ਬੀਬਾ ਬਾਦਲ ਦੀ ਫੇਰੀ ਨੇ ਤਰਨ ਤਾਰਨ ਜ਼ਿਮਨੀ ਚੋਣ 'ਚ ਅਕਾਲੀ ਲਹਿਰ ਨੂੰ ਦਿੱਤਾ ਵੱਡਾ ਹੁਲਾਰਾ, 'ਆਪ'-ਕਾਂਗਰਸ ਤੋਂ ਲੋਕਾਂ ਦਾ ਮੋਹ ਭੰਗ ਹੋਇਆ - ਬ੍ਰਹਮਪੁਰਾ

ਬੀਬਾ ਬਾਦਲ ਦੀ ਫੇਰੀ ਨੇ ਤਰਨ ਤਾਰਨ ਜ਼ਿਮਨੀ ਚੋਣ 'ਚ ਅਕਾਲੀ ਲਹਿਰ ਨੂੰ ਦਿੱਤਾ ਵੱਡਾ ਹੁਲਾਰਾ, 'ਆਪ'-ਕਾਂਗਰਸ ਤੋਂ ਲੋਕਾਂ ਦਾ ਮੋਹ ਭੰਗ ਹੋਇਆ - ਬ੍ਰਹਮਪੁਰਾ

ਬ੍ਰਹਮਪੁਰਾ ਦੇ ਜੱਦੀ ਪਿੰਡ ਗੋਹਲਵੜ 'ਚ ਇਕੱਠ ਨੇ ਭਰਿਆ ਜਿੱਤ ਦਾ ਹੁੰਗਾਰਾ, ਸਾਬਕਾ ਮੈਂਬਰ ਨਿਰਵੈਰ ਸਿੰਘ ਪਰਿਵਾਰ ਸਮੇਤ ਅਕਾਲੀ ਦਲ 'ਚ ਸ਼ਾਮਲ


