ਸਿੱਖ ਸੰਘਰਸ਼ ਦਾ ਯੋਧਾ ਸ਼ਹੀਦ ਭਾਈ ਸੁਬੇਗ ਸਿੰਘ ਨਿਹੰਗ

ਸਿੱਖ ਸੰਘਰਸ਼ ਦਾ ਯੋਧਾ ਸ਼ਹੀਦ ਭਾਈ ਸੁਬੇਗ ਸਿੰਘ ਨਿਹੰਗ

ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ ਵਿੱਚ ਸ਼ਹੀਦ ਹੋਏ ਅਮਰ ਸ਼ਹੀਦ ਭਾਈ ਸੁਬੇਗ ਸਿੰਘ ਜੀ ਨਿਹੰਗ ਦਾ ਜਨਮ 3 ਅਕਤੂਬਰ 1972 ਨੂੰ ਪਿਤਾ ਜਥੇਦਾਰ ਸ. ਧਿਆਨ ਸਿੰਘ ਦੇ ਗ੍ਰਹਿ ਵਿਖੇ ਮਾਤਾ ਗੁਰਨਾਮ ਕੌਰ ਦੀ ਵਡਭਾਗੀ ਕੁੱਖੋਂ ਪਿੰਡ ਸੁਰਸਿੰਘ (ਪੱਤੀ ਮਾਣਾ), ਨੇੜੇ ਭਿੱਖੀਵਿੰਡ-ਝਬਾਲ, ਅਜੋਕਾ ਜ਼ਿਲ੍ਹਾ ਸ੍ਰੀ ਤਰਨ ਤਾਰਨ ਸਾਹਿਬ 'ਚ ਹੋਇਆ। ਆਪ ਦੇ ਤਿੰਨ ਛੋਟੇ ਭਰਾ ਜਗਤਾਰ ਸਿੰਘ, ਜਸਵਿੰਦਰ ਸਿੰਘ, ਹਰਜਿੰਦਰ ਸਿੰਘ ਅਤੇ ਇੱਕ ਭੈਣ ਪਰਮਜੀਤ ਕੌਰ ਹੈ। ਘਰ ਵਿੱਚ ਅਤਿਅੰਤ ਗ਼ਰੀਬੀ ਹੋਣ ਕਾਰਨ ਆਪ ਪੜ੍ਹ ਨਹੀਂ ਸਕੇ ਤੇ ਛੋਟੀ ਉਮਰੇ ਹੀ ਦਲ ਪੰਥ ਬਾਬਾ ਬਿਧੀ ਚੰਦ ਜੀ ਦੇ ਜਥੇ ’ਚ ਨਿਹੰਗ ਸਿੰਘਾਂ ’ਚ ਸ਼ਾਮਲ ਹੋ ਗਏ। ਇਸ ਦਲ ਪੰਥ ਦਾ ਹੈੱਡ ਕੁਆਰਟਰ ਆਪ ਦੇ ਪਿੰਡ ਸੁਰਸਿੰਘ ਵਿਖੇ ਹੀ ਹੈ। ਜਥੇਦਾਰ ਬਾਬਾ ਦਇਆ ਸਿੰਘ ਜੀ ਸੁਰਸਿੰਘ ਵਾਲ਼ੇ ਮਹਾਂਪੁਰਸ਼ਾਂ ਦੇ ਕੋਲ਼ ਰਹਿ ਕੇ ਆਪ ਗੁਰੂ-ਘਰ ਦੀਆਂ ਸੇਵਾਵਾਂ ਨਿਭਾਉਣ ਲਗ ਪਏ। ਖੰਡੇ-ਬਾਟੇ ਦਾ ਅੰਮ੍ਰਿਤਪਾਨ ਕਰਕੇ ਆਪ ਪੱਕੇ ਤੌਰ ’ਤੇ ਨਿਹੰਗ ਸਿੰਘ ਬਾਣੇ ਦੇ ਧਾਰਨੀ ਹੋ ਗਏ। ਦਲ ਪੰਥ ’ਚ ਰਹਿ ਕੇ ਆਪ ਨੇ ਗੁਰਮਤਿ ਵਿੱਦਿਆ ਅਤੇ ਸ਼ਸਤਰ ਵਿੱਦਿਆ ਪ੍ਰਾਪਤ ਕੀਤੀ ਤੇ ਘੋੜ ਸਵਾਰੀ ਵੀ ਸਿੱਖੀ। ਆਪ ਬਿਬੇਕੀ ਸਿੰਘ ਸਨ ਤੇ ਲੰਗਰ ਪਕਾਉਣ ਦੀ ਸੇਵਾ ਨਿਭਾਉਂਦੇ ਸਨ। ਜੂਨ 1984 ਦੇ ਘੱਲੂਘਾਰੇ ਸਮੇਂ ਆਪ ਦੀ ਉਮਰ 12 ਕੁ ਸਾਲ ਦੀ ਸੀ, ਇਸ ਹਮਲੇ ਨੇ ਹਰ ਸਿੱਖ ਵਾਂਗ ਆਪ ਦਾ ਮਨ ਵੀ ਧੁਰ ਅੰਦਰ ਤਕ ਝੰਜੋੜ ਦਿੱਤਾ। ਇਸ ਮਗਰੋਂ ਜਦ ਖ਼ਾਲਿਸਤਾਨ ਦੀ ਜੰਗ-ਏ-ਅਜ਼ਾਦੀ ਦਾ ਹਥਿਆਰਬੰਦ ਸੰਘਰਸ਼ ਸ਼ੁਰੂ ਹੋਇਆ ਤਾਂ ਦਲ ਪੰਥ ਬਾਬਾ ਬਿਧੀ ਚੰਦ ਜਥੇ ਦੇ ਅਤੇ ਆਪ ਦੇ ਪਿੰਡ ਦੇ ਕਾਫ਼ੀ ਸਾਰੇ ਸਿੰਘ ਵੀ ਇਸ ਸੰਘਰਸ਼ ’ਚ ਕੁੱਦ ਪਏ। ਜੁਝਾਰੂ ਭਾਈ ਵਿਰਸਾ ਸਿੰਘ ਜੋ ਆਪ ਦੇ ਪਿੰਡ ਦੇ ਅਤੇ ਦਲ ਪੰਥ ਵਿੱਚ ਹੀ ਰਹਿਣ ਵਾਲ਼ੇ ਸਨ, ਉਹਨਾਂ ਨਾਲ਼ ਆਪ ਦਾ ਕਾਫ਼ੀ ਪ੍ਰੇਮ-ਪਿਆਰ ਸੀ। ਜੁਝਾਰੂ ਜਥੇਬੰਦੀਆਂ ਦੇ ਸਿੰਘ ਅਕਸਰ ਹੀ ਪਿੰਡ ਸੁਰਸਿੰਘ ਦੇ ਗੁਰਦੁਆਰਾ ਸਾਹਿਬ ’ਚ ਆਉਂਦੇ ਜਾਂਦੇ ਰਹਿੰਦੇ ਸਨ, ਉਹਨਾਂ ਨਾਲ਼ ਆਪ ਦਾ ਮਿਲਾਪ ਹੁੰਦਾ ਸੀ। ਜੁਝਾਰੂ ਸਿੰਘਾਂ ਨੂੰ ਪ੍ਰਸ਼ਾਦਾ-ਪਾਣੀ ਛਕਾਉਣ ਦੀ ਸੇਵਾ ਕਰਨ ਕਰਕੇ 1988 ’ਚ ਪੁਲੀਸ ਨੇ ਆਪ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇੱਕ ਦਿਨ ਪੁਲੀਸ ਆਪ ਦੇ ਘਰ ਆਈ ਤੇ ਆਪ ਨੂੰ ਚੁੱਕ ਕੇ ਲੈ ਗਈ। ਅੰਮ੍ਰਿਤਸਰ ਦੇ ਮਾਲ ਮੰਡੀ ਬੁੱਚੜਖਾਨੇ ਲਿਜਾ ਕੇ ਆਪ ਉੱਤੇ ਬੇਤਹਾਸ਼ਾ ਤਸ਼ੱਦਦ ਢਾਹਿਆ ਗਿਆ, ਆਪ ਨੂੰ ਕਰੰਟ ਲਾਇਆ ਗਿਆ, ਚੱਡੇ ਪਾੜ ਦਿੱਤੇ ਆਦਿਕ। ਫਿਰ ਆਪ ਤਿੰਨ ਮਹੀਨੇ ਅੰਮ੍ਰਿਤਸਰ ਦੀ ਜੇਲ੍ਹ ’ਚ ਰਹੇ। ਇਸ ਪਿੱਛੋਂ ਵੀ ਪੁਲੀਸ ਨੇ ਆਪ ਦਾ ਖਹਿੜਾ ਨਾ ਛੱਡਿਆ ਤੇ ਆਖ਼ਰ ਆਪ ਆਪਣੇ ਘਰ-ਪਰਿਵਾਰ ਅਤੇ ਬਾਬਾ ਦਇਆ ਸਿੰਘ ਜੀ ਨੂੰ ਫ਼ਤਹਿ ਬੁਲਾ ਕੇ ਕੌਮ ਦੀ ਅਜ਼ਾਦੀ ਲਈ ਹਥਿਆਰਬੰਦ ਸੰਘਰਸ਼ ’ਚ ਸ਼ਾਮਲ ਹੋ ਗਏ ਤੇ ਕਮਾਂਡਰ ਭਾਈ ਬੂਟਾ ਸਿੰਘ ਬੱਗੜ (ਪਿੰਡ ਸੁਰਸਿੰਘ) ਨਾਲ਼ ਮਿਲ਼ ਕੇ ਪੰਥ ਦੋਖੀਆਂ ਨੂੰ ਸੋਧਣ ਦੀਆਂ ਸੇਵਾਵਾਂ ਨਿਭਾਉਣ ਲਗ ਪਏ। ਆਪ ਨੇ ਕਈ ਵੱਡੇ-ਛੋਟੇ ਮੁਕਾਬਲਿਆਂ ’ਚ ਭਾਗ ਲਿਆ ਤੇ ਤਕਰੀਬਨ ਛੇ ਕੁ ਮਹੀਨੇ ਸੰਘਰਸ਼ ’ਚ ਸੇਵਾ ਕੀਤੀ। ਜਦ ਆਪ ਰੂਪੋਸ਼ ਹੋ ਕੇ ਸੰਘਰਸ਼ ’ਚ ਵਿਚਰ ਰਹੇ ਸਨ ਤਾਂ ਜ਼ਾਲਮ ਪੁਲੀਸ ਅਫ਼ਸਰਾਂ ਨੇ ਆਪ ਦੇ ਪਰਿਵਾਰ ’ਤੇ ਘੋਰ ਜ਼ੁਲਮ ਕੀਤਾ। ਘਰ ਦੇ ਭਾਂਡੇ ਅਤੇ ਹੋਰ ਸਾਜੋ-ਸਮਾਨ ਵੀ ਚੁੱਕ ਕੇ ਲੈ ਜਾਂਦੇ। ਆਖ਼ਰ ਇੱਕ ਦਿਨ 21 ਮਾਰਚ 1989 ਨੂੰ ਜਦ ਭਾਈ ਸੁਬੇਗ ਸਿੰਘ ਨਿਹੰਗ, ਭਾਈ ਬੂਟਾ ਸਿੰਘ ਬੱਗੜ ਅਤੇ ਭਾਈ ਬਲਬੀਰ ਸਿੰਘ ਫ਼ੌਜੀ ਹੁਰੀਂ ਪਿੰਡ ਸੁਰਸਿੰਘ ਦੇ ਮੇਨ ਚੌਂਕ ਦੇ ਨੇੜੇ ਕਿਸੇ ਹਵੇਲੀ ’ਚ ਠਹਿਰੇ ਹੋਏ ਸਨ ਤਾਂ ਸੂਹ ਮਿਲ਼ਣ ’ਤੇ ਪੁਲੀਸ ਅਤੇ ਸੀ.ਆਰ.ਪੀ.