ਸੰਗਤ ਵੱਲੋਂ ਪ੍ਰਾਪਤ ਸੁਝਾਅ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਵਿਚਾਰ ਲਈ ਪੇਸ਼ ਕੀਤੇ ਜਾਣਗੇ- ਕਾਹਲਵਾਂ

ਸੰਗਤ ਵੱਲੋਂ ਪ੍ਰਾਪਤ ਸੁਝਾਅ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਵਿਚਾਰ ਲਈ ਪੇਸ਼ ਕੀਤੇ ਜਾਣਗੇ- ਕਾਹਲਵਾਂ

ਕੈਨੇਡਾ ਭੇਜੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਬਾਰੇ ਮਿਲੇ ਸੁਝਾਅ ਅਕਾਲ ਤਖ਼ਤ ਸਾਹਿਬ ਅੱਗੇ ਰੱਖੇ ਜਾਣਗੇ: ਸ਼੍ਰੋਮਣੀ ਕਮੇਟੀ

ਸ੍ਰੀ ਅੰਮ੍ਰਿਤਸਰ, 3 ਅਗਸਤ-ਕੰਵਰ ਪ੍ਰਤਾਪ ਸਿੰਘ / ਤਾਜੀਮਨੂਰ ਕੌਰ  - ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਕੁਝ ਸਿੱਖਾਂ ਨੇ ਕੈਨੇਡਾ ਦੇ ਵੈਨਕੁਵਰ ਅਤੇ ਲੋਅਰ ਮੇਨਲੈਂਡ ਦੀ ਸਿੱਖ ਸੰਗਤ ਵੱਲੋਂ ਭੇਜਿਆ ਇੱਕ ਸੁਝਾਅ ਪੱਤਰ ਸੌਂਪਿਆ, ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਜੋ ਵਿਦੇਸ਼ ਭੇਜੀਆਂ ਜਾਂਦੀਆਂ ਹਨ ਉਨ੍ਹਾਂ ਸਬੰਧੀ ਸੁਝਾਅ ਪ੍ਰਾਪਤ ਹੋਏ ਹਨ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜਨਰਲ ਮੈਨੇਜਰ ਸ. ਮੇਜਰ ਸਿੰਘ ਅਤੇ ਸਕੱਤਰੇਤ ਇੰਚਾਰਜ ਸ. ਬਗੀਚਾ ਸਿੰਘ ਨੇ ਸੁਝਾਅ ਪੱਤਰ ਪ੍ਰਾਪਤ ਕੀਤਾ। 

ਸੁਝਾਅ ਪੱਤਰ ਸੌਂਪਣ ਆਏ ਸਿੰਘਾਂ ਨੂੰ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ ਨੇ ਸਪੱਸ਼ਟ ਤੌਰ ਉੱਤੇ ਦੱਸਿਆ ਕਿ ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਵੱਲੋਂ ਜੋ ਸਰੂਪ ਕੈਨੇਡਾ ਭੇਜੇ ਗਏ ਹਨ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 2009 ਵਿੱਚ ਬਣੇ ਵਿਧਾਨ ਅਤੇ ਅੰਤ੍ਰਿੰਗ ਕਮੇਟੀ ਦੇ ਮਤੇ ਅਨੁਸਾਰ ਉੱਥੋਂ ਦੀ ਸੰਗਤ ਦੀ ਮੰਗ ਤੋਂ ਬਾਅਦ ਭੇਜੇ ਗਏ ਹਨ, ਜਿਸ ਵਿੱਚ ਕੋਈ ਬੇਅਦਬੀ ਜਾਂ ਕੁਤਾਹੀ ਨਹੀਂ ਹੋਈ।

