ਸ਼ਬਦ ਗੁਰੂ’ ਦੇ ਆਦਰਸ਼ ਦੇ ਉਲਟ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਕਾਨੂੰਨੀ ਵਿਆਖਿਆ
- ਗੁਰਬਾਣੀ-ਇਤਿਹਾਸ
- 02 May, 2026 06:56 AM (Asia/Kolkata)
‘ ਸ਼ਬਦ ਗੁਰੂ’ ਦੇ ਆਦਰਸ਼ ਦੇ ਉਲਟ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਕਾਨੂੰਨੀ ਵਿਆਖਿਆ-ਤਲਵਿੰਦਰ ਸਿੰਘ ਬੁੱਟਰ
ਹਾਲ ਹੀ ਦੌਰਾਨ ਪੰਜਾਬ ਸਰਕਾਰ ਨੇ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ 'ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026' ਬਣਾਇਆ ਹੈ। ਇਸ ਦਰਮਿਆਨ ਸਿੱਖ ਵਿਦਵਾਨਾਂ, ਕਾਨੂੰਨਦਾਨਾਂ ਅਤੇ ਧਾਰਮਿਕ ਆਗੂਆਂ ਵਲੋਂ ਇਸ ਕਾਨੂੰਨ ਦੇ ਵਿਧਾਨਿਕ ਅਤੇ ਸਿਧਾਂਤਕ ਪੱਖਾਂ 'ਤੇ ਸ਼ੰਕੇ ਅਤੇ ਇਤਰਾਜ਼ ਉੱਠਣ ਲੱਗੇ ਹਨ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੁਆਰਾ ਸੋਧ ਬਿੱਲ ਨੂੰ ਪੇਸ਼ ਕਰਨ ਵੇਲੇ ਕੀਤੇ ਵਿਖਿਆਨ ਤੇ ਕਾਨੂੰਨੀ ਸ਼ਕਲ 'ਚ ਜਾਰੀ ਹੋਏ ਨੋਟੀਫਿਕੇਸ਼ਨ ਵਿਚਲੇ ਅੰਤਰ ਨੂੰ ਵੇਖ ਕੇ ਇਹ ਕਾਨੂੰਨ ਬੇਅਦਬੀਆਂ ਰੋਕਣ ਦੀ ਭਾਵਨਾਤਮਿਕ ਮੰਗ ਦੇ ਪਰਦੇ ਹੇਠ ਕੀਤੀ ਗਈ ਸਿਆਸੀ ਕਾਰਵਾਈ ਦਾ ਪ੍ਰਭਾਵ ਦਿੰਦਾ ਹੈ, ਕਿਉਂਕਿ ਮੁੱਖ ਮੰਤਰੀ ਵਲੋਂ ਕੀਤੇ ਦਾਅਵੇ ਦੇ ਉਲਟ ਇਸ ਕਾਨੂੰਨ ਵਿਚ ਕਿਧਰੇ ਵੀ ਬੇਅਦਬੀ ਕਰਨ ਵਾਲੇ ਕਥਿਤ ਮਾਨਸਿਕ ਰੋਗੀ ਜਾਂ ਨਾਬਾਲਗ ਦੋਸ਼ੀ ਦੇ ਵਾਰਸਾਂ ਦੀ ਕੋਈ ਭੂਮਿਕਾ/ ਜ਼ਿੰਮੇਵਾਰੀ ਅਤੇ ਸਜ਼ਾ ਤੈਅ ਨਹੀਂ ਕੀਤੀ ਗਈ। ਉਲਟਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ-ਸੰਭਾਲ ਕਰਨ ਵਾਲੀ ਗੁਰਦੁਆਰਾ ਕਮੇਟੀ, ਸੰਸਥਾ ਜਾਂ ਵਿਅਕਤੀ ਨੂੰ 'ਕਸਟੋਡੀਅਨ' ਦੀ ਪਰਿਭਾਸ਼ਾ ਦੇ ਕੇ ਸਾਰੀ ਜ਼ਿੰਮੇਵਾਰੀ ਉਨ੍ਹਾਂ 'ਤੇ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਨ੍ਹਾਂ ਸਭ ਇਤਰਾਜ਼ਾਂ ਦੇ ਕੇਂਦਰ ਵਿਚ ਇਕ ਸਾਂਝਾ ਦਾਰਸ਼ਨਿਕ ਸਵਾਲ ਇਹ ਵੀ ਹੈ, ਕੀ ਅਬਿਨਾਸੀ ਜੋਤਿ ਗੁਰੂ ਗ੍ਰੰਥ ਸਾਹਿਬ ਨੂੰ ਕਾਨੂੰਨ ਦੀ ਭਾਸ਼ਾ ਤੇ ਅਮਲ ਦੁਆਰਾ ਮਹਿਜ਼ ਇਕ ਭੌਤਿਕ ਆਕਾਰ ਵਜੋਂ ਸਥਾਪਤ ਕਰਨ ਦੀ ਕੋਸ਼ਿਸ਼ ਸਿੱਖਾਂ ਦੇ 'ਸ਼ਬਦ ਗੁਰੂ' ਦੇ ਪ੍ਰਜ੍ਵਲਿਤ ਆਦਰਸ਼ਵਾਦ ਦੇ ਅਨੁਕੂਲ ਹੈ?
ਇਸ ਸੰਦਰਭ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਰਮਾਨ- ‘ਸਬਦੁ ਗੁਰੂ ਸੁਰਤਿ ਧੁਨਿ ਚੇਲਾ॥’ ਅਨੁਸਾਰ ਸਪੱਸ਼ਟ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਰੂਪ ਹਨ। ਸਿੱਖ ਚਿੰਤਨ ਦੇ ਕੇਂਦਰ ਵਿਚ ‘ਗੁਰੂ ਮਾਨਿਓ ਗ੍ਰੰਥ’ ਤੇ ‘ਪਰਗਟ ਗੁਰਾਂ ਕੀ ਦੇਹੁ’ ਦਾ ਰੂਹਾਨੀ ਸੰਕਲਪ ਇਕ ਅਜਿਹਾ ਗਹਿਰਾ ਦਾਰਸ਼ਨਿਕ ਪੱਖ ਹੈ ਜੋ 'ਸ਼ਬਦ ਗੁਰੂ' ਨੂੰ ਸਿੱਖ ਉਮਤਿ ਵਿਚ ਮਾਰਗ-ਦਰਸ਼ਕ ਦੇ ਰੂਪ ਵਿਚ ਸਰਬਉੱਚਤਾ ਦਿੰਦਾ ਹੈ। ਨਵੇਂ ਕਾਨੂੰਨ ਦੀ ਸ਼ਬਦਾਵਲੀ 'ਸ਼ਬਦ ਗੁਰੂ' ਨੂੰ ਭੌਤਿਕ ਆਕਾਰ ਤੇ ਸਿੱਖ ਦੇ ਆਪਣੇ ਗੁਰੂ ਪ੍ਰਤੀ ਸਤਿਕਾਰ ਨੂੰ ਬੰਧਨਾਂ ਵਿਚ ਬੰਨ੍ਹਣ ਨੂੰ ਉਤਸ਼ਾਹਿਤ ਕਰਦੀ ਹੈ, ਜਦਕਿ 'ਸ਼ਬਦ ਗੁਰੂ' ਪ੍ਰਤੀ ਸਤਿਕਾਰ ਦੀ ਵਿਹਾਰਕਤਾ 'ਚੋਂ ਜਿੱਥੇ ਸਾਨੂੰ ਸੁਚੇਤ ਰੂਪ ਵਿਚ ਇਹ ਸਮਝ ਹਾਸਿਲ ਹੁੰਦੀ ਹੈ ਕਿ ‘ਜਿਨ ਭੈ ਅਦਬ ਨ ਬਾਨੀ ਧਾਰਾ। ਜਾਨਹੁ ਸੋ ਸਿਖ ਨਹੀ ਹਮਾਰਾ।