ਕੌਣ ਆਖਦਾ ਹੈ ਕਿ ਪੰਜ ਪਿਆਰੇ ਹਿੰਦੂ ਸਨ...
- ਗੁਰਬਾਣੀ-ਇਤਿਹਾਸ
- 20 Apr, 2026 06:41 PM (Asia/Kolkata)
ਦੁਸ਼ਮਣਾਂ ਵੱਲੋਂ ਸਿੱਖੀ ਉੱਤੇ ਸਿਧਾਂਤਕ ਅਤੇ ਬੌਧਿਕ ਹਮਲੇ ਲਗਾਤਾਰ ਜਾਰੀ ਹਨ। ਕਿਤੇ ਕਿਹਾ ਜਾਂਦਾ ਕਿ ਦਸਵੇਂ ਪਾਤਸ਼ਾਹ ਵੱਲੋਂ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਦਸੇ ਗੁਰੂ ਸਾਹਿਬਾਨ ਪਹਿਲਾਂ ਹਿੰਦੂ ਸਨ, ਕਦੇ ਇਹ ਪ੍ਰਚਾਰਿਆ ਜਾਂਦਾ ਕਿ ਗੁਰੂ ਨੂੰ ਸੀਸ ਭੇਟ ਕਰਨ ਵਾਲੇ ਪੰਜ ਪਿਆਰੇ ਵੀ ਹਿੰਦੂ ਸਨ, ਕਦੇ ਵੱਖਰੀ ਸਿੱਖ ਕੌਮ ਨੂੰ ਕੇਸਾਧਾਰੀ ਹਿੰਦੂ ਆਖ ਕੇ ਚਿੜਾਇਆ ਜਾਂਦਾ ਹੈ ਤੇ ਭਾਰਤੀ ਸੰਵਿਧਾਨ ਵਿੱਚ ਵੀ ਸਿੱਖਾਂ ਨੂੰ ਹਿੰਦੂਆਂ 'ਚ ਰਲਗੱਡ ਕਰਨ ਦੇ ਯਤਨ ਕੀਤੇ ਗਏ ਹਨ। ਭਾਜਪਾ, ਆਰ.ਐਸ.ਐਸ. ਅਤੇ ਹੋਰ ਸਿੱਖ ਵਿਰੋਧੀ ਸੰਸਥਾਵਾਂ ਦਾ ਪੂਰਾ ਜ਼ੋਰ ਲੱਗਿਆ ਪਿਆ ਹੈ ਕਿ ਸਿੱਖਾਂ ਦੇ ਨਿਆਰੇਪਨ ਨੂੰ ਖ਼ਤਮ ਕੀਤਾ ਜਾਵੇ ਤੇ ਇਹਨਾਂ ਨੂੰ ਹਿੰਦੂ/ਸਨਾਤਨ ਧਰਮ ਵਿੱਚ ਹੀ ਜਜ਼ਬ ਕਰ ਲਿਆ ਜਾਵੇ। ਇਸ ਕੰਮ ਲਈ ਉਹਨਾਂ ਨੇ ਬਥੇਰੇ ਅਖੌਤੀ ਇਤਿਹਾਸਕਾਰ, ਬੁੱਧੀਜੀਵੀ, ਵਿਦਵਾਨ ਤੇ ਹੋਰ ਲੇਖਕ ਛੱਡੇ ਹੋਏ ਹਨ। ਸਾਬਕਾ ਮੈਂਬਰ ਪਾਰਲੀਮੈਂਟ ਤਰਲੋਚਨ ਸਿੰਘ ਦਾ ਇੱਕ ਲੇਖ ਵੀ ਕਾਫ਼ੀ ਵਿਵਾਦਾਂ ਵਿੱਚ ਰਿਹਾ ਜਿਸ ਦਾ ਸਿਰਲੇਖ ਸੀ ਕਿ 'ਪੰਜ ਹਿੰਦੂ ਹੀ ਪਹਿਲੇ ਪੰਜ ਪਿਆਰੇ ਸਜੇ ਸਨ।' ਮੇਰੀ ਹੈਰਾਨੀ ਦੀ ਓਦੋਂ ਹੱਦ ਨਾ ਰਹੀ ਜਦੋਂ ਦਮਦਮੀ ਟਕਸਾਲ ਦੇ ਮੁਖੀ ਅਖਵਾਉਂਦੇ ਬਾਬਾ ਹਰਨਾਮ ਸਿੰਘ ਧੁੰਮਾ ਦੇ ਇੱਕ ਬੁਲਾਰੇ ਭਾਈ ਜਤਿੰਦਰ ਸਿੰਘ ਅਮਰੀਕਾ ਨੇ ਹਿੰਦੂਤਵ ਦੀ ਬੋਲੀ ਬੋਲਦਿਆਂ ਆਖ ਦਿੱਤਾ ਕਿ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿਨ੍ਹਾਂ ਭਗਤਾਂ ਦੀ ਬਾਣੀ ਸ਼ਾਮਲ ਹੈ ਉਹ ਕਿਹੜਾ ਕੋਈ ਖ਼ਾਲਸੇ ਸਨ ਤੇ ਪੰਜ ਪਿਆਰੇ ਵੀ ਤਾਂ ਪਹਿਲਾਂ ਹਿੰਦੂ ਹੀ ਸਨ।' ਮੈਂ ਓਦੋਂ ਫ਼ੋਨ ਕਰਕੇ ਉਸ ਵੀਰ ਨੂੰ ਕਿਹਾ ਕਿ ਤੁਸੀਂ ਭਾਜਪਾ ਦੀ ਹਮਾਇਤ ਕਰਦੇ-ਕਰਦੇ ਅਤੇ ਬਾਬਾ ਧੁੰਮਾ ਤੇ ਭਾਜਪਾ ਦੇ ਗੱਠਜੋੜ ਨੂੰ ਸਹੀ ਸਾਬਤ ਕਰਨ ਲਈ ਘੱਟੋ-ਘੱਟ ਸਿੱਖੀ ਸਿਧਾਂਤਾਂ 'ਤੇ ਹਮਲੇ ਤਾਂ ਨਾ ਕਰੋ ਤੇ ਨਾ ਹੀ ਸਿੱਖ ਇਤਿਹਾਸ ਨੂੰ ਵਿਗਾੜੋ। ਗੁਰਬਾਣੀ ਦੇ ਬਚਨ ਹਨ ਕਿ 'ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ' ਅਤੇ ਪੰਜ ਪਿਆਰੇ ਵੀ ਅੰਮ੍ਰਿਤ ਛਕਣ ਤੋਂ ਪਹਿਲਾਂ ਹੀ ਸਿੱਖੀ ਧਾਰਨ ਕਰ ਚੁੱਕੇ ਸਨ। ਇਥੋਂ ਤਕ ਕਿ ਉਹਨਾਂ ਦੇ ਵੱਡੇ-ਵਡੇਰੇ ਤਾਂ ਬਹੁਤ ਸਮਾਂ ਪਹਿਲਾਂ ਹੀ ਹਿੰਦੂ ਫੋਕਟ ਕਰਮ-ਕਾਂਡਾਂ, ਮੂਰਤੀ ਪੂਜਾ, ਤਿਲਕ-ਜਨੇਊ ਨੂੰ ਤਿਆਗ ਕੇ ਸਿੱਖੀ ਸਿਧਾਂਤਾਂ, ਮਰਯਾਦਾ ਤੇ ਫ਼ਲਸਫ਼ੇ ਅਨੁਸਾਰ ਆਪਣਾ ਜੀਵਨ ਬਤੀਤ ਕਰ ਰਹੇ ਸਨ। ਪਿਆਰੇ ਭਾਈ ਦਇਆ ਸਿੰਘ ਜੀ ਦਾ ਪਰਿਵਾਰ ਤਾਂ ਚਾਰ ਪੀੜ੍ਹੀਆਂ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀ ਸਿੱਖੀ ਨਾਲ ਜੁੜਿਆ ਹੋਇਆ ਸੀ। ਉਹਨਾਂ ਦੇ ਵਡੇਰੇ ਭਾਈ ਪਾਰੋ ਜੀ ਜੋ ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਸਿੱਖ ਬਣ ਗਏ ਸਨ, ਅੱਗੋਂ ਉਹਨਾਂ ਦੇ ਸਪੁੱਤਰ ਭਾਈ ਗੁਰੀਆ ਜੀ ਸ੍ਰੀ ਗੁਰੂ ਰਾਮਦਾਸ ਜੀ ਦੀ ਸ਼ਰਨ ਵਿੱਚ ਸੇਵਾ ਕਰਦੇ ਰਹੇ। ਫਿਰ ਭਾਈ ਗੁਰੀਆ ਦੇ ਸਪੁੱਤਰ ਭਾਈ ਕਮਾਲਾ ਜੀ ਨੇ ਛੇਵੇਂ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਸੇਵਾ ਨਿਭਾਈ। ਫਿਰ ਅੱਗੇ ਉਹਨਾਂ ਦੇ ਸਪੁੱਤਰ ਭਾਈ ਮਈਆ ਜੀ ਨੇ ਪਹਿਲਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅਤੇ ਫਿਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ ਅੱਗੇ ਲੱਗ ਕੇ ਸਿੱਖੀ ਦੀ ਅਤਿਅੰਤ ਸੇਵਾ ਕੀਤੀ ਤੇ ਹੋਰ ਸੰਗਤਾਂ ਨੂੰ ਵੀ ਪ੍ਰੇਰ ਕੇ ਸਿੱਖੀ ਵਿੱਚ ਲਿਆਂਦਾ। ਭਾਈ ਦਇਆ ਰਾਮ ਜੀ ਦਾ ਜਨਮ ਜਦੋਂ ਭਾਈ ਮਈਆ ਸਿੰਘ ਅਤੇ ਬੀਬੀ ਸੋਭਾ ਕੌਰ ਦੇ ਘਰ 1 ਫਰਵਰੀ 1668 ਨੂੰ ਹੋਇਆ ਤਾਂ ਉਹਨਾਂ ਨੂੰ ਬਚਪਨ ਵਿੱਚ ਹੀ ਸਿੱਖੀ ਨਾਲ ਜੋੜਿਆ ਗਿਆ। ਸੰਨ 1681 ਵਿੱਚ ਭਾਈ ਦਇਆ ਰਾਮ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸ਼ਰਨ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਆ ਗਏ ਸਨ ਤੇ ਇੱਥੇ ਰਹਿ ਕੇ ਉਹਨਾਂ ਨੇ ਸਿੱਖੀ ਕਮਾਈ। ਗੁਰਬਾਣੀ ਦੀ ਸੰਥਿਆ ਅਤੇ ਸ਼ਸਤਰ ਵਿੱਦਿਆ ਤੇ ਘੋੜ ਸਵਾਰੀ ਵੀ ਸਿੱਖੀ। ਜਦੋਂ 1699 ਦੀ ਵੈਸਾਖੀ ਵਾਲੇ ਦਿਨ ਦਸਮੇਸ਼ ਪਿਤਾ ਜੀ ਨੇ ਪੰਜ ਸਿਰ ਮੰਗੇ ਸਨ ਤਾਂ ਪਹਿਲਾ ਸੀਸ ਉਹਨਾਂ ਦੇ ਇੱਕ ਸਿੱਖ ਭਾਈ ਦਇਆ ਰਾਮ ਜੀ ਨੇ ਹੀ ਦਿੱਤਾ ਸੀ ਜੋ 18 ਸਾਲਾਂ ਤੋਂ ਗੁਰੂ ਸਾਹਿਬ ਦੀ ਸ਼ਰਨ ਵਿੱਚ ਰਹਿ ਰਹੇ ਸਨ। ਪਿਆਰੇ ਭਾਈ ਧਰਮ ਸਿੰਘ ਜੀ ਦਾ ਪਰਿਵਾਰ ਵੀ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਸਮੇਂ ਹੀ ਸਿੱਖੀ ਵਿੱਚ ਆ ਗਿਆ ਸੀ। ਸੰਨ 1695 ਵਿੱਚ ਭਾਈ ਧਰਮ ਚੰਦ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਵਿੱਚ ਆ ਗਏ ਸਨ ਤੇ ਇੱਥੇ ਰਹਿ ਕੇ ਆਪ ਜੀ ਨੇ ਗੁਰਬਾਣੀ ਪੜ੍ਹਨੀ ਸਿੱਖੀ। ਕਲਗੀਆਂ ਵਾਲੇ ਪਾਤਸ਼ਾਹ ਨੂੰ ਦੂਜਾ ਸੀਸ ਵੀ ਇੱਕ ਸਿੱਖ ਭਾਈ ਧਰਮ ਚੰਦ ਨੇ ਹੀ ਭੇਟ ਕੀਤਾ ਸੀ ਜੋ ਅੰਮ੍ਰਿਤ ਛਕ ਕੇ ਭਾਈ ਧਰਮ ਸਿੰਘ ਬਣੇ। ਜਦੋਂ ਉਹਨਾਂ ਦੇ ਪੜਦਾਦਾ ਜੀ ਤੋਂ ਹੀ ਘਰ ਵਿੱਚ ਸਿੱਖੀ ਚੱਲੀ ਆ ਰਹੀ ਸੀ ਤਾਂ ਭਾਈ ਧਰਮ ਚੰਦ ਜੀ ਨੂੰ ਹਿੰਦੂ ਕਹਿਣਾ ਇੱਕ ਕੋਰਾ ਝੂਠ ਹੈ। ਪਿਆਰੇ ਭਾਈ ਹਿੰਮਤ ਸਿੰਘ ਜੀ ਦੇ ਵਡੇਰੇ ਜੋ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਸਮੇਂ ਤੋਂ ਹੀ ਸਿੱਖ ਬਣ ਗਏ ਸਨ। ਭਾਈ ਸਾਹਿਬ ਦੇ ਪਿਤਾ ਭਾਈ ਗੁਲਜ਼ਾਰ ਜੀ ਸਨ ਤੇ ਅੱਗੋਂ ਉਹਨਾਂ ਦੇ ਪਿਤਾ ਭਾਈ ਛੱਜੂ ਰਾਮ ਝੀਵਰ ਸਨ ਜਿਨ੍ਹਾਂ ਤੋਂ ਅੱਠਵੇਂ ਪਾਤਸ਼ਾਹ ਜੀ ਨੇ ਪੰਜੋਖੜਾ ਵਿਖੇ ਬਖ਼ਸ਼ਿਸ਼ ਕਰਕੇ ਗੀਤਾ ਦੇ ਅਰਥ ਕਰਵਾਏ ਸਨ ਅਤੇ ਪੰਡਿਤ ਦਾ ਹੰਕਾਰ ਤੋੜਿਆ ਸੀ। ਭਾਈ ਹਿੰਮਤ ਰਾਏ ਜੀ ਤਾਂ 10 ਸਾਲ ਦੀ ਉਮਰ ਵਿੱਚ ਬਹੁਤ ਵਧੀਆ ਕੀਰਤਨ ਕਰ ਲੈਂਦੇ ਸਨ, ਉਹ 14 ਸਾਲ ਦੀ ਉਮਰ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਵਿੱਚ ਆ ਗਏ ਸਨ। ਉਹਨਾਂ ਨੂੰ ਗੁਰਬਾਣੀ ਬਹੁਤ ਕੰਠ ਸੀ ਤੇ ਉਹ ਘੋੜ ਸਵਾਰੀ ਅਤੇ ਸ਼ਸਤਰ ਵਿੱਦਿਆ ਵਿੱਚ ਵੀ ਨਿਪੁੰਨ ਸਨ। ਬਾਜ਼ਾਂ ਵਾਲੇ ਸਤਿਗੁਰੂ ਨੂੰ ਤੀਜਾ ਸਿਰ ਵੀ ਇੱਕ ਸਿੱਖ ਭਾਈ ਹਿੰਮਤ ਰਾਏ ਨੇ ਭੇਟ ਕੀਤਾ ਸੀ ਜੋ ਅੰਮ੍ਰਿਤ ਛਕ ਕੇ ਭਾਈ ਹਿੰਮਤ ਸਿੰਘ ਬਣੇ ਅਤੇ ਬਾਅਦ ਵਿੱਚ ਚਮਕੌਰ ਦੀ ਗੜ੍ਹੀ ਵਿੱਚ ਜੂਝਦੇ ਹੋਏ ਸ਼ਹਾਦਤ ਪ੍ਰਾਪਤ ਕਰ ਗਏ। ਭਾਈ ਹਿੰਮਤ ਸਿੰਘ ਦੇ ਦਾਦਾ ਜੀ ਤੋਂ ਹੀ ਜਦੋਂ ਘਰ ਵਿੱਚ ਸਿੱਖੀ ਤੁਰੀ ਆ ਰਹੀ ਹੈ ਤਾਂ ਭਾਈ ਹਿੰਮਤ ਸਿੰਘ ਨੂੰ ਹਿੰਦੂ ਆਖਣਾ ਇਹ ਇਤਿਹਾਸ ਨਾਲ ਵੱਡਾ ਵਿਗਾੜ ਹੈ। ਪਿਆਰੇ ਭਾਈ ਮੋਹਕਮ ਸਿੰਘ ਦੇ ਪੁਰਖੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਤੋਂ ਹੀ ਸਿੱਖੀ ਧਾਰਨ ਕਰ ਚੁੱਕੇ ਸਨ। ਗੁਰੂ ਨਾਨਕ ਸਾਹਿਬ ਦੇ ਸਿੱਖ ਭਾਈ ਸੱਖਣ ਦੀ ਚੌਥੀ ਪੀੜ੍ਹੀ ਵਿੱਚੋਂ ਭਾਈ ਜਗਜੀਵਨ ਦੇ ਘਰ ਭਾਈ ਮੋਹਕਮ ਚੰਦ ਦਾ ਜਨਮ 1679 ਨੂੰ ਹੋਇਆ ਸੀ ਅਤੇ 5 ਅਪ੍ਰੈਲ 1694 ਨੂੰ ਭਾਈ ਮੋਹਕਮ ਚੰਦ ਦਸਵੇਂ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆ ਗਏ ਸਨ ਉਦੋਂ ਉਹਨਾਂ ਦੀ ਉਮਰ 15 ਕੁ ਸਾਲ ਦੀ ਸੀ। ਭਾਈ ਸਾਹਿਬ ਦੀ ਸਿਲਾਈ-ਕਢਾਈ ਦਾ ਕੰਮ ਜਾਣਦੇ ਸਨ ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਰਹਿ ਕੇ ਉਹਨਾਂ ਨੇ ਗੁਰੂ ਸਾਹਿਬ ਅਤੇ ਸਿੱਖਾਂ ਵਾਸਤੇ ਸੁੰਦਰ ਪੋਸ਼ਾਕੇ ਤਿਆਰ ਕੀਤੇ ਤੇ ਇੱਥੇ ਰਹਿ ਕੇ ਹੀ ਉਹਨਾਂ ਨੇ ਗੁਰਬਾਣੀ, ਸ਼ਸਤਰ ਵਿੱਦਿਆ ਅਤੇ ਘੋੜ ਸਵਾਰੀ ਵੀ ਸਿੱਖ ਲਈ ਸੀ। ਜਦੋਂ ਗੁਰੂ ਸਾਹਿਬ ਨੇ ਸਿਰਾਂ ਦੀ ਮੰਗ ਕੀਤੀ ਤਾਂ ਚੌਥਾ ਸੀਸ ਵੀ ਇੱਕ ਸਿੱਖ ਭਾਈ ਮੋਹਕਮ ਚੰਦ ਨੇ ਹੀ ਭੇਟ ਕੀਤਾ ਸੀ ਜੋ ਖੰਡੇ-ਬਾਟੇ ਦਾ ਅੰਮ੍ਰਿਤ ਛਕ ਕੇ ਭਾਈ ਮੋਹਕਮ ਸਿੰਘ ਬਣੇ ਤੇ ਬਾਅਦ ਵਿੱਚ ਚਮਕੌਰ ਦੀ ਗੜ੍ਹੀ ਵਿੱਚ ਸ਼ਹਾਦਤ ਪ੍ਰਾਪਤ ਕਰ ਗਏ। ਪਿਆਰੇ ਭਾਈ ਸਾਹਿਬ ਸਿੰਘ ਜੀ ਦਾ ਪਰਿਵਾਰ ਵੀ ਪਹਿਲਾਂ ਤੋਂ ਹੀ ਗੁਰੂ ਨਾਨਕ ਸਾਹਿਬ ਦੀ ਸਿੱਖੀ ਨਾਲ ਜੁੜਿਆ ਹੋਇਆ ਸੀ। ਭਾਈ ਖੁਸ਼ਹਾਲ ਦੀ ਪ੍ਰੇਰਨਾ ਸਦਕਾ ਭਾਈ ਸਾਹਿਬ ਚੰਦ ਅਤੇ ਉਹਨਾਂ ਦੇ ਮਾਤਾ-ਪਿਤਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਪਾਉਂਟਾ ਸਾਹਿਬ ਗਏ ਸਨ, ਉਦੋਂ ਭਾਈ ਸਾਹਿਬ ਚੰਦ ਦੀ ਉਮਰ 11 ਕੁ ਸਾਲ ਦੀ ਸੀ ਤੇ ਉਹ ਗੁਰੂ ਸਾਹਿਬ ਦੇ ਕੋਲ ਹੀ ਰਹਿ ਪਏ। ਗੁਰੂ ਸਾਹਿਬ ਨੇ ਹੀ ਭਾਈ ਸਾਹਿਬ ਚੰਦ ਦਾ ਵਿਆਹ ਬੀਬੀ ਨਿਰੰਜਨੀ ਨਾਲ ਕਰਵਾਇਆ ਸੀ। ਜਦੋਂ 1699 ਵਿੱਚ ਗੁਰੂ ਸਾਹਿਬ ਨੇ ਸਿਰਾਂ ਦੀ ਮੰਗ ਕੀਤੀ ਤਾਂ ਪੰਜਵਾਂ ਸਿਰ ਵੀ ਇੱਕ ਸਿੱਖ ਭਾਈ ਸਾਹਿਬ ਚੰਦ ਨੇ ਦਿੱਤਾ ਸੀ ਜੋ ਅੰਮ੍ਰਿਤ ਛਕ ਕੇ ਭਾਈ ਸਾਹਿਬ ਸਿੰਘ ਬਣੇ। ਭਾਈ ਸਾਹਿਬ ਦੀ ਪਤਨੀ ਅਤੇ ਪੁੱਤਰ ਸਰਸਾ ਨਦੀ ਉੱਤੇ ਹੋਈ ਜੰਗ ਵਿੱਚ ਸ਼ਹੀਦ ਹੋ ਗਏ ਸਨ ਅਤੇ ਭਾਈ ਸਾਹਿਬ ਸਿੰਘ ਨੇ ਖੁਦ ਚਮਕੌਰ ਦੀ ਗੜ੍ਹੀ ਵਿੱਚ ਸ਼ਾਨਾਮੱਤਾ ਇਤਿਹਾਸ ਰਚਦਿਆਂ ਸ਼ਹੀਦੀ ਦਿੱਤੀ। ਇਤਿਹਾਸਕ ਹਵਾਲਿਆਂ ਨਾਲ ਅਸੀਂ ਇਹ ਸਿੱਧ ਕੀਤਾ ਹੈ ਕਿ ਪੰਜ ਪਿਆਰੇ ਹਿੰਦੂ ਮੱਤ ਦੇ ਧਾਰਨੀ ਨਹੀਂ ਸਨ ਤੇ ਉਹਨਾਂ ਨੂੰ ਵਾਰ-ਵਾਰ ਹਿੰਦੂ ਕਹਿਣਾ ਇਹ ਸਿੱਖੀ ਉੱਤੇ ਅਤੇ ਪੰਜ ਪਿਆਰਿਆਂ ਦੀ ਪਛਾਣ ਉੱਤੇ ਵੱਡਾ ਹਮਲਾ ਹੈ। ਪੰਜ ਪਿਆਰੇ ਹਿੰਦੂਆਂ ਤੋਂ ਸਿੱਖ ਨਹੀਂ ਬਣੇ, ਬਲਕਿ ਉਹ ਤਾਂ ਪਹਿਲਾਂ ਹੀ ਸਿੱਖ ਸਨ, ਉਹ ਤਾਂ ਸਿੱਖ ਤੋਂ ਸਿੰਘ, ਖ਼ਾਲਸੇ ਅਤੇ ਪਿਆਰੇ ਬਣੇ ਸਨ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Leave a Reply