ਭਗਵੰਤ ਮਾਨ ਅਤੇ ਸੁਖਬੀਰ ਬਾਦਲ ਦੋਵੇਂ ਪੰਥ ਦੇ ਦੋਸ਼ੀ ਹਨ

ਭਗਵੰਤ ਮਾਨ ਅਤੇ ਸੁਖਬੀਰ ਬਾਦਲ ਦੋਵੇਂ ਪੰਥ ਦੇ ਦੋਸ਼ੀ ਹਨ

ਹੁਣ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੁਰੂ ਦੋਖੀ ਅਤੇ ਪੰਥ ਵਿਰੋਧੀ ਐਲਾਨ ਦਿੱਤਾ ਹੈ ਤਾਂ ਲੋਕ ਇਸ ਨੂੰ ਸੁਖਬੀਰ ਬਾਦਲ ਦੇ ਹੁਕਮ ਉੱਤੇ ਹੋਇਆ ਫ਼ੈਸਲਾ ਦੱਸ ਰਹੇ ਹਨ। ਪਰ ਲੋਕ ਇਹ ਗੱਲ ਕਹਿਣ ਵੀ ਕਿਉਂ ਨਾ, ਕਿਉਂਕਿ ਸਭ ਨੂੰ ਪਤਾ ਹੈ ਕਿ ਬਾਦਲਾਂ ਦੇ ਕਹੇ ਉੱਤੇ ਜਥੇਦਾਰ ਸਾਹਿਬਾਨ ਫ਼ੈਸਲੇ ਸੁਣਾਉਂਦੇ ਰਹੇ ਹਨ। ਇਸ ਕਰਕੇ ਮੌਜੂਦਾ ਸਥਿਤੀ ਲਈ ਪੰਥ ਦੇ ਗ਼ੱਦਾਰ ਬਾਦਲਕੇ ਜ਼ਿੰਮੇਵਾਰ ਹਨ ਜਿਨ੍ਹਾਂ ਨੇ ਤਖ਼ਤ ਸਾਹਿਬ ਦੇ ਫ਼ੈਸਲਿਆਂ ਨੂੰ ਵੀ ਸ਼ੱਕੀ ਅਤੇ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰ ਦਿੱਤਾ ਹੈ ਤੇ ਹੁਕਮਨਾਮਿਆਂ ਦੀ ਅਹਿਮੀਅਤ ਰੋਲ ਦਿੱਤੀ ਹੈ। 
ਸਿੱਖ ਕੌਮ ਦੇ ਬੱਚੇ-ਬੱਚੇ ਨੂੰ ਪਤਾ ਹੈ ਕਿ ਬਾਦਲਾਂ ਦੇ ਕਹੇ ਉੱਤੇ ਹੀ ਜਥੇਦਾਰ ਲੱਗਦੇ ਹਨ ਤੇ ਹਟਾਏ ਜਾਂਦੇ ਹਨ। ਇਹਨਾਂ ਜਥੇਦਾਰਾਂ ਨੇ ਸੁਖਬੀਰ ਬਾਦਲ ਦੇ ਕਹੇ ਉੱਤੇ ਹੀ ਪੰਥ ਦੋਖੀ, ਬਲਾਤਕਾਰੀ ਅਤੇ ਕਾਤਲ ਡੇਰਾ ਸਿਰਸਾ ਮੁਖੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਿਨ-ਮੰਗਿਆਂ ਮਾਫ਼ੀ ਦਿੱਤੀ ਤੇ ਉਸ ਮਾਫ਼ੀ ਨੂੰ ਸਹੀ ਠਹਿਰਾਉਣ ਲਈ ਅਤੇ ਸੁਖਬੀਰ ਬਾਦਲ ਦੀਆਂ ਵੋਟਾਂ ਪੱਕੀਆਂ ਕਰਨ ਲਈ ਸ਼੍ਰੋਮਣੀ ਕਮੇਟੀ ਨੇ 95 ਲੱਖ ਰੁਪਏ ਦੇ ਇਸ਼ਤਿਹਾਰ ਗੁਰੂ ਦੀ ਗੋਲਕ ਵਿੱਚੋਂ ਦਿੱਤੇ ਸਨ। 
ਜਦੋਂ ਸੁਖਬੀਰ ਬਾਦਲ ਨੇ ਸੁਮੇਧ ਸੈਣੀ ਅਤੇ ਆਪਣੇ ਹੋਰ ਬੁੱਚੜ ਅਫ਼ਸਰਾਂ ਤੋਂ ਬਰਗਾੜੀ, ਬਹਿਬਲ ਕਲਾਂ ਅਤੇ ਕੋਟਕਪੂਰਾ ਕਾਂਡ ਕਰਵਾਇਆ ਸੀ, ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਸਰਾਵਾਂ ਨੂੰ ਸ਼ਹੀਦ ਕੀਤਾ, ਸੰਗਤਾਂ ਨੂੰ ਜ਼ਖ਼ਮੀ ਕੀਤਾ ਤਾਂ ਤਤਕਾਲੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਸ਼੍ਰੋਮਣੀ ਕਮੇਟੀ ਦਾ ਤਤਕਾਲੀ ਪ੍ਰਧਾਨ ਅਵਤਾਰ ਸਿੰਘ ਮੱਕੜ ਬਾਦਲ ਸਰਕਾਰ ਖ਼ਿਲਾਫ਼ ਇੱਕ ਸ਼ਬਦ ਵੀ ਨਹੀਂ ਸੀ ਬੋਲ ਸਕਿਆ ਤੇ ਬਾਦਲਾਂ ਦਾ ਪਿੱਠੂ ਬਣ ਕੇ ਜਥੇਦਾਰ ਗੁਰਬਚਨ ਸਿੰਘ ਖ਼ਾਲਸਾ ਪੰਥ ਦੀ ਹੇਠੀ ਕਰਦਾ ਰਿਹਾ ਸੀ। 
ਸੁਖਬੀਰ ਬਾਦਲ ਜੋ ਆਪਣੀਆਂ ਗ਼ਲਤੀਆਂ, ਪਾਪ ਅਤੇ ਗੁਨਾਹ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਮੰਨਿਆ ਸੀ ਪਰ ਫਿਰ ਕੁਝ ਦਿਨਾਂ ਬਾਅਦ ਹੀ ਮੁਕਤਸਰ ਜਾ ਕੇ ਮੁੱਕਰ ਗਿਆ ਸੀ, ਪਰ ਹੈਰਾਨੀ ਦੀ ਗੱਲ ਹੈ ਕਿ ਅਜੋਕਾ ਜਥੇਦਾਰ ਕੁਲਦੀਪ ਸਿੰਘ ਗੜਗੱਜ ਉਸ ਬਾਬਤ ਅਜੇ ਤਕ ਚੁੱਪ ਹੈ। ਸੁਖਬੀਰ ਬਾਦਲ ਬਥੇਰੀ ਵਾਰ ਕਹਿ ਚੁੱਕਿਆ ਹੈ ਕਿ 2 ਦਸੰਬਰ 2024 ਵਾਲੇ ਫ਼ੈਸਲੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੇਰੇ ਵਿਰੁੱਧ ਸਾਜ਼ਿਸ਼ ਅਧੀਨ ਹੋਏ ਸਨ। ਹੁਣ ਸੁਖਬੀਰ ਬਾਦਲ ਵਾਂਗ ਹੀ ਭਗਵੰਤ ਮਾਨ ਅਤੇ ਉਸ ਦੇ ਹਮਾਇਤੀ ਕਹੀ ਜਾ ਰਹੇ ਹਨ ਕਿ ਜਥੇਦਾਰ ਗੜਗੱਜ ਨੇ ਭਗਵੰਤ ਮਾਨ ਖ਼ਿਲਾਫ਼ ਫ਼ੈਸਲਾ ਸਾਜ਼ਿਸ਼ ਅਧੀਨ ਕੀਤਾ ਹੈ। ਸੁਖਬੀਰ ਬਾਦਲ ਹੋਵੇ ਜਾਂ ਭਗਵੰਤ ਮਾਨ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸ਼ਾਨ ਅਤੇ ਮਹਾਨਤਾ ਨੂੰ ਠੇਸ ਪਹੁੰਚਾ ਰਹੇ ਹਨ। ਸਿੱਖ ਸੰਗਤਾਂ ਤਾਂ ਬਾਦਲਾਂ ਤੋਂ ਅਤੇ ਪੰਜਾਬ ਦੇ ਲੋਕ ਭਗਵੰਤ ਮਾਨ ਤੋਂ ਦੁਖੀ ਹਨ। 
