ਪੰਜਾਬੀ ਸੂਬਾ ਅਤੇ ਧਰਮ ਯੁੱਧ ਮੋਰਚਿਆਂ ਦੌਰਾਨ ਸਿੱਖਾਂ ਨੇ ਸ਼ਾਂਤਮਈ ਹੱਕ ਮੰਗੇ ਪਰ ਭਾਰਤ ਨੇ ਦੋਵੇਂ ਵਾਰ ਦਰਬਾਰ ਸਾਹਿਬ 'ਤੇ ਹਮਲਾ ਕੀਤਾ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
- ਧਾਰਮਿਕ/ਰਾਜਨੀਤੀ
- (Asia/Kolkata)
ਅੰਮ੍ਰਿਤਸਰ, 5 ਜੁਲਾਈ ,ਨਜ਼ਰਾਨਾ ਟਾਈਮਜ਼ ਬਿਊਰੋ
ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸਿੱਖ ਕੌਮ 1849 ਤੋਂ ਹੀ ਗ਼ੁਲਾਮੀ ਹੰਢਾ ਰਹੀ ਹੈ, ਪਹਿਲਾਂ 1849 ਤੋਂ 1947 ਤਕ ਅੰਗਰੇਜ਼ਾਂ ਦੀ ਅਤੇ ਫਿਰ 1947 ਤੋਂ ਹੁਣ ਤੱਕ ਹਿੰਦੂਆਂ ਦੀ ਗ਼ੁਲਾਮੀ ਵਿਰੁੱਧ ਅਸੀਂ ਸੰਘਰਸ਼ ਕਰਨ ਲਈ ਮਜ਼ਬੂਰ ਹਾਂ। ਅੰਗਰੇਜ਼ਾਂ ਤੋਂ ਪਹਿਲਾਂ ਸਾਡਾ ਆਪਣਾ ਰਾਜ ਰਿਹਾ ਹੈ, ਜਿਸ ਨੂੰ 'ਖ਼ਾਲਸਾ ਰਾਜ' ਕਿਹਾ ਜਾਂਦਾ ਸੀ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ 1799 ਤੋਂ 1839 ਤਕ ਰਾਜ ਰਿਹਾ ਹੈ ਤੇ 1839 ਵਿੱਚ ਉਹਨਾਂ ਦੇ ਅਕਾਲ ਚਲਾਣੇ ਤੋਂ ਦਸ ਸਾਲ ਬਾਅਦ 1849 ਵਿੱਚ ਅੰਗਰੇਜ਼ ਪੂਰਨ ਤੌਰ 'ਤੇ ਪੰਜਾਬ ਉੱਤੇ ਕਾਬਜ਼ ਹੋ ਗਏ। ਹਿੰਦੂ ਪਹਿਲਾਂ ਮੁਗਲਾਂ ਦੇ ਰਾਜ ਵਿੱਚ ਵੀ ਪਦਵੀਆਂ ਮਾਣਦੇ ਰਹੇ, ਫਿਰ ਅੰਗਰੇਜ਼ਾਂ ਦੀ ਚਾਪਲੂਸੀ ਕਰ-ਕਰ ਕੇ ਕਰੀਬ ਨੌਂ ਸੌ ਸਾਲ ਬਾਅਦ ਹਿੰਦੂ ਭਾਰਤ ਦੇ ਰਾਜੇ ਬਣ ਗਏ ਅਤੇ ਸਿੱਖ, ਹਿੰਦੂਆਂ ਉੱਤੇ ਭਰੋਸਾ ਕਰ ਕੇ ਇੱਕ ਗ਼ੁਲਾਮੀ ਤੋਂ ਦੂਜੀ ਗ਼ੁਲਾਮੀ ਵਿੱਚ ਫਸ ਗਏ, ਜੋ ਅੱਜ ਵੀ ਜਾਰੀ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸੰਨ 1947 'ਚ ਭਾਰਤ ਦੀ ਅਜ਼ਾਦੀ ਤੋਂ ਬਾਅਦ ਜਦੋਂ ਸਿੱਖਾਂ ਨੇ ਆਪਣੇ ਹੱਕ ਮੰਗੇ ਤਾਂ ਹਿੰਦੂ ਹਾਕਮਾਂ ਨੇ ਕਹਿ ਦਿੱਤਾ ਕਿ 'ਹੁਣ ਸਮਾਂ ਬਦਲ ਚੁੱਕਾ ਹੈ।' ਹਿੰਦੂ ਲੀਡਰ ਆਪਣੇ ਵਾਅਦਿਆਂ ਤੋਂ ਮੁੱਕਰ ਗਏ, ਜਿਸ ਕਰਕੇ ਸਿੱਖਾਂ ਨੂੰ ਦੁਬਾਰਾ ਸੰਘਰਸ਼ਸ਼ੀਲ ਹੋਣਾ ਪਿਆ। ਪੰਥ ਅਤੇ ਪੰਜਾਬ ਦੇ ਹੱਕਾਂ ਲਈ ਪਹਿਲਾਂ 'ਪੰਜਾਬੀ ਸੂਬਾ ਮੋਰਚਾ' ਤੇ ਫਿਰ 'ਧਰਮ ਯੁੱਧ ਮੋਰਚਾ' ਲੱਗਾ। ਪਰ ਇਹਨਾਂ ਦੋਵੇਂ ਸ਼ਾਂਤਮਈ ਮੋਰਚਿਆਂ ਦੌਰਾਨ ਭਾਰਤ ਸਰਕਾਰ ਨੇ ਸਿੱਖਾਂ ਨੂੰ ਹੱਕ ਦੇਣ ਦੀ ਬਜਾਏ ਦੋਵੇਂ ਵਾਰ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰ ਦਿੱਤਾ। 1955 ਵਾਲ਼ੇ ਹਮਲੇ ਬਾਰੇ ਤਾਂ ਬਹੁਤ ਘੱਟ ਲੋਕ ਜਾਣਦੇ ਹਨ ਪਰ ਜੂਨ 1984 ਵਾਲ਼ਾ ਹਮਲਾ ਤਾਂ ਵੱਡੀ ਉਥਲ-ਪੁਥਲ ਪੈਦਾ ਕਰ ਗਿਆ। ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਨਾਲ਼ ਸਿੱਖਾਂ ਦਾ ਭਾਰਤ ਨਾਲ਼ੋਂ ਰਿਸ਼ਤਾ ਟੁੱਟ ਗਿਆ ਅਤੇ ਸਿੱਖ ਖ਼ਾਲਿਸਤਾਨ ਦੇ ਰਾਹ ਪੈ ਗਏ। ਆਪਣੇ ਵੱਖਰੇ ਦੇਸ਼ ਦੀ ਅਜ਼ਾਦੀ ਲਈ ਸਿੱਖਾਂ ਨੇ ਦਸ ਸਾਲ ਹਥਿਆਰਬੰਦ ਸੰਘਰਸ਼ ਲੜਿਆ ਜਿਸ ਨੂੰ ਦਬਾਉਣ ਲਈ ਭਾਰਤ ਸਰਕਾਰ ਨੇ ਪੂਰੀ ਤਾਕਤ ਝੋਕ ਦਿੱਤੀ ਤੇ ਲਹਿਰ ਵਿੱਚ ਖੜੋਤ ਆ ਗਈ। ਪਰ ਪ੍ਰਭੂਸੱਤਾ ਸੰਪੰਨ ਖ਼ਾਲਿਸਤਾਨ ਦੀ ਆਜ਼ਾਦੀ ਲਈ ਵੱਖ-ਵੱਖ ਤਰੀਕਿਆਂ ਨਾਲ਼ ਸੰਘਰਸ਼ ਅੱਜ ਵੀ ਜਾਰੀ ਹੈ, ਉਤਰਾਅ-ਚੜਾਅ ਆਉਂਦੇ ਰਹਿੰਦੇ ਹਨ ਤੇ ਦਿਨੋਂ-ਦਿਨ ਸਿੱਖ ਗ਼ੁਲਾਮੀ ਤੋਂ ਅਜ਼ਾਦੀ ਵੱਲ ਵੱਧ ਰਹੇ ਹਨ। ਸਿੱਖ ਰਾਜ ਸਮੇਂ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਨੂੰ ਸੋਨੇ ਵਿੱਚ ਜੜ੍ਹਿਆ ਗਿਆ ਤੇ ਹਿੰਦੂ ਰਾਜ ਵਿੱਚ ਦਰਬਾਰ ਸਾਹਿਬ ਗੋਲ਼ੀਆਂ ਨਾਲ ਛਲਨੀ ਹੋਇਆ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਢਹਿ-ਢੇਰੀ ਕੀਤਾ ਗਿਆ। ਉਹਨਾਂ ਕਿਹਾ ਕਿ 1984 ਵਾਲੇ ਹਮਲੇ ਵਾਂਗ 1955 ਵਾਲਾ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਵੀ ਸਿੱਖ ਯਾਦ ਰੱਖਣ, ਜੋ ਭਾਰਤ ਦੀ ਅਜ਼ਾਦੀ ਤੋਂ ਮਹਿਜ਼ ਅੱਠ ਸਾਲ ਬਾਅਦ ਹੀ ਹਿੰਦੂ ਹਾਕਮਾਂ ਵੱਲੋਂ ਕੀਤਾ ਗਿਆ ਸੀ। ਭਾਰਤੀ ਹਾਕਮ ਵੀ ਮੁਗਲ ਹਾਕਮਾਂ ਨਾਲੋਂ ਘੱਟ ਨਹੀਂ ਹਨ, ਉਹ ਸਿੱਖ ਕੌਮ ਨੂੰ ਦਬਾਉਣਾ, ਮੁਕਾਉਣਾ ਅਤੇ ਜਜ਼ਬ ਕਰਨਾ ਚਾਹੁੰਦੇ ਹਨ।
Leave a Reply