੂ ਸਾਹਿਬਾਨਾਂ ਵੱਲੋਂ ਬਖ਼ਸ਼ੇ ਸਿੱਖੀ ਰੰਗ ਵਿੱਚ ਸਿੱਖਾਂ ਨੂੰ ਰੰਗ ਦਿੱਤਾ, ਮੀਰੀ-ਪੀਰੀ ਦਾ ਸਿਧਾਂਤ ਦ੍ਰਿੜ ਕਰਵਾਇਆ, ਨੌਜਵਾਨਾਂ ਨੂੰ ਸਿੱਖੀ ਸਰੂਪ ਧਾਰਨ ਕਰਵਾਇਆ, ਸਰਕਾਰਾਂ ਵਿਰੁੱਧ ਖੰਡਾ ਖੜਕਾਇਆ ਤੇ ਖ਼ਾਲਿਸਤਾਨ ਦਾ ਨੀਂਹ ਪੱਥਰ ਰੱਖ ਦਿੱਤਾ।
ਸੰਤ ਭਿੰਡਰਾਂਵਾਲਿਆਂ ਦੀ ਸ਼ਹਾਦਤ ਤੋਂ ਬਾਅਦ ਜੁਝਾਰੂ ਸਿੰਘਾਂ ਨੇ ਖ਼ਾਲਿਸਤਾਨ ਦਾ ਆਲੀਸ਼ਾਨ ਮਹਿਲ ਬਣਾਉਣ ਲਈ ਸਿਰ-ਧੜ ਦੀਆਂ ਬਾਜ਼ੀਆਂ ਲਾ ਦਿੱਤੀਆਂ, ਸਿੰਘਾਂ ਦੇ ਸਿਰਾਂ ਦੇ ਮੁੱਲ ਪਏ, ਪੱਤਾ-ਪੱਤਾ ਸਿੰਘਾਂ ਦਾ ਵੈਰੀ ਬਣਿਆ, ਮੈਦਾਨੀ ਇਲਾਕੇ ਵਿੱਚ ਯੋਧਿਆਂ ਨੇ ਸ਼ਾਨਦਾਰ ਲੜਾਈ ਲੜੀ, ਖੇਤਾਂ-ਕਮਾਦਾਂ ਵਿੱਚ ਮੁਕਾਬਲੇ ਕੀਤੇ, ਹਰ ਪ੍ਰਕਾਰ ਦੇ ਤਸੀਹੇ ਝੱਲੇ ਪਰ ਹਿੰਦ ਹਕੂਮਤ ਦੀ ਈਨ ਨਾ ਮੰਨੀ। ਧੰਨ ਨੇ ਇਹ ਸੂਰਮੇ ਜਿਨ੍ਹਾਂ ਪੰਥ ਵਸੇ ਮੈਂ ਉਜੜਾਂ ਸਿਧਾਂਤ 'ਤੇ ਪਹਿਰਾ ਦਿੱਤਾ, ਜਿਨ੍ਹਾਂ ਧਰਮ ਹੇਤ ਸੀਸ ਵਾਰੇ, ਜੋ ਪੁਰਜਾ ਪੁਰਜਾ ਕਟਿ ਮਰੈ, ਜਿਨ੍ਹਾਂ ਦੇ ਪਰਿਵਾਰਾਂ ਨੇ ਵੀ ਇਸ ਸੰਘਰਸ਼ ਵਿੱਚ ਯੋਗਦਾਨ ਪਾਇਆ, ਘਰ-ਪਰਿਵਾਰ ਲੁਟਾਇਆ, ਜੋ ਜਲਾਵਤਨੀ ਹੋ ਗਏ, ਜੋ ਜੇਲ੍ਹਾਂ ਵਿੱਚ ਨਜ਼ਰਬੰਦ ਨੇ, ਜੋ ਅੱਜ ਵੀ ਖ਼ਾਲਿਸਤਾਨ ਦੀ ਅਜ਼ਾਦੀ ਲਈ ਸਰਗਰਮ ਨੇ, ਜੋ ਖ਼ਾਲਸੇ ਦਾ ਰਾਜ ਵੇਖਣਾ ਚਾਹੁੰਦੇ ਨੇ, ਜੋ ਆਖਦੇ ਨੇ 'ਰਾਜ ਕਰਾਂਗੇ ਜਾਂ ਲੜ ਮਰਾਂਗੇ', ਜੋ 'ਖ਼ਾਲਸਾ ਬਾਗੀ ਜਾਂ ਬਾਦਸ਼ਾਹ' ਸੋਚ ਦੇ ਧਾਰਨੀ ਨੇ, ਗੁਰਾਂ ਦੇ ਇਸ ਖ਼ਾਲਸੇ ਨੂੰ ਸਾਡਾ ਪ੍ਰਣਾਮ ਹੈ। ਉਹ ਦਿਨ ਦੂਰ ਨਹੀਂ ਜਦੋਂ 'ਰਾਜ ਕਰੇਗਾ ਖ਼ਾਲਸਾ ਆਕੀ ਰਹੈ ਨ ਕੋਇ', ਸਾਡੇ ਸ਼ਹੀਦਾਂ ਦਾ ਡੁੱਲ੍ਹਿਆ ਖ਼ੂਨ ਅਜਾਈਂ ਨਹੀਂ ਜਾਏਗਾ, ਇਹ ਜ਼ਰੂਰ ਰੰਗ ਲਿਆਏਗਾ ਤੇ ਖ਼ਾਲਿਸਤਾਨ ਹੋਂਦ ਵਿੱਚ ਆਏਗਾ।
ਗੁਰਬਾਣੀ ਦੇ ਬਚਨ ਹਨ "ਗਿਰਿ ਬਸੁਧਾ ਜਲ ਪਵਨ ਜਾਇਗੋ ਇਕਿ ਸਾਧ ਬਚਨ ਅਟਲਾਧਾ।।" ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਬਚਨ ਹਨ "ਜਿੱਦਣ ਦਰਬਾਰ ਸਾਹਿਬ 'ਤੇ ਪੁਲੀਸ ਵੱਲੋਂ ਹੁਣ ਹਮਲਾ ਹੋਇਆ ਤਾਂ ਦੁਨੀਆਂ 'ਚ ਇਹ ਮਿਸਾਲ ਬਣੇਗੀ ਕਿ ਖ਼ਾਲਿਸਤਾਨ ਬਣਿਆ, ਓਸ ਦਿਨ ਖ਼ਾਲਿਸਤਾਨ ਜ਼ਰੂਰ ਬਣੇਗਾ।" ਖ਼ਾਲਸਾ ਕਿਸੇ ਦੀ ਗ਼ੁਲਾਮੀ ਨਹੀਂ ਕਬੂਲ ਕਰ ਸਕਦਾ ਕਿਉਂਕਿ "ਖ਼ਾਲਸਾ ਹੋਵੈ ਖ਼ੁਦ ਖ਼ੁਦਾ, ਜਿਮ ਖ਼ੂਬੀ ਖ਼ੂਬੀ ਖੁਦਾਇ। ਆਨ ਨ ਮਾਨੈ ਆਨ ਕੀ, ਇਕ ਬਿਨ ਸੱਚੇ ਪਾਤਸ਼ਾਹਿ।" ਜਿਸ ਭਾਰਤੀ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਉਸ ਖ਼ਿਲਾਫ਼ ਗੁਰੂ ਕਾ ਖ਼ਾਲਸਾ ਸੰਘਰਸ਼ ਲੜਦਾ ਰਹੇਗਾ ਤੇ ਜਿੱਤ ਦੇ ਝੰਡੇ ਝੁਲਾਵੇਗਾ। "ਇਲਾਹੀ ਵੋਹ ਭੀ ਦਿਨ ਹੋਗਾ, ਜਬ ਅਪਨਾ ਰਾਜ ਦੇਖੇਂਗੇ। ਜਬ ਅਪਨੀ ਜ਼ਮੀਂ ਹੋਗੀ, ਔਰ ਅਪਨਾ ਆਸਮਾਂ ਹੋਗਾ। ਜਸ਼ਨ-ਏ-ਬਹਾਰੇਂ ਹਮ ਭੀ ਕਰੇਂਗੇ, ਜਿਸ ਦਿਨ ਗੁਲਸ਼ਨ ਅਪਨਾ ਹੋਗਾ।"
