ਅਸੀਂ ਕਿੰਨੇ ਸੁਭਾਗੇ ਹਾਂ
- Archived
- (Asia/Kolkata)
ਅਸੀਂ ਕਿੰਨੇ ਸੁਭਾਗੇ ਆ। ਕਦੇ ਉਹਨਾਂ ਨੂੰ ਵੇਖੋ, ਜੋ ਸਿੱਖ ਨਹੀਂ ਨੇ। ਅਸੀਂ ਤਮਾਮ ਦੁਨੀਆ ਚ ਹਰ ਥਾਂ ਗੁਰਦਵਾਰਿਆਂ ਦੇ ਰੂਪ ਚ ਆਪਣੀਆਂ ਅੰਬੈਸੀਆਂ ਜਾਂ ਘਰ ਜਾਂ ਅੱਡੇ ਕਾਇਮ ਕੀਤੇ ਆ। ਤੁਹਾਨੂੰ ਕੋਈ ਮੁਸੀਬਤ ਬਣੇ ਉਹਨਾਂ ਦੇ ਦਰ ਤੁਹਾਡੇ ਲਈ ਖੁੱਲ੍ਹੇ ਆ। ਕੁੱਲੀ ਗੁੱਲੀ ਜੁੱਲੀ ਦੀਆਂ ਮੁੱਢਲੀਆਂ ਲੋੜਾਂ ਤੋਂ ਬਿਨਾਂ ਤੁਹਾਡੇ ਹਲਾਤ ਮੁਤਾਬਕ ਆਰਥਿਕ ਜਾਂ ਹੋਰ ਮਦਦ ਹੋ ਜਾਂਦੀ ਆ। ਇਹ ਨਿਆਮਤ ਹੋਰ ਕਿਸੇ ਕੌਮ ਨੂੰ ਨਹੀਂ ਮਿਲੀ। ਇੰਨੀ ਸਹੂਲਤ ਤਾਂ ਕੋਈ ਮੁਲਕ ਵੀ ਆਪਣੇ ਬਾਸ਼ਿੰਦਿਆਂ ਨੂੰ ਨਹੀਂ ਦਿੰਦਾ।
ਤੁਹਾਨੂੰ ਇਤਰਾਜ਼ ਆ ਕਿ ਸਿੱਖ ਸੰਸਥਾਵਾਂ ਸਿਰਫ ਤੁਹਾਡੀ ਈ ਸਹਾਇਤਾ ਨਹੀਂ ਕਰਦੀਆਂ । ਇਹ ਸੱਚ ਹੈ ਕਿ ਉਹ ਗੁਰੂ ਆਸ਼ੇ ਮੁਤਾਬਕ ਵਿਤਕਰਾ ਨਹੀਂ ਕਰ ਸਕਦੀਆਂ ਪਰ ਇਹ ਵੀ ਮੰਨੋ ਕਿ ਉਹ ਪਹਿਲ ਤੁਹਾਨੂੰ ਈ ਦਿੰਦੀਆਂ ਨੇ। ਹੁਣ ਉਹਨਾਂ ਕੌਮਾਂ ਵੱਲ ਵੇਖੋ ਜਿੰਨਾਂ ਦੀਆਂ ਧਾਰਮਿਕ ਸੰਸਥਾਵਾਂ ਇਹ ਕੰਮ ਕਰਦੀਆਂ ਈ ਨਹੀਂ। ਪੰਜਾਬੀ ਹਿੰਦੂ ਨੂੰ ਕਿਸਦੀ ਆਸ ਆ। ਕਿਸੇ ਨੂੰ ਮੰਦਰ, ਮਸਜਿਦ ਵੱਲੋਂ ਬਣਾਏ ਹਸਪਤਾਲ ਜਾਂ ਕੋਈ ਆਸ ਹੋਵੇ ਤਾਂ ਦੱਸਿਉ ? ਕਰੋਨੇ ਚ ਹੋਰ ਕੋਈ ਆਪਣੇ ਭਾਈਚਾਰੇ ਦੀ ਧਿਰ ਬਣਿਆ ਹੋਵੇ? ਦਿਲੀ ਕਮੇਟੀ ਦੇ ਕਰੋਨਾ ਹਸਪਤਾਲ ਚ ਬਹੁਤਾਤ ਚ ਸਿਖ ਈ ਸਨ। ਮੁਸਲਿਮ, ਇਸਾਈ ਤੇ ਹਿੰਦੂ ਜਿਹੜੇ ਕਰੋਨੇ ਦੀ ਮਾਰ ਹੇਠ ਆਏ ਉਹ ਕਿਸ ਵੱਲ ਵੇਖਦੇ ? ਆਪਾਂ ਤੇ ਫੇਸਬੁੱਕ ਤੇ ਫੋਟੋ ਪਾ ਕੇ ਲੱਖਾਂ ਇਕੱਠੇ ਕਰ ਲੈਨੇ ਆਂ । ਸਾਥੋ ਤੇ ਠੱਗ ਮਹਿਕਮਾ ਆਪਣੇ ਘਰ ਭਰ ਗਿਆ। ਕਾਮਰੇਡ ਆਪਣਾ ਨੰਗ ਕੱਜ ਗਏ। ਪਿੰਗੜਵਾੜਾ, ਯਤੀਮਖਾਨੇ ਆਦਿ ਸਿਰਫ ਸੇਵਾ ਸਹਾਰੇ ਚੱਲਣ ਡਹੇ ਆ। ਬਾਬਿਆਂ ਦੇ ਕਾਲਜ, ਹਸਪਤਾਲ ਬਥੇਰੇ।
ਉਡੀਸਾ ਤੇ ਬਿਹਾਰ ਝਾਰਖੰਡ ਵਿੱਚ ਜਨਤਾ ਦੇ ਸਾਡੇ ਸ਼ਿਕਲੀਗਰ ਭਾਈਚਾਰੇ ਨਾਲੋਂ ਸੌ ਗੁਣਾਂ ਮੰਦੇ ਹਾਲ ਆ। ਉਹਨਾਂ ਦੀ ਮਦਦ ਲਈ ਕੌਣ ਆ? ਉਹਨਾਂ ਨੇ ਆਪਣੇ ਕਿਸੇ ਧਾਰਮਿਕ ਅਦਾਰੇ ਨੂੰ ਵੰਗਾਰ ਪਾਈ ਹੋਵੇ ਤਾਂ ਦਿਖਾਉ? ਸ਼ੁਕਰ ਕਰੋ ਅਸੀਂ ਮਿਹਣਾ ਮਾਰਨ ਜੋਗੇ ਆਂ । ਸਾਡੀਆਂ ਸੰਸਥਾਵਾਂ ਦੇ ਕੰਮ ਬਹੁਤ ਵਡੇਰੇ ਆ। ਉਧਰ ਜਾ ਕੇ ਤੇ ਵੇਖੋ।
ਅਸੀਂ ਆਮ ਜਿੰਦਗੀ ਚ ਵੀ ਇਕ ਦੂਜੇ ਦੀ ਧਿਰ ਬਣਦੇ ਆਂ।ਕਿਸਾਨੀ ਸੰਘਰਸ਼ ਵੇਲੇ ਸਾਡੇ ਮੁੰਡਿਆ ਦੇ ਬਣੇ ਕੇਸਾਂ ਨੂੰ ਕੌਮ ਨੇ ਆਪਣੀ ਜਿੰਮੇਵਾਰੀ ਸਮਝ ਕੇ ਲੜਿਆ। ਕਿਸਾਨ ਜਥੇਬੰਦੀਆ ਵੱਲੋਂ ਪਾਸਾ ਫੇਰਨ ਤੋਂ ਬਾਅਦ ਸਿੱਖ ਖਲੋਤਾ ਸੀ। ਦਬੱਲ ਕੇ ਪੈਰਵਾਈ ਕੀਤੀ । ਇਹ ਸਾਡਾ ਆਮ ਜਿਹਾ ਅਮਲ ਆ।
ਹੋਰ ਕੇਸਾਂ ਦੀਆਂ ਪੈਰਵਾਈਆਂ ਲਈ ਵੀ ਆਪਾਂ ਇਕ ਦੂਜੇ ਲਈ ਖੜੇ ਹੁੰਦੇ ਆ। ਹੋਰ ਕੋਈ ਕੌਮ ਇਦਾਂ ਸਾਰ ਲੈਂਦੀ ਆ ?? ਸਾਡੀਆਂ ਤੇ ਖਾਲੜਾ ਮਿਸ਼ਨ ਤੇ ਹੋਰ ਕਈ ਸੰਸਥਾਵਾਂ ਨੇ।
ਫੇਰ ਆਪਣੀ ਜੁਰਤ ਤੇ ਮਾਣ ਕਰਲੋ। ਅਸੀਂ ਹਮੇਸ਼ਾ ਸਟੇਟ ਨਾਲ ਆਢਾ ਲਾਈ ਰੱਖਿਆ ਆ। ਕਦੇ ਹੋਰ ਘੱਟ ਗਿਣਤੀਆਂ ਵੱਲ ਵੇਖੋ। ਰੋਹਿੰਗੀਆ, ਜੈਦੀ, ਭਾਰਤੀ ਮੁਸਲਮਾਨ ਜਾਂ ਚੀਨੀ ਊਗਰ ਮੁਸਲਮਾਨ ਜਾਂ ਸ਼੍ਰੀ ਲੰਕਾ ਚ ਤਾਮਿਲ ਜਾਂ ਕੁਰਦ ਜਾਂ ਅਹਿਮਦੀਏ ਜਾਂ ਕਸ਼ਮੀਰੀ ਤੇ ਹੋਰ ਕੋਈ ਵੀ । ਜੇ ਮਾਰ ਅਸੀਂ ਝੱਲੀ ਆ ਤੇ ਮਾਰ ਇਹਨਾਂ ਨੂੰ ਵੀ ਪਈ ਆ। ਬਹੁਤੇ ਤੇ ਹੱਲਾ ਰੋਕਣ ਦੀ ਹਿੰਮਤ ਵੀ ਨਾ ਕਰ ਸਕੇ। ਵਾਰ ਵਾਰ ਹਾਕਮ ਅੱਗੇ ਵਿਹਰ ਖਲੋਣਾ ਸਾਨੂੰ ਈ ਆਇਆ ਆ। ਅਸੀ ਆਪਣੇ ਜਖਮਾਂ ਦਾ ਇਲਾਜ਼ ਵੀ ਕੀਤਾ ਆ, ਪੀੜਤਾਂ ਦੀ ਬਾਂਹ ਵੀ ਫੜੀ ਆ। ਚੰਦ ਛੁੱਟ ਗਇਆਂ ਤੇ ਆਪਾਂ ਪੂਰੀ ਕੌਮ ਦੋਸ਼ੀ ਕਰ ਦਿੰਦੇ ਆ। ਬੀਬੀ ਸੰਦੀਪ ਕੌਰ ਕਾਸ਼ਤੀਵਾਲ ਦੀ ਸੇਵਾ ਵੇਖ ਆਉ। ਅਜੇ ਆਪਾਂ ਹਾਰ ਗਏ ਸੀ। ਜੇ ਯਹੂਦੀ ਹਾਰ ਗਏ ਹੁੰਦੇ ਤੇ ਹੋਣਾਂ ਉਹਨਾਂ ਕੋਲੋਂ ਵੀ ਕੁਝ ਨਹੀਂ ਸੀ। ਜੇ ਅਸੀਂ ਜਿੱਤ ਜਾਂਦੇ ਤੇ ਇਜਰਾਇਲ ਮੁਕਾਬਲੇ ਚ ਵੀ ਨਾਂ ਹੁੰਦਾ।
ਆਪਣੇ ਵਿੱਚ ਉਹ ਬਹੁਤ ਨੇ ਜੋ ਸਾਡੀਆਂ ਕਮੀਆਂ ਗਿਣਾਅ ਕੇ ਸਾਨੂੰ ਜਲੀਲ ਕਰਨਾ ਚਾਹੁੰਦੇ ਆ। ਸਾਡਾ ਮਾਣ ਸਨਮਾਨ ਬਣਿਆ ਨਹੀਂ ਰਹਿਣ ਦੇਣਾ ਚਾਹੁੰਦੇ। ਸਾਨੂੰ ਨਿਮੋਸ਼ੀ ਚ ਧੱਕਣਾ ਚਾਹੁੰਦੇ ਆ। ਇਹਨਾਂ ਤੋਂ ਬਚੀਏ। ਸਾਡਾ ਤੋੜ ਈ ਕਿਤੇ ਨਹੀਂ ।
ਸੋਮਣੀ ਕਮੇਟੀ ਜਿੰਨੂ ਆਪਾਂ ਨਖਿੱਧ ਮੰਨਦੇ ਆ ਉਹ ਯੂਨੀਵਰਸਿਟੀਆਂ ਤੱਕ ਖੋਲੀ ਬੈਠੀ ਆ , ਬਥੇਰੇ ਕਾਲਜ ਤੇ ਹਸਪਤਾਲ ਵੀ ਨੇ। ਹੋਰ ਕਿਸੇ ਧਰਮ ਦੀ ਸੰਸਥਾ ਦਿਖਾਉ ਜੋ ਇੰਨਾ ਕਰਕੇ ਬੈਠੀ ਹੋਵੇ ?
ਖਾਲਸਾ ਕਾਲਜ, ਗੁਰੂ ਹਰਕ੍ਰਿਸ਼ਨ ਸਕੂਲਾਂ ਦੀ ਲੜੀ, ਗੁਰੂ ਤੇਗ ਬਹਾਦਰ ਸਕੂਲਾਂ ਦੀ ਲੜੀ, ਖਡੂਰ ਸਾਹਿਬ ਵਾਲਿਆਂ ਦੇ ਸਕੂਲ ਤੇ ਅਨੇਕਾਂ ਕੌਮ ਦਾ ਸਰਮਾਇਆ ਨੇ।
ਸਾਡਾ ਮੁਕਾਬਲਾ ਮੁਲਕਾਂ ਨਾਲ ਹੋਣ ਡਿਆ ਏ ਤੇ ਅਸੀਂ ਮੁਲਕਹੀਣ ਕੌਮ ਆ। ਅਜੇ ਇਦਾਂ ਈ ਬਥੇਰੇ ਆਂ ਜੇ ਮੁਲਕ ਵਾਲੇ ਹੋ ਗਏ ਹੁੰਦੇ ਤੇ ਦੁਨੀਆ ਸਿੱਕਾ ਮੰਨਦੀ। ਮਾਣ ਕਰਿਆ ਕਰੋ ਆਪਣੇ ਤੇ । ਐਨੀ ਬਰਬਾਦੀ ਤੋਂ ਬਾਅਦ ਵੀ ਦੁਨੀਆ ਚ ਚਰਚਿਤ ਕਬੀਲਿਆਂ ਚੋਂ ਆ। ਲੱਖਾਂ ਚ ਕਬੀਲੇ ਆ ਦੁਨੀਆਂ ਤੇ ਕੋਈ ਸਿਆਣਦਾ ਤੱਕ ਨਹੀਂ।ਸਨਦੀਪ ਸਿੰਘ ਤੇਜਾ