ਉਨ੍ਹਾਂ ਕਿਹਾ ਕਿ ਅੱਜ ਸਿੱਖ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਵੱਸਦੇ ਹਨ ਜਿੱਥੋਂ ਸੰਗਤ ਵੱਲੋਂ ਪਾਵਨ ਸਰੂਪਾਂ ਦੀ ਮੰਗ ਸ਼੍ਰੋਮਣੀ ਕਮੇਟੀ ਨੂੰ ਆਉਂਦੀ ਰਹਿੰਦੀ ਹੈ ਅਤੇ ਸਿੱਖੀ ਪ੍ਰਚਾਰ ਪ੍ਰਸਾਰ ਦੇ ਮੱਦੇਨਜ਼ਰ ਸਮੇਂ-ਸਮੇਂ ਪਾਵਨ ਸਰੂਪ ਵਿਦੇਸ਼ਾਂ ਵਿੱਚ ਭੇਜੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਾਵਨ ਸਰੂਪ ਵਿਦੇਸ਼ ਵਿੱਚ ਭੇਜਣ ਸਬੰਧੀ ਮੌਜੂਦਾ ਵਿਧਾਨ ਬਾਰੇ ਸੰਗਤ ਦੇ ਕੁਝ ਸੁਝਾਅ ਪੁੱਜ ਰਹੇ ਹਨ ਤਾਂ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸੇ ਭਾਵਨਾ ਤਹਿਤ ਹੀ ਅੱਜ ਆਏ ਸਿੰਘਾਂ ਵੱਲੋਂ ਸੁਝਾਅ ਪੱਤਰ ਪ੍ਰਾਪਤ ਕੀਤਾ ਗਿਆ ਹੈ ਜਿਸ ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਵਧੇਰੇ ਵਿਚਾਰ ਲਈ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਇਸ ਉੱਤੇ ਵਿਚਾਰ ਕਰਕੇ ਅਗਲੇ ਦਿਸ਼ਾ ਨਿਰਦੇਸ਼ ਦੇਣਗੇ ਤਾਂ ਉਸ ਅਨੁਸਾਰ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ ਅਤੇ ਫਿਲਹਾਲ ਪਾਵਨ ਬੀੜਾਂ ਵਿਦੇਸ਼ ਨਹੀਂ ਭੇਜੀਆਂ ਜਾ ਰਹੀਆਂ। 

ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ ਨੇ ਕਿਹਾ ਗਿਆ ਕੁਝ ਸਿੰਘਾਂ ਵੱਲੋਂ ਇਹ ਗੱਲ ਪ੍ਰਚਾਰੀ ਜਾ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੈਨੇਡਾ ਵਿਖੇ ਪਾਵਨ ਸਰੂਪ ਕੰਟੇਨਰ ਤੇ ਖਸਤਾ ਹਾਲਤ ਬੱਸ ਰਾਹੀਂ ਭੇਜੇ ਗਏ ਹਨ ਅਤੇ ਉਹ ਪਾਵਨ ਸਰੂਪ ਸਲ੍ਹਾਬੇ ਹਨ, ਇਹ ਬਿਲਕੁਲ ਗਲਤ ਗੱਲ ਹੈ। ਉਨ੍ਹਾਂ ਕਿਹਾ ਕਿ ਪਾਵਨ ਸਰੂਪ ਬਿਲਕੁਲ ਨਵੀਂ ਤੇ ਵਿਸ਼ੇਸ਼ ਪਾਲਕੀ ਰੂਪੀ ਬੱਸ ਵਿੱਚ ਪੂਰਨ ਸਤਿਕਾਰ, ਨਿਯਮਾਂ ਤੇ ਮਰਯਾਦਾ ਅਨੁਸਾਰ ਸੁਖਆਸਨ ਰੂਪ ਵਿੱਚ ਸੁਸ਼ੋਭਿਤ ਕਰਕੇ ਭੇਜੇ ਗਏ ਹਨ, ਜਿਨ੍ਹਾਂ ਨੂੰ ਕੈਨੇਡਾ ਦੀ ਸੰਗਤ ਵੱਲੋਂ ਪੂਰੇ ਅਦਬ ਅਤੇ ਸਤਿਕਾਰ ਨਾਲ ਪੰਜ ਸਿੰਘਾਂ ਦੀ ਹਾਜ਼ਰੀ ਵਿੱਚ ਪ੍ਰਾਪਤ ਕਰਨ ਉਪਰੰਤ ਗੁਰੂ ਘਰ ਵਿਖੇ ਬਿਰਾਜਮਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਗੁਰੂ ਘਰ ਵਿਖੇ ਸਰੂਪ ਭੇਜੇ ਗਏ ਹਨ ਉੱਥੋਂ ਦਾ ਸਮੁੱਚਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ ਸਰੂਪ ਪਹੁੰਚਣ ਤੋਂ ਪਹਿਲਾਂ ਆਪ ਦੇਖ ਕੇ ਆਏ ਸਨ, ਜੋ ਕਿ ਪੂਰਾ ਪੁਖਤਾ ਤੇ ਮਰਯਾਦਾ ਅਨੁਸਾਰ ਪਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਪਾਵਨ ਸਰੂਪ ਕੈਨੇਡਾ ਪਹੁੰਚਣ ਤੋਂ ਬਾਅਦ ਗੁਰੂ ਘਰ ਪ੍ਰਬੰਧਕਾਂ ਨੇ ਸ਼ੁਕਰਾਨੇ ਵਜੋਂ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾ ਕੇ ਸਮਾਗਮ ਕੀਤਾ, ਜਿਸ ਦੌਰਾਨ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ ਖੁਦ ਉੱਥੇ ਗਏ ਅਤੇ ਉਨ੍ਹਾਂ ਨੇ ਵੀ ਸਮੁੱਚਾ ਪ੍ਰਬੰਧ ਸੰਤੁਸ਼ਟੀਜਨਕ ਪਾਇਆ।

