ਆਗੂ ਉਹ ਹੋਵੇ ਜੋ ਪੰਥ ਅਤੇ ਪੰਜਾਬ ਲਈ ਖੜ੍ਹੇ, ਅੜ੍ਹੇ ਤੇ ਲੜੇ
- ਅੰਤਰਰਾਸ਼ਟਰੀ
- (Asia/Kolkata)
ਸਿੱਖ ਕੌਮ ਦਾ ਆਗੂ ਕਿਹੋ ਜਿਹਾ ਹੋਵੇ ? ਇਸ ਦਾ ਜਵਾਬ ਲੱਭਣ ਲਈ ਸਾਨੂੰ ਆਪਣੇ ਇਤਿਹਾਸ ਵੱਲ ਝਾਤੀ ਮਾਰਨੀ ਪਵੇਗੀ। ਸਿੱਖ ਇਤਿਹਾਸ ਵਿੱਚ ਅਗਵਾਈ ਦਾ ਮਾਣ ਕੇਵਲ ਅਹੁਦੇ ਨਾਲ ਨਹੀਂ ਮਿਲਦਾ। ਉਹ ਸੇਵਾ, ਸੱਚ, ਕੁਰਬਾਨੀ ਅਤੇ ਨਿਭਾਏ ਹੋਏ ਬੋਲਾਂ ਨਾਲ ਮਿਲਦਾ ਹੈ। ਜਿਹੜਾ ਬੰਦਾ ਕੌਮ ਨੂੰ ਔਖੇ ਰਾਹ ਤੋਰੇ, ਪਰ ਆਪ ਸੁੱਖਾਂ ਵਿੱਚ ਬੈਠਾ ਰਹੇ, ਉਹ ਰਹਿਬਰ ਕਾਹਦਾ ? ਆਗੂ ਉਹ ਹੋਵੇ ਜਿਹੜਾ ਸੰਗਤ ਦਾ ਦੁੱਖ ਆਪਣਾ ਦੁੱਖ ਸਮਝੇ ਅਤੇ ਪੰਥ ਦੀ ਜ਼ਿੰਮੇਵਾਰੀ ਤੋਂ ਪਿੱਠ ਨਾ ਮੋੜੇ। ਆਗੂ ਉਹ ਹੋਵੇ ਜਿਹੜਾ ਕੌਮ ਲਈ ਖੜ੍ਹੇ, ਅੜ੍ਹੇ, ਲੜੇ ਤੇ ਜੇ ਲੋੜ ਪਵੇ ਤਾਂ ਜੂਝ ਕੇ ਮਰੇ। ਸਿੱਖ ਕੌਮ ਦੀ ਅਗਵਾਈ ਦੀ ਪਹਿਲੀ ਕਸਵੱਟੀ ਤਾਂ ਗੁਰੂ ਦਾ ਸਿਧਾਂਤ ਹੈ। ਗੁਰੂ ਨਾਨਕ ਸਾਹਿਬ ਦਾ ਸੱਚ, ਗੁਰੂ ਅਰਜਨ ਸਾਹਿਬ ਦਾ ਸਬਰ, ਗੁਰੂ ਤੇਗ਼ ਬਹਾਦਰ ਸਾਹਿਬ ਦੀ ਧਾਰਮਿਕ ਅਜ਼ਾਦੀ ਪ੍ਰਤੀ ਵਚਨਬੱਧਤਾ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਖ਼ਾਲਸਾਈ ਸੋਚ ਸਾਡੇ ਲਈ ਰਾਹ ਵਿਖਾਉਂਦੀ ਹੈ। ਇਸ ਰਾਹ ਵਿੱਚ ਹੰਕਾਰ, ਜਾਤ-ਪਾਤ ਅਤੇ ਆਪਣੇ ਸੁਆਰਥ ਲਈ ਲੋਕਾਂ ਨੂੰ ਵਰਤਣ ਦੀ ਕੋਈ ਥਾਂ ਨਹੀਂ। ਜਿਹੜਾ ਆਗੂ ਗੁਰੂ ਦਾ ਨਾਂਅ ਲਵੇ, ਉਹ ਗੁਰੂ ਦੇ ਸਿਧਾਂਤ ਨੂੰ ਆਪਣੇ ਫ਼ੈਸਲਿਆਂ ਵਿੱਚ ਵੀ ਥਾਂ ਦੇਵੇ।
ਬਾਬਾ ਬੰਦਾ ਸਿੰਘ ਬਹਾਦਰ ਦਾ ਨਾਂਅ ਸਾਨੂੰ ਇਹ ਸੋਚਣ ਲਈ ਪ੍ਰੇਰਦਾ ਹੈ ਕਿ ਰਾਜ ਅਤੇ ਤਾਕਤ ਦਾ ਮਕਸਦ ਆਮ ਲੋਕਾਂ ਨੂੰ ਇਨਸਾਫ਼ ਦੇਣਾ ਹੋਵੇ। ਜੇ ਆਗੂਪੁਣਾ ਲੋਕਾਂ ਦੀ ਜ਼ਿੰਦਗੀ ਵਿੱਚ ਸੁਧਾਰ ਨਹੀਂ ਲਿਆਉਂਦਾ ਤਾਂ ਨਿਰੇ ਭਾਸ਼ਣਾਂ ਨਾਲ ਪੰਥ ਦੀ ਸੇਵਾ ਨਹੀਂ ਹੋ ਜਾਂਦੀ। ਬਾਬਾ ਦੀਪ ਸਿੰਘ ਜੀ ਨੂੰ ਚੇਤੇ ਕਰਦਿਆਂ ਗੁਰੂ-ਘਰ ਨਾਲ ਪਿਆਰ, ਕੁਰਬਾਨੀ ਅਤੇ ਜ਼ਿੰਮੇਵਾਰੀ ਦਾ ਅਹਿਸਾਸ ਸਾਹਮਣੇ ਆਉਂਦਾ ਹੈ। ਅਕਾਲੀ ਫੂਲਾ ਸਿੰਘ ਦਾ ਨਾਂ ਸਾਡੀ ਸੋਚ ਵਿੱਚ ਅਸੂਲਾਂ ਦੀ ਦ੍ਰਿੜ੍ਹਤਾ ਜਗਾਉਂਦਾ ਹੈ। ਵੱਡੇ ਅਹੁਦੇ ਅਤੇ ਵੱਡੀ ਦੌਲਤ ਅੱਗੇ ਵੀ ਆਗੂ ਸੱਚ ਬੋਲਣ ਦੀ ਹਿੰਮਤ ਰੱਖਦਾ ਹੋਵੇ। ਆਪਣੇ ਧੜੇ ਦੀ ਗ਼ਲਤੀ ਉੱਤੇ ਚੁੱਪ ਰਹਿਣਾ ਅਤੇ ਵਿਰੋਧੀ ਦੀ ਛੋਟੀ ਗ਼ਲਤੀ ਉੱਤੇ ਰੌਲਾ ਪਾਉਣਾ ਪੰਥਕ ਕਿਰਦਾਰ ਨਹੀਂ। ਪੰਥ ਦਾ ਅਸੂਲ ਸਭ ਲਈ ਇੱਕ ਹੋਵੇ। ਜਿਸ ਨਿਯਮ ਨਾਲ ਆਮ ਸਿੱਖ ਨੂੰ ਪਰਖਦੇ ਹਾਂ, ਉਸੇ ਨਾਲ ਆਗੂ ਨੂੰ ਵੀ ਪਰਖਣਾ ਪਵੇਗਾ। ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਅਤੇ ਬਾਬਾ ਬਘੇਲ ਸਿੰਘ ਵਰਗੀਆਂ ਹਸਤੀਆਂ ਨੂੰ ਯਾਦ ਕਰਦਿਆਂ ਸਾਂਝੀ ਤਾਕਤ ਅਤੇ ਜਥੇਬੰਦਕ ਸੋਚ ਦੀ ਲੋੜ ਸਮਝ ਆਉਂਦੀ ਹੈ। ਕੌਮ ਦੀ ਤਾਕਤ ਨੂੰ ਆਪਣੇ ਨਾਂ ਹੇਠ ਕੈਦ ਕਰਨਾ ਅਗਵਾਈ ਨਹੀਂ। ਅੱਜ ਦਾ ਆਗੂ ਹੋਰ ਸੇਵਾਦਾਰਾਂ ਨੂੰ ਅੱਗੇ ਲਿਆਵੇ, ਵੱਖਰੀ ਰਾਏ ਸੁਣੇ ਅਤੇ ਸਾਂਝੇ ਫ਼ੈਸਲੇ ਦੀ ਇੱਜ਼ਤ ਕਰੇ। ਹਰ ਗੱਲ ਉੱਤੇ “ਮੈਂ ਹੀ ਮੈਂ” ਕਰਨ ਵਾਲਾ ਬੰਦਾ ਪੰਥ ਨੂੰ ਜੋੜਨ ਦੀ ਥਾਂ ਆਪਣੇ ਦੁਆਲੇ ਘੇਰਾ ਬਣਾ ਲੈਂਦਾ ਹੈ। ਮਹਾਰਾਜਾ ਰਣਜੀਤ ਸਿੰਘ ਦਾ ਨਾਂ ਸਿੱਖ ਰਾਜ ਦੀ ਯਾਦ ਜਗਾਉਂਦਾ ਹੈ। ਇਸ ਯਾਦ ਤੋਂ ਅੱਜ ਲਈ ਸਵਾਲ ਨਿਕਲਦਾ ਹੈ ਕਿ ਕੀ ਸਾਡੇ ਆਗੂ ਕੋਲ ਸੁਚੱਜਾ ਰਾਜ ਪ੍ਰਬੰਧ ਚਲਾਉਣ ਦੀ ਸਮਝ ਹੈ ? ਕੀ ਉਹ ਸਭ ਲੋਕਾਂ ਲਈ ਇਨਸਾਫ਼ ਦਿਵਾ ਸਕਦਾ ਹੈ ? ਕੀ ਉਹ ਯੋਗ ਬੰਦਿਆਂ ਨੂੰ ਜ਼ਿੰਮੇਵਾਰੀ ਦੇ ਸਕਦਾ ਹੈ ? ਰਾਜ ਦੀ ਗੱਲ ਕਰਨੀ ਸੌਖੀ ਹੈ, ਪਰ ਲੋਕਾਂ ਦੇ ਹਿੱਤ ਵਿੱਚ ਪ੍ਰਬੰਧ ਚਲਾਉਣ ਲਈ ਅਕਲ, ਇਮਾਨਦਾਰੀ ਅਤੇ ਦੂਰ ਦੀ ਸੋਚ ਚਾਹੀਦੀ ਹੈ। ਨਿਰਾ ਜੋਸ਼ ਕਾਫ਼ੀ ਨਹੀਂ ਬਲਕਿ ਹੋਸ਼, ਲਿਆਕਤ, ਬਹਾਦਰੀ ਅਤੇ ਸੂਝ-ਬੂਝ ਵੀ ਬੜੀ ਜ਼ਰੂਰੀ ਹੈ। ਜਰਨੈਲ ਹਰੀ ਸਿੰਘ ਨਲੂਆ ਅਤੇ ਸਰਦਾਰ ਸ਼ਾਮ ਸਿੰਘ ਅਟਾਰੀ ਵਰਗੇ ਨਾਂਅ ਨਿਡਰਤਾ ਅਤੇ ਜ਼ਿੰਮੇਵਾਰੀ ਨਿਭਾਉਣ ਦੀ ਪ੍ਰੇਰਨਾ ਦਿੰਦੇ ਹਨ। ਜਿਹੜਾ ਆਗੂ ਮੰਚ ਉੱਤੇ ਗਰਜਦਾ ਹੋਵੇ, ਪਰ ਸਰਕਾਰ ਦੇ ਸਾਹਮਣੇ ਜਾ ਕੇ ਚੁੱਪ ਹੋ ਜਾਵੇ, ਸੰਗਤ ਉਹਦੀ ਇਸ ਦੋਹਰੀ ਬੋਲੀ ਨੂੰ ਕਿਉਂ ਮੰਨੇ ?
ਸਿੱਖ ਸੰਘਰਸ਼ ਨੂੰ ਸਮਝਦਿਆਂ ਇਹ ਗੱਲ ਪੱਲੇ ਬੰਨ੍ਹਣੀ ਪਵੇਗੀ ਕਿ ਕੌਮ ਦਾ ਦੁੱਖ ਕਿਸੇ ਦੀ ਚੋਣ ਮੁਹਿੰਮ ਦਾ ਮਾਲ ਨਹੀਂ। ਜੇਲ੍ਹਾਂ ਕੱਟਣ ਵਾਲੇ ਪਰਿਵਾਰਾਂ, ਕੌਮੀ ਸ਼ਹੀਦਾਂ ਦੇ ਪਰਿਵਾਰਾਂ ਅਤੇ ਇਨਸਾਫ਼ ਦੀ ਉਡੀਕ ਕਰਦੇ ਲੋਕਾਂ ਦੀ ਪੀੜ ਨੂੰ ਮੰਚਾਂ ਉੱਤੇ ਵਰਤ ਕੇ ਛੱਡ ਦੇਣਾ ਬੇਇਨਸਾਫ਼ੀ ਹੈ। ਆਗੂ ਉਹਨਾਂ ਦੇ ਘਰ ਵੀ ਜਾਵੇ, ਉਹਨਾਂ ਦੀ ਗੱਲ ਵੀ ਸੁਣੇ ਅਤੇ ਉਹਨਾਂ ਦੀਆਂ ਅਸਲ ਲੋੜਾਂ ਲਈ ਕੰਮ ਵੀ ਕਰੇ। ਸ਼ਹੀਦੀ ਸਮਾਗਮਾਂ ਦੇ ਨਾਲ ਉਹਨਾਂ ਦੇ ਪਰਿਵਾਰਾਂ ਦੀ ਸੰਭਾਲ ਵੀ ਜ਼ਰੂਰੀ ਹੈ। ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ, ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ, ਬਾਬਾ ਗੁਰਬਚਨ ਸਿੰਘ ਮਾਨੋਚਾਹਲ ਅਤੇ ਸੰਤ ਬਾਬਾ ਠਾਕੁਰ ਸਿੰਘ ਜੀ ਵਰਗੇ ਆਗੂ ਹੋਣੇ ਚਾਹੀਦੇ ਹਨ ਜੋ ਪੱਕੇ ਕਿਰਦਾਰ ਅਤੇ ਧਾਰਮਿਕ ਵਚਨਬੱਧਤਾ ਵਾਲੇ ਸਨ ਤੇ ਨਿੱਜੀ ਲਾਲਚਾਂ ਨੂੰ ਨੇੜੇ ਨਹੀਂ ਸਨ ਢੁਕਣ ਦਿੰਦੇ। ਇਹਨਾਂ ਪ੍ਰਤੀ ਆਪਣੀ ਸ਼ਰਧਾ ਨੂੰ ਨਿਰੇ ਨਾਅਰਿਆਂ ਤੱਕ ਸੀਮਤ ਨਾ ਕਰੀਏ ਬਲਕਿ ਆਪਣੇ ਜੀਵਨ ਵਿੱਚ ਬਾਣੀ, ਸੰਜਮ, ਸੇਵਾ, ਸੰਘਰਸ਼ ਪ੍ਰਤੀ ਦ੍ਰਿੜਤਾ ਅਤੇ ਜ਼ਿੰਮੇਵਾਰੀ ਲਿਆਈਏ।
ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਸੁਰਜੀਤ ਸਿੰਘ ਬਰਨਾਲਾ ਅਤੇ ਹਰਚੰਦ ਸਿੰਘ ਲੌਂਗੋਵਾਲ ਦੀ ਸਿਆਸਤ ਨੂੰ ਵੀ ਪੰਥਕ ਹਿੱਤਾਂ ਦੀ ਕਸਵੱਟੀ ਉੱਤੇ ਪਰਖਣਾ ਚਾਹੀਦਾ ਹੈ। ਸਾਡੀ ਆਲੋਚਨਾ ਦਾ ਸਵਾਲ ਸਾਫ਼ ਹੋਵੇ: ਉਹਨਾਂ ਦੇ ਫ਼ੈਸਲਿਆਂ ਨਾਲ ਸਿੱਖ ਹੱਕਾਂ ਨੂੰ ਕੀ ਮਿਲਿਆ ? ਕੀ ਵਾਅਦੇ ਨਿਭੇ ? ਕਿਹੜੇ ਸਮਝੌਤਿਆਂ ਦਾ ਨੁਕਸਾਨ ਹੋਇਆ ? ਇਹਨਾਂ ਦੀ ਗ਼ੱਦਾਰੀ ਨੂੰ ਵੀ ਕਦੇ ਭੁੱਲਣਾ ਨਹੀਂ ਚਾਹੀਦਾ, ਨਹੀਂ ਤਾਂ ਫਿਰ ਖਤਾ ਖਾਵਾਂਗੇ। ਆਗੂ ਦੇ ਘਰ ਦੀ ਖ਼ੁਸ਼ਹਾਲੀ ਅਤੇ ਕੌਮ ਦੀ ਮੰਦਹਾਲੀ ਵੀ ਉਸ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰਦੀ ਹੈ। ਪੰਥਕ ਜਥੇਬੰਦੀ ਕਿਸੇ ਟੱਬਰ ਦੀ ਜਾਗੀਰ ਨਹੀਂ। ਸੇਵਾ ਕਰਨ ਵਾਲਾ ਯੋਗ ਬੰਦਾ ਅੱਗੇ ਆ ਸਕੇ ਅਤੇ ਗ਼ਲਤੀ ਕਰਨ ਵਾਲਾ ਅਹੁਦੇ ਤੋਂ ਹਟਾਇਆ ਵੀ ਜਾ ਸਕੇ। ਆਗੂ ਦਾ ਫ਼ਰਜ਼ ਹੈ ਕਿ ਗੁਰੂਘਰ ਦਾ ਪੈਸਾ ਗੁਰੂ-ਘਰ ਦੇ ਮਕਸਦ ਲਈ ਵਰਤਿਆ ਜਾਵੇ। ਸੰਗਤ ਦੀ ਭੇਟ ਨਾਲ ਆਪਣੀ ਚੌਧਰ ਚਮਕਾਉਣ ਵਾਲਾ ਸੇਵਾ ਦੇ ਰਾਹ ਤੋਂ ਭਟਕ ਜਾਂਦਾ ਹੈ। ਜਿਹੜਾ ਪੰਥ ਦੇ ਨਾਂ ਉੱਤੇ ਵੋਟਾਂ ਲਵੇ, ਪਰ ਪੰਥ ਦੀ ਗੱਲ ਆਉਣ ਉੱਤੇ ਮੂੰਹ ਫੇਰ ਲਵੇ, ਉਹਦੇ ਵੱਡੇ ਅਹੁਦੇ ਦਾ ਕੌਮ ਨੂੰ ਕੀ ਲਾਭ ? ਸਾਡੀ ਸੋਚ ਵਿੱਚ ਆਗੂ ਦੀ ਪਰਖ ਉਹਦੇ ਪੋਸਟਰ ਦੀ ਲੰਬਾਈ ਨਾਲ ਨਹੀਂ, ਉਹਦੇ ਕਿਰਦਾਰ ਦੀ ਉਚਾਈ ਨਾਲ ਹੋਣੀ ਚਾਹੀਦੀ ਹੈ। ਕਿੰਨੀਆਂ ਗੱਡੀਆਂ ਨਾਲ ਤੁਰਦਾ ਹੈ, ਕਿੰਨੇ ਬੰਦੇ ਉਹਦੇ ਨਾਅਰੇ ਲਾਉਂਦੇ ਹਨ ਤੇ ਕਿੰਨੀਆਂ ਵਾਰ ਉਹਦਾ ਚਿਹਰਾ ਅਖ਼ਬਾਰ ਵਿੱਚ ਛਪਦਾ ਹੈ, ਇਹ ਆਗੂਪੁਣੇ ਦੇ ਪੈਮਾਨੇ ਨਹੀਂ। ਅਸਲੀ ਸਵਾਲ ਇਹ ਹੈ ਕਿ ਉਹ ਸੱਚ ਲਈ ਕਿੰਨਾ ਖੜ੍ਹਦਾ ਹੈ, ਲੋੜਵੰਦ ਦਾ ਕਿੰਨਾ ਸਾਥ ਦਿੰਦਾ ਹੈ ਅਤੇ ਨਿੱਜੀ ਫ਼ਾਇਦੇ ਸਾਹਮਣੇ ਆਪਣੇ ਅਸੂਲ ਕਿੰਨੇ ਬਚਾਉਂਦਾ ਹੈ।
ਸਿੱਖ ਕੌਮ ਦਾ ਆਗੂ ਉਹ ਹੋਵੇ ਜਿਹੜਾ ਕੌਮ ਦੇ ਅੱਗੇ ਤੁਰੇ, ਪਰ ਆਪਣੇ ਆਪ ਨੂੰ ਕੌਮ ਤੋਂ ਉੱਪਰ ਨਾ ਸਮਝੇ। ਜਿਹੜਾ ਔਖੇ ਵੇਲੇ ਛਾਤੀ ਤਾਣ ਕੇ ਖੜ੍ਹੇ ਤੇ ਸੁਖ ਦੇ ਵੇਲੇ ਸੰਗਤ ਦੇ ਜੁੱਤੇ ਝਾੜਨ ਨੂੰ ਵੀ ਆਪਣਾ ਮਾਣ ਸਮਝੇ। ਆਗੂ ਦਾ ਕੰਮ ਕੁਰਸੀ ਮੱਲਣਾ ਨਹੀਂ, ਕੌਮ ਦਾ ਭਰੋਸਾ ਸੰਭਾਲਣਾ ਹੈ। ਆਗੂ ਲਾਲਚ ਤੋਂ ਰਹਿਤ ਹੋਵੇ। ਜਿੱਥੇ ਹਰ ਫ਼ੈਸਲੇ ਪਿੱਛੇ ਆਪਣਾ ਕਾਰੋਬਾਰ, ਆਪਣਾ ਟੱਬਰ ਅਤੇ ਆਪਣੀ ਕੁਰਸੀ ਹੋਵੇ, ਉੱਥੇ ਪੰਥ ਕਿੱਥੇ ਬਚਦਾ ਹੈ ? ਕੌਮ ਨੇ ਆਗੂ ਨੂੰ ਜ਼ਿੰਮੇਵਾਰੀ ਦਿੱਤੀ ਹੁੰਦੀ ਹੈ, ਜਾਇਦਾਦ ਨਹੀਂ। ਪਾਰਟੀ ਕਿਸੇ ਘਰ ਦੀ ਵਿਰਾਸਤ ਨਹੀਂ ਤੇ ਅਹੁਦਾ ਕਿਸੇ ਪੁੱਤ ਦਾ ਜਨਮਸਿੱਧ ਹੱਕ ਨਹੀਂ। ਜਿਹੜਾ ਬੰਦਾ ਯੋਗ ਹੈ, ਸੇਵਾਦਾਰ ਹੈ ਅਤੇ ਸੰਗਤ ਦਾ ਭਰੋਸਾ ਰੱਖਦਾ ਹੈ, ਅੱਗੇ ਆਉਣ ਦਾ ਹੱਕ ਓਹਦਾ ਵੀ ਓਨਾ ਹੀ ਹੈ। ਸਿੱਖ ਨਜ਼ਰੀਏ ਤੋਂ ਆਗੂ ਦੀ ਨੀਂਹ ਗੁਰਬਾਣੀ, ਨਿਮਰਤਾ, ਸੂਰਮਤਾਈ ਅਤੇ ਸਰਬੱਤ ਦੇ ਭਲੇ ਵਿੱਚ ਹੋਣੀ ਚਾਹੀਦੀ ਹੈ। ਜਿਸ ਸਿਆਸਤ ਵਿੱਚ ਪੰਥ ਦੀ ਗੱਲ ਚੋਣਾਂ ਵੇਲੇ ਚੇਤੇ ਆਵੇ ਅਤੇ ਕੁਰਸੀ ਮਿਲਣ ਮਗਰੋਂ ਭੁੱਲ ਜਾਵੇ, ਉਸ ਨੂੰ ਸੰਗਤ ਨੇ ਰੱਦ ਕਰਨਾ ਹੈ। ਆਗੂ ਦੀ ਚੋਣ ਵੇਲੇ ਸੰਗਤ ਵੀ ਆਪਣੀ ਜ਼ਿੰਮੇਵਾਰੀ ਨਿਭਾਵੇ। ਰਿਸ਼ਤੇਦਾਰੀ, ਧੜੇਬੰਦੀ ਜਾਂ ਨਿੱਜੀ ਕੰਮ ਕਰਵਾਉਣ ਦੇ ਲਾਲਚ ਵਿੱਚ ਗ਼ਲਤ ਬੰਦੇ ਨੂੰ ਅੱਗੇ ਨਾ ਕਰੇ। ਚੰਗੇ ਸੇਵਾਦਾਰ ਨੂੰ ਮੌਕਾ ਦੇਵੇ ਅਤੇ ਅਹੁਦਾ ਮਿਲਣ ਮਗਰੋਂ ਵੀ ਉਹਦਾ ਹਿਸਾਬ ਲੈਂਦੀ ਰਹੇ। ਸਵਾਲ ਕਰਨ ਵਾਲੇ ਨੂੰ ਦੁਸ਼ਮਣ ਸਮਝਣ ਦੀ ਆਦਤ ਛੱਡਣੀ ਪਵੇਗੀ। ਜਿੱਥੇ ਆਗੂ ਦੀ ਗ਼ਲਤੀ ਉੱਤੇ ਵੀ ਤਾੜੀਆਂ ਵੱਜਣ, ਉੱਥੇ ਸੁਧਾਰ ਕਿਵੇਂ ਆਵੇਗਾ ?