ਸੰਗਤਾਂ ਦੇ ਖਦਸ਼ੇ ਵੀ ਬਿਲਕੁਲ ਜਾਇਜ਼ ਹਨ ਕਿ ਭਗਵੰਤ ਮਾਨ ਤੇ ਸੁਖਬੀਰ ਬਾਦਲ ਇੱਕ-ਦੂਜੇ ਨੂੰ ਠਿੱਬੀ ਲਾ ਰਹੇ ਹਨ, ਪਰ ਇਹ ਗੱਲ ਵੀ ਹਰੇਕ ਸਿੱਖ ਨੂੰ ਸਮਝਣੀ ਚਾਹੀਦੀ ਹੈ ਕਿ ਮਾਮਲਾ ਚਾਹੇ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸੋਧ ਕਾਨੂੰਨ (2026) ਜਾਂ ਗੁਰੂ ਸਾਹਿਬਾਨਾਂ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਦੀ ਬੇਅਦਬੀ ਦਾ ਹੋਵੇ ਉਸ ਵਿੱਚ ਭਗਵੰਤ ਮਾਨ ਦੋਸ਼ੀ ਹੈ ਤੇ ਜੋ ਗੁਰੂ ਗ੍ਰੰਥ ਅਤੇ ਗੁਰੂ ਪੰਥ ਨਾਲ ਬਾਦਲਕਿਆਂ ਨੇ ਵੈਰ ਕਮਾਏ ਹਨ ਉਸ ਵਿੱਚ ਸੁਖਬੀਰ ਬਾਦਲ ਵੀ ਦੋਸ਼ੀ ਹੈ ਪਰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸੁਖਬੀਰ ਦਾ ਕੋਈ ਗੁਨਾਹ ਦਿਸਦਾ ਹੀ ਨਹੀਂ ਹੈ। ਇਸ ਗੱਲ ਦੀ ਵੀ ਬੇਹੱਦ ਚਰਚਾ ਹੈ ਕਿ ਜੇਕਰ ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਉੱਤੇ ਪਰਚੇ ਦਰਜ ਨਾ ਹੋਏ ਹੁੰਦੇ ਤਾਂ ਸ਼ਾਇਦ ਜਥੇਦਾਰ ਗੜਗੱਜ ਭਗਵੰਤ ਮਾਨ ਦੇ ਇਸ ਵੀਡੀਓ ਮਾਮਲੇ ਨੂੰ ਵੀ ਠੱਪ ਕਰ ਦਿੰਦੇ। 
ਸੁਖਬੀਰ ਬਾਦਲ ਦੇ ਹੁਕਮ ਉੱਤੇ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਇਹਨਾਂ ਦੀ ਚਾਪਲੂਸ ਅੰਤਰਿੰਗ ਕਮੇਟੀ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਜਥੇਦਾਰ ਭਾਈ ਸੁਲਤਾਨ ਸਿੰਘ ਨੂੰ ਵੀ ਸਤਿਕਾਰਤ ਅਹੁਦਿਆਂ ਤੋਂ ਬੁਰੇ ਤਰੀਕੇ ਨਾਲ ਹਟਾਇਆ ਤੇ ਫਿਰ ਬਾਦਲ ਦਲ, ਸ਼੍ਰੋਮਣੀ ਕਮੇਟੀ ਤੇ ਇਹਨਾਂ ਦੇ ਕਿਰਾਏ ਉੱਤੇ ਭਰਤੀ ਕੀਤੇ ਬੰਦਿਆਂ ਨੇ ਰੱਜ ਕੇ ਜਥੇਦਾਰਾਂ ਦੀ ਕਿਰਦਾਰਕੁਸ਼ੀ ਕੀਤੀ, ਘਟੀਆ ਤੋਂ ਘਟੀਆ ਇਲਜ਼ਾਮ ਉਹਨਾਂ ਉੱਤੇ ਲਗਾਇਆ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਨੂੰ ਟਿੱਚ ਜਾਣਿਆ। 
ਜਥੇਦਾਰ ਗੜਗੱਜ ਰਾਹੀਂ 2 ਦਸੰਬਰ 2024 ਦੇ ਫੈਸਲਿਆਂ ਦਾ ਸੁਖਬੀਰ ਬਾਦਲ ਨੇ ਭੋਗ ਪਵਾ ਕੇ ਹੀ ਸਾਹ ਲਿਆ। ਸੱਤ ਮੈਂਬਰੀ ਕਮੇਟੀ ਦੇ ਦੋ ਮੈਂਬਰਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਪ੍ਰੋਫੈਸਰ ਕਿਰਪਾਲ ਸਿੰਘ ਬੰਡੂਗਰ ਨੂੰ ਘੂਰੀ ਵੱਟ ਕੇ ਪਿੱਛੇ ਹਟਾ ਲਿਆ ਸੀ। ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਬੀਬਾ ਸਤਵੰਤ ਕੌਰ ਨੂੰ ਵੀ ਨਾ ਬਖਸ਼ਿਆ। ਪ੍ਰਕਾਸ਼ ਸਿੰਘ ਬਾਦਲ ਦਾ ਫਖ਼ਰੇ ਕੌਮ ਅਵਾਰਡ ਬਹਾਲ ਕਰਵਾਉਣ ਨੂੰ ਫਿਰਦੇ ਨੇ। ਜਥੇਦਾਰ ਗੜਗੱਜ ਕੋਲੋਂ ਸੁਖਬੀਰ ਬਾਦਲ ਨੇ ਆਪਣੇ ਗਲ ਵਿੱਚ ਸਿਰੋਪੇ ਵੀ ਪਵਾ ਲਏ ਤੇ ਵਿਰਸਾ ਸਿੰਘ ਵਲਟੋਹਾ ਵਰਗੇ ਵੀ ਬਖਸ਼ਾ ਲਏ। ਸ਼੍ਰੋਮਣੀ ਕਮੇਟੀ ਅਤੇ ਜਥੇਦਾਰਾਂ ਉੱਤੇ ਬਾਦਲਾਂ ਦਾ ਰਾਜ ਹੈ। ਹੁਣ ਲੋਕ ਜਥੇਦਾਰ ਗੜਗੱਜ ਨੂੰ ਸਵਾਲ ਕਰ ਰਹੇ ਹਨ ਕਿ ਭਗਵੰਤ ਮਾਨ ਬਾਰੇ ਤਾਂ ਕਹਿ ਦਿੱਤਾ ਕਿ ਉਸਨੂੰ ਮੂੰਹ ਨਾ ਲਾਇਆ ਜਾਵੇ ਉਹ ਗੁਰੂ ਦੋਖੀ ਅਤੇ ਪੰਥ ਵਿਰੋਧੀ ਹੈ ਪਰ ਸੁਖਬੀਰ ਸਿੰਘ ਬਾਦਲ ਅਤੇ ਉਸਦੀ ਜੁੰਡਲੀ ਦਾ ਕੀ ਕਰਨਾ ਹੈ ? ਸਿੱਖ ਕੌਮ ਦੀ ਤ੍ਰਾਸਦੀ ਹੈ ਕਿ ਬਾਦਲਾਂ ਨੇ ਆਪਣੇ ਨਿੱਜੀ ਅਤੇ ਸਿਆਸੀ ਸਵਾਰਥਾਂ ਲਈ ਗੁਰਧਾਮਾਂ ਅਤੇ ਤਖ਼ਤਾਂ ਦੇ ਅਜਿਹੇ ਹਾਲਾਤ ਬਣਾ ਦਿੱਤੇ ਹਨ ਕਿ ਸੰਗਤਾਂ ਨੂੰ ਹੁਣ ਸ਼੍ਰੋਮਣੀ ਕਮੇਟੀ ਤੇ ਜਥੇਦਾਰਾਂ ਦੇ ਹਰੇਕ ਫ਼ੈਸਲੇ ਵਿੱਚ ਪੰਥ ਦੋਖੀ ਸੁਖਬੀਰ ਸਿੰਘ ਬਾਦਲ ਦੀ ਸਿਆਸਤ ਹੀ ਨਜ਼ਰ ਆਉਂਦੀ ਹੈ‌। ਇਹ ਬਾਦਲਕੇ ਪਤਾ ਨਹੀਂ ਕੌਮ ਦੇ ਗਲੋਂ ਕਦੋਂ ਲੱਥਣਗੇ! 
ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
ਮੋ:+918872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.