ਐੱਫ਼. ਦੀਆਂ ਧਾੜਾਂ ਨੇ ਆਪ ਨੂੰ ਸਖ਼ਤ ਘੇਰਾ ਪਾ ਲਿਆ। ਉਸ ਹਵੇਲੀ ਵਿੱਚ ਆਪ ਨੇ ਇੱਕ ਛੋਟਾ ਜਿਹਾ ਬੰਕਰ (ਮੋਰਚਾ) ਬਣਾਇਆ ਹੋਇਆ ਸੀ। ਪੁਲੀਸ, ਜਦ ਇਕਦਮ ਹਵੇਲੀ ’ਚ ਦਾਖ਼ਲ ਹੋਈ ਤਾਂ ਆਪ ਬੰਕਰ ਉੱਤੇ ਪਰਾਲੀ ਪਾ ਕੇ ਹੇਠਾਂ ਬਹਿ ਗਏ। ਜਦ ਸੀ.ਆਰ.ਪੀ. ਵਾਲ਼ੇ ਉਸ ਬੰਕਰ ਉੱਤੇ ਚੜ੍ਹ ਕੇ ਬੂਟ ਮਾਰਨ ਲੱਗੇ ਤਾਂ ਆਪ ਸਿੰਘਾਂ ਨੇ ਗੋਲ਼ੀ ਚਲਾ ਦਿੱਤੀ। ਪੁਲੀਸ ਅਤੇ ਸੀ.ਆਰ.ਪੀ.ਐੱਫ. ਦੇ ਜਵਾਨਾਂ ਦੀ ਗਿਣਤੀ ਕਾਫ਼ੀ ਸੀ, ਆਪ ਸਿੰਘਾਂ ਲਈ ਇਸ ਘੇਰੇ ਨੂੰ ਤੋੜਨਾ ਮੁਸ਼ਕਿਲ ਹੋ ਗਿਆ ਸੀ। ਭਾਈ ਸੁਬੇਗ ਸਿੰਘ ਤਾਂ ਸ਼ੁਰੂ ’ਚ ਹੀ ਸ਼ਹੀਦੀ ਪਾ ਗਏ, ਉਹਨਾਂ ਦੇ ਮੋਢੇ ਦੇ ਪਿਛਲੇ ਪਾਸੇ ਬਰੱਸਟ ਵੱਜਾ ਸੀ। ਉਪਰੰਤ ਭਾਈ ਬੂਟਾ ਸਿੰਘ ਤੇ ਭਾਈ ਬਲਬੀਰ ਸਿੰਘ ਮੁਕਾਬਲਾ ਕਰਦੇ ਰਹੇ। ਦੋ ਪੁਲਸੀਏ ਅਤੇ ਚਾਰ ਸੀ.ਆਰ.ਪੀ. ਵਾਲ਼ਿਆਂ ਨੂੰ ਗੱਡੀ ਚਾੜ੍ਹ ਕੇ ਭਾਈ ਬਲਬੀਰ ਸਿੰਘ ਵੀ ਆਪਣੇ ਸੀਨੇ ’ਤੇ ਗੋਲ਼ੀਆਂ ਝੱਲਦੇ ਹੋਏ ਸ਼ਹੀਦੀ ਪਾ ਗਏ ਤੇ ਭਾਈ ਬੂਟਾ ਸਿੰਘ ਫੁਰਤੀ ਨਾਲ਼ ਹਵੇਲੀ ਦੀ ਕੰਧ ਟੱਪਣ ’ਚ ਕਾਮਯਾਬ ਹੋ ਗਏ ਤੇ ਫਿਰ ਥੋੜ੍ਹੀ ਅਗਾਂਹ ਜਾ ਕੇ ਉਹ ਵੀ ਸ਼ਹੀਦੀ ਪਾ ਗਏ। ਆਪ ਤਿੰਨਾਂ ਸਿੰਘਾਂ ਦੀਆਂ ਸ਼ਹੀਦੀ ਦੇਹਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਤੇ ਸਿੱਖ ਰਹਿਤ ਮਰਿਯਾਦਾ ਅਨੁਸਾਰ ਆਪ ਸਿੰਘਾਂ ਦਾ ਸਸਕਾਰ ਕੀਤਾ ਗਿਆ ਅਤੇ 30 ਮਾਰਚ 1989 ਨੂੰ ਅਰਦਾਸ ਸਮਾਗਮ ’ਚ ਹਜ਼ਾਰਾਂ ਸੰਗਤਾਂ ਨੇ ਇਹਨਾਂ ਖ਼ਾਲਿਸਤਾਨੀ ਜੁਝਾਰੂਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸ਼ਹੀਦ ਭਾਈ ਸੁਬੇਗ ਸਿੰਘ ਨਿਹੰਗ ਦੀ ਭੈਣ ਬੀਬੀ ਪਰਮਜੀਤ ਕੌਰ ਅਤੇ ਭਤੀਜੀ ਬਲਜੀਤ ਕੌਰ ਨੇ ਇਹ ਸਾਰੀ ਜਾਣਕਾਰੀ ਦਾਸ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ ਦੇ ਦਫ਼ਤਰ ’ਚ ਆ ਕੇ 24 ਮਈ 2021 ਨੂੰ ਲਿਖਵਾਈ ਤੇ ਸ਼ਹੀਦ ਸਿੰਘ ਦੀ ਤਸਵੀਰ ਅਤੇ ਅਖ਼ਬਾਰ ਦੀ ਕਟਿੰਗ ਵੀ ਵਿਖਾਈ। ਭੈਣ ਪਰਮਜੀਤ ਕੌਰ ਨੇ ਦੱਸਿਆ ਕਿ ਮੇਰੇ ਸਵ. ਭਰਾ ਹਰਜਿੰਦਰ ਸਿੰਘ ਦੇ ਘਰ ਦੇ ਆਰਥਿਕ ਹਾਲਾਤ ਬਹੁਤ ਮੰਦੇ ਹਨ। ਭਤੀਜੀ ਬਲਜੀਤ ਕੌਰ ਨੇ ਦੱਸਿਆ ਕਿ ਮੀਂਹ-ਹਨੇਰੀ ਕਰਕੇ ਸਾਡਾ ਕੱਚਾ ਮਕਾਨ ਢਹਿ-ਢੇਰੀ ਹੋ ਚੁੱਕਾ ਹੈ ਤੇ ਅਸੀਂ ਇੱਕ ਤੰਬੂ ਜਿਹਾ ਲਾ ਕੇ ਓਥੇ ਗੁਜਾਰਾ ਕਰ ਰਹੇ ਹਾਂ। ਭੈਣ ਪਰਮਜੀਤ ਕੌਰ ਨੇ ਦੱਸਿਆ ਕਿ ਸਾਡੇ ਮਾਤਾ-ਪਿਤਾ ਤਾਂ ਕਾਫ਼ੀ ਸਮਾਂ ਪਹਿਲਾਂ ਹੀ ਚੜ੍ਹਾਈ ਕਰ ਗਏ ਸਨ ਜਦ ਅਸੀਂ ਛੋਟੇ-ਛੋਟੇ ਸੀ, ਅਸੀਂ ਰਿਸ਼ਤੇਦਾਰਾਂ ਦੇ ਘਰਾਂ ’ਚ ਰਹਿ ਕੇ ਪਲ਼ੇ ਹਾਂ। ਉਹਨਾਂ ਦੱਸਿਆ ਕਿ ਸਾਡਾ ਇੱਕ ਭਰਾ ਤਾਂ ਸ਼ਹੀਦ ਹੋ ਗਿਆ, ਦੋ ਓਦਾਂ ਚੜ੍ਹਾਈ ਕਰ ਗਏ ਤੇ ਇੱਕ ਭਰਾ ਜਗਤਾਰ ਸਿੰਘ ਹੁਣ ਵੀ ਦਲ ਪੰਥ ’ਚ ਸੇਵਾ ਕਰਦਾ ਹੈ। ਉਹਨਾਂ ਕਿਹਾ ਕਿ ਅਸੀਂ ਸੰਘਰਸ਼ ਦੌਰਾਨ ਬਹੁਤ ਤਸੀਹੇ ਝੱਲੇ ਹਨ ਤੇ ਅੱਜ ਵੀ ਆਰਥਿਕ ਤੰਗੀ ਨਾਲ਼ ਜੂਝ ਰਹੇ ਹਾਂ। ਸਾਡੀ ਮਾਇਕੀ ਸਹਾਇਤਾ ਜ਼ਰੂਰ ਕੀਤੀ ਜਾਵੇ। ਸ਼ਹੀਦ ਪਰਿਵਾਰ ਹੋਣ ਦੇ ਨਾਤੇ ਘੱਟੋ-ਘੱਟ ਇੱਕ-ਦੋ ਕਮਰੇ ਹੀ ਪਾ ਕੇ ਦਿੱਤੇ ਜਾਣ ਤਾਂ ਜੋ ਸਾਡੇ ਸਿਰ ’ਤੇ ਛੱਤ ਤਾਂ ਹੋਵੇ। ਫਿਰ ਦਾਸ ਨੇ ਆਪ ਦੇ ਪਿੰਡ ਜਾ ਕੇ ਸਾਰੇ ਹਾਲਾਤ ਅੱਖੀਂ ਵੇਖੇ ਤੇ ਪਿੰਡ ਵਾਸੀਆਂ ਤੋਂ ਪੁੱਛਿਆ। ਜਿਸ ਮਗਰੋਂ ਦਾਸ ਨੇ ਆਪਣਾ ਪੰਥਕ ਫ਼ਰਜ਼ ਨਿਭਾਉਂਦਿਆਂ ਸੋਸ਼ਲ ਮੀਡੀਆ ਰਾਹੀਂ ਸੰਗਤਾਂ ਨੂੰ ਅਪੀਲ ਕਰਕੇ ਆਪ ਜੀ ਦਾ ਘਰ ਬਣਵਾਇਆ ਤੇ ਸਮੇਂ-ਸਮੇਂ ਉੱਤੇ ਹੋਰ ਵੀ ਆਪ ਦੇ ਪਰਿਵਾਰ ਦੀ ਆਰਥਿਕ ਮਦਦ ਕਰਵਾਈ। ਜਿਹੜੇ ਸ਼ਹੀਦ ਸਿੰਘ ਕੌਮੀ ਘਰ ਲਈ ਆਪਾ ਵਾਰ ਗਏ ਉਹਨਾਂ ਦੇ ਘਰਾਂ-ਪਰਿਵਾਰਾਂ ਦੀ ਸਾਰ ਲੈਣੀ ਸਾਡਾ ਕੌਮੀ ਫ਼ਰਜ਼ ਹੈ। ਸ਼ਹੀਦ ਸਿੰਘਾਂ ਬਾਰੇ ਹੋਰ ਜਾਣਕਾਰੀ ਲਈ ਦਾਸ ਵੱਲੋਂ ਲਿਖੀਆਂ ਕਿਤਾਬਾਂ ਤਵਾਰੀਖ ਸ਼ਹੀਦ ਏ ਖ਼ਾਲਿਸਤਾਨ ਪੜ੍ਹੋ ਸੰਗਤ ਜੀ।

               ਰਣਜੀਤ ਸਿੰਘ ਦਮਦਮੀ ਟਕਸਾਲ
        (ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)
                 ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.