ਆਗੂ ਨੌਜਵਾਨਾਂ ਨੂੰ ਕੇਵਲ ਨਾਅਰੇ ਲਾਉਣ ਲਈ ਹੀ ਨਾ ਵਰਤੇ, ਉਹਨਾਂ ਨੂੰ ਜ਼ਿੰਮੇਵਾਰੀ ਚੁੱਕਣ ਦੇ ਮੌਕੇ ਦੇਵੇ। ਆਪਣੇ ਤੋਂ ਚੰਗੇ ਬੰਦੇ ਨੂੰ ਅੱਗੇ ਆਉਂਦਾ ਵੇਖ ਕੇ ਖ਼ੁਸ਼ ਹੋਵੇ। ਜਿਹੜਾ ਹਰ ਯੋਗ ਬੰਦੇ ਤੋਂ ਡਰਦਾ ਹੈ, ਉਹ ਕੌਮ ਨੂੰ ਅੱਗੇ ਨਹੀਂ ਵਧਾ ਸਕਦਾ। ਅਸਲੀ ਆਗੂ ਆਪਣੇ ਪਿੱਛੇ ਅੰਨ੍ਹੀ ਭੀੜ ਨਹੀਂ, ਸਮਝ ਵਾਲੇ ਸੇਵਾਦਾਰ ਤਿਆਰ ਕਰਦਾ ਹੈ। ਆਗੂ ਦਾ ਸਿਰ ਗੁਰੂ ਅੱਗੇ ਝੁਕੇ, ਉਹਦੀ ਜ਼ਮੀਰ ਲਾਲਚ ਅੱਗੇ ਨਾ ਝੁਕੇ। ਉਹਦੇ ਹੱਥ ਸੇਵਾ ਲਈ ਖੁੱਲ੍ਹੇ ਹੋਣ, ਉਹਦੀ ਜ਼ੁਬਾਨ ਸੱਚ ਲਈ ਪੱਕੀ ਹੋਵੇ ਅਤੇ ਉਹਦਾ ਦਿਲ ਸੰਗਤ ਦੇ ਦੁੱਖ ਨਾਲ ਧੜਕੇ। ਪੰਥ ਨੂੰ ਅਜਿਹਾ ਆਗੂ ਚਾਹੀਦਾ ਹੈ ਜਿਸ ਨੂੰ ਕੁਰਸੀ ਗੁਆਉਣ ਨਾਲੋਂ ਭਰੋਸਾ ਗੁਆਉਣ ਦਾ ਵੱਧ ਡਰ ਹੋਵੇ। ਆਗੂ ਆਪਣੇ ਲਈ ਘੱਟ ਅਤੇ ਕੌਮ ਲਈ ਵੱਧ ਜੀਵੇ। ਸਿੱਖ ਇਤਿਹਾਸ ਸਾਡੇ ਲਈ ਤਸਵੀਰਾਂ ਦੀ ਕੰਧ ਨਹੀਂ, ਆਪਣੇ ਆਪ ਨੂੰ ਪਰਖਣ ਦਾ ਸ਼ੀਸ਼ਾ ਹੋਵੇ। ਅਸੀਂ ਅਜਿਹਾ ਆਗੂ ਚਾਹੁੰਦੇ ਹਾਂ ਜਿਸ ਦੀ ਬਹਾਦਰੀ ਨਾਲ ਲੋਕਾਂ ਨੂੰ ਹੌਸਲਾ ਮਿਲੇ, ਜਿਸ ਦੀ ਇਮਾਨਦਾਰੀ ਨਾਲ ਸੰਗਤ ਦਾ ਭਰੋਸਾ ਵਧੇ ਅਤੇ ਜਿਸ ਦੀ ਸੇਵਾ ਨਾਲ ਦੁਖੀ ਦਾ ਬੋਝ ਹੌਲਾ ਹੋਵੇ। ਉਹ ਗੁਰੂ-ਪੰਥ ਅੱਗੇ ਜਵਾਬਦੇਹੀ ਸਮਝੇ ਅਤੇ ਸੰਗਤ ਅੱਗੇ ਆਪਣਾ ਹਿਸਾਬ ਦੇਵੇ। ਕੁਰਸੀ ਬਚਾਉਣ ਲਈ ਪੰਥ ਦਾ ਭਰੋਸਾ ਨਾ ਵੇਚੇ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Leave a Reply