ਰਾਣਾ ਗੁਰਜੀਤ ਦੇ ਕਥਿਤ ਬਿਆਨ 'ਤੇ ਮੁਸਲਿਮ ਭਾਈਚਾਰੇ ਦਾ ਵਿਰੋਧ, ਮੁਆਫ਼ੀ ਨਾ ਮੰਗੀ ਤਾਂ ਕਾਨੂੰਨੀ ਕਾਰਵਾਈ ਦੀ ਚੇਤਾਵਨੀ
- ਰਾਜਨੀਤੀ
- 20 Jul, 2026 01:47 PM (Asia/Kolkata)
ਮੁਸਲਿਮ ਡਿਵੈਲਪਮੈਂਟ ਬੋਰਡ ਦੇ ਅਹੁਦੇਦਾਰਾਂ ਨੇ ਕਿਹਾ- ਸਿਆਸੀ ਬਿਆਨਬਾਜ਼ੀ ਦੌਰਾਨ ਕਿਸੇ ਧਰਮ ਵਿਸ਼ੇਸ਼ ਦਾ ਜ਼ਿਕਰ ਕਰਨਾ ਗਲਤ, 'ਆਪ' ਨੇ ਵੀ ਦਿੱਤਾ ਸਮਰਥਨ
'ਆਪ' ਆਗੂ ਕਰਮਬੀਰ ਚੰਦੀ ਨੇ ਕਿਹਾ- ਕਿਸੇ ਧਰਮ 'ਤੇ ਟਿੱਪਣੀ ਕਰਨਾ ਠੀਕ ਨਹੀਂ, ਕਾਂਗਰਸ ਦੇ ਕੁਝ ਕੌਂਸਲਰ ਖੁਦ ਵੀ ਨਾਜਾਇਜ਼ ਕਾਰੋਬਾਰ ਵਿੱਚ ਸ਼ਾਮਲ ਹੋਣ ਦਾ ਲਗਾਇਆ ਦੋਸ਼
ਕਪੂਰਥਲਾ 20 ਜੁਲਾਈ ਗੌਰਵ ਮੜੀਆ
ਕਾਂਗਰਸ ਵਿਧਾਇਕ ਅਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਹਾਲੀਆ ਪ੍ਰੈੱਸ ਕਾਨਫਰੰਸ ਤੋਂ ਬਾਅਦ ਕਪੂਰਥਲਾ ਦੀ ਸਿਆਸਤ ਵਿੱਚ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਰਾਣਾ ਗੁਰਜੀਤ ਸਿੰਘ ਵੱਲੋਂ ਨਾਜਾਇਜ਼ ਸ਼ਰਾਬ ਦੇ ਕਾਰੋਬਾਰ, ਮੇਅਰ ਚੋਣ ਅਤੇ ਆਮ ਆਦਮੀ ਪਾਰਟੀ 'ਤੇ ਲਗਾਏ ਗਏ ਦੋਸ਼ਾਂ ਤੋਂ ਬਾਅਦ ਹੁਣ ਮੁਸਲਿਮ ਭਾਈਚਾਰੇ, ਮੁਸਲਿਮ ਡਿਵੈਲਪਮੈਂਟ ਬੋਰਡ ਅਤੇ ਆਮ ਆਦਮੀ ਪਾਰਟੀ ਨੇ ਉਨ੍ਹਾਂ ਦੇ ਇੱਕ ਕਥਿਤ ਬਿਆਨ 'ਤੇ ਸਖ਼ਤ ਇਤਰਾਜ਼ ਜਤਾਇਆ ਹੈ।
ਮੁਸਲਿਮ ਡਿਵੈਲਪਮੈਂਟ ਬੋਰਡ ਦੇ ਆਗੂ ਯਾਕੂਬ ਅਲੀ ਨੇ ਦੋਸ਼ ਲਗਾਇਆ ਕਿ ਰਾਣਾ ਗੁਰਜੀਤ ਸਿੰਘ ਨੇ ਕੌਂਸਲਰਾਂ ਦੇ ਦਲ-ਬਦਲ ਸਬੰਧੀ ਗੱਲ ਕਰਦਿਆਂ ਮੁਸਲਿਮ ਭਾਈਚਾਰੇ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਿਆਸੀ ਬਿਆਨਬਾਜ਼ੀ ਦੌਰਾਨ ਕਿਸੇ ਵੀ ਧਰਮ ਜਾਂ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਗਲਤ ਹੈ ਅਤੇ ਇਸ ਨਾਲ ਭਾਈਚਾਰਕ ਸਾਂਝ ਨੂੰ ਠੇਸ ਪਹੁੰਚ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਹਰ ਧਰਮ ਅਤੇ ਭਾਈਚਾਰੇ ਦਾ ਦੇਸ਼ ਹੈ ਅਤੇ ਸੀਨੀਅਰ ਸਿਆਸੀ ਆਗੂਆਂ ਨੂੰ ਆਪਣੇ ਬਿਆਨਾਂ ਵਿੱਚ ਸੰਜਮ ਵਰਤਣਾ ਚਾਹੀਦਾ ਹੈ।