੨੦।’ (ਗੁਰ ਪ੍ਰਤਾਪ ਸੂਰਜ ਗ੍ਰੰਥ) ਤਾਂ ਉੱਥੇ ਹੀ 'ਸ਼ਬਦ ਗੁਰੂ' ਦੇ ਮੰਥਨ 'ਚੋਂ ਇਹ ਸੋਝੀ ਵੀ ਪ੍ਰਾਪਤ ਹੁੰਦੀ ਹੈ ਕਿ ਇਹ ਅਦਬ/ਸਤਿਕਾਰ ਸਿਰਫ਼ ਰਸਮ ਤੱਕ ਹੀ ਨਹੀਂ, ਬਲਕਿ ਇਸ ਤੋਂ ਅੱਗੇ ਗੁਰੂ ਦੇ ਹੁਕਮਾਂ/ ਉਪਦੇਸ਼ਾਂ ਨੂੰ ਆਪਣੀ ਸਮਝ ਵਿਚ ਵਸਾ ਕੇ ਅਮਲ ਵਿਚ ਲਿਆਉਣ ਨਾਲ ਮੁਕੰਮਲਤਾ ਹਾਸਿਲ ਕਰਦਾ ਹੈ:-
ਬਿਨੁ ਬੂਝੇ ਸਭ ਹੋਇ ਖੁਆਰ॥
ਨਾਨਕ ਗੁਰਮੁਖਿ ਉਤਰਸਿ ਪਾਰਿ॥੧॥
(ਸੂਹੀ, ਮ:1, ਅੰਗ:791)
ਇਸ ਦੇ ਮੱਦੇਨਜ਼ਰ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਅਦਬ ਅਤੇ ਸਿੱਖ ਰਹਿਤ ਮਰਿਆਦਾ ਨੂੰ ਕਾਨੂੰਨੀ ਨਿਯਮਾਂ ਵਿਚ ਢਾਲੇ ਜਾਣ ਦੀ ਕਾਰਵਾਈ ਨਾਲ 'ਸ਼ਬਦ ਗੁਰੂ' ਦਾ ਦਰਸਾਇਆ ਬ੍ਰਹਮ ਤੱਤ ਨਜ਼ਰਅੰਦਾਜ਼ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ ਅਤੇ ਧਰਮ ਦੇ ਰੂਹਾਨੀ ਆਭਾ-ਮੰਡਲ ਨੂੰ ਸਰਕਾਰ ਦੀ ਦਖ਼ਲਅੰਦਾਜ਼ੀ ਅਤੇ ਪੁਲਿਸ ਦੀ ਜਾਂਚ-ਪੜਤਾਲ ਦੇ ਘੇਰੇ ਹੇਠ ਲਿਆਉਂਦੀ ਹੈ। ਮਿਸਾਲ ਵਜੋਂ ਨਵੇਂ ਕਾਨੂੰਨ ਦੀ ਵਿਆਖਿਆ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪਾਵਨ ਬੀੜਾਂ ਦੀ ਟਹਿਲ-ਸੇਵਾ ਕਰਨ ਵਾਲਿਆਂ ਨੂੰ 'ਕਸਟੋਡੀਅਨ' ਆਖ ਕੇ ਜਿੱਥੇ ਸੰਭਾਵੀ ਬੇਅਦਬੀ ਦੀ ਘਟਨਾ ਵਾਪਰਨ 'ਤੇ ਜਵਾਬਦੇਹੀ ਅਤੇ ਸ਼ੱਕ ਦੇ ਦਾਇਰੇ ਵਿਚ ਲਿਆਂਦਾ ਗਿਆ, ਉੱਥੇ ਇਕ ਹੋਰ ਵੱਡਾ ਇਤਰਾਜ਼ ਨਵੇਂ ਕਾਨੂੰਨ ਦੀ ਧਾਰਾ-5 ਅਨੁਸਾਰ 2008 ਵਾਲੇ ਮੂਲ ਐਕਟ ਦੀ ਧਾਰਾ-3 ਤੋਂ ਬਾਅਦ ਸ਼ਾਮਿਲ ਕੀਤੀ ਧਾਰਾ 3-ਏ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ, ਸਟੋਰੇਜ ਅਤੇ ਵੰਡ ਨੂੰ ਕਾਨੂੰਨੀ ਸ਼ਬਦਾਵਾਲੀ ਰਾਹੀਂ ਸਰਕਾਰ ਦੀ ਸਿੱਧੀ ਨਿਗਰਾਨੀ ਹੇਠ ਲਿਆਉਣ 'ਤੇ ਹੈ। ਇਹ ਪੰਥ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ ਲਿਖਤ ਬੀੜਾਂ ਲਿਖਣ ਦੀ ਪਰੰਪਰਾ ਅਤੇ ਗੁਰਬਾਣੀ 'ਤੇ ਸਰਕਾਰੀ ਨਿਗਰਾਨੀ ਅਤੇ ਕੰਟਰੋਲ ਵੱਲ ਵੱਡਾ ਕਦਮ ਸਾਬਤ ਹੋਵੇਗਾ। ਇਸ ਦੇ ਨਾਲ ਸਤਿਕਾਰ ਕਾਨੂੰਨ ਦੀ ਦੁਰਵਰਤੋਂ, ਗੁਰਦੁਆਰਾ ਕਮੇਟੀਆਂ ਵਿਚ ਝਗੜੇ ਅਤੇ ਦੁਬਿਧਾਵਾਂ ਵਧਣਗੀਆਂ ਅਤੇ ਸਿੱਖਿਆ ਦੇ ਪਾਠਕ੍ਰਮਾਂ, ਕਿਤਾਬਾਂ, ਅਖ਼ਬਾਰਾਂ ਅਤੇ ਹੋਰ ਸਾਧਨਾਂ ਰਾਹੀਂ ਗੁਰਬਾਣੀ ਫ਼ਲਸਫ਼ੇ ਦੇ ਪਸਾਰ ਨੂੰ ਵੀ ਬੰਦਿਸ਼ਾਂ ਵਿਚ ਲਿਆਉਣ ਦੀ ਸੰਭਾਵਨਾ ਵਧੇਗੀ।
ਬੇਅਦਬੀਆਂ ਰੋਕਣ ਦੇ ਸੰਬੰਧ ਵਿਚ ਬਣੇ ਕਾਨੂੰਨ ਦੀ ਸ਼ਬਦਾਵਲੀ ਵੀ ਸਿੱਖ ਸਿਧਾਂਤ, ਸੰਕਲਪ ਅਤੇ ਪਰੰਪਰਾ ਨਾਲ ਮੇਲ ਨਹੀਂ ਖਾਂਦੀ। ਸਿੱਖ ਪਰੰਪਰਾ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ 'ਬੀੜ' ਸ਼ਬਦ ਘੱਟ ਸਤਿਕਾਰ ਦਾ ਲਖਾਇਕ ਨਹੀਂ ਹੈ, ਜੋ ਹੁਣ ਸਰਕਾਰ ਨੂੰ ਕਾਨੂੰਨੀ ਭਾਸ਼ਾ ਵਿਚ ਇਸ ਨੂੰ ਹਟਾ ਕੇ 'ਸਰੂਪ' ਲਿਖਣਾ ਪਿਆ ਹੈ। ਪੁਰਾਤਨ ਇਤਿਹਾਸਕ ਸਰੋਤਾਂ, ਰਹਿਤਨਾਮੇ, ਮਹਿਮਾ ਪ੍ਰਕਾਸ਼ 1776, ਗੁਰਬਿਲਾਸ ਪਾ. ੬, ਗੁਰਪ੍ਰਤਾਪ ਸੂਰਜ ਗ੍ਰੰਥ, ਪੰਥ ਪ੍ਰਕਾਸ਼, ਭੱਟ ਵਹੀਆਂ ਤੇ ਭਾਈ ਗੁਰਦਾਸ ਜੀ ਅਤੇ ਸਿੱਖ ਰਹਿਤ ਮਰਿਆਦਾ ਨੇ 'ਬੀੜ' ਸ਼ਬਦ ਹੀ ਵਰਤਿਆ ਹੈ।
