ਨਸ਼ਾ ਸਪਲਾਈ ਕਰਨ ਵਾਲੇ ਇੱਕ ਵਿਅਕਤੀ ਨੂੰ ਪਿੰਡ ਭੂਰਾ ਕਰੀਮਪੁਰਾ ਦੇ ਨੌਜਵਾਨਾਂ ਵੱਲੋਂ ਕੀਤਾ ਗਿਆ ਕਾਬੂ
- ਅਪਰਾਧ
- (Asia/Kolkata)
ਲੰਮੇ ਸਮੇਂ ਤੋਂ ਪਿੰਡਾਂ ਵਿੱਚ ਨਸ਼ਾ ਸਪਲਾਈ ਕਰਦਾ ਆ ਰਿਹਾ ਸੀ ਉਕਤ ਵਿਅਕਤੀ - ਦਿਲਾਵਰ
ਗੁਰਮੀਤ ਸਿੰਘ ਵਲਟੋਹਾ ਨਜ਼ਰਾਨਾ ਟਾਈਮਜ਼
ਥਾਣਾ ਖੇਮਕਰਨ ਅਧੀਨ ਪੈਂਦੇ ਪਿੰਡ ਭੂਰਾ ਕਰੀਮਪੁਰਾ ਦੇ ਨੌਜਵਾਨਾਂ ਵੱਲੋਂ ਖੇਮਕਰਨ ਦੇ ਵਸਨੀਕ ਇੱਕ ਵਿਅਕਤੀ ਨੂੰ ਨਸ਼ੀਲੇ ਪਦਾਰਥਾਂ ਸਮੇਤ ਉਸ ਵੇਲੇ ਕਾਬੂ ਕਰ ਲਿਆ ਗਿਆ ਜਦੋਂ ਉਹ ਪਿੰਡਾਂ ਵਿਚ ਨਸ਼ਾ ਸਪਲਾਈ ਕਰ ਰਿਹਾ ਸੀ। ਇਸ ਘਟਨਾਕ੍ਰਮ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀ ਹੈ। ਵੀਡੀਓ ਵਿੱਚ ਵੀ ਸਾਫ ਦਿਖਾਈ ਦੇ ਰਿਹਾ ਹੈ ਕਿ ਨੌਜਵਾਨਾਂ ਵੱਲੋਂ ਉਸ ਵਿਅਕਤੀ ਪਾਸੋਂ ਨਸ਼ੀਲੇ ਪਦਾਰਥਾਂ ਦੀਆਂ ਪੁੜੀਆਂ ਬਰਾਮਦ ਕੀਤੀਆਂ ਜਾ ਰਹੀਆਂ ਹਨ। ਦੋਸ਼ੀ ਵਿਅਕਤੀ ਨੂੰ ਪਿੰਡ ਦੇ ਮੋਹਤਬਰਾਂ ਦੀ ਹਾਜ਼ਰੀ ਦੌਰਾਨ ਖੇਮਕਰਨ ਥਾਣੇ ਦੀ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਿੰਡ ਭੂਰਾ ਕਰੀਮਪੁਰਾ ਦੇ ਨੌਜਵਾਨ ਦਿਲਾਵਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ ਵਾਰ-ਵਾਰ ਸਮਝਾਉਣ ਤੇ ਵੀ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਸੀ, ਅਤੇ ਬਾਰਡਰ ਦੇ ਨਾਲ ਲੱਗਦੇ ਇਲਾਕੇ ਦੇ ਪਿੰਡਾਂ ਵਿੱਚ ਨਸ਼ਾ ਸਪਲਾਈ ਕਰਨ ਦਾ ਕਾਰੋਬਾਰ ਕਰਦਾ ਆ ਰਿਹਾ ਸੀ। ਉਨ੍ਹਾਂ ਕਿਹਾ ਕਿ ਅਸੀਂ ਇਸ ਨੂੰ ਕਈ ਵਾਰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਕਤ ਵਿਅਕਤੀ ਦੇ ਇੰਨੇ ਹੌਸਲੇ ਬੁਲੰਦ ਸਨ, ਕਿ ਉਹ ਸ਼ਰੇਆਮ ਸਾਨੂੰ ਕਹਿੰਦਾ ਸੀ ਕਿ ਜੇ ਮੈਨੂੰ ਰੋਕ ਸਕਦੇ ਹੋ ਤਾਂ ਰੋਕ ਲਵੋ ਮੈਂ ਆਪਣਾਂ ਨਸ਼ੇ ਦਾ ਕਾਰੋਬਾਰ ਬੰਦ ਨਹੀਂ ਕਰਾਂਗਾ। ਦਿਲਾਵਰ ਨੇ ਕਿਹਾ ਕਿ ਪਿੰਡਾਂ ਵਿੱਚ ਜੋ ਛੋਟੇ-ਛੋਟੇ ਬੱਚੇ ਵੀ ਨਸ਼ੇ ਦੇ ਦਲਦਲ ਵਿੱਚ ਫਸਦੇ ਜਾ ਰਹੇ ਹਨ, ਉਹ ਇਸ ਵਿਅਕਤੀ ਵਰਗੇ ਮਾੜੇ ਅਨਸਰਾਂ ਦੀ ਹੀ ਦੇਣ ਹਨ। ਪੰਜਾਬ ਪੁਲਿਸ ਨੂੰ ਇਨਾਂ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਦੇ ਹੋਏ ਇਹਨਾਂ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣੀ ਚਾਹੀਦੀ ਹੈ, ਤਾਂ ਜੋ ਪੰਜਾਬ ਦੀ ਜਵਾਨੀ ਨੂੰ ਨਸ਼ੇ ਤੋਂ ਰਹਿਤ ਕੀਤਾ ਜਾ ਸਕੇ। ਇਸ ਬਾਰੇ ਜਦੋਂ ਪੁਲਿਸ ਥਾਣਾ ਖੇਮਕਰਨ ਦੇ ਮੁਖੀ ਗੁਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਉੱਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
Leave a Reply