ਸ. ਬਲਵਿੰਦਰ ਸਿੰਘ ਕਾਹਲਵਾਂ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਪਾਵਨ ਬੀੜਾਂ ਦੀ ਕੋਈ ਬੇਅਦਬੀ ਨਹੀਂ ਹੋਈ ਅਤੇ ਨਾ ਹੀ ਕਿਸੇ ਸਰੂਪ ਨੂੰ ਸਲ੍ਹਾਬ ਆਈ ਹੈ। ਉਨ੍ਹਾਂ ਕਿਹਾ ਕਿ ਪਾਵਨ ਸਰੂਪ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਕੈਨੇਡਾ ਵਿਖੇ ਬਿਲਕੁਲ ਸੁਰੱਖਿਅਤ ਪੁੱਜੇ ਹਨ ਅਤੇ ਅਨੇਕਾਂ ਹੀ ਸੰਗਤਾਂ ਵੱਲੋਂ ਇਸ ਲਈ ਧੰਨਵਾਦ ਪੱਤਰ ਵੀ ਸ਼੍ਰੋਮਣੀ ਕਮੇਟੀ ਨੂੰ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਉੱਥੋਂ ਦੇ ਪ੍ਰਬੰਧਕਾਂ ਨੂੰ ਸ਼੍ਰੋਮਣੀ ਕਮੇਟੀ ਦੀਆਂ ਹਦਾਇਤਾਂ ਭੇਜੀਆਂ ਗਈਆਂ ਹਨ ਅਤੇ ਉਹ ਅਗਾਂਹ ਪਾਵਨ ਬੀੜਾਂ ਜਿਸ ਨੂੰ ਵੀ ਸੌਂਪ ਰਹੇ ਹਨ, ਉਸਦਾ ਮੁਕੰਮਲ ਰਿਕਾਰਡ ਸ਼੍ਰੋਮਣੀ ਕਮੇਟੀ ਕੋਲ ਪ੍ਰਾਪਤ ਹੋ ਰਿਹਾ ਹੈ। 

ਉਨ੍ਹਾਂ ਸੰਗਤ ਨੂੰ ਵਿਸ਼ੇਸ਼ ਅਪੀਲ ਕੀਤੀ ਕਿ ਇਸ ਮਾਮਲੇ ਉੱਤੇ ਜਦੋਂ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਰਫ਼ੋਂ ਕੋਈ ਫ਼ੈਸਲਾ ਨਹੀਂ ਆ ਜਾਂਦਾ ਉਦੋਂ ਤੱਕ ਕਿਸੇ ਵੀ ਤਰ੍ਹਾਂ ਦੀ ਫੈਲਾਈ ਜਾ ਰਹੀ ਗਲਤ ਤੇ ਗੁਮਰਾਹਕੁੰਨ ਜਾਣਕਾਰੀ ਤੋਂ ਪੂਰੀ ਤਰ੍ਹਾਂ ਸੁਚੇਤ ਰਿਹਾ ਜਾਵੇ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਜਸਵਿੰਦਰ ਸਿੰਘ ਜੱਸੀ, ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਸ. ਗੁਰਵਿੰਦਰ ਸਿੰਘ ਦੇਵੀਦਾਸਪੁਰਾ ਵੀ ਹਾਜ਼ਰ ਰਹੇ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.