ਜਥੇਦਾਰ ਗੜਗੱਜ ਵੱਲੋਂ ਔਕਲੈਂਡ ’ਚ ਸਿੱਖ ਨੌਜਵਾਨਾਂ ਨਾਲ ਸੰਵਾਦ, ਏਕਤਾ, ਸਿੱਖਿਆ ਅਤੇ ਗੁਰਮਤਿ ਮੁੱਲਾਂ ‘ਤੇ ਜ਼ੋਰ
- ਅੰਤਰਰਾਸ਼ਟਰੀ
- 23 Apr, 2026 09:58 AM (Asia/Kolkata)
ਔਕਲੈਂਡ/ਸ੍ਰੀ ਅੰਮ੍ਰਿਤਸਰ, 23 ਅਪ੍ਰੈਲ-ਕੰਵਰ ਪ੍ਰਤਾਪ ਸਿੰਘ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਔਕਲੈਂਡ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਨਿਊਜ਼ੀਲੈਂਡ ਸਿੱਖ ਨੌਜਵਾਨ ਸੰਸਥਾ ਨਾਲ ਜੁੜੇ ਨੌਜਵਾਨਾਂ ਨਾਲ ਲਗਭਗ ਡੇਢ ਘੰਟਾ ਵਿਸ਼ੇਸ਼ ਇਕੱਤਰਤਾ ਕੀਤੀ। ਇਸ ਦੌਰਾਨ ਨੌਜਵਾਨਾਂ ਨੇ ਜਥੇਦਾਰ ਗੜਗੱਜ ਨੂੰ ਸਿੱਖ ਸੰਸਥਾਵਾਂ, ਸਿੱਖਾਂ ਵਿਰੁੱਧ ਖੜ੍ਹੇ ਕੀਤੇ ਜਾਂਦੇ ਬਿਰਤਾਂਤ, ਮਰਯਾਦਾ, ਗੁਰਮਤਿ ਵਿੱਦਿਆ ਅਤੇ ਧਰਮ ਪ੍ਰਚਾਰ ਸਬੰਧੀ ਸਵਾਲ ਕੀਤੇ, ਜਿਨ੍ਹਾਂ ਦੇ ਸਿੰਘ ਸਾਹਿਬ ਨੇ ਜਵਾਬ ਦਿੱਤੇ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਿੱਖ ਨੌਜਵਾਨ ਆਪਣੇ ਧਰਮ ਅਤੇ ਸੰਸਥਾਵਾਂ ਪ੍ਰਤੀ ਬਹੁਤ ਜਾਗਰੂਕ ਅਤੇ ਚਿੰਤਤ ਹਨ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਦੇ ਸਿੱਖ ਨੌਜਵਾਨ ਚੜ੍ਹਦੀ ਕਲਾ ਦੇ ਕਾਰਜ ਕਰ ਰਹੇ ਹਨ ਅਤੇ ਉਮੀਦ ਜਤਾਈ ਕਿ ਉਹ ਹਮੇਸ਼ਾ ਹੀ ਗੁਰਮਤਿ ਅਨੁਸਾਰ ਸੇਵਾ ਕਰਦੇ ਰਹਿਣਗੇ।
ਜਥੇਦਾਰ ਗੜਗੱਜ ਨੇ ਸਿੱਖ ਨੌਜਵਾਨਾਂ ਨੂੰ ਸਨੇਹਾ ਦਿੱਤਾ ਕਿ ਕੌਮ ਦੀ ਚੜ੍ਹਦੀ ਕਲਾ ਲਈ ਉਹ ਵਿੱਦਿਆ ਹਾਸਲ ਕਰਕੇ ਚੰਗੇ ਰੁਤਬੇ ਪ੍ਰਾਪਤ ਕਰਨ ਅਤੇ ਸੇਵਾਵਾਂ ਨਿਭਾਉਣ। ਉਨ੍ਹਾਂ ਸਮੂਹ ਨੌਜਵਾਨਾਂ ਨੂੰ ਆਪਸ ਵਿੱਚ ਮਿਲ ਜੁਲ ਕੇ ਰਹਿਣ, ਇੱਕ ਦੂਜੇ ਦੀ ਮਦਦ ਕਰਨ, ਗੁਰਮੁਖੀ ਪੰਜਾਬੀ ਸਿੱਖਣ ਅਤੇ ਸਾਬਤ ਸੂਰਤ ਸਿੱਖ ਪਛਾਣ ਕਾਇਮ ਰੱਖਣ ਦੀ ਤਾਕੀਦ ਕੀਤੀ।

ਇਸ ਮੌਕੇ ਜਥੇਦਾਰ ਗੜਗੱਜ ਨੇ ਕੁਝ ਸਿੱਖ ਨੌਜਵਾਨ ਜਿਨ੍ਹਾਂ ਨੇ ਕੇਸ ਕਤਲ ਕੀਤੇ ਹੋਏ ਸਨ, ਉਨ੍ਹਾਂ ਨੂੰ ਸਾਬਤ ਸੂਰਤ ਸਿੱਖ ਪਛਾਣ ਕਾਇਮ ਰੱਖਣ ਦਾ ਪ੍ਰਣ ਵੀ ਕਰਵਾਇਆ।
ਇਕੱਤਰਤਾ ਦੌਰਾਨ ਨੌਜਵਾਨਾਂ ਨੇ ਵਿਸ਼ੇਸ਼ ਰੂਪ ਵਿੱਚ ਜਥੇਦਾਰ ਗੜਗੱਜ ਦਾ ਸਨਮਾਨ ਕੀਤਾ। ਹਾਜ਼ਰ ਸ਼ਖ਼ਸੀਅਤਾਂ ਵਿੱਚ ਸ. ਦਲਜੀਤ ਸਿੰਘ ਪ੍ਰਧਾਨ ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ, ਨਿਊਜ਼ੀਲੈਂਡ ਸਿੱਖ ਯੂਥ ਦੀ ਤਰਫ਼ੋਂ ਸ. ਗੁਰਨਾਮ ਸਿੰਘ, ਬੀਬੀ ਪਾਹੁਲਪ੍ਰੀਤ ਕੌਰ, ਬੀਬੀ ਗੁਰਲੀਨ ਕੌਰ, ਬੀਬੀ ਸੁਪਿੰਦਰ ਕੌਰ, ਬੀਬੀ ਪ੍ਰੀਤੀ ਕੌਰ, ਬੀਬੀ ਅਗਮਜੋਤ ਕੌਰ, ਸ. ਜਸਕਰਨ ਸਿੰਘ ਮੀਡੀਆ ਸਲਾਹਕਾਰ ਆਦਿ ਹਾਜ਼ਰ ਸਨ।
Leave a Reply