ਕਾਨੂੰਨ ਵਿਚ ਵਰਤੇ 'ਕਸਟੋਡੀਅਨ' ਸ਼ਬਦ ਦਾ ਅਰਥ 'ਰਖਵਾਲਾ' ਹੈ, ਜਿਸ ਦਾ ਕਾਨੂੰਨੀ ਅਰਥ ਅਯੋਗ ਵਿਅਕਤੀਆਂ, ਸਥਾਨਾਂ ਅਤੇ ਭੌਤਿਕ ਚੀਜ਼ਾਂ ਨੂੰ ਸੰਭਾਲਣ ਵਾਲੇ ਦੇ ਰੂਪ ਵਿਚ ਹੈ, ਭਾਵ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ‘ਕਸਟੋਡੀਅਨ’ ਉੱਤੇ ਨਿਰਭਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਦਕਿ 'ਸ਼ਬਦ ਗੁਰੂ' ਦੇ ਮੰਥਨ 'ਚੋਂ ਤਾਂ ਸਿੱਖ-ਸਾਧਕ ਦਾ ਆਪਣੇ ਗੁਰੂ ਪ੍ਰਤੀ ਇਹ ਭਰੋਸਾ ਦ੍ਰਿੜ੍ਹ ਹੁੰਦਾ ਹੈ:
ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ॥
ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ॥੧॥
(ਧਨਾਸਰੀ, ਮ:5, ਅੰਗ:673)
ਕਾਨੂੰਨ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ 'ਸਟੋਰੇਜ' ਅਤੇ 'ਵੰਡ' ਸ਼ਬਦ ਵੀ ਸਿੱਖ ਪਰੰਪਰਾ ਵਿਚ 'ਸ਼ਬਦ ਗੁਰੂ' ਦੀ ਅਜ਼ਮਤ ਨੂੰ ਬੇਅਦਬ ਕਰਨ ਵਾਲੇ ਹਨ, ਜਦਕਿ ਜਾਗਤ-ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਸੁਖ-ਆਸਨ, ਨਿਜ ਅਸਥਾਨ, ਸੱਚਖੰਡ ਅਤੇ ਸੇਵਾ-ਸੰਭਾਲ ਸ਼ਬਦ ਵਧੇਰੇ ਸਤਿਕਾਰ ਦੇ ਸੂਚਕ ਹਨ।
ਨਵੇਂ ਕਾਨੂੰਨ ਦਾ ਵਖਿਆਨ ਕਿਸ ਤਰੀਕੇ ਦਸ ਪਾਤਿਸ਼ਾਹੀਆਂ ਦੀ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਲੌਕਿਕ ਅਜ਼ਮਤ ਦੇ ਉਲਟ ਹੈ, ਇਸ ਨੂੰ ਸਮਝਣ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਦੇਹਧਾਰੀ ਗੁਰਤਾ ਦੀ ਲੋਕਿਕ ਪਰੰਪਰਾ ਸਮਾਪਤ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਸੌਂਪਣ ਵੇਲੇ ਬਖ਼ਸ਼ਿਸ਼ ਕੀਤੇ 'ਆਤਮਾ ਗ੍ਰੰਥ ਵਿਚ, ਸਰੀਰ ਪੰਥ ਵਿਚ' ਅਤੇ 'ਗੁਰੂ ਗ੍ਰੰਥ, ਗੁਰੂ ਪੰਥ' ਦੇ ਸਿਧਾਂਤ ਨੂੰ ਸਮਝਣ ਦੀ ਲੋੜ ਹੈ। ਜਿਵੇਂ ਆਤਮਾ ਅਮਰ ਅਤੇ ਅਬਿਨਾਸੀ ਚੇਤਨਾ ਦਾ ਸੋਮਾ ਹੈ ਅਤੇ ਸਰੀਰ ਉਸ ਦਾ ਵਾਹਕ। ਓਵੇਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਸ ਗੁਰੂ ਸਾਹਿਬਾਨ ਦੀ ਜੋਤਿ ਰੂਪ ਆਤਮਾ ਹਨ ਅਤੇ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਦਾ ਧਾਰਨੀ ਪੰਥ ਉਨ੍ਹਾਂ ਦਾ ਸਰੀਰ ਹੈ।
ਇਸ ਦੇ ਉਲਟ ਨਵੇਂ ਕਾਨੂੰਨ ਵਿਚ ਬੇਅਦਬੀ ਦੀ ਪਰਿਭਾਸ਼ਾ ਦੀ ਸ਼ਬਦਾਵਲੀ ਇਹ ਵਿਚਾਰ ਸਥਾਪਤ ਕਰਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇਹ ਸਰੂਪ ਹਨ ਤੇ ਇਨ੍ਹਾਂ ਨੂੰ ਸਰੀਰਕ ਰੂਪ ਵਿਚ ਨੁਕਸਾਨਿਆ, ਖਰਾਬ ਕੀਤਾ, ਸਾੜਿਆ, ਪਾੜਿਆ ਅਤੇ ਚੋਰੀ ਕੀਤਾ ਜਾ ਸਕਦਾ ਹੈ, ਜਦਕਿ ਸਿਆਹੀ, ਕਾਗਜ਼ ਤੇ ਜਿਲਦ ਮਿਲ ਕੇ 'ਸ਼ਬਦ ਗੁਰੂ' ਦੇ ਅੱਖਰ ਨੂੰ ਜ਼ਾਹਰ ਕਰਨ ਦਾ ਜ਼ਰੀਆ ਬਣਦੇ ਹਨ। 'ਅੱਖਰ' ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 'ਸ਼ਬਦ' ਦਾ ਜ਼ਹੂਰ (ਪ੍ਰਗਟਾਵਾ) ਹਨ। ਸਮਾਂ ਪਾ ਕੇ ਇਹ ਅੱਖਰ, ਸਿਆਹੀ, ਕਾਗਜ਼ ਤੇ ਜਿਲਦ ਆਪਣੀ ਮਿਆਦ ਪੁਗਾ ਜਾਂਦੇ ਹਨ। ਇਸੇ ਕਾਰਨ ਹੀ ਪਰੰਪਰਾਗਤ ਤਰੀਕੇ ਬਿਰਧ ਬੀੜਾਂ ਦਾ ਸਸਕਾਰ ਕਰਨ ਦੀ ਮਰਿਆਦਾ ਹੈ। ਦੂਜੇ ਪਾਸੇ ਅਕਾਲ ਪੁਰਖ ਅਤੇ ਉਸ ਦਾ ਸ਼ਬਦ ਤਾਂ ਅਨਾਦੀ ਹੈ। ਉਹ ਅਬਿਨਾਸੀ ਹੈ।
ਬਾਵਨ ਅਛਰ ਲੋਕ ਤ੍ਰੈ ਸਭੁ ਕਛੁ ਇਨ ਹੀ ਮਾਹਿ॥
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ॥੧॥