ਯਾਕੂਬ ਅਲੀ ਨੇ ਮੰਗ ਕੀਤੀ ਕਿ ਰਾਣਾ ਗੁਰਜੀਤ ਸਿੰਘ ਆਪਣੇ ਕਥਿਤ ਬਿਆਨ 'ਤੇ ਜਨਤਕ ਤੌਰ 'ਤੇ ਮੁਆਫ਼ੀ ਮੰਗਣ ਅਤੇ ਇਸ ਨੂੰ ਵਾਪਸ ਲੈਣ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਮੁਸਲਿਮ ਭਾਈਚਾਰਾ ਕਾਨੂੰਨੀ ਕਾਰਵਾਈ ਕਰਨ ਦੇ ਨਾਲ-ਨਾਲ ਲੋਕਤੰਤਰੀ ਢੰਗ ਨਾਲ ਰੋਸ ਪ੍ਰਦਰਸ਼ਨ ਵੀ ਕਰੇਗਾ।
ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਨੇ ਮੁਸਲਿਮ ਭਾਈਚਾਰੇ ਦਾ ਸਮਰਥਨ ਕਰਦਿਆਂ ਕਿਹਾ ਕਿ ਕਿਸੇ ਵੀ ਧਰਮ ਜਾਂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਟਿੱਪਣੀ ਨਹੀਂ ਕੀਤੀ ਜਾਣੀ ਚਾਹੀਦੀ। ਉਨ੍ਹਾਂ ਕਿਹਾ ਕਿ ਲੋੜ ਪਈ ਤਾਂ ਇਹ ਮਾਮਲਾ ਘੱਟ ਗਿਣਤੀ ਕਮਿਸ਼ਨ ਕੋਲ ਵੀ ਲਿਜਾਇਆ ਜਾਵੇਗਾ।
ਰਾਣਾ ਗੁਰਜੀਤ ਸਿੰਘ ਵੱਲੋਂ ਲਗਾਏ ਗਏ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਰਮਬੀਰ ਚੰਦੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਪੁਲਿਸ ਦੋਵਾਂ ਧਿਰਾਂ ਖ਼ਿਲਾਫ਼ ਕੇਸ ਦਰਜ ਕਰ ਚੁੱਕੀ ਹੈ ਅਤੇ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਿਸੇ ਵੀ ਨਾਜਾਇਜ਼ ਕਾਰੋਬਾਰ ਦਾ ਨਾ ਸਮਰਥਨ ਕਰਦੀ ਹੈ ਅਤੇ ਨਾ ਹੀ ਕਿਸੇ ਨੂੰ ਸੁਰੱਖਿਆ ਦਿੰਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਦੇ ਕੁਝ ਕੌਂਸਲਰ ਖੁਦ ਵੀ ਨਾਜਾਇਜ਼ ਕਾਰੋਬਾਰ ਵਿੱਚ ਸ਼ਾਮਲ ਹਨ, ਇਸ ਲਈ ਕਾਂਗਰਸ ਨੂੰ ਪਹਿਲਾਂ ਆਪਣੇ ਘਰ ਵੱਲ ਵੀ ਵੇਖਣਾ ਚਾਹੀਦਾ ਹੈ।
