ਭਾਜਪਾ ਦੇ ਸੋਹਿਲੇ ਗਾਉਣ ਵਾਲੇ ਧਾਰਮਿਕ ਤੇ ਸਿਆਸੀ ਆਗੂ ਹੁਣ ਚੁੱਪ ਕਿਉਂ ?

ਭਾਜਪਾ ਦੇ ਸੋਹਿਲੇ ਗਾਉਣ ਵਾਲੇ ਧਾਰਮਿਕ ਤੇ ਸਿਆਸੀ ਆਗੂ ਹੁਣ ਚੁੱਪ ਕਿਉਂ ?

ਅਖੇ ਬੰਦੀ ਸਿੰਘ ਮਾਫ਼ੀ ਮੰਗਣ, ਫਿਰ ਰਿਹਾਈ ਦਾ ਸੋਚਾਂਗੇ...ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ 'ਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਰਾਜਸੀ ਸਿੱਖ ਕੈਦੀਆਂ ਦੀ ਰਿਹਾਈ ਲਈ ਸਿੱਖ ਕੌਮ ਲੰਬੇ ਸਮੇਂ ਤੋਂ ਆਵਾਜ਼ ਉਠਾ ਰਹੀ ਹੈ ਪਰ ਭਾਜਪਾ ਸਰਕਾਰ ਸਿੱਖ ਕੌਮ ਦੀ ਇਸ ਹੱਕੀਂ ਅਤੇ ਜਾਇਜ਼ ਮੰਗ ਨੂੰ ਅਤੇ ਭਾਰਤੀ ਸੰਵਿਧਾਨ ਤੇ ਕਾਨੂੰਨ ਨੂੰ ਵੀ ਦਰ-ਕਿਨਾਰ ਕਰਕੇ ਬੰਦੀ ਸਿੰਘਾਂ ਦੇ ਮਨੁੱਖੀ ਹੱਕਾਂ ਦਾ ਘਾਣ ਕਰਦੀ ਹੋਈ ਰਿਹਾਈ ਰੋਕੀ ਬੈਠੀ ਹੈ। ਭਾਜਪਾ ਸਰਕਾਰ ਸਮੇਂ-ਸਮੇਂ ਉੱਤੇ ਸਿੱਖਾਂ ਨੂੰ ਭਰਮਾਉਣ ਅਤੇ ਆਪਣੇ ਜਾਲ 'ਚ ਫਸਾਉਣ ਲਈ ਕਈ ਡਰਾਮੇ ਵੀ ਕਰਦੀ ਹੈ ਪਰ ਇਸ ਹਿੰਦੂਤਵੀ ਸਰਕਾਰ ਦਾ ਕੋਝਾ ਚਿਹਰਾ ਸਿੱਖ ਕੌਮ ਦੇ ਸਾਹਮਣੇ ਆ ਹੀ ਜਾਂਦਾ ਹੈ।
ਹੁਣ ਹਾਲ ਵਿੱਚ ਹੀ ਭਾਜਪਾ ਦੇ ਆਗੂ ਆਰ.ਪੀ. ਸਿੰਘ ਦਾ ਬਿਆਨ ਸਾਮ੍ਹਣੇ ਆਇਆ ਹੈ ਕਿ "ਜੇ ਬੰਦੀ ਸਿੰਘ ਮਾਫ਼ੀ ਮੰਗ ਲੈਣ ਤਾਂ ਰਿਹਾਈ ਸੰਬੰਧੀ ਵਿਚਾਰ ਕੀਤਾ ਜਾ ਸਕਦਾ ਹੈ।" ਕੁਝ ਦਿਨ ਪਹਿਲਾਂ ਬੀ.ਜੇ.ਪੀ. ਦੇ ਬੁਲਾਰੇ ਪ੍ਰੋਫ਼ੈਸਰ ਸਰਚਾਂਦ ਸਿੰਘ ਨੇ ਵੀ ਇੱਕ ਚੈੱਨਲ 'ਤੇ ਕਿਹਾ ਕਿ "ਇਹਨਾਂ ਬੰਦੀ ਸਿੰਘਾਂ ਦੀ ਅਜੇ ਸਜ਼ਾ ਪੂਰੀ ਨਹੀਂ ਹੋਈ ਹੈ।" ਇਹ ਸਰਚਾਂਦ ਸਿੰਘ ਬਾਬੇ ਧੁੰਮੇ ਦਾ ਨਜ਼ਦੀਕੀ ਹੈ ਅਤੇ ਦਮਦਮੀ ਟਕਸਾਲ ਦਾ ਮੀਡੀਆ ਇੰਚਾਰਜ-ਬੁਲਾਰਾ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦਾ ਪ੍ਰਧਾਨ ਵੀ ਰਹਿ ਚੁੱਕਾ ਹੈ। 
ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਪਾਰਲੀਮੈਂਟ ਵਿੱਚ ਕਿਹਾ ਸੀ ਕਿ "ਭਾਈ ਬਲਵੰਤ ਸਿੰਘ ਰਾਜੋਆਣਾ ਤੇ ਹੋਰ ਬੰਦੀ ਸਿੰਘ ਪਹਿਲਾਂ ਮਾਫ਼ੀ ਮੰਗਣ, ਫਿਰ ਸੋਚਾਂਗੇ ਇਹਨਾਂ ਨੂੰ ਰਿਹਾਅ ਕਰਨਾ ਕਿ ਨਹੀਂ।" ਇੱਕ ਰੈਲੀ ਵਿੱਚ ਵੀ ਅਮਿਤ ਸ਼ਾਹ ਬੋਲ ਚੁੱਕਾ ਹੈ ਕਿ "ਮੈਂ ਆਪਣੇ ਦੋਸਤ ਰਵਨੀਤ ਸਿੰਘ ਬਿੱਟੂ ਦੇ ਦਾਦੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲਾਂ ਨੂੰ ਨਹੀਂ ਛੱਡਾਂਗਾ।" ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਨ 2019 ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਵਾਅਦਾ ਕਰਕੇ ਫਿਰ ਮੁੱਕਰ ਗਿਆ। 
ਸੁਖਬੀਰ ਸਿੰਘ ਬਾਦਲ ਆਖਦਾ ਹੈ ਕਿ "ਭਾਈ ਜਗਤਾਰ ਸਿੰਘ ਹਵਾਰਾ ਕਾਤਲ ਹੈ ਤੇ ਉਹ ਕੌਮ ਨੂੰ ਕੋਈ ਸੇਧ ਨਹੀਂ ਦੇ ਸਕਦਾ।" ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਵੀ ਪ੍ਰੋਫ਼ੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਅੱਤਵਾਦੀ ਆਖਦਾ ਰਿਹਾ ਤੇ ਉਹਨਾਂ ਦੀ ਦਿੱਲੀ ਤਿਹਾੜ ਜੇਲ੍ਹ ਤੋਂ ਪੰਜਾਬ ਵਿੱਚ ਜੇਲ੍ਹ ਬਦਲੀ ਹੋਣ ਤੋਂ ਰੋਕਦਾ ਰਿਹਾ। ਸ਼੍ਰੋਮਣੀ ਕਮੇਟੀ ਦਾ ਮਰਹੂਮ ਪ੍ਰਧਾਨ ਅਵਤਾਰ ਸਿੰਘ ਮੱਕੜ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਮੋਰਚਿਆਂ ਦਾ ਠੋਕ ਕੇ ਵਿਰੋਧ ਕਰਦਾ ਰਿਹਾ ਸੀ। 
ਪਹਿਲਾਂ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਹੁਣ ਮੌਜੂਦਾ ਭਾਜਪਾ ਸਰਕਾਰ ਨੇ ਵੀ ਪ੍ਰੋਫ਼ੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਫਾਈਲ ਉੱਤੇ ਦਸਤਖ਼ਤ ਨਹੀਂ ਕੀਤੇ। ਭਾਜਪਾ ਨੇ ਪ੍ਰੋਫ਼ੈਸਰ ਭੁੱਲਰ ਦੀ ਰਿਹਾਈ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਨੂੰ ਵੀ ਲਟਕਾਇਆ ਹੋਇਆ ਹੈ। ਸਿੱਖਾਂ ਦੀ ਕਾਤਲ ਜਮਾਤ ਕਾਂਗਰਸ ਜਿਸ ਕਰਕੇ ਸਾਡੇ ਸਿੰਘਾਂ ਨੂੰ ਸੰਘਰਸ਼ ਦਾ ਰਾਹ ਚੁਣਨਾ ਪਿਆ ਤੇ ਬੰਦੀ ਬਣਨਾ ਪਿਆ ਉਸ ਪਾਰਟੀ ਤੋਂ ਤਾਂ ਸਿੱਖਾਂ ਨੇ ਆਸ ਹੀ ਕੀ ਕਰਨੀ ਹੈ। ਜਿਹੜੀ ਭਾਜਪਾ ਦੇਸ਼ ਵਿੱਚੋਂ ਕਾਂਗਰਸ ਨੂੰ ਖ਼ਤਮ ਕਰਨ 'ਤੇ ਤੁਲੀ ਹੋਈ ਹੈ ਉਹ ਸਿੱਖਾਂ ਦੀ ਵੀ ਕੋਈ ਹਮਾਇਤੀ ਨਹੀਂ ਹੈ ਤੇ ਉਹ ਕਾਂਗਰਸ ਵਾਂਗ ਹੀ ਸਿੱਖ ਕੌਮ ਦੇ ਸੂਰਮਿਆਂ ਨੂੰ ਅੱਤਵਾਦੀ, ਦਹਿਸ਼ਤਗਰਦ ਤੇ ਕਾਤਲ ਦੱਸਦੀ ਹੈ ਤੇ ਉਹਨਾਂ ਦੀਆਂ ਜ਼ਿੰਦਗੀਆਂ ਜੇਲ੍ਹਾਂ ਦੀਆਂ ਕਾਲ-ਕੋਠੜੀਆਂ ਵਿੱਚ ਗਾਲ਼ ਰਹੀ ਹੈ। 
ਕਾਂਗਰਸ ਹੋਵੇ ਜਾਂ ਭਾਜਪਾ, ਸਿੱਖਾਂ ਨੇ ਇਹਨਾਂ ਦੁਸ਼ਮਣ ਪਾਰਟੀਆਂ 'ਤੇ ਗ਼ਿਲਾ ਕੀ ਕਰਨਾ, ਇਹਨਾਂ ਦਾ ਤਾਂ ਕੰਮ ਹੀ ਸਿੱਖ ਕੌਮ ਨਾਲ ਦੁਸ਼ਮਣੀ ਕੱਢਣਾ ਹੈ। ਗ਼ਿਲਾ ਤਾਂ ਉਹਨਾਂ ਉੱਤੇ ਹੈ ਜੋ ਦੁਸ਼ਮਣ ਦੇ ਕੁਹਾੜੇ ਦਾ ਦਸਤਾ ਬਣੇ ਹੋਏ ਨੇ ਤੇ ਦੁਸ਼ਮਣ ਨਾਲ ਮਿਲ ਕੇ ਸਿੱਖ ਕੌਮ ਨੂੰ ਰੱਜ ਕੇ ਸੰਤਾਪ ਦਿੰਦੇ ਨੇ। ਅਜਿਹੇ ਆਗੂ ਦੋਹੀਂ ਪਾਸੀਂ ਲੱਤਾਂ ਫਸਾ ਕੇ ਸਿੱਖ ਕੌਮ ਦੀਆਂ ਜੜ੍ਹਾਂ ਵੱਢ ਰਹੇ ਹਨ। ਭਾਜਪਾ ਦੇ ਹੱਥਠੋਕੇ ਬਣ ਕੇ ਇਹਨਾਂ ਨੇ ਕੌਮ ਦਾ ਤਾਂ ਕੁਝ ਨਹੀਂ ਸੰਵਾਰਨਾ ਪਰ ਕੌਮ ਦੇ ਇੱਕ ਹਿੱਸੇ ਨੂੰ ਮੂਰਖ ਜ਼ਰੂਰ ਬਣਾਈ ਰੱਖਣਾ ਹੈ। ਇਹ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ ਦਾ ਭੋਗ ਪਾਉਣਾ ਚਾਹੁੰਦੇ ਨੇ ਤੇ ਪੰਥ ਅਤੇ ਪੰਜਾਬ ਨੂੰ ਹਿੰਦੂਤਵ ਦੇ ਰੰਗ ਵਿੱਚ ਰੰਗਣਾ ਚਾਹੁੰਦੇ ਨੇ। ਭਾਜਪਾ ਵਿੱਚ ਇਹਨਾਂ ਦਾ ਕਿੰਨੀ ਕੁ ਵੁੱਕਤ, ਵਜੂਦ ਤੇ ਸਨਮਾਨ ਹੈ ਉਹ ਇਹਨਾਂ ਦੇ ਸਿੱਖ ਵਿਰੋਧੀ ਬਿਆਨਾਂ ਤੋਂ ਹੀ ਪਤਾ ਲੱਗ ਜਾਂਦਾ ਹੈ, ਸਰਕਾਰਾਂ ਨੇ ਪਹਿਲਾਂ ਵੀ ਅਜਿਹੇ ਕਈ ਜਮੂਰੇ ਵਰਤ ਕੇ ਛੱਡੇ ਹਨ। 