ਖ਼ਾਲਸੇ ਦੀ ਵਿਲੱਖਣ ਹੋਂਦ-ਹਸਤੀ, ਧਰਮ ਦੀ ਰੱਖਿਆ ਅਤੇ ਰਾਜ ਦੀ ਪ੍ਰਾਪਤੀ ਲਈ ਸਿੱਖਾਂ ਨੇ ਮੁਗਲ ਅਤੇ ਅੰਗਰੇਜ਼ ਹਕੂਮਤ ਸਮੇਂ ਵੀ ਅਕਹਿ ਅਤੇ ਅਸਹਿ ਤਸੀਹੇ ਝੱਲੇ ਸਨ ਤੇ ਹਿੰਦ ਹਕੂਮਤ ਨੇ ਤਾਂ ਇਹਨਾਂ ਸਾਰੇ ਜ਼ੁਲਮਾਂ ਨੂੰ ਮਾਤ ਪਾ ਦਿੱਤੀ ਪਰ ਫਿਰ ਵੀ ਗੁਰੂ ਕੇ ਸਿੱਖਾਂ ਨੇ ਸਿੱਖੀ ਸਿਦਕ ਨਾ ਹਾਰਿਆ, ਜਰਵਾਣਿਆਂ ਅਤੇ ਦੁਸ਼ਟਾਂ ਦਾ ਮੂੰਹ ਵੀ ਭੰਨਿਆ ਤੇ ਜਬਰ ਦਾ ਮੁਕਾਬਲਾ ਸਬਰ ਨਾਲ ਵੀ ਕੀਤਾ। ਬੁੱਚੜ ਪੁਲਿਸ ਅਫ਼ਸਰਾਂ ਨੇ ਜੋ ਕਹਿਰ ਵਰਤਾਇਆ ਉਹ ਕਹਿਣ-ਲਿਖਣ ਤੋਂ ਪਰ੍ਹੇ ਹੈ। ਥਾਣਿਆਂ-ਬੁੱਚੜਖਾਨਿਆਂ 'ਚ ਜੋ ਸਿੰਘਾਂ-ਸਿੰਘਣੀਆਂ ਨਾਲ ਬੀਤਿਆ ਉਹ ਵਾਰ ਤਾਂ ਜਦੋਂ ਸ਼ਹੀਦਾਂ ਦੇ ਪਰਿਵਾਰ ਸੁਣਾਉਂਦੇ ਹਨ ਤਾਂ ਰੌਂਗਟੇ ਖੜ੍ਹੇ ਹੋ ਜਾਂਦੇ ਹਨ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਅੱਖ 'ਚ ਗੋਲੀ ਮਾਰੀ ਗਈ ਤੇ ਫਿਰ ਸਰੀਰ ਦੇ ਟੋਟੇ-ਟੋਟੇ ਕਰਕੇ ਭਾਈ ਮਨੀ ਸਿੰਘ ਜੀ ਵਾਂਗ ਸ਼ਹੀਦ ਕੀਤਾ ਗਿਆ, ਬਾਬਾ ਚਰਨ ਸਿੰਘ ਕਾਰ ਸੇਵਾ ਬੀੜ ਸਾਹਿਬ ਵਾਲਿਆਂ ਨੂੰ ਦੋ ਜੀਪਾਂ ਨਾਲ ਬੰਨ੍ਹ ਕੇ ਵਿਚਾਲਿਓਂ ਪਾੜ ਸੁੱਟਿਆ, ਭਾਈ ਜਸਵੰਤ ਸਿੰਘ ਖਾਲੜਾ ਨੂੰ ਗੋਲ਼ੀਆਂ ਮਾਰ ਕੇ ਲਾਸ਼ ਹਰੀਕੇ ਪੱਤਣ ਦਰਿਆ ਵਿੱਚ ਰੋੜ ਦਿੱਤੀ, ਖ਼ਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਜਰਨੈਲ ਭਾਈ ਮਨਬੀਰ ਸਿੰਘ ਚਹੇੜੂ ਉਰਫ ਜਨਰਲ ਹਰੀ ਸਿੰਘ ਦੇ ਪੱਟ ਚੀਰ ਕੇ ਵਿੱਚ ਲੂਣ-ਮਿਰਚ ਭਰ ਦਿੱਤਾ, ਪੰਥਕ ਕਮੇਟੀ ਦੇ ਮੈਂਬਰ ਭਾਈ ਗੁਰਦੇਵ ਸਿੰਘ ਉਸਮਾਨਵਾਲਾ ਦੇ ਸਰੀਰ ਦੇ ਆਰ-ਪਾਰ ਲੋਹੇ ਦੇ ਤਪਦੇ ਸਰੀਏ ਕੱਢੇ ਗਏ, ਭਾਈ ਗੁਰਦੇਵ ਸਿੰਘ ਦੇਬੂ ਧੀਰਪੁਰ ਵਾਲਿਆਂ ਨੂੰ ਜਿਉਂਦਿਆਂ ਹੀ ਭਾਈ ਦਿਆਲਾ ਜੀ ਵਾਂਗ ਗਰਮ ਪਾਣੀ ਵਿੱਚ ਉਬਾਲਿਆ ਗਿਆ, ਭਾਈ ਰਣਜੀਤ ਸਿੰਘ ਠਰੂ ਉੱਤੇ ਅਥਾਹ ਤਸ਼ੱਦਦ ਕਰਕੇ ਅੱਖਾਂ ਕੱਢ ਦਿੱਤੀਆਂ, ਭਾਈ ਮਨਜੀਤ ਸਿੰਘ ਖੁਜਾਲਾ ਦੇ ਦੋਵੇਂ ਹੱਥ ਵੱਢ ਦਿੱਤੇ, ਭਾਈ ਕਸ਼ਮੀਰ ਸਿੰਘ ਸ਼ੀਰਾ ਪੱਟੀ ਦੇ ਨਹੁੰ ਖਿੱਚ ਦਿੱਤੇ ਅਤੇ ਸਰੀਏ ਖੋਭ ਕੇ ਲੱਤ ਪਾੜ ਦਿੱਤੀ, ਭਾਈ ਅਨੋਖ ਸਿੰਘ ਬੱਬਰ ਦੇ ਸਿਰ ਤੇ ਛਾਤੀ ਵਿੱਚ ਸਰੀਏ ਲੰਘਾਏ ਤੇ ਅੱਖਾਂ ਕੱਢ ਦਿੱਤੀਆਂ, ਭਾਈ ਰਛਪਾਲ ਸਿੰਘ ਛੰਦੜਾ ਦੀਆਂ ਲੱਤਾਂ ਤੋੜੀਆਂ ਤੇ ਦੰਦ ਪਲਾਸ ਨਾਲ਼ ਭੰਨ ਸੁੱਟੇ, ਭਾਈ ਤਰਸੇਮ ਸਿੰਘ ਕੋਹਾੜ ਦਾ ਅੰਗ-ਅੰਗ ਸਾੜਿਆ ਤੇ ਪੇਟ ਵਿੱਚੋਂ ਸਰੀਏ ਲੰਘਾਏ, ਭਾਈ ਕੁਲਵੰਤ ਸਿੰਘ ਨਾਗੋਕੇ ਦਾ ਅੰਗ-ਅੰਗ ਭੰਨਿਆ ਤੇ ਮੱਥੇ ਨੂੰ ਅੱਗ ਲਾਈ, ਪਿੰਡ ਦਾਊਕੇ ਦੀ ਨੌਜਵਾਨ ਸਿੱਖ ਲੜਕੀ ਨੂੰ ਨਗਨ ਕਰਕੇ ਪਿੰਡ ਵਿੱਚ ਘੁਮਾਇਆ, ਪੰਥਕ ਕਮੇਟੀ ਮੈਂਬਰ ਭਾਈ ਅਰੂੜ ਸਿੰਘ ਦੇ ਸਿਰ ਉੱਤੇ ਤਪਦਾ ਲੋਹਾ ਰੱਖਿਆ, ਭਾਈ ਸਾਹਿਬ ਸਿੰਘ ਕਾਸ਼ਤੀਵਾਲ ਦੇ ਸਿਰ 'ਚ ਕਿੱਲ ਠੋਕੇ, ਭਾਈ ਬਲਵਿੰਦਰ ਸਿੰਘ ਬੱਬਰ ਉੱਤੇ ਪੈਟਰੋਲ ਛਿੜਕ ਕੇ ਅੱਗ ਲਾਈ, ਭਾਈ ਅਮਰਜੀਤ ਸਿੰਘ ਦਹੇੜੂ ਨੂੰ ਬੇਤਹਾਸ਼ਾ ਤਸੀਹੇ ਦਿੱਤੇ, ਸਰਦਾਰ ਭਗਤ ਸਿੰਘ ਦੇ ਭਤੀਜੇ ਭਾਈ ਗੁਰਜੀਤ ਸਿੰਘ ਢੱਟ ਉੱਤੇ ਜ਼ਾਲਮਾਨਾ ਤਸ਼ੱਦਦ ਕੀਤਾ, ਭਾਈ ਸੁਰਿੰਦਰ ਸਿੰਘ ਬੱਬਰ ਨੂੰ ਭੌਣੀ ਉੱਤੇ ਟੰਗ ਕੇ ਰੀੜ ਦੀ ਹੱਡੀ ਤੋੜੀ, ਭਾਈ ਬਲਦੇਵ ਸਿੰਘ ਤਲਵੰਡੀ ਭਾਈ ਨੂੰ ਤਿੱਖੀ ਕਰਕੇ ਗਰੀਸ ਨਾਲ਼ ਲਿਬੇੜ ਕੇ ਜ਼ਮੀਨ ਉੱਪਰ ਗੱਡੀ ਲੱਕੜ ਉੱਤੇ ਬਿਠਾਇਆ, ਹਜ਼ਾਰਾਂ ਮਾਂਵਾਂ-ਭੈਣਾਂ ਤੇ ਧੀਆਂ ਨੂੰ ਥਾਣਿਆਂ ਵਿੱਚ ਨਗਨ ਕਰਕੇ ਪੱਤ ਰੋਲੀ, ਭਾਈ ਅਵਤਾਰ ਸਿੰਘ ਸ਼ਤਰਾਨਾ ਦੇ ਸਰੀਰ 'ਤੇ ਗਰਮ ਪ੍ਰੈੱਸਾਂ ਲਾਈਆਂ ਗਈਆਂ।
ਪੁਲਿਸ ਦੇ ਤਸ਼ੱਦਦ ਦੌਰਾਨ ਵੀ ਇਹ ਸਿੰਘ-ਸੂਰਮੇ 'ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ' ਦੇ ਜੈਕਾਰੇ ਅਤੇ 'ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ', 'ਖ਼ਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ ਤੇ 'ਵਾਹਿਗੁਰੂ-ਵਾਹਿਗੁਰੂ' ਦਾ ਜਾਪ ਕਰਦੇ ਰਹੇ, ਪੁਲਸੀਆਂ ਦੇ ਅੱਗੇ ਗਰਜਦੇ ਰਹੇ ਜਾਂ ਸ਼ਾਂਤ-ਚਿੱਤ ਹੋ ਕੇ ਭਾਣਾ ਮੰਨਦੇ ਰਹੇ। ਪੁਰਾਤਨ ਸਿੰਘਾਂ ਵਾਂਗ ਹੀ ਸਾਡੇ ਅਜੋਕੇ ਜੁਝਾਰੂ ਸਿੰਘਾਂ-ਸਿੰਘਣੀਆਂ ਨੇ ਇਤਿਹਾਸ ਸਿਰਜਿਆ ਜਿਨ੍ਹਾਂ ਨੂੰ ਕਾਗਜ਼ ਦੀ ਹਿੱਕ ਉੱਤੇ ਕਲਮਬੰਦ ਕਰਨ ਦੀ ਬਹੁਤ ਲੋੜ ਹੈ। ਇਹਨਾਂ ਸ਼ਹੀਦਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ 'ਤਵਾਰੀਖ਼ ਸ਼ਹੀਦ-ਏ-ਖ਼ਾਲਿਸਤਾਨ' ਦੇ ਸਿਰਲੇਖ ਹੇਠ ਦਾਸ ਵੱਲੋਂ ਲਿਖੀਆਂ ਕਿਤਾਬਾਂ ਪੜ੍ਹੋ ਸੰਗਤ ਜੀ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ : 88722-93883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.