ਸਾਈਕੋਮੈਟਰਿਕ ਟੈਸਟ ਦੇ ਠੇਕੇ ਦੇ ਬਦਲੇ ਰਿਸ਼ਵਤ ਮੰਗਣ ਦੇ ਦੋਸ਼ 'ਚ ਸਾਇੰਸ ਮਾਸਟਰ-ਕਮ-ਲੀਗਲ ਐਡਵਾਈਜ਼ਰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ
- ਅਪਰਾਧ
- 07 Jul, 2026 06:45 AM (Asia/Kolkata)
ਚੰਡੀਗੜ੍ਹ 7 ਜੁਲਾਈ ਗੌਰਵ ਮੜੀਆ
ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ ਨੇ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਤਾਇਨਾਤ ਸਾਇੰਸ ਮਾਸਟਰ-ਕਮ-ਲੀਗਲ ਐਡਵਾਈਜ਼ਰ ਪਰਮਜੀਤ ਸਿੰਘ ਨੂੰ ਰਿਸ਼ਵਤ ਮੰਗਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਦੋਸ਼ ਹੈ ਕਿ ਉਸ ਨੇ ਸਕੂਲੀ ਵਿਦਿਆਰਥੀਆਂ ਦੇ ਸਾਈਕੋਮੈਟਰਿਕ ਟੈਸਟਿੰਗ ਦਾ ਕੰਮ ਇੱਕ ਨਿੱਜੀ ਫਰਮ ਨੂੰ ਅਲਾਟ ਕਰਨ ਦੇ ਬਦਲੇ ਪ੍ਰਤੀ ਵਿਦਿਆਰਥਣ 200 ਰੁਪਏ, ਜੋ ਬਾਅਦ ਵਿੱਚ 150 ਰੁਪਏ ਕਰ ਦਿੱਤੇ ਗਏ, ਦੀ ਰਿਸ਼ਵਤ ਮੰਗੀ।
ਇਹ ਕਾਰਵਾਈ ਸੇਵਾਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਸਤਿੰਦਰ ਬੀਰ ਸਿੰਘ ਵੱਲੋਂ ਮੁੱਖ ਮੰਤਰੀ ਦੀ ਐਂਟੀ ਕਰਪਸ਼ਨ ਐਕਸ਼ਨ ਲਾਈਨ 'ਤੇ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਕੀਤੀ ਗਈ। ਜਾਂਚ ਦੌਰਾਨ ਸ਼ਿਕਾਇਤਕਰਤਾ ਵੱਲੋਂ ਦਿੱਤੀਆਂ ਆਡੀਓ ਰਿਕਾਰਡਿੰਗਾਂ ਦੇ ਆਧਾਰ 'ਤੇ ਦੋਸ਼ਾਂ ਦੀ ਪੁਸ਼ਟੀ ਹੋਈ।
ਵਿਜੀਲੈਂਸ ਬਿਊਰੋ ਨੇ ਮੁਲਜ਼ਮ ਖ਼ਿਲਾਫ਼ ਜਲੰਧਰ ਥਾਣੇ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਹੋਰ ਸ਼ੱਕੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
Leave a Reply