ਮੇਅਰ ਚੋਣ ਦੇ ਮਾਮਲੇ 'ਤੇ ਕਰਮਬੀਰ ਚੰਦੀ ਨੇ ਕਿਹਾ ਕਿ ਕਿਸੇ ਵੀ ਕਾਂਗਰਸੀ ਕੌਂਸਲਰ ਨੂੰ ਨਾ ਤਾਂ ਡਰਾਇਆ ਗਿਆ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਦਬਾਅ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ ਅਤੇ ਜੋ ਵੀ ਫ਼ੈਸਲਾ ਆਵੇਗਾ, ਆਮ ਆਦਮੀ ਪਾਰਟੀ ਉਸ ਦਾ ਸਤਿਕਾਰ ਕਰੇਗੀ। ਜੇਕਰ ਦੁਬਾਰਾ ਚੋਣਾਂ ਹੁੰਦੀਆਂ ਹਨ ਤਾਂ ਪਾਰਟੀ ਉਸ ਲਈ ਵੀ ਪੂਰੀ ਤਰ੍ਹਾਂ ਤਿਆਰ ਹੈ।
ਕਰਮਬੀਰ ਸਿੰਘ ਚੰਦੀ ਨੇ ਕਿਹਾ ਕਿ ਰਾਣਾ ਗੁਰਜੀਤ ਸਿੰਘ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਆਗੂਆਂ ਅਤੇ ਕੌਂਸਲਰਾਂ ਨੂੰ ਵਾਰ-ਵਾਰ "ਭਗੌੜਾ" ਕਹਿੰਦੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਜੇਕਰ ਪਾਰਟੀ ਛੱਡ ਕੇ ਚੋਣ ਲੜਨਾ ਹੀ ਭਗੌੜਾ ਹੋਣਾ ਹੈ ਤਾਂ ਰਾਣਾ ਗੁਰਜੀਤ ਸਿੰਘ ਪਹਿਲਾਂ ਇਹ ਦੱਸਣ ਕਿ ਉਨ੍ਹਾਂ ਦੇ ਆਪਣੇ ਪੁੱਤਰ ਨੇ ਵੀ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਦੇ ਅਧਿਕਾਰਤ ਉਮੀਦਵਾਰ ਦੇ ਖ਼ਿਲਾਫ਼ ਬਾਗੀ ਵਜੋਂ ਚੋਣ ਲੜੀ ਸੀ, ਫਿਰ ਉਸ ਵੇਲੇ ਉਹ ਆਪਣੇ ਪੁੱਤਰ ਦਾ ਸਮਰਥਨ ਕਿਉਂ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਦੂਜਿਆਂ 'ਤੇ ਸਵਾਲ ਚੁੱਕਣ ਤੋਂ ਪਹਿਲਾਂ ਕਾਂਗਰਸ ਨੂੰ ਆਪਣੇ ਸਿਆਸੀ ਆਚਰਨ ਬਾਰੇ ਵੀ ਆਤਮ-ਮੰਥਨ ਕਰਨਾ ਚਾਹੀਦਾ ਹੈ।
ਕਰਮਬੀਰ ਸਿੰਘ ਚੰਦੀ ਨੇ ਦੋਸ਼ ਲਗਾਇਆ ਕਿ ਰਾਣਾ ਗੁਰਜੀਤ ਸਿੰਘ ਸਿਆਸੀ ਘਬਰਾਹਟ ਵਿੱਚ ਬੇਬੁਨਿਆਦ ਬਿਆਨ ਦੇ ਰਹੇ ਹਨ, ਜਦਕਿ ਪੰਜਾਬ ਸਰਕਾਰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰ ਰਹੀ ਹੈ ਅਤੇ ਸਮਾਜਿਕ ਸਾਂਝ ਅਤੇ ਕਾਨੂੰਨ ਦੇ ਰਾਜ ਲਈ ਵਚਨਬੱਧ ਹੈ।
Leave a Reply