ਤਿੰਨ ਕੁ ਸਾਲ ਪਹਿਲਾਂ ਬਾਬਾ ਹਰਨਾਮ ਸਿੰਘ ਧੁੰਮਾ ਆਖਦੇ ਸਨ ਕਿ "ਜੇ ਭਾਰਤ ਸਰਕਾਰ ਬੰਦਿਆਂ ਦੀ ਤਰ੍ਹਾਂ ਬੰਦੀ ਸਿੰਘਾਂ ਨੂੰ ਰਿਹਾਅ ਕਰਦੀ ਹੈ ਤਾਂ ਠੀਕ ਹੈ, ਨਹੀਂ ਤਾਂ ਅਸੀਂ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਿਆਂਗੇ।" ਪਰ ਛੇਤੀ ਹੀ ਆਪਣੇ ਲਫ਼ਜ਼ ਭੁੱਲ ਕੇ ਬਾਬਾ ਧੁੰਮਾ ਜੀ ਭਾਜਪਾ ਦੇ ਭਗਤ ਬਣ ਗਏ, ਸ਼ਾਇਦ ਉਹਨਾਂ ਨੂੰ ਦਿੱਲੀ ਨਾਲ ਟੱਕਰ ਲੈਣ ਲਈ ਕੋਈ ਇੱਟ ਨਹੀਂ ਸੀ ਲੱਭੀ ਤੇ ਉਹਨਾਂ ਭਾਜਪਾ ਅੱਗੇ ਆਤਮ-ਸਮਰਪਣ ਕਰ ਦਿੱਤਾ। ਜਦੋਂ ਸੰਨ 2024 'ਚ ਬਾਬਾ ਧੁੰਮਾਂ ਨੇ ਮਹਾਂਰਾਸ਼ਟਰ ਦੀ ਚੋਣਾਂ ਵਿੱਚ ਬੀ.ਜੇ.ਪੀ. ਨੂੰ ਸਮਰਥਨ ਦਿੱਤਾ ਸੀ ਤਾਂ ਕਿਹਾ ਸੀ ਕਿ "ਉਹ ਸਿੱਖਾਂ ਨੂੰ ਵੱਖਰੀ ਕੌਮ ਦਾ ਦਰਜ਼ਾ, ਬੰਦੀ ਸਿੰਘਾਂ ਦੀ ਰਿਹਾਈ, ਢਾਹੇ ਹੋਏ ਗੁਰਦੁਆਰਿਆਂ ਦੀ ਮੁੜ ਉਸਾਰੀ ਅਤੇ ਸਿੱਖ ਕੌਮ ਦੇ ਮਸਲੇ ਹੁਣ ਤੁਰੰਤ ਹੱਲ ਕਰਵਾ ਦੇਣਗੇ।" 
ਬਾਬਾ ਧੁੰਮਾ ਨੇ ਭਾਜਪਾ ਨੂੰ ਖ਼ੁਸ਼ ਕਰਨ ਲਈ ਸਿੱਖੀ ਸਿਧਾਂਤਾਂ ਦਾ ਘਾਣ ਅਤੇ ਦਮਦਮੀ ਟਕਸਾਲ ਦੀ ਸ਼ਾਨ ਨੂੰ ਵੀ ਰੋਲਿਆ ਤੇ ਹਿੰਦੂ ਕਰਮ-ਕਾਂਡ ਵੀ ਕੀਤੇ, ਕੁੰਭ ਨਹਾਤੇ, ਪੱਥਰ ਪੂਜਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਬੈਂਚ 'ਤੇ ਬਹਿ ਕੇ ਲੱਤਾਂ ਲਮਕਾਈਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀਆਂ ਧੱਜੀਆਂ ਉਡਾਈਆਂ ਪਰ ਇਸ ਦੇ ਬਾਵਜੂਦ ਵੀ ਭਾਜਪਾ ਨੇ ਬੰਦੀ ਸਿੰਘ ਰਿਹਾਅ ਨਾ ਕੀਤੇ। ਸਗੋਂ ਬਾਬੇ ਧੁੰਮੇ ਦੀ ਸਟੇਜ ਉੱਤੇ ਹਿੰਦੂਤਵੀ ਆਗੂ ਧੀਰੇਂਦਰ ਸ਼ਾਸਤਰੀ ਸ਼ਰੇਆਮ ਸਿੱਖਾਂ ਨੂੰ ਸਨਾਤਨੀ ਕਹਿ ਗਿਆ ਤੇ ਹੋਰ ਆਗੂ ਵੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਨਿਸ਼ਾਨਾ ਬਣਾ ਗਏ।