(ਗਉੜੀ, ਪੂਰਬੀ, ਭਗਤ ਕਬੀਰ ਜੀ, ਅੰਗ:340)
ਭਾਵ, ਲਿਪੀਆਂ ਦੇ ਅੱਖਰਾਂ ਰਾਹੀਂ ਸਾਰੇ ਜਗਤ ਦਾ ਵਰਤਾਰਾ ਚੱਲ ਰਿਹਾ ਹੈ ਪਰ ਜਿਵੇਂ ਜਗਤ ਦੀ ਹਰ ਚੀਜ਼ ਨਾਸ਼ਵੰਤ ਹੈ, ਉਵੇਂ ਇਹ ਅੱਖਰ ਵੀ ਕਾਲ ਦੀ ਬੰਦਿਸ਼ ਵਿਚ ਹਨ ਪਰ ਉਹ 'ਅਖੱਰ' (ਅਬਿਨਾਸੀ ਪਰਮਾਤਮਾ) ਇਨ੍ਹਾਂ ਅੱਖਰਾਂ ਦੇ ਨਾਲ ਖ਼ਤਮ ਨਹੀਂ ਹੋਣ ਵਾਲਾ।
ਆਖ਼ਰਕਾਰ ਸਵਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨੂੰ ਰੋਕਣ ਦੀ ਭਾਵਨਾ 'ਤੇ ਨਹੀਂ ਹੈ, ਸਵਾਲ ਬੇਅਦਬੀਆਂ ਰੋਕਣ ਅਤੇ ਸਤਿਕਾਰ ਬਹਾਲ ਰੱਖਣ ਲਈ ਬਣਾਈ ਕਾਨੂੰਨੀ ਪਰਿਭਾਸ਼ਾ, ਨਿਯਮਾਂ ਤੇ ਸ਼ਰਤਾਂ ਬਾਰੇ ਹਨ, ਜੋ ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਨਾਲ ਵਿਰੋਧਾਭਾਸ ਪ੍ਰਗਟਾਉਂਦੇ ਹਨ।
ਨਵਾਂ ਕਾਨੂੰਨ ਜਿਸ ਤਰੀਕੇ ਨਾਲ ਪਰਿਭਾਸ਼ਿਤ ਹੋ ਰਿਹਾ ਹੈ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਸੀਮਤ ਤੇ ਚੋਣਵੇਂ ਦਾਇਰੇ ਵਿਚ ਰੱਖਣ ਵਾਲੀ ਵਸਤੂ ਵਾਂਗ ਵਿਹਾਰ ਕਰਦਾ ਪ੍ਰਤੀਤ ਹੁੰਦਾ ਹੈ। ਇਸ ਦੇ ਉਲਟ ਸਾਡੀ ਪਰੰਪਰਾ ਇਹ ਹੈ ਕਿ ਗੁਰਦੁਆਰਿਆਂ, ਸਿੱਖ ਸੰਸਥਾਵਾਂ ਅਤੇ ਗੁਰਸਿੱਖ ਪਰਿਵਾਰਾਂ ਤੋਂ ਇਲਾਵਾ ਸਿੱਖ ਜੱਜ, ਸਿਵਲ ਅਫ਼ਸਰ ਅਤੇ ਫ਼ੌਜੀ ਆਪਣੀਆਂ ਪਲਟਨਾਂ ਵਿਚ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਅੰਗ-ਸੰਗ ਰੱਖਣਾ ਆਪਣਾ ਸੁਭਾਗ ਮੰਨਦੇ ਹਨ। ਪੁਰਾਤਨ ਸਫ਼ਰੀ ਬੀੜਾਂ ਵੀ ਇਸ ਦੀ ਉਦਾਹਰਨ ਹਨ। ਸਿੱਖਾਂ ਤੋਂ ਇਲਾਵਾ ਸਿੰਧੀ, ਹਿੰਦੂ ਤੇ ਹੋਰ ਬਹੁਤ ਸਾਰੇ ਗ਼ੈਰ-ਸਿੱਖ ਸਾਧਕ ਵੀ ਆਪਣੇ ਘਰਾਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਸੇਵਾ-ਸੰਭਾਲ ਕਰਦੇ ਆ ਰਹੇ ਹਨ ਅਤੇ ਗੁਰਬਾਣੀ ਪਾਠ/ਅਧਿਐਨ ਕਰਦੇ ਹਨ। ਇਸ ਤਰ੍ਹਾਂ ਕਾਨੂੰਨ ਤੇ ਸਰਕਾਰ ਦੀ ਪੁਲਿਸ ਰਾਹੀਂ ਨਿਗਰਾਨੀ, ਕਿਸੇ ਅਣਚਿਤਵੀ ਕਾਨੂੰਨੀ ਕਾਰਵਾਈ ਦਾ ਡਰ ਪੈਦਾ ਕਰਕੇ ਆਮ ਲੋਕਾਈ ਨੂੰ ਗੁਰਬਾਣੀ ਦੇ ਚਾਨਣ ਤੋਂ ਦੂਰ ਕਰਨ ਦਾ ਕਾਰਨ ਬਣ ਸਕਦੀ ਹੈ।
ਬੇਸ਼ੱਕ 2015 ਦੇ ਬਰਗਾੜੀ ਬੇਅਦਬੀ ਮਾਮਲੇ ਦੌਰਾਨ ਅਕਾਲੀ ਸਰਕਾਰ ਦੀ ਸਥਿਤੀ ਨਾਲ ਨਜਿੱਠਣ ਦੀ ਅਸਫ਼ਲਤਾ ਕਾਰਨ ਸ਼੍ਰੋਮਣੀ ਕਮੇਟੀ ਬੇਭਰੋਸਗੀ ਦੇ ਮੁਹਾਸਰੇ (ਘੇਰਾਬੰਦੀ) ਵਿਚ ਚੱਲੀ ਆ ਰਹੀ ਹੈ, ਪਰ ਬੇਅਦਬੀ ਵਿਰੁੱਧ ਮੌਜੂਦਾ ਸਰਕਾਰ ਦੇ ਕਾਨੂੰਨ ਦਾ ਭਾਵਨਾਤਮਿਕ ਮਾਹੌਲ ਦੇ ਪਿੱਛੇ ਲੱਗ ਕੇ ਮੂਕ ਸਮਰਥਨ ਕਰਨ ਦੀ ਥਾਂ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਨੂੰ ਕਾਨੂੰਨ ਦਾ ਗੁਰਮਤਿ ਦੀ ਦਿਬ-ਦ੍ਰਿਸ਼ਟੀ ਤੋਂ ਮੁਤਾਲਿਆ ਕਰਨਾ ਚਾਹੀਦਾ ਸੀ, ਕਿਉਂਕਿ 'ਸਿੱਖ ਰਹਿਤ ਮਰਿਆਦਾ' ਬਣਾਉਣ ਵਾਸਤੇ ਜੇ 1927 ਤੋਂ 1945 ਤੱਕ 18 ਸਾਲ ਤੋਂ ਵੱਧ ਸਮਾਂ ਲੱਗ ਸਕਦਾ ਹੈ ਤੇ ਇਸ ਦੀ ਸ਼ਬਦਾਵਲੀ ਦਾ ਅੱਖਰ-ਅੱਖਰ ਕਈ-ਕਈ ਦਿਨ ਦੀਆਂ ਭਖਵੀਂਆਂ ਵਿਚਾਰ-ਚਰਚਾ ਤੋਂ ਬਾਅਦ ਲਿਖਿਆ ਜਾਂਦਾ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ-ਸਤਿਕਾਰ ਨਾਲ ਸੰਬੰਧਿਤ ਕਿਸੇ ਅਹਿਮ ਕਾਨੂੰਨ 'ਤੇ ਗਹਿਰਾ ਮੰਥਨ ਕਿਉਂ ਨਹੀਂ ਸੀ ਹੋ ਸਕਦਾ
ਮੋਬਾਈਲ : 98780-70008
ਰੋਜ਼ਾਨਾ ਅਜੀਤ ਵਿੱਚੋਂ ਧੰਨਵਾਦ ਸਹਿਤ
Leave a Reply