ਰਾਕੇਸ਼ ਨਈਅਰ ਚੋਹਲਾ 
ਤਰਨ ਤਾਰਨ,30 ਅਕਤੂਬਰ
ਤਰਨ ਤਾਰਨ ਜ਼ਿਮਨੀ ਚੋਣ ਦੇ ਮੱਦੇਨਜ਼ਰ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਅਤੇ ਪਾਰਟੀ ਦੇ ਮੀਤ ਪ੍ਰਧਾਨ ਰਵਿੰਦਰ ਸਿੰਘ ਬ੍ਰਹਮਪੁਰਾ ਦੇ ਜੱਦੀ ਪਿੰਡ ਗੋਹਲਵੜ ਵਿਖੇ ਇੱਕ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕੀਤਾ।ਸ੍ਰ.ਬ੍ਰਹਮਪੁਰਾ, ਜੋ ਇਸ ਖੇਤਰ ਦੇ ਜ਼ੋਨ ਇੰਚਾਰਜ ਵੀ ਹਨ, ਦੀ ਅਗਵਾਈ ਹੇਠ ਹੋਏ ਇਸ ਭਰਵੇਂ ਇਕੱਠ ਨੇ ਪਾਰਟੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਵਰਕਰਾਂ ਵਿੱਚ ਹੋਰ ਜੋਸ਼ ਭਰ ਦਿੱਤਾ ਹੈ।ਇਸ ਮੌਕੇ 'ਤੇ ਬੋਲਦਿਆਂ ਬੀਬਾ ਹਰਸਿਮਰਤ ਕੌਰ ਬਾਦਲ ਨੇ 'ਆਪ' ਸਰਕਾਰ ਅਤੇ ਕਾਂਗਰਸ ਨੂੰ ਇੱਕੋ ਸਿੱਕੇ ਦੇ ਦੋ ਪਹਿਲੂ ਦੱਸਦਿਆਂ ਦੋਵਾਂ ਪਾਰਟੀਆਂ ਨੂੰ ਪੰਜਾਬ ਵਿਰੋਧੀ ਕਰਾਰ ਦਿੱਤਾ।ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ ਅਤੇ 'ਆਪ' ਸਰਕਾਰ ਨੇ ਝੂਠੇ ਵਾਅਦਿਆਂ ਨਾਲ ਲੋਕਾਂ ਨੂੰ ਠੱਗਣ ਤੋਂ ਸਿਵਾਏ ਕੁਝ ਨਹੀਂ ਕੀਤਾ।ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਕਿਸਾਨ,ਵਪਾਰੀ ਅਤੇ ਨੌਜਵਾਨ ਹਰ ਵਰਗ ਦੁਖੀ ਹੈ ਅਤੇ ਮੁੱਖ ਮੰਤਰੀ ਦਿੱਲੀ ਦੇ ਇਸ਼ਾਰਿਆਂ 'ਤੇ ਕੰਮ ਕਰ ਰਹੇ ਹਨ।ਇਸ ਮੌਕੇ 'ਤੇ ਬੋਲਦਿਆਂ ਸ੍ਰ.ਬ੍ਰਹਮਪੁਰਾ ਨੇ ਕਿਹਾ ਕਿ ਬੀਬਾ ਬਾਦਲ ਦੀ ਫੇਰੀ ਨੇ ਵਰਕਰਾਂ ਵਿੱਚ ਨਵਾਂ ਜੋਸ਼ ਭਰ ਦਿੱਤਾ ਹੈ ਅਤੇ ਇਹ ਸਾਬਤ ਹੋ ਗਿਆ ਹੈ ਕਿ ਤਰਨ ਤਾਰਨ ਵਿੱਚ ਹਵਾ ਪੂਰੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਲੋਕ ਅਕਾਲੀ ਦਲ ਦੇ ਰਾਜ ਨੂੰ ਯਾਦ ਕਰ ਰਹੇ ਹਨ ਜਦੋਂ ਪੰਜਾਬ ਨੇ ਤਰੱਕੀ ਕੀਤੀ ਸੀ। ਇਸ ਮੌਕੇ ਸਾਬਕਾ ਮੈਂਬਰ ਨਿਰਵੈਰ ਸਿੰਘ ਨੇ ਆਪਣੇ ਪਰਿਵਾਰ ਸਮੇਤ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ,ਜਿਨ੍ਹਾਂ ਨੂੰ ਬੀਬਾ ਹਰਸਿਮਰਤ ਕੌਰ ਬਾਦਲ ਨੇ ਸਿਰੋਪਾਓ ਪਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ।ਸ੍ਰ.ਬ੍ਰਹਮਪੁਰਾ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਜ਼ੋਨ ਨੰਬਰ 15,ਜਿਸ ਵਿੱਚ ਪਿੰਡ ਗੋਹਲਵੜ, ਬਾਲਾਚੱਕ,ਕੋਟ ਦਸੰਦੀ ਮੱਲ,ਪੰਡੋਰੀ ਰਣ ਸਿੰਘ,ਪੰਡੋਰੀ ਸਿੱਧਵਾਂ ਅਤੇ ਪੰਡੋਰੀ ਰਮਾਣਾ ਆਉਂਦੇ ਹਨ, ਦੇ ਵਰਕਰ ਦਿਨ-ਰਾਤ ਮਿਹਨਤ ਕਰ ਰਹੇ ਹਨ ਅਤੇ ਇਨ੍ਹਾਂ ਸਾਰੇ ਪਿੰਡਾਂ ਤੋਂ ਅਕਾਲੀ ਉਮੀਦਵਾਰ ਨੂੰ ਭਾਰੀ ਲੀਡ ਨਾਲ ਜਿਤਾਉਣ ਦਾ ਭਰੋਸਾ ਦੇ ਰਹੇ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸਜੀਪੀਸੀ ਮੈਂਬਰ ਸ੍ਰ.ਅਮਰਜੀਤ ਸਿੰਘ ਬੰਡਾਲਾ,ਹਲਕਾ ਇੰਚਾਰਜ ਜੰਡਿਆਲਾ ਸ੍ਰ.ਸੰਦੀਪ ਸਿੰਘ ਏ.ਆਰ., ਸੀਨੀਅਰ ਅਕਾਲੀ ਆਗੂ ਸਤਨਾਮ ਸਿੰਘ ਚੋਹਲਾ ਸਾਹਿਬ,ਜਗਜੀਤ ਸਿੰਘ ਰਾਣਾ,ਬਲਜਿੰਦਰ ਸਿੰਘ,ਹਰਵਿੰਦਰ ਸਿੰਘ,ਪ੍ਰੋ:ਰਾਜਵਿੰਦਰ ਸਿੰਘ,ਗੋਪੀ ਮੈਂਬਰ ਪੰਚਾਇਤ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਅਤੇ ਬੀਬੀਆਂ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.