ਭਾਰਤੀ ਹਿੰਦੂਤਵੀ ਹਾਕਮ ਬਹੁਤ ਚਲਾਕ, ਮੱਕਾਰ, ਗ਼ੱਦਾਰ, ਦਗੇਬਾਜ਼ ਅਤੇ ਅਕ੍ਰਿਤਘਣ ਹਨ, ਉਹ ਸਿੱਖ ਕੌਮ ਨੂੰ ਝੁਕਾਉਣਾ ਅਤੇ ਨੀਂਵਾਂ ਵਿਖਾਉਣਾ ਚਾਹੁੰਦੇ ਨੇ ਤੇ ਸਿੱਖਾਂ ਦੀ ਅਣਖ਼ ਮਾਰ ਕੇ ਹਮੇਸ਼ਾਂ ਲਈ ਗ਼ੁਲਾਮ ਬਣਾ ਕੇ ਰੱਖਣਾ ਚਾਹੁੰਦੇ ਨੇ। ਪਰ ਪਤਾ ਨਹੀਂ ਸਿੱਖ ਕੌਮ ਦੇ ਧਾਰਮਿਕ ਅਤੇ ਸਿਆਸੀ ਆਗੂਆਂ ਨੂੰ ਇਹ ਗੱਲ ਸਮਝ ਕਿਉਂ ਨਹੀਂ ਪੈਂਦੀ, ਭਾਜਪਾ ਨੇ ਇਹਨਾਂ ਉੱਤੇ ਕੀ ਧੂੜਿਆ ਹੋਇਆ ਹੈ, ਇਹ ਨਿੱਕਰਧਾਰੀਆਂ ਦੇ ਪੈਰਾਂ 'ਚ ਬਹਿ ਕੇ ਖ਼ਾਲਸਈ ਸ਼ਾਨ ਨੂੰ ਗ੍ਰਹਿਣ ਲਾ ਰਹੇ ਨੇ ਤੇ ਸਿੱਖ ਕੌਮ ਵੱਲ ਪਿੱਠ ਕਰਕੇ ਦਿੱਲੀ ਦੇ ਸੰਦ ਬਣੇ ਹੋਏ ਹਨ। 
ਹਿੰਦੂਤਵੀ ਹਾਕਮਾਂ ਨੂੰ ਲੱਗਦਾ ਹੈ ਕਿ ਜਿਵੇਂ ਇਹਨਾਂ ਸੰਘੀਆਂ ਦਾ ਆਗੂ ਸਾਵਰਕਰ ਅੰਗਰੇਜ਼ਾਂ ਅੱਗੇ ਲਿਲਕੜੀਆਂ ਕੱਢਦਾ ਤੇ ਮਾਫ਼ੀਆਂ ਮੰਗਦਾ ਸੀ, ਕਿਤੇ ਓਵੇਂ ਸਿੱਖ ਕੌਮ ਦੇ ਯੋਧੇ ਵੀ ਹਿੰਦੂ ਸਾਮਰਾਜ ਤੋਂ ਰਿਹਾਈਆਂ ਦੀ ਭੀਖ ਮੰਗਣਗੇ। ਪਰ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਸਪਸ਼ਟ ਕਹਿ ਚੁੱਕੇ ਹਨ ਕਿ "ਅਸੀਂ ਕਿਸੇ ਸਰਕਾਰ ਪਾਸੋਂ ਮਾਫ਼ੀ ਨਹੀਂ ਮੰਗਾਂਗੇ, ਅਸੀਂ ਜੋ ਕੀਤਾ ਸਹੀ ਕੀਤਾ ਤੇ ਇਸ ਉੱਤੇ ਸਾਨੂੰ ਮਾਣ ਹੈ। ਸਾਨੂੰ ਰਿਹਾਈ ਮਿਲੇ ਚਾਹੇ ਨਾ, ਪਰ ਸਿੱਖ ਕੌਮ ਦੀ ਅਜ਼ਾਦੀ ਦਾ ਸੰਘਰਸ਼ ਜਾਰੀ ਰਹਿਣਾ ਚਾਹੀਦਾ ਹੈ।" ਜੁਝਾਰੂ ਸਿੰਘਾਂ ਦੇ ਸਮੇਂ-ਸਮੇਂ ਉੱਤੇ ਆਏ ਇਹਨਾਂ ਬਿਆਨਾਂ ਨੇ ਭਾਰਤੀ ਹਾਕਮਾਂ ਦਾ ਹੰਕਾਰ ਚਕਨਾ-ਚੂਰ ਕਰ ਦਿੱਤਾ ਅਤੇ ਖ਼ਾਲਿਸਤਾਨ ਦੇ ਸੰਘਰਸ਼ ਨੂੰ ਹੋਰ ਵੀ ਚਾਰ ਚੰਨ ਲਾਏ ਤੇ ਇਹਨਾਂ ਨੇ ਜੇਲ੍ਹਾਂ ਵਿੱਚ ਬੈਠਿਆਂ ਵੀ ਸਿੱਖ ਕੌਮ ਵਿੱਚ ਖ਼ਾਲਸਈ ਜਜ਼ਬਾ, ਜੋਸ਼ ਤੇ ਆਤਮਿਕ ਬਲ ਭਰ ਦਿੱਤਾ ਜੋ ਸਾਨੂੰ ਸਰਕਾਰਾਂ ਵਿਰੁੱਧ ਜੂਝਣ ਦੀ ਪ੍ਰੇਰਨਾ ਦਿੰਦਾ ਹੈ। ਤਾਂ ਹੀ ਤਾਂ ਇਹਨਾਂ ਸੂਰਬੀਰ ਯੋਧਿਆਂ ਤੋਂ ਸਿੱਖ ਕੌਮ ਬਲਿਹਾਰ ਜਾਂਦੀ ਹੈ ਤੇ ਹਰ ਸੱਚੇ ਸਿੱਖ ਦੇ ਦਿਲ ਦੀ ਧੜਕਣ ਵਿੱਚ ਬੰਦੀ ਸਿੰਘ ਧੜਕਦੇ ਹਨ। 
ਅੰਗਰੇਜ਼ ਹਕੂਮਤ ਸਮੇਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਵੀ ਸਰਕਾਰ ਦੀ ਮਾਫ਼ੀ ਵਾਲੀ ਪੇਸ਼ਕਸ਼ ਠੁਕਰਾ ਦਿੱਤੀ ਸੀ, ਇਹ ਖ਼ਾਲਸਾ ਪੰਥ ਦਾ ਸੁਨਹਿਰੀ ਇਤਿਹਾਸ ਹੈ। ਹੁਣ ਜਦੋਂ ਬੰਦੀ ਸਿੰਘ ਭਾਰਤੀ ਕਾਨੂੰਨ ਅਨੁਸਾਰ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਤਾਂ ਸਰਕਾਰ ਉਹਨਾਂ ਨੂੰ ਕਿਉਂ ਨਹੀਂ ਰਿਹਾਅ ਕਰ ਰਹੀ ? ਕੀ ਭਾਰਤੀ ਕਾਨੂੰਨ ਇਹ ਕਹਿੰਦਾ ਹੈ ਕਿ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਸਿੱਖਾਂ ਨੂੰ ਰਿਹਾਅ ਨਹੀਂ ਕਰਨਾ! ਸਿੱਖ ਕੌਮ ਦੇ ਖ਼ਿਲਾਫ਼ ਹਿੰਦੂਤਵੀ ਸਰਕਾਰ ਜਾਬਰ ਬਣੀ ਹੋਈ ਹੈ। 
ਭਾਜਪਾਈ ਆਗੂ ਮਾਫ਼ੀ ਮੰਗਣ ਲਈ ਤਾਂ ਇੱਦਾਂ ਕਹਿੰਦੇ ਨੇ ਜਿਵੇਂ ਬੰਦੀ ਸਿੰਘਾਂ ਨੇ ਅਜੇ ਇੱਕ ਮਹੀਨਾ ਜਾਂ ਇੱਕ ਸਾਲ ਦੀ ਹੀ ਕੈਦ ਕੱਟੀ ਹੋਵੇ ਤੇ ਇਹ ਹਮਦਰਦੀ ਜ਼ਾਹਰ ਕਰਦੇ ਆਖਦੇ ਹੋਣ ਕਿ 'ਤੁਸੀਂ ਮਾਫ਼ੀ ਮੰਗ ਲਵੋ ਅਸੀਂ ਛੱਡ ਦਿਆਂਗੇ!' ਜਦ ਕਿ ਬੰਦੀ ਸਿੰਘਾਂ ਨੇ ਤਾਂ ਆਪਣੀ ਸਜ਼ਾ ਦੀ ਮਿਆਦ ਤੋਂ ਵੱਧ ਜੇਲ੍ਹ ਕੱਟ ਲਈ ਹੈ, ਉਹਨਾਂ ਨੂੰ ਹੁਣ ਵੀ ਕੈਦ ਰੱਖਣਾ ਅਤੇ ਵਾਰ-ਵਾਰ ਮਾਫ਼ੀ ਮੰਗਣ ਦਾ ਕਹਿਣਾ ਇਕੱਲੀ ਬੰਦੀ ਸਿੰਘਾਂ ਦੀ ਹੀ ਨਹੀਂ ਬਲਕਿ ਭਾਰਤ ਸਰਕਾਰ ਵੱਲੋਂ ਸਮੁੱਚੀ ਸਿੱਖ ਕੌਮ ਦੀ ਤੌਹੀਨ ਹੈ। ਭਾਜਪਾ ਸਿੱਖ ਇਤਿਹਾਸ ਨੂੰ ਪੁੱਠਾ ਗੇੜਾ ਦੇਣਾ ਚਾਹੁੰਦੀ ਹੈ, ਸਿੱਖਾਂ ਤੋਂ ਕਾਲ਼ਾ ਇਤਿਹਾਸ ਰਚਾਉਣਾ ਚਾਹੁੰਦੀ ਹੈ ਜਿਸ ਨੂੰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਲਾਲ 'ਬੰਦੀ ਸਿੰਘ' ਹਮੇਸ਼ਾਂ ਨਕਾਰਦੇ ਆਏ ਹਨ, ਉਹਨਾਂ ਦਾ ਹਿੰਦ ਹਕੂਮਤ ਅੱਗੇ ਨਾ ਝੁਕਣਾ ਹੀ ਖ਼ਾਲਸਾ ਪੰਥ (ਖ਼ਾਲਿਸਤਾਨ) ਦੀ ਜਿੱਤ ਅਤੇ ਹਿੰਦੂਤਵੀ-ਭਾਜਪਾਈਆਂ (ਹਿੰਦੁਸਤਾਨ) ਦੀ ਕਰਾਰੀ ਹਾਰ ਹੈ।
ਭਾਜਪਾ ਦੀ ਬੋਲੀ ਅਤੇ ਨੀਤੀ ਅੱਗੇ ਬਾਬਾ ਹਰਨਾਮ ਸਿੰਘ ਧੁੰਮਾ ਨੇ ਹੁਣ ਚੁੱਪ ਧਾਰੀ ਹੋਈ ਹੈ। ਤੇ ਜਿਹੜੇ ਸਿਆਸੀ ਸਿੱਖ ਆਗੂ ਦੂਜੇ ਕੁ ਦਿਨ ਬੇਤੁੱਕੇ ਜਿਹੇ ਬਿਆਨ ਦਿੰਦੇ ਹਨ ਇਹਨਾਂ ਨੂੰ ਚੱਪਣੀ 'ਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਹੈ। ਤੁਹਾਡੀ ਸਿਆਸੀ ਪਾਵਰ ਤੇ ਸਿਆਸੀ ਕੁਰਸੀਆਂ ਨੂੰ ਸਿੱਖ ਕੌਮ ਨੇ ਕੀ ਕਰਨਾ ਜਦੋਂ ਤੁਸੀਂ ਭਾਜਪਾ 'ਤੇ ਜ਼ੋਰ ਪਾ ਕੇ ਬੰਦੀ ਸਿੰਘਾਂ ਨੂੰ ਰਿਹਾਅ ਹੀ ਨਹੀਂ ਕਰਵਾ ਸਕਦੇ, ਤੁਸੀਂ ਸਿੱਖ ਕੌਮ ਦੇ ਹੱਕ ਵਿੱਚ ਕੀ ਬੋਲਣਾ ਸਗੋਂ ਭਾਜਪਾ 'ਚ ਰਹਿ ਕੇ ਉਹਨਾਂ ਦੇ ਹੀ ਤੋਤੇ ਬਣ ਗਏ ਹੋ। ਤੁਸੀਂ ਹੁਣ ਜ਼ਾਲਮ ਦਰਬਾਰਾ ਸਿਹੁੰ, ਬੇਅੰਤ ਸਿਹੁੰ ਤੇ ਬੁੱਚੜ ਕੇ.ਪੀ.ਐੱਸ ਗਿੱਲ ਦਾ ਵੀ ਰੂਪ ਧਾਰੋਗੇ। ਤੁਹਾਡੀਆਂ ਜ਼ੁਬਾਨਾਂ ਸੜ ਜਾਣ, ਪੈਸੇ ਅਤੇ ਸ਼ੋਹਰਤ ਵਿੱਚ ਤੁਸੀਂ ਅੰਨ੍ਹੇ ਹੋ ਚੁੱਕੇ ਹੋ, ਕੁਝ ਤਾਂ ਹੋਸ਼ ਕਰੋ। 
ਤੁਹਾਡੇ ਸਿਰਾਂ ਉੱਤੇ ਬੱਝੀਆਂ ਪੱਗਾਂ ਇਹਨਾਂ ਬੰਦੀ ਸਿੰਘਾਂ ਨੇ ਹੀ ਬਚਾਈਆਂ ਸਨ ਤੇ ਝੂਠੇ ਪੁਲੀਸ ਮੁਕਾਬਲੇ ਅਤੇ ਨਸਲਕੁਸ਼ੀ ਹੋਣੋਂ ਰੋਕੀ ਸੀ। ਸ੍ਰੀ ਦਰਬਾਰ ਸਾਹਿਬ ਉੱਤੇ ਹਮਲੇ ਮਗਰੋਂ ਇਹ ਸਿਰਾਂ ਤੇ ਕੱਫ਼ਨ ਬੰਨ੍ਹ ਕੇ ਤੁਰੇ ਸਨ, ਇਹਨਾਂ ਨੇ ਜਵਾਨੀਆਂ ਕੌਮ ਦੇ ਲੇਖੇ ਲਾਈਆਂ, ਹਥਿਆਰਬੰਦ ਸੰਘਰਸ਼ ਲੜਿਆ, ਦੁਸ਼ਟਾਂ ਨੂੰ ਸੋਧਿਆ, ਤਸੀਹੇ ਝੱਲੇ, ਬੜੇ ਦਸ਼ੌਂਟੇ ਕੱਟੇ ਤੇ ਕੌਮ ਦੀ ਰੱਖ ਵਿਖਾਈ ਪਰ ਇਹਨਾਂ ਵਿਰੁੱਧ ਭੁਗਤਣ ਲੱਗਿਆਂ ਤੁਹਾਨੂੰ ਸ਼ਰਮ ਨਾ ਆਈ। ਤੁਸੀਂ ਭਾਜਪਾ ਦੇ ਚਾਪਲੂਸ ਬਣ ਕੇ ਜੂਨ 1984, ਨਵੰਬਰ 1984 ਅਤੇ ਝੂਠੇ ਪੁਲਿਸ ਮੁਕਾਬਲਿਆਂ ਦਾ ਤਾਂ ਸਿੱਖ ਕੌਮ ਨੂੰ ਇਨਸਾਫ਼ ਦਿਵਾ ਨਾ ਸਕੇ, ਦੋਸ਼ੀਆਂ ਦਾ ਕੁਝ ਵਿਗਾੜ ਨਾ ਸਕੇ ਤੇ ਉਲ਼ਟਾ ਸਿੱਖ ਕੌਮ ਦੇ ਹੀ ਯੋਧਿਆਂ ਬੰਦੀ ਸਿੰਘਾਂ ਨੂੰ ਮਾਫ਼ੀ ਮੰਗਣ ਦੀਆਂ ਮੱਤਾਂ ਦਿੰਦੇ ਹੋ। 
ਮਹਿਸੂਸ ਹੁੰਦਾ ਹੈ ਕਿ ਤੁਸੀਂ ਉਹਨਾਂ ਹਿੰਦੂ ਰਾਜਿਆਂ ਦੀਆਂ ਔਲਾਦਾਂ ਹੋ ਜੋ ਆਪਣਾ ਰਾਜ-ਭਾਗ ਕਾਇਮ ਰੱਖਣ ਲਈ ਆਪਣੀਆਂ ਧੀਆਂ ਦੇ ਡੋਲੇ ਮੁਗਲ ਹਾਕਮਾਂ ਨੂੰ ਪੇਸ਼ ਕਰ ਆਉਂਦੇ ਸਨ। ਹਿੰਦੂਤਵੀ ਸਰਕਾਰ ਅਤੇ ਹਿੰਦੂ ਹਾਕਮ ਤਾਂ ਸਾਡੇ ਦੁਸ਼ਮਣ ਹਨ ਹੀ, ਪਰ ਤੁਹਾਡੇ ਵਰਗੇ ਧਾਰਮਿਕ-ਸਿਆਸੀ ਤੇ ਭੇਖੀ ਸਿੱਖ ਉਹਨਾਂ ਨਾਲ਼ੋਂ ਵੀ ਵੱਧ ਖ਼ਤਰਨਾਕ ਅਤੇ ਬੁੱਕਲ ਦੇ ਸੱਪ ਹਨ ਜੋ ਆਪਣੀ ਹੀ ਕੌਮ ਨੂੰ ਡੰਗ ਮਾਰ ਰਹੇ ਹਨ। ਸਿੱਖ ਇਤਿਹਾਸ ਵਿੱਚ ਬੰਦੀ ਸਿੰਘਾਂ ਨੂੰ ਹਮੇਸ਼ਾਂ ਕੌਮੀ ਨਾਇਕਾਂ ਵਜੋਂ ਅਤੇ ਭਾਜਪਾ ਦੇ ਸੋਹਿਲੇ ਗਾਉਣ ਵਾਲੇ ਬਹਿਰੂਪੀਏ ਸਿੱਖਾਂ ਨੂੰ ਪੰਥ ਦੇ ਗ਼ੱਦਾਰਾਂ ਵਜੋਂ ਗਿਣਿਆ ਜਾਏਗਾ। 

                                                             ਰਣਜੀਤ ਸਿੰਘ ਦਮਦਮੀ ਟਕਸਾਲ 
                                           (ